NZ v PAK : ਨਿਊਜ਼ੀਲੈਂਡ ਦੀ ਪਾਕਿਸਤਾਨ ’ਤੇ ਰੋਮਾਂਚਕ ਜਿੱਤ
Wednesday, Dec 30, 2020 - 08:52 PM (IST)
ਮਾਊਂਟ ਮੌਂਗਾਨੂਈ– ਨਿਊਜ਼ੀਲੈਂਡ ਨੇ 4.3 ਓਵਰ ਬਾਕੀ ਰਹਿੰਦਿਆਂ ਪਾਕਿਸਤਾਨ ਦੇ ਸੰਘਰਸ਼ ’ਤੇ ਕਾਬੂ ਪਾ ਲਿਆ ਤੇ ਪਹਿਲਾ ਟੈਸਟ ਬੁੱਧਵਾਰ ਨੂੰ 101 ਦੌੜਾਂ ਨਾਲ ਜਿੱਤ ਕੇ ਦੋ ਟੈਸਟਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ।
ਪਾਕਿਸਤਾਨ ਨੇ 373 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 3 ਵਿਕਟਾਂ ’ਤੇ 71 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਦਿਨ ਦੀ ਸਮਾਪਤੀ ਤੋਂ ਸਿਰਫ 4.3 ਓਵਰ ਪਹਿਲਾਂ ਉਸਦੀ ਪਾਰੀ 271 ਦੌੜਾਂ ’ਤੇ ਸਿਮਟ ਗਈ। ਨਿਊਜ਼ੀਲੈਂਡ ਨੂੰ ਪਾਕਿਸਤਾਨ ਦੀ ਪਾਰੀ ਸਮੇਟਣ ਵਿਚ ਅੰਤ ਤਕ ਸੰਘਰਸ਼ ਕਰਨਾ ਪਿਆ। ਫਵਾਦ ਆਲਮ ਨੇ ਇਕਪਾਸੜ ਸੰਘਰਸ਼ ਕਰਦੇ ਹੋਏ 102 ਦੌੜਾਂ ਬਣਾਈਆਂ ਜਦਕਿ ਮਿਸ਼ੇਲ ਸੈਂਟਨਰ ਨੇ ਆਖਰੀ ਬੱਲੇਬਾਜ਼ ਨਸੀਮ ਸ਼ਾਹ ਨੂੰ ਆਪਣੀ ਹੀ ਗੇਂਦ ’ਤੇ ਕੈਚ ਕਰਕੇ ਪਾਕਿਸਤਾਨ ਦੀ ਪਾਰੀ ਦਾ 123.3 ਓਵਰਾਂ ਵਿਚ ਸਮਾਪਤੀ ਕਰ ਦਿੱਤੀ।
ਨਿਊਜ਼ੀਲੈਂਡ ਦੇ ਪਹਿਲੀ ਪਾਰੀ ਦੀਆਂ 431 ਦੌੜਾਂ ਦੇ ਵੱਡੇ ਸਕੋਰ ਦੇ ਜਵਾਬ ਵਿਚ ਪਾਕਿਸਤਾਨ ਦੀ ਪਹਿਲੀ ਪਾਰੀ 239 ਦੌੜਾਂ ’ਤੇ ਸਿਮਟ ਗਈ ਸੀ। ਨਿਊਜ਼ੀਲੈਂਡ ਨੇ ਚੌਥੇ ਦਿਨ ਆਪਣੀ ਦੂਜੀ ਪਾਰੀ 5 ਵਿਕਟਾਂ ’ਤੇ 180 ਦੌੜਾਂ ’ਤੇ ਐਲਾਨ ਕੀਤੀ ਤੇ ਪਾਕਿਸਤਾਨ ਦੇ ਸਾਹਮਣੇ 373 ਦੌੜਾਂ ਦਾ ਮੁਸ਼ਕਿਲ ਟੀਚਾ ਰੱਖਿਆ। ਪਾਕਿਸਤਾਨ ਨੇ ਆਖਰੀ ਦਿਨ ਹਾਰ ਟਾਲਣ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਆਖਰੀ ਓਵਰਾਂ ਵਿਚ ਉਸਦਾ ਸੰਘਰਸ਼ ਟੁੱਟ ਗਿਆ। ਨਿਊਜ਼ੀਲੈਂਡ ਦੀ ਪਹਿਲੀ ਪਾਰੀ ਵਿਚ ਸ਼ਾਨਦਾਰ ਸੈਂਕੜਾ ਬਣਾਉਣ ਵਾਲੇ ਕਪਤਾਨ ਕੇਨ ਵਿਲੀਅਮਸਨ ਨੂੰ ‘ਮੈਨ ਆਫ ਦਿ ਮੈਚ’ ਐਵਾਰਡ ਦਿੱਤਾ ਗਿਆ। ਸੀਰੀਜ਼ ਦਾ ਦੂਜਾ ਟੈਸਟ 3 ਜਨਵਰੀ ਤੋਂ ਕ੍ਰਾਈਸਟਚਰਚ ਵਿਚ ਖੇਡਿਆ ਜਾਵੇਗਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।