ਓਲੰਪਿਕ ਟਿਕਟ ਕਟਾਉਣ ਉਤਰਨਗੀਆਂ ਪੁਰਸ਼ ਤੇ ਮਹਿਲਾ ਹਾਕੀ ਟੀਮਾਂ

Friday, Nov 01, 2019 - 12:30 AM (IST)

ਓਲੰਪਿਕ ਟਿਕਟ ਕਟਾਉਣ ਉਤਰਨਗੀਆਂ ਪੁਰਸ਼ ਤੇ ਮਹਿਲਾ ਹਾਕੀ ਟੀਮਾਂ

ਭੁਵਨੇਸ਼ਵਰ- ਭਾਰਤੀ ਹਾਕੀ ਲਈ ਘਰੇਲੂ ਮੈਦਾਨ 'ਤੇ ਓਲੰਪਿਕ ਦੀ ਟਿਕਟ ਹਾਸਲ ਕਰਨ ਦੇ ਲਿਹਾਜ਼ ਨਾਲ ਸ਼ੁੱਕਰਵਾਰ ਤੇ ਸ਼ਨੀਵਾਰ ਦੇ ਦਿਨ ਸਭ ਤੋਂ ਮਹੱਤਵਪੂਰਨ ਹੋਣ ਜਾ ਰਹੇ ਹਨ, ਜਿੱਥੇ ਵੱਕਾਰੀ ਕਲਿੰਗਾ ਸਟੇਡੀਅਮ ਵਿਚ ਸੀਨੀਅਰ ਪੁਰਸ਼ ਹਾਕੀ ਟੀਮ ਰੂਸ ਤੇ ਮਹਿਲਾ ਹਾਕੀ ਟੀਮ ਅਮਰੀਕਾ ਵਿਰੁੱਧ ਓਲੰਪਿਕ ਕੁਆਲੀਫਾਇਰ ਮੁਕਾਬਲੇ ਖੇਡਣ ਉਤਰੇਗੀ। ਓਡਿਸ਼ਾ ਦੇ ਭੁਵਨੇਸ਼ਵਰ ਸਥਿਤ ਕਲਿੰਗਾ ਸਟੇਡੀਅਮ ਵਿਚ 2020 ਟੋਕੀਓ ਓਲੰਪਿਕ ਦੇ ਕੁਆਲੀਫਾਇਰ ਮੁਕਾਬਲੇ ਖੇਡੇ ਜਾਣਗੇ, ਜਿੱਥੇ ਵਿਸ਼ਵ ਦੇ 5ਵੇਂ ਨੰਬਰ ਦੀ ਪੁਰਸ਼ ਟੀਮ ਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਰੂਸ ਵਿਰੁੱਧ ਹਰ ਹਾਲ ਵਿਚ ਜਿੱਤ ਦੇ ਨਾਲ ਓਲੰਪਿਕ ਦੀ ਟਿਕਟ ਹਾਸਲ ਕਰਨ ਦੇ ਟੀਚੇ ਨਾਲ ਉਤਰੇਗੀ, ਜਦਕਿ ਰਾਣੀ ਰਾਮਪਾਲ ਦੀ ਅਗਵਾਈ ਵਿਚ 9ਵੀਂ ਰੈਂਕਿੰਗ ਵਾਲੀ ਮਹਿਲਾ ਟੀਮ ਅਮਰੀਕਾ ਦੀ ਚੁਣੌਤੀ ਤੋਂ ਪਾਰ ਪਾਉਣ ਲਈ ਖੇਡੇਗੀ। ਭਾਰਤੀ ਪੁਰਸ਼ ਹਾਕੀ ਟੀਮ ਨੇ ਇਸ ਸਾਲ ਭੁਵਨੇਸ਼ਵਰ ਵਿਚ ਤੇ ਮਹਿਲਾ ਟੀਮ ਨੇ ਹਿਰੋਸ਼ਿਮਾ ਵਿਚ ਐੱਫ. ਆਈ. ਐੱਚ. ਸੀਰੀਜ਼ ਫਾਈਨਲਸ ਜਿੱਤਣ ਤੋਂ ਬਾਅਦ ਓਲੰਪਿਕ ਕੁਆਲੀਫਾਇਰ ਦੇ ਫਾਈਨਲ ਗੇੜ ਵਿਚ ਜਗ੍ਹਾ ਬਣਾਈ ਹੈ ਤੇ ਹੁਣ ਟੋਕੀਓ ਦੀ ਟਿਕਟ ਹਾਸਲ ਕਰਨ ਲਈ ਉਨ੍ਹਾਂ ਨੂੰ ਰੂਸ ਤੇ ਅਮਰੀਕਾ ਨੂੰ ਹਰਾਉਣਾ ਪਵੇਗਾ।
ਭਾਰਤੀ ਪੁਰਸ਼ ਟੀਮ ਦਾ ਵਿਰੋਧੀ ਰੂਸ ਵਿਰੁੱਧ ਪਿਛਲਾ ਰਿਕਾਰਡ ਵਧੀਆ ਰਿਹਾ ਹੈ ਤੇ ਆਖਰੀ ਵਾਰ ਜਦੋਂ ਇਸ ਮੈਦਾਨ 'ਤੇ ਦੋਵਾਂ ਟੀਮਾਂ ਦਾ ਐੱਫ. ਆਈ. ਐੱਚ. ਸੀਰੀਜ਼ ਫਾਈਨਲਸ ਵਿਚ ਇਕ-ਦੂਜੇ ਨਾਲ ਸਾਹਮਣਾ ਹੋਇਆ ਸੀ ਤਾਂ ਉਦੋਂ ਮੇਜ਼ਬਾਨ ਭਾਰਤ ਨੇ ਉਸ ਨੂੰ 10-0 ਨਾਲ ਹਰਾਇਆ ਸੀ। ਹਾਲਾਂਕਿ 22ਵੀਂ ਰੈਂਕਿੰਗ ਦੀ ਰੂਸੀ ਟੀਮ ਨੂੰ ਇਸ ਵਾਰ ਯਕੀਨ ਹੈ ਕਿ ਉਹ ਬਿਹਤਰ ਪ੍ਰਦਰਸ਼ਨ ਕਰੇਗੀ।
ਨਵੇਂ ਸਵਰੂਪ ਦੇ ਹਿਸਾਬ ਨਾਲ ਹੋਵੇਗਾ ਫੈਸਲਾ
ਨਵੇਂ ਸਵਰੂਪ ਦੇ ਹਿਸਾਬ ਨਾਲ ਓਲੰਪਿਕ ਕੁਆਲੀਫਾਇਰ ਵਿਚ ਦੋ ਮੈਚ ਹੋਣਗੇ, ਜਿਨ੍ਹਾਂ ਵਿਚੋਂ ਅੰਕਾਂ ਦੇ ਆਧਾਰ 'ਤੇ ਫੈਸਲਾ ਹੋਵੇਗਾ ਕਿ ਕਿਹੜੀ ਟੀਮ ਅਗਲੇ ਸਾਲ ਟੋਕੀਓ ਓਲੰਪਿਕ ਵਿਚ ਖੇਡੇਗੀ। ਜਿੱਤਣ 'ਤੇ 3 ਅੰਕ ਤੇ ਡਰਾਅ ਰਹਿਣ 'ਤੇ 1 ਅੰਕ ਮਿਲੇਗਾ। ਜੇਕਰ ਅੰਕ ਬਰਾਬਰ ਰਹਿੰਦੇ ਹਨ ਤਾਂ ਫਿਰ ਗੋਲ ਔਸਤ ਦੇਖੀ ਜਾਵੇਗੀ ਤੇ ਜੇਕਰ ਗੋਲ ਵੀ ਬਰਾਬਰ ਰਹਿੰਦੇ ਹਨ ਤਾਂ ਸ਼ੂਟਆਊਟ ਦਾ ਸਹਾਰਾ ਲਿਆ ਜਾਵੇਗਾ। ਜੇਕਰ ਸ਼ੂਟਆਊਟ ਬਰਾਬਰ ਰਹਿੰਦਾ ਹੈ ਤਾਂ ਸਡਨ ਡੈੱਥ ਨਾਲ ਓਲੰਪਿਕ ਵਿਚ ਜਾਣ ਵਾਲੀ ਟੀਮ ਦਾ ਫੈਸਲਾ ਹੋਵੇਗਾ।
ਇਹ ਟੀਮਾਂ ਕਰ ਚੁੱਕੀਆਂ ਨੇ ਕੁਆਲੀਫਾਈ
ਓਲੰਪਿਕ ਲਈ 2020 ਓਲੰਪਿਕ ਲਈ ਪੁਰਸ਼ਾਂ ਵਿਚ ਜਾਪਾਨ, ਅਰਜਨਟੀਨਾ, ਦੱਖਣੀ ਅਫਰੀਕਾ, ਬੈਲਜੀਅਮ, ਆਸਟਰੇਲੀਆ, ਸਪੇਨ, ਹਾਲੈਂਡ, ਕੈਨੇਡਾ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੇ ਹਨ, ਜਦਕਿ ਮਹਿਲਾਵਾਂ ਵਿਚ ਜਾਪਾਨ, ਅਰਜਨਟੀਨਾ, ਦੱਖਣੀ ਅਫਰੀਕਾ, ਹਾਲੈਂਡ, ਨਿਊਜ਼ੀਲੈਂਡ, ਸਪੇਨ, ਚੀਨ ਤੇ ਆਸਟਰੇਲੀਆ ਨੇ ਆਪਣਾ ਸਥਾਨ ਪੱਕਾ ਕਰ ਲਿਆ ਹੈ। ਭਾਰਤੀ ਮਹਿਲਾ ਟੀਮ ਦਾ ਆਖਰੀ ਵਾਰ ਅਮਰੀਕਾ ਨਾਲ ਮੁਕਾਬਲਾ 2018 ਦੇ ਮਹਿਲਾ ਵਿਸ਼ਵ ਕੱਪ ਵਿਚ ਹੋਇਆ ਸੀ, ਜਿੱਥੇ ਭਾਰਤ ਨੇ 1-1 ਨਾਲ ਡਰਾਅ ਖੇਡਿਆ ਸੀ।


author

Gurdeep Singh

Content Editor

Related News