PAK v AUS : ਆਸਟਰੇਲੀਆ ਨੂੰ ਲੱਗਾ ਇਕ ਹੋਰ ਝਟਕਾ, ਇਹ ਖਿਡਾਰੀ ਪਾਇਆ ਗਿਆ ਕੋਰੋਨਾ ਪਾਜ਼ੇਟਿਵ
Tuesday, Mar 29, 2022 - 03:26 PM (IST)
ਲਾਹੌਰ- ਆਸਟਰੇਲੀਆਈ ਕ੍ਰਿਕਟ ਟੀਮ ਨੂੰ ਪਾਕਿਸਤਾਨ 'ਚ ਸੀਮਿਤ ਓਵਰਾਂ ਦੀ ਕੌਮਾਂਤਰੀ ਸੀਰੀਜ਼ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਮੰਗਲਵਾਰ ਨੂੰ ਉਦੋਂ ਝਟਕਾ ਲੱਗਾ ਜਦੋਂ ਖੱਬੇ ਹੱਥ ਦੇ ਸਪਿਨਰ ਐਸ਼ਟਨ ਐਲਗਰ ਦਾ ਕੋਵਿਡ-19 ਲਈ ਕੀਤਾ ਗਿਆ ਟੈਸਟ ਪਾਜ਼ੇਟਿਵ ਪਾਇਆ ਗਿਆ। ਆਸਟਰੇਲੀਆਈ ਟੀਮ ਪ੍ਰਬੰਧਨ ਨੇ ਕਿਹਾ ਕਿ ਟੀਮ ਦੇ ਨਿਯਮਿਤ ਟੈਸਟ ਦੇ ਦੌਰਾਨ ਫਿਜ਼ੀਓਥੈਰੇਪਿਸਟ ਬ੍ਰੇਂਡਨ ਵਿਲਸਨ ਦਾ ਟੈਸਟ ਵੀ ਪਾਜ਼ੇਟਿਵ ਆਇਆ ਹੈ।
ਵਿਕਟਕੀਪਰ ਬੱਲੇਬਾਜ਼ ਜੋਸ਼ ਇੰਗਲਿਸ਼ ਨੂੰ ਕੋਵਿਡ-19 ਟੈਸਟ 'ਚ ਪਾਜ਼ੇਟਿਵ ਹੋਣ ਕਾਰਨ ਸੋਮਵਾਰ ਨੂੰ ਬਾਹਰ ਹੋਣਾ ਪਿਆ ਸੀ । ਇਸ ਨਾਲ ਹੁਣ ਆਸਟਰੇਲੀਆ ਦੇ ਕੋਲ ਪਹਿਲੇ ਮੈਚ ਲਈ 13 ਫਿਟ ਖਿਡਾਰੀ ਹੀ ਉਪਲੱਬਧ ਰਹਿਣਗੇ। ਆਲਰਾਊਂਡਰ ਮਿਸ਼ੇਲ ਮਾਰਸ ਚੂਲ੍ਹੇ ਦੀ ਸੱਟ ਕਾਰਨ ਤਿੰਨ ਮੈਚਾਂ ਦੀ ਸੀਰੀਜ਼ ਦੇ ਘੱਟੋ-ਘੱਟ ਪਹਿਲੇ ਮੈਚ ਲਈ ਉਪਲੱਬਧ ਨਹੀਂ ਹਨ।
ਤਜਰਬੇਕਾਰ ਬੱਲੇਬਾਜ਼ ਸਟੀਵ ਸਮਿਥ ਵੀ ਕੂਹਣੀ ਦੀ ਸੱਟ ਕਾਰਨ ਬਾਹਰ ਹਨ। ਤੇਜ਼ ਗੇਂਦਬਾਜ਼ ਪੈਟ ਕਮਿੰਸ, ਜੋਸ਼ ਹੇਜ਼ਲਵੁੱਡ ਤੇ ਮਿਸ਼ੇਲ ਸਟਾਰਕ ਤੇ ਤਜਰਬੇਕਾਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ ਤਿੰਨ ਮੈਚਾਂ ਦੀ ਟੈਸਟ ਸੀਰੀਜ਼ 'ਚ ਆਸਟਰੇਲੀਆ ਦੀ 1-0 ਨਾਲ ਜਿੱਤ ਦੇ ਬਾਅਦ ਸੀਮਿਤ ਓਵਰਾਂ ਦੇ ਮੈਚਾਂ ਲਈ ਆਰਾਮ ਦਿੱਤਾ ਗਿਆ ਹੈ।