ਬਾਬਰ ਦੇ ਤੂਫਾਨੀ ਸੈਂਕੜੇ ਨਾਲ ਪਾਕਿਸਤਾਨ ਦੀ ਨਿਊਜ਼ੀਲੈਂਡ ’ਤੇ ਆਸਾਨ ਜਿੱਤ
Monday, Apr 17, 2023 - 03:14 PM (IST)
ਲਾਹੌਰ– ਕਪਤਾਨ ਬਾਬਰ ਆਜ਼ਮ ਦੇ ਅਜੇਤੂ ਸੈਂਕੜੇ ਨਾਲ ਪਾਕਿਸਤਾਨ ਨੇ ਨਿਊਜ਼ੀਲੈਂਡ ਵਿਰੁੱਧ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ 38 ਦੌੜਾਂ ਦੀ ਆਸਾਨ ਜਿੱਤ ਦਰਜ ਕੀਤੀ। ਪਾਕਿਸਤਾਨ ਨੇ ਦੋ ਦਿਨਾਂ ਵਿਚ ਦੂਜੀ ਵਾਰ ਟਾਸ ਜਿੱਤ ਕੇ ਬਾਬਰ ਦੀ 58 ਗੇਂਦਾਂ ’ਤੇ ਅਜੇਤੂ 101 ਦੌੜਾਂ ਦੀ ਪਾਰੀ ਨਾਲ 4 ਵਿਕਟਾਂ ’ਤੇ 192 ਦੌੜਾਂ ਦਾ ਸਕੋਰ ਖੜ੍ਹਾ ਕੀਤਾ।
ਪਾਕਿਸਤਾਨ ਦੌਰੇ ’ਤੇ ਇੰਡੀਅਨ ਪ੍ਰੀਮੀਅਰ ਲੀਗ ’ਚ ਖੇਡ ਰਹੇ 8 ਮੁੱਖ ਖਿਡਾਰੀਆਂ ਤੇ ਜ਼ਖ਼ਮੀ ਕੇਨ ਵਿਲੀਅਮਸਨ ਦੇ ਬਿਨਾਂ ਆਈ ਨਿਊਜ਼ੀਲੈਂਡ ਦੀ ਟੀਮ ਹੈਰਿਸ ਰਾਊਫ (27 ਦੌੜਾਂ ’ਤੇ 4 ਵਿਕਟਾਂ) ਦੀ ਤੂਫਾਨੀ ਗੇਂਦਬਾਜ਼ੀ ਦੇ ਸਾਹਮਣੇ 7 ਵਿਕਟਾਂ ’ਤੇ 154 ਦੌੜਾਂ ਹੀ ਬਣਾ ਸਕੀ। ਇਸ ਜਿੱਤ ਨਾਲ ਪਾਕਿਸਤਾਨ ਨੇ 5 ਮੈਚਾਂ ਦੀ ਲੜੀ ’ਚ 2-0 ਦੀ ਬੜ੍ਹਤ ਬਣਾ ਲਈ ਹੈ। ਬਾਬਰ ਨੇ ਮੁਹੰਮਦ ਰਿਜ਼ਵਾਨ (50) ਦੇ ਨਾਲ ਪਹਿਲੀ ਵਿਕਟ ਲਈ 64 ਗੇਂਦਾਂ ’ਚ 99 ਦੌੜਾਂ ਜੋੜ ਕੇ ਪਾਕਿਸਤਾਨ ਨੂੰ ਤੇਜ਼ ਸ਼ੁਰੂਆਤ ਦਿਵਾਈ। ਤੇਜ਼ ਗੇਂਦਬਾਜ਼ ਮੈਟ ਹੈਨਰੀ (29 ਦੌੜਾਂ ’ਤੇ 2 ਵਿਕਟਾਂ) ਨੇ ਰਿਜਵਾਨ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ।
ਇਹ ਵੀ ਪੜ੍ਹੋ : MS ਧੋਨੀ ਵਰਗਾ ਕਪਤਾਨ ਨਾ ਕਦੇ ਹੋਇਆ ਅਤੇ ਨਾ ਹੀ ਭਵਿੱਖ 'ਚ ਹੋਵੇਗਾ : ਗਾਵਸਕਰ
ਹੈਨਰੀ ਨੇ ਅਗਲੀ ਗੇਂਦ ’ਤੇ ਫਖਰ ਜ਼ਮਾਨ ਨੂੰ ਵੀ ਪੈਵੇਲੀਅਨ ਭੇਜਿਆ। ਖੱਬੇ ਹੱਥ ਦੇ ਸਪਿਨਰ ਰਚਿਨ ਰਵਿੰਦਰ ਨੇ ਇਸ ਤੋਂ ਬਾਅਦ ਸੈਮ ਆਯੂਬ ਨੂੰ ਜੇਮਸ ਨੀਸ਼ਮ ਦੇ ਹੱਥੋਂ ਕੈਚ ਕਰਵਾ ਕੇ ਪਾਕਿਸਤਾਨ ਦਾ ਸਕੋਰ 3 ਵਿਕਟਾਂ ’ਤੇ 102 ਦੌੜਾਂ ਕੀਤਾ। ਬਾਬਰ ਨੇ 36 ਗੇਂਦਾਂ ’ਤੇ ਅਰਧ ਸੈਂਕੜਾ ਪੂਰਾ ਕੀਤਾ ਪਰ ਆਖਰੀ ਤਿੰਨ ਓਵਰਾਂ ’ਚ ਤਾਬੜਤੋੜ ਬੱਲੇਬਾਜ਼ੀ ਕਰਦੇ ਹੋਏ ਅਗਲੀਆਂ 22 ਗੇਂਦਾਂ ’ਚ ਸੈਂਕੜਾ ਪੂਰਾ ਕੀਤਾ। ਬਾਬਰ ਨੇ ਆਪਣੀ ਪਾਰੀ ਵਿਚ 11 ਚੌਕੇ ਤੇ 3 ਛੱਕੇ ਲਾਏ ਤੇ 3 ਟੀ-20 ਕੌਮਾਂਤਰੀ ਸੈਂਕੜੇ ਲਾਉਣ ਵਾਲਾ ਪਹਿਲਾ ਕਪਤਾਨ ਬਣਿਆ।
ਬਾਬਰ ਨੇ ਆਖਰੀ ਓਵਰ ’ਚ ਨੀਸ਼ਮ ਦੀਆਂ ਚਾਰ ਗੇਂਦਾਂ ’ਚ 1 ਛੱਕੇ ਤੇ 2 ਚੌਕਿਆਂ ਦੇ ਨਾਲ ਸੈਂਕੜਾ ਪੂਰਾ ਕੀਤਾ। ਇਸ ਦੇ ਜਵਾਬ ਵਿਚ ਨਿਊਜ਼ੀਲੈਂਡ ਦੀ ਟੀਮ ਕਦੇ ਟੀਚਾ ਹਾਸਲ ਕਰਨ ਦੀ ਸਥਿਤੀ ਵਿਚ ਨਹੀਂ ਦਿਸੀ। ਟੀਮ ਨੇ ਨਿਯਮਤ ਫਰਕ ’ਤੇ ਵਿਕਟਾਂ ਗੁਆਈਆਂ ਤੇ ਮਾਰਕ ਚੈਪਮੈਨ ਅਜੇਤੂ 65 ਦੌੜਾਂ ਬਣਾ ਕੇ ਉਸਦਾ ਟਾਪ ਸਕੋਰਰ ਰਿਹਾ। ਚੈਪਮੈਨ ਤੋਂ ਇਲਾਵਾ ਚੈਡ ਬੋਵੇਸ (26) ਹੀ ਨਿਊਜ਼ੀਲੈਂਡ ਵਲੋਂ 20 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਸਕਿਆ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।