NZ vs IND : ‘ਕਲੀਨ ਸਵੀਪ’ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੇਗੀ ਟੀਮ ਇੰਡੀਆ
Sunday, Nov 21, 2021 - 11:05 AM (IST)
ਕੋਲਕਾਤਾ– ਨਿਊਜ਼ੀਲੈਂਡ ਵਿਰੁੱਧ ਪਹਿਲੇ ਦੋ ਮੈਚ ਜਿੱਤਣ ਦੇ ਬਾਵਜੂਦ ਕਪਤਾਨ ਰੋਹਿਤ ਸ਼ਰਮਾ ਆਪਣੇ ਹਮਲਵਾਰ ਤੇਵਰ ਨਹੀਂ ਛੱਡੇਗਾ ਪਰ ਐਤਵਾਰ ਨੂੰ ਤੀਜੇ ਤੇ ਆਖ਼ਰੀ ਟੀ-20 ਮੈਚ ਵਿਚ ਰਿਜ਼ਰਵ ਖਿਡਾਰੀਆਂ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਦੁਨੀਆ ਭਰ ਵਿਚ ਕਈ ਨਿੱਜੀ ਲੀਗਾਂ ਦੇ ਕਾਰਨ ਦੋ-ਪੱਖੀ ਟੀ-20 ਲੜੀਆਂ ਦੀ ਚਮਕ ਘੱਟ ਹੋ ਰਹੀ ਹੈ ਪਰ ਵਿਸ਼ਵ ਕੱਪ ਵਿਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਇਸ ਲੜੀ ਨੂੰ ਜਿੱਤਣ ਨਾਲ ਭਾਰਤ ਦੇ ਜ਼ਖ਼ਮਾਂ ’ਤੇ ਮਰਹਮ ਲੱਗੇਗੀ।
ਦੂਜੇ ਪਾਸੇ ਵਿਸ਼ਵ ਕੱਪ ਸੈਮੀਫਾਈਨਲ ਤੋਂ ਬਾਅਦ ਤੋਂ ਦੋ ਹਫਤੇ ਦੇ ਅੰਦਰ 5 ਮੈਚ ਖੇਡਣ ਵਾਲੀ ਨਿਊਜੀ਼ਲੈਂਡ ਟੀਮ ਲਈ ਇਹ ਮੈਚ ਰਸਮੀ ਹੈ। ਇੰਨੇ ਬੇਰਹਿਮ ਸ਼ੈਡਿਊਲ ਤੇ ਕਪਤਾਨ ਕੇਨ ਵਿਲੀਅਮਸਨ ਦੀ ਗੈਰ ਮੌਜੂਦਗੀ ਦੇ ਕਾਰਨ 0-3 ਨਾਲ ਹਾਰ ਦੇ ਕੰਡੇ ਦੇ ਪਹੁੰਚੀ ਕੀਵੀ ਟੀਮ ਦਾ ਹੌਸਲਾ ਤਾਂ ਟੁੱਟਿਆ ਹੋਵੇਗਾ ਪਰ ਦੋ-ਪੱਖੀ ਲੜੀਆਂ ਦੇ ਨਤੀਜੇ ਨਾਲ ਓਨਾ ਫਰਕ ਨਹੀਂ ਪੈਂਦਾ।
ਜੈਪੁਰ ਤੇ ਰਾਂਚੀ ਵਿਚ ਜਿੱਤਣ ਤੋਂ ਬਾਅਦ ਭਾਰਤੀ ਟੀਮ ਸੀਰੀਜ਼ ਆਪਣੇ ਨਾਂ ਕਰ ਚੁੱਕੀ ਹੈ ਪਰ ‘ਕਲੀਨ ਸਵੀਪ’ ਕਰਨ ਲਈ ਈਡਨ ਗਾਰਡਨ ਤੋਂ ਬਿਹਤਰ ਜਗ੍ਹਾ ਨਹੀਂ ਹੋ ਸਕਦੀ। ਬਤੌਰ ਫੁੱਲਟਾਈਮ ਟੀ-20 ਕਪਤਾਨ ਰੋਹਿਤ ਦੀ ਇਹ ਪਹਿਲੀ ਸੀਰੀਜ਼ ਹੈ, ਜਿਸ ਵਿਚ ਪਹਿਲੇ ਦੋਵੇਂ ਟਾਸ ਉਸ ਨੇ ਜਿੱਤੇ। ਇਸ ਨਾਲ ਹਾਲਾਤ ਦਾ ਫਾਇਦਾ ਚੁੱਕਣ ਵਿਚ ਮਦਦ ਮਿਲੀ ਤੇ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਚੰਗਾ ਰਿਹਾ। ਰੋਹਿਤ ਨੇ ਈਡਨ ਗਾਰਡਨ ’ਤੇ ਹੀ ਵਨ ਡੇ ਕ੍ਰਿਕਟ ਵਿਚ 264 ਦੌੜਾਂ ਬਣਾਈਆਂ ਸਨ ਤੇ ਉੱਥੇ ਕਪਤਾਨ ਦੇ ਤੌਰ ’ਤੇ ਪਹਿਲੀ ਲੜੀ 3-0 ਨਾਲ ਜਿੱਤਣਾ ਉਸਦੇ ਲਈ ਸੋਨੇ ’ਤੇ ਸੁਹਾਗਾ ਹੋਵੇਗਾ।
ਕੋਚ ਰਾਹੁਲ ਦ੍ਰਾਵਿੜ ਨੂੰ ਇਸ ਤਰ੍ਹਾਂ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਨਵੀਂ ਭੂਮਿਕਾ ਵਿਚ ਢਲਣ ਵਿਚ ਮਦਦ ਮਿਲੇਗੀ। ਇਸ ਤੋਂ ਇਕ ਹਫਤੇ ਦੇ ਅੰਦਰ ਹੀ ਨਿਊਜ਼ੀਲੈਂਡ ਵਿਰੁੱਧ ਟੈਸਟ ਲੜੀ ਸ਼ੁਰੂ ਹੋਣ ਵਾਲੀ ਹੈ। ਰੋਹਿਤ ਤੇ ਦ੍ਰਾਵਿੜ ਹੁਣ ਰਿਜ਼ਰਵ ਖਿਡਾਰੀਆਂ ਨੂੰ ਮੌਕਾ ਦੇ ਕੇ ਪਰਖਣਾ ਚਾਹੁਣਗੇ। ਛੇਵੇਂ ਗੇਂਦਬਾਜ਼ ਨੂੰ ਚੁਣਨ ਦੀ ਦਿਸ਼ਾ ਵਿਚ ਵੈਂਕਟੇਸ਼ ਅਈਅਰ ਤੋਂ ਗੇਂਦਬਾਜ਼ੀ ਕਰਵਾਈ ਜਾ ਸਕਦੀ ਹੈ ਕਿਉਂਕਿ ਹੁਗਲੀ ਨਦੀ ਤੋਂ ਉੱਠਣ ਵਾਲੀਆਂ ਹਵਾਵਾਂ ਤੋਂ ਉਸ ਨੂੰ ਵਾਧੂ ਸਵਿੰਗ ਮਿਲੇਗੀ।
ਰਿਤੂਰਾਜ ਗਾਇਕਵਾੜ, ਅਵੇਸ਼ ਖਾਨ ਤੇ ਇਸ਼ਾਨ ਕਿਸ਼ਨ ਉਮੀਦ ਕਰ ਰਹੇ ਹੋਣਗੇ ਕਿ ਕਪਤਾਨ ਉਨ੍ਹਾਂ ਨੂੰ ਇਸ ਮੈਚ ਵਿਚ ਮੌਕਾ ਦੇਵੇਗਾ। ਇੰਡੀਅਨ ਪ੍ਰੀਮੀਅਰ ਲੀਗ ( ਆਈ. ਪੀ. ਐੱਲ.) ਵਿਚ ਓਰੇਂਜ ਕੈਪ ਰਿਹਾ ਗਾਇਕਵਾੜ ਪਹਿਲੇ ਤਿੰਨ ਸਥਾਨਾਂ ਵਿਚੋਂ ਕਿਸੇ ਵੀ ਕ੍ਰਮ ’ਤੇ ਬੱਲੇਬਾਜ਼ੀ ਕਰ ਸਕਦਾ ਹੈ। ਇਸਦੇ ਲਈ ਕਪਤਾਨ ਰੋਹਿਤ ਜਾਂ ਉਪ ਕਪਤਾਨ ਕੇ. ਐੱਲ. ਰਾਹੁਲ ਨੂੰ ਬਾਹਰ ਬੈਠਣਾ ਪਵੇਗਾ। ਰਾਹੁਲ ਨੂੰ ਬਾਹਰ ਕਰਨਾ ਸਟੀਕ ਹੋਵੇਗਾ ਕਿਉਂਕਿ ਚਾਰ ਦਿਨ ਬਾਅਦ ਉਸ ਨੇ ਟੈਸਟ ਲੜੀ ਖੇਡਣੀ ਹੈ। ਇਸੇ ਤਰ੍ਹਾਂ ਦੀਪਕ ਚਾਹਰ ਜਾਂ ਭੁਵਨੇਸ਼ਵਰ ਕੁਮਾਰ ਦੀ ਜਗ੍ਹਾ ਅਵੇਸ਼ ਖਾਨ ਨੂੰ ਉਤਾਰਿਆ ਜਾ ਸਕਦਾ ਹੈ। ਅਕਸ਼ਰ ਪਟੇਲ ਜਾਂ ਆਰ. ਅਸ਼ਵਿਨ ਦੀ ਜਗ੍ਹਾ ਯੁਜਵੇਂਦਰ ਚਾਹਲ ਖੇਡ ਸਕਦੇ ਹਨ। ਵਿਸ਼ਵ ਟੈਸਟ ਚੈਂਪੀਅਨਸ਼ਿਪ ਤੋਂ ਲਗਾਤਾਰ ਖੇਡ ਰਹੇ ਰਿਸ਼ਭ ਪੰਤ ਦੀ ਜਗ੍ਹਾ ਈਸ਼ਾਨ ਕਿਸ਼ਨ ਨੂੰ ਮੌਕਾ ਦਿੱਤਾ ਜਾ ਸਕਦਾ ਹੈ।
ਇਸ ਲੜੀ ਦਾ ਸਭ ਤੋਂ ਵੱਡਾ ਹਾਸਲ ਅਸ਼ਵਿਨ ਦੀ ਫਾਰਮ ਹੈ, ਜਿਸ ਨੇ ਦੋਵੇਂ ਮੈਚਾਂ ਵਿਚ ਕਫਾਇਤੀ ਗੇਂਦਬਾਜ਼ੀ ਕਰਕੇ 23 ਤੇ 19 ਦੌੜਾਂ ਕ੍ਰਮਵਾਰ 2 ਤੇ 1 ਵਿਕਟ ਲਈ। ਉਹ ‘ਪਲੇਅਰ ਆਫ ਦਿ ਸੀਰੀਜ਼’ ਐਵਾਰਡ ਦਾ ਦਾਅਵੇਦਾਰ ਬਣ ਗਿਆ ਹੈ ਜਦਕਿ ਚਾਰ ਸਾਲ ਤਕ ਉਸ ਨੂੰ ਸੀਮਤ ਓਵਰਾਂ ਦੀ ਟੀਮ ਵਿਚ ਉਤਾਰਿਆ ਨਹੀਂ ਗਿਆ।
ਸੰਭਾਵਿਤ ਪਲੇਇੰਗ ਇਲੈਵਨ :
ਭਾਰਤ : ਰੋਹਿਤ ਸ਼ਰਮਾ (ਕਪਤਾਨ), ਕੇ. ਐੱਲ. ਰਾਹੁਲ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ, ਸ਼੍ਰੇਅਸ ਅਈਅਰ, ਵੈਂਕਟੇਸ਼ ਅਈਅਰ, ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਹਰਸ਼ਲ ਪਟੇਲ, ਭੁਵਨੇਸ਼ਵਰ ਕੁਮਾਰ, ਦੀਪਕ ਚਾਹਰ, ਆਵੇਸ਼ ਖ਼ਾਨ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ, ਰਿਤੁਰਾਜ ਗਾਇਕਵਾੜ, ਇਸ਼ਾਨ ਕਿਸ਼ਨ।
ਨਿਊਜ਼ੀਲੈਂਡ : ਟਿਮ ਸਾਊਥੀ (ਕਪਤਾਨ), ਟਾਡ ਐਸਟਲ, ਟ੍ਰੈਂਟ ਬੋਲਟ, ਮਾਰਕ ਚੈਪਮੈਨ, ਲਾਕੀ ਫਰਗਯੂਸਨ, ਮਾਰਟਿਨ ਗੁਪਟਿਲ, ਐਡਮ ਮਿਲਨੇ, ਡੇਰਿਲ ਮਿਸ਼ੇਲ, ਜੇਮਸ ਨੀਸ਼ਾਮ, ਗਲੇਨ ਫਿਲਿਪਸ, ਮਿਸ਼ੇਲ ਸੇਂਟਨਰ, ਟਿਮ ਸੀਫਰਟ, ਈਸ਼ ਸੋਢੀ।