IPL ਦੀ ਮੇਜ਼ਬਾਨੀ ਦੀ ਪੇਸ਼ਕਸ਼ ਨਹੀਂ ਕੀਤੀ : ਨਿਊਜ਼ੀਲੈਂਡ

07/09/2020 7:30:48 PM

ਵੇਲਿੰਗਟਨ– ਨਿਊਜ਼ੀਲੈਂਡ ਕ੍ਰਿਕਟ (ਐੱਨ. ਜ਼ੈੱਡ. ਸੀ.) ਨੇ ਕਿਹਾ ਕਿ ਉਸ ਨੇ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਮੇਜ਼ਬਾਨੀ ਕਰਨ ਦੀ ਪੇਸ਼ਕਸ਼ ਨਹੀਂ ਕੀਤੀ ਹੈ ਤੇ ਇਸ ਤਰ੍ਹਾਂ ਦੀਆਂ ਰਿਪੋਰਟਾਂ ਨੂੰ ਸਿਰਫ 'ਅਫਵਾਹਾਂ' ਕਰਾਰ ਦਿੱਤਾ ਜਦਕਿ ਭਵਿੱਖ ਦੇ ਦੌਰਾ ਪਰੋਗਰਾਮ (ਐੱਫ. ਟੀ. ਪੀ.) ਨੂੰ ਲੈ ਕੇ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ । ਐੱਨ. ਜੈੱਡ. ਸੀ. ਦੇ ਬੁਲਾਰੇ ਰਿਚਰਡ ਬੂਕ ਨੇ ਪੁਸ਼ਟੀ ਕੀਤੀ ਕਿ ਕ੍ਰਿਕਟ ਬੋਰਡ ਨੇ ਕਦੇ ਆਈ. ਪੀ. ਐੱਲ. ਦੀ ਮੇਜ਼ਬਾਨੀ ਵਿਚ ਦਿਲਚਸਪੀ ਨਹੀਂ ਦਿਖਾਈ। ਇਸ ਸਾਲ ਆਈ. ਪੀ. ਐੱਲ. ਦਾ ਆਯੋਜਨ ਮਾਰਚ ਵਿਚ ਹੋਣਾ ਸੀ ਪਰ ਕੋਵਿਡ-19 ਮਹਾਮਾਰੀ ਦੇ ਕਾਰਣ ਇਸ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

PunjabKesari
ਬੂਕ ਨੇ ਰੇਡੀਓ ਨਿਊਜ਼ੀਲੈਂਡ 'ਤੇ ਕਿਹਾ,''ਇਹ ਰਿਪੋਰਟ ਪੂਰੀ ਤਰ੍ਹਾਂ ਅਟਕਲਬਾਜ਼ੀ ਹੈ। ਨਿਊਜ਼ੀਲੈਂਡ ਨੂੰ ਜੇਕਰ ਆਈ. ਪੀ. ਐੱਲ. ਦੀ ਮੇਜ਼ਬਾਨੀ ਲਈ ਕਿਹਾ ਜਾਂਦਾ ਹੈ ਤਾਂ ਅਸੀਂ ਇਸ ਸਥਿਤੀ ਵਿਚ ਨਹੀਂ ਹੋਵਾਂਗੇ। ਅਸੀਂ ਆਈ. ਪੀ. ਐੱਲ. ਦੀ ਮੇਜ਼ਬਾਨੀ ਦੀ ਪੇਸ਼ਕਸ਼ ਨਹੀਂ ਕੀਤੀ ਤੇ ਨਾ ਹੀ ਸਾਡੇ ਕੋਲ ਕਿਸੇ ਨੇ ਅਜਿਹਾ ਪ੍ਰਸਤਾਵ ਰੱਖਿਆ । ਇਸਦੀਆਂ ਤਾਰੀਕਾਂ ਤੇ ਨਿਊਜ਼ੀਲੈਂਡ ਦੀ ਆਪਣੇ ਭਵਿੱਖ ਦੌਰਾ ਪ੍ਰੋਗਰਾਮ ਨੂੰ ਸਨਮਾਨ ਦੇਣ ਦੀ ਪ੍ਰਤੀਬੱਧਤਾ ਦਾ ਮਤਲਬ ਹੈ ਕਿ ਸਮੇਂ ਦੇ ਕਾਰਣ ਅਸੀਂ ਅਜਿਹਾ ਨਹੀਂ ਕਰ ਸਕਦੇ।'' ਭਾਰਤੀ ਮੀਡੀਆ ਦੀਆਂ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਜੇਕਰ ਮਹਾਮਾਰੀ ਦੇ ਕਾਰਣ ਆਈ. ਪੀ. ਐੱਲ. ਵਿਦੇਸ਼ਾਂ ਵਿਚ ਆਯੋਜਿਤ ਕੀਤਾ ਜਾਂਦਾ ਹੈ ਤਾਂ ਸੰਯੁਕਤ ਅਰਬ ਅਮੀਰਾਤ ਤੇ ਸ਼੍ਰੀਲੰਕਾ ਤੋਂ ਬਾਅਦ ਹੁਣ ਨਿਊਜ਼ੀਲੈਂਡ ਵੀ ਇਸਦੀ ਮੇਜ਼ਬਾਨੀ ਦੀ ਦੌੜ ਵਿਚ ਸ਼ਾਮਲ ਹੋ ਸਕਦਾ ਹੈ। ਇਸ ਤੋਂ ਬਾਅਦ ਹੀ ਬੂਕ ਨੇ ਇਹ ਬਿਆਨ ਦਿੱਤਾ।


Gurdeep Singh

Content Editor

Related News