ਓਲੀਵੀਆ ਸਮਿਥ ਬਣੀ ਦੁਨੀਆ ਦੀ ਸਭ ਤੋਂ ਮਹਿੰਗੀ ਫੁੱਟਬਾਲਰ
Friday, Jul 18, 2025 - 10:19 PM (IST)

ਲੰਡਨ- ਓਲੀਵੀਆ ਸਮਿਥ ਮਹਿਲਾ ਫੁੱਟਬਾਲ ਦੇ ਇਤਿਹਾਸ ਦੀ ਸਭ ਤੋਂ ਮਹਿੰਗੀ ਖਿਡਾਰਨ ਬਣ ਗਈ ਹੈ। ਆਰਸਨੈੱਲ ਨੇ ਕੈਨੇਡਾ ਦੀ ਇਸ 20 ਸਾਲਾ ਖਿਡਾਰਨ ਨੂੰ 10 ਲੱਖ ਪੌਂਡ (ਲੱਗਭਗ 11 ਕਰੋੜ 57 ਲੱਖ ਰੁਪਏ) ਦੀ ਵਿਸ਼ਵ ਰਿਕਾਰਡ ਟਰਾਂਸਫਰ ਫੀਸ ’ਤੇ ਲਿਵਰਪੂਲ ਤੋਂ ਆਪਣੀ ਟੀਮ ਵਿਚ ਸ਼ਾਮਲ ਕੀਤਾ ਹੈ। ਮਹਿਲਾ ਫੁੱਟਬਾਲ ਵਿਚ ਇਹ ਨਵੀਂ ਧਨਰਾਸ਼ੀ ਜਨਵਰੀ ਵਿਚ ਸੈਨ ਡਿਆਗੋ ਵੇਵ ਤੋਂ ਨਾਓਮੀ ਗਿਰਮਾ ਨੂੰ ਆਪਣੀ ਟੀਮ ਨਾਲ ਜੋੜਨ ਲਈ ਚੇਲਸੀ ਵੱਲੋਂ ਭੁਗਤਾਨ ਕੀਤੀ ਗਈ 9,00,000 ਪੌਂਡ ਦੀ ਰਾਸ਼ੀ ਨੂੰ ਪਾਰ ਕਰ ਗਈ ਹੈ। ਕਰਾਰ ਦੇ ਬਾਰੇ ਵਿਚ ਜਾਣਕਾਰੀ ਰੱਖਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਇਸ ਫਾਰਵਰਡ ਨੇ 4 ਸਾਲ ਦੇ ਕਰਾਰ ’ਤੇ ਦਸਤਖਤ ਕੀਤੇ ਹਨ।