ਓਲੰਪਿਕ ਤਮਗਾ ਜੇਤੂਆਂ ਲਈ ਰਿਹਾ ''ਵਾਪਸੀ ਵਰ੍ਹਾ''

12/17/2017 5:28:55 AM

ਨਵੀਂ ਦਿੱਲੀ — ਦੇਸ਼ ਨੂੰ ਓਲੰਪਿਕ 'ਚ ਤਮਗਾ ਦਿਵਾ ਕੇ ਸਨਮਾਨਿਤ ਕਰਨ ਵਾਲੇ 4 ਖਿਡਾਰੀਆਂ ਪਹਿਲਵਾਨ ਸੁਸ਼ੀਲ ਕੁਮਾਰ, ਮਹਿਲਾ ਮੁੱਕੇਬਾਜ਼ ਐੱਮ. ਸੀ. ਮੈਰੀਕਾਮ, ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਤੇ ਨਿਸ਼ਾਨੇਬਾਜ਼ ਗਗਨ ਨਾਰੰਗ ਲਈ 2017 'ਵਾਪਸੀ ਵਰ੍ਹਾ' ਰਿਹਾ, ਜਿਸ 'ਚ ਉਨ੍ਹਾਂ ਨੇ ਦਿਖਾ ਦਿੱਤਾ ਕਿ ਉਹ 2020 ਦੀਆਂ ਟੋਕੀਓ ਓਲੰਪਿਕ ਖੇਡਾਂ ਲਈ ਤਿਆਰ ਹਨ। 
ਇਨ੍ਹਾਂ 4 ਖਿਡਾਰੀਆਂ ਨੇ 2012 ਦੀਆਂ ਲੰਡਨ ਓਲੰਪਿਕ ਖੇਡਾਂ 'ਚ ਤਮਗੇ ਜਿੱਤੇ ਸਨ। ਸੁਸ਼ੀਲ ਨੇ ਲੰਡਨ ਵਿਚ ਜਿਥੇ ਚਾਂਦੀ ਜਿੱਤੀ ਸੀ, ਉਥੇ ਹੀ ਮੈਰੀਕਾਮ, ਸਾਇਨਾ ਤੇ ਨਾਰੰਗ ਨੇ ਕਾਂਸੀ ਤਮਗੇ ਜਿੱਤੇ ਸਨ। ਸੁਸ਼ੀਲ ਚੋਣ ਵਿਵਾਦ 'ਚ ਫਸਣ ਕਾਰਨ 2016 ਦੀਆਂ ਰੀਓ ਓਲੰੰਪਿਕ ਖੇਡਾਂ 'ਚ ਹਿੱਸਾ ਨਹੀਂ ਲੈ ਸਕਿਆ ਸੀ, ਜਦਕਿ ਮੈਰੀਕਾਮ ਕੁਆਲੀਫਾਈ ਨਹੀਂ ਕਰ ਸਕੀ ਸੀ। ਸਾਇਨਾ ਤੇ ਨਾਰੰਗ ਰੀਓ 'ਚ ਪਹੁੰਚੇ ਜ਼ਰੂਰ ਸਨ ਪਰ ਉਨ੍ਹਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। 
ਸਾਇਨਾ ਮਹਿਲਾ ਸਿੰਗਲਜ਼ ਦੇ ਸ਼ੁਰੂਆਤੀ ਦੌਰ 'ਚ ਬਾਹਰ ਹੋ ਗਈ, ਜਿਸ ਲਈ ਉਸ ਦੇ ਗੋਡੇ ਦੀ ਸੱਟ ਜ਼ਿੰਮੇਵਾਰ ਰਹੀ ਤੇ ਵਤਨ ਪਰਤਣ ਤੋਂ ਬਾਅਦ ਉਸ ਨੂੰ ਆਪਣੇ ਗੋਡੇ ਦਾ ਆਪ੍ਰੇਸ਼ਨ ਕਰਾਉਣਾ ਪਿਆ। ਨਾਰੰਗ ਨੇ ਤਿੰਨ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲਿਆ ਪਰ ਕਿਸੇ ਦੇ ਵੀ ਫਾਈਨਲ 'ਚ ਨਹੀਂ ਪਹੁੰਚ ਸਕਿਆ। ਨਾਰੰਗ 10 ਮੀਟਰ ਏਅਰ ਰਾਈਫਲ 'ਚ 23ਵੇਂ, 50 ਮੀਟਰ ਪ੍ਰੋਨ 'ਚ 13ਵੇਂ ਤੇ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਪ੍ਰਤੀਯੋਗਿਤਾ 'ਚ 33ਵੇਂ ਸਥਾਨ 'ਤੇ ਰਿਹਾ। ਨਿਸ਼ਾਨੇਬਾਜ਼ਾਂ ਦੇ ਪ੍ਰਦਰਸ਼ਨ 'ਤੇ ਬਣੀ ਮੁਲਾਂਕਣ ਕਮੇਟੀ ਦੀ ਰਿਪੋਰਟ ਵਿਚ ਨਾਰੰਗ ਦੀ ਖਰਾਬ ਫਿੱਟਨੈੱਸ ਨੂੰ ਇਸ ਪ੍ਰਦਰਸ਼ਨ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ। 
ਭਾਰਤੀ ਖੇਡਾਂ ਦੇ ਇਨ੍ਹਾਂ ਧਾਕੜਾਂ ਦੀ ਵਾਪਸੀ ਲਈ ਇਹ ਸਾਲ ਜ਼ਿਆਦਾ ਮਹੱਤਵਪੂਰਨ ਸੀ ਤੇ ਉਨ੍ਹਾਂ ਨੇ ਦਿਖਾਇਆ ਕਿ ਉਨ੍ਹਾਂ ਦੀ ਫਿੱਟਨੈੱਸ ਬਣੀ ਹੋਈ ਹੈ ਤੇ ਉਹ ਵਾਪਸੀ ਕਰਨ ਲਈ ਤਿਆਰ ਹਨ। ਚਾਰੋਂ ਧਾਕੜ 2018 'ਚ ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ 'ਚ ਉਤਰਨ ਲਈ ਵੀ ਕਮਰ ਕੱਸ ਚੁੱਕੇ ਹਨ। 
ਮੈਰੀਕਾਮ ਨੇ ਏਸ਼ੀਆਈ ਮੁੱਕੇਬਾਜ਼ੀ 'ਚ ਜਿੱਤਿਆ ਸੋਨਾ : 5 ਵਾਰ ਦੀ ਵਿਸ਼ਵ ਚੈਂਪੀਅਨ ਤੇ ਓਲੰਪਿਕ ਕਾਂਸੀ ਤਮਗੇ ਜੇਤੂ ਮੈਰੀਕਾਮ ਨੇ ਏਸ਼ੀਆਈ ਮੁੱਕੇਬਾਜ਼ੀ-2017 'ਚ 48 ਕਿਲੋਗ੍ਰਾਮ 'ਚ ਸੋਨ ਤਮਗਾ ਜਿੱਤਿਆ। ਉਸ ਨੇ ਇਸ ਚੈਂਪੀਅਨਸ਼ਿਪ 'ਚ ਪੰਜਵੀਂ ਵਾਰ ਸੋਨ ਤਮਗਾ ਆਪਣੇ ਨਾਂ ਕੀਤਾ। ਇਹ 2014 ਏਸ਼ੀਆਈ ਖੇਡਾਂ ਤੋਂ ਬਾਅਦ ਮੈਰੀਕਾਮ ਦਾ ਪਹਿਲਾ ਕੌਮਾਂਤਰੀ ਸੋਨ ਤਮਗਾ ਤੇ ਇਕ ਸਾਲ 'ਚ ਉਸ ਦਾ ਪਹਿਲਾ ਤਮਗਾ ਸੀ। 
35 ਸਾਲਾ ਮੈਰੀਕਾਮ ਨੇ ਇਸ ਜਿੱਤ ਨਾਲ ਟੂਰਨਾਮੈਂਟ 'ਚ ਆਪਣਾ ਸ਼ਾਨਦਾਰ ਰਿਕਾਰਡ ਬਰਕਰਾਰ ਰੱਖਿਆ। ਉਹ ਕੁਲ ਛੇ ਵਾਰ ਫਾਈਨਲ 'ਚ ਪਹੁੰਚੀ ਤੇ ਉਸ ਨੂੰ ਇਕ ਵਾਰ ਹੀ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਉਸ ਨੇ 2003, 2005, 2010 ਤੇ 2012 ਵਿਚ ਵੀ ਇਸ 'ਚ ਸੋਨ ਤਮਗੇ ਜਿੱਤੇ ਸਨ। 
ਸੁਸ਼ੀਲ ਤਿੰਨ ਸਾਲ ਬਾਅਦ ਨੈਸ਼ਨਲ ਚੈਂਪੀਅਨਸ਼ਿਪ ਰਾਹੀਂ ਮੈਟ 'ਤੇ ਪਰਤਿਆ : ਪਹਿਲਵਾਨ ਸੁਸ਼ੀਲ ਕੁਮਾਰ ਨੇ ਤਿੰਨ ਸਾਲ ਦੇ ਲੰਬੇ ਸਮੇਂ ਬਾਅਦ ਮੈਟ 'ਤੇ ਇੰਦੌਰ 'ਚ ਹੋਈ ਨੈਸ਼ਨਲ ਚੈਂਪੀਅਨਸ਼ਿਪ 'ਚ ਵਾਪਸੀ ਕੀਤੀ ਅਤੇ 74 ਕਿਲੋ ਫ੍ਰੀ ਸਟਾਈਲ ਭਾਰ ਵਰਗ 'ਚ ਸੋਨ ਤਮਗਾ ਜਿੱਤਿਆ। ਹਾਲਾਂਕਿ ਉਸ ਦੀ ਵਾਪਸੀ 'ਤੇ ਕੁਆਰਟਰ ਫਾਈਨਲ, ਸੈਮੀਫਾਈਨਲ ਤੇ ਫਾਈਨਲ ਵਿਚ ਮਿਲੇ ਵਾਕਓਵਰ ਦਾ ਵਿਵਾਦ ਜ਼ਿਆਦਾ ਛਾ ਗਿਆ। 
ਸਾਇਨਾ ਬਣੀ ਇਸ ਸਾਲ ਨਵੀਂ ਰਾਸ਼ਟਰੀ ਚੈਂਪੀਅਨ : ਗੋਡੇ ਦੇ ਆਪ੍ਰੇਸ਼ਨ ਤੋਂ ਬਾਅਦ ਸਾਇਨਾ ਨੇ ਆਪਣੀ ਫਿੱਟਨੈੱਸ 'ਚ ਪਰਤਦੇ ਹੋਏ ਸ਼ਾਨਦਾਰ ਵਾਪਸੀ ਕੀਤੀ ਤੇ ਇਸ ਸਾਲ ਨਵੀਂ ਰਾਸ਼ਟਰੀ ਚੈਂਪੀਅਨ ਬਣੀ। ਇਸ ਤੋਂ ਇਲਾਵਾ ਉਸ ਨੇ ਮਲੇਸ਼ੀਆ ਮਾਸਟਰਸ ਦਾ ਵੀ ਖਿਤਾਬ ਜਿੱਤਿਆ।
ਨਾਰੰਗ ਨੇ ਰਾਸ਼ਟਰਮੰਡਲ ਨਿਸ਼ਾਨੇਬਾਜ਼ੀ 'ਚ ਜਿੱਤਿਆ ਚਾਂਦੀ ਤਮਗਾ : ਨਾਰੰਗ ਨੇ ਆਸਟ੍ਰੇਲੀਆ ਦੇ ਗੋਲਡ ਕੋਸਟ 'ਚ ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ 50 ਮੀਟਰ ਰਾਈਫਲ ਪ੍ਰੋਨ ਪ੍ਰਤੀਯੋਗਿਤਾ 'ਚ ਚਾਂਦੀ ਤਮਗਾ ਜਿੱਤਿਆ। ਰੀਓ ਓਲੰਪਿਕ 2016 ਤੋਂ ਬਾਅਦ ਪਹਿਲਾ ਵੱਡਾ ਟੂਰਨਾਮੈਂਟ ਖੇਡਦਿਆਂ ਫਾਈਨਲ 'ਚ ਸੋਨੇ ਤੋਂ ਸਿਰਫ 1.4 ਅੰਕ ਹੀ ਪਿੱਛੇ ਰਿਹਾ।


Related News