ਮਹਿਲਾ ਹਾਕੀ : ਫਾਈਨਲ ’ਚ ਪੁੱਜੀਆਂ ਉੱਤਰ ਰੇਲਵੇ ਤੇ ਮੱਧ ਰੇਲਵੇ ਦੀਆਂ ਟੀਮਾਂ

11/13/2019 12:22:30 AM

ਕਪੂਰਥਲਾ (ਮੱਲ੍ਹੀ)- ਆਰ. ਸੀ. ਐੱਫ. ਦੇ ਸਿੰਥੈਟਿਕ ਵਾਨੀ ਸਟੇਡੀਅਮ ’ਚ 7 ਨਵੰਬਰ ਤੋਂ ਜਾਰੀ ਆਲ ਇੰਡੀਆ ਰੇਲਵੇ ਮਹਿਲਾ ਹਾਕੀ ਚੈਂਪਅਨਸ਼ਿਪ ’ਚ ਉੱਤਰ ਰੇਲਵੇ ਨਵੀਂ ਦਿੱਲੀ ਤੇ ਮੱਧ ਰੇਲਵੇ ਮੁੰਬਈ ਦੀਆਂ ਟੀਮਾਂ ਫਾਈਨਲ ’ਚ ਪਹੁੰਚ ਗਈਆਂ ਹਨ। ਮੰਗਲਵਾਰ ਖੇਡੇ ਗਏ ਸੈਮੀਫਾਈਨਲ ’ਚ ਮੈਚਾਂ ’ਚ ਉੱਤਰ ਰੇਲਵੇ ਨਵੀਂ ਦਿੱਲੀ ਨੇ ਪੱਛਮ ਰੇਲਵੇ ਮੁੰਬਈ ਨੂੰ ਸ਼ੂਟ ਆਊਟ ’ਚ 4-3 ਨਾਲ ਹਰਾਇਆ। ਦੂਸਰੇ ਸੈਮੀਫਾਈਨਲ ’ਚ ਮੱਧ ਰੇਲਵੇ ਮੁੰਬਈ ’ਚ ਆਰ.ਸੀ.ਐੱਫ. ਨੂੰ 1-0 ਨਾਲ ਹਰਾਇਆ। ਫਾਈਨਲ ਮੈਚ 13 ਨਵੰਬਰ ਨੂੰ ਖੇਡਿਆ ਜਾਵੇਗਾ। ਮੰਗਲਵਾਰ ਨੂੰ ਖੇਡਿਆ ਗਿਆ ਪਹਿਲਾ ਸੈਮੀਫਾਈਨਲ ਮੈਚ ਬਹੁਤ ਹੀ ਰੋਚਕ ਤੇ ਸੰਘਰਸ਼ਪੂਰਨ ਰਿਹਾ।
ਦੋਵਾਂ ਟੀਮਾਂ ਨੇ ਗੋਲ ਕਰਨ ਦੇ ਯਤਨ ਕੀਤੇ ਪਰ ਕੋਈ ਵੀ ਟੀਮ ਗੋਲ ਕਰਨ ’ਚ ਕਾਮਯਾਬ ਨਾ ਹੋ ਸਕੀ। ਨਿਰਧਾਰਿਤ ਚਾਰ ਕੁਆਰਟਰਾਂ ਤੋਂ ਬਾਅਦ ਪੈਨਲਟੀ ਸ਼ੂਟ ਆਉੂਟ ਦਾ ਸਹਾਰਾ ਲੈਣਾ ਪਿਆ ਜਿਸ ’ਚ ਪੱਛਮ ਰੇਲਵੇ ਮੁੰਬਈ ਵੱਲੋਂ ਨਵਨੀਤ ਕੌਰ, ਰੰਜੀਤਾ ਦੇਵੀ ਤੇ ਲੀਲਿਆ ਮਿੰਜ ਨੇ ਗੋਲ ਕੀਤੇ, ਜਦਕਿ ਉੱਤਰ ਰੇਲਵੇ ਵੱਲੋਂ ਜੋਤੀ, ਨੇਹਾ ਤੇ ਕਪਤਾਨ ਮਨਮੀਤ ਕੌਰ ਨੇ ਗੋਲ ਕੀਤੇ। ਇਸ ਤੋਂ ਬਾਅਦ ਸਡਨ ਡੈਥ ਨੇ ਨੇਹਾ ਨੇ ਗੋਲ ਕਰ ਕੇ ਆਪਣੀ ਟੀਮ ਨੂੰ ਜੇਤੂ ਬਣਾਇਆ। ਮੰਗਲਵਾਰ ਦੇ ਦੂਜੇ ਸੈਮੀਫਾਈਨਲ ’ਚ ਮੱਧ ਰੇਲਵੇ ਮੁੰਬਈ ਨੇ ਮੇਜ਼ਬਾਨ ਆਰ. ਸੀ. ਐੱਫ. ਨੂੰ 1-0 ਨਾਲ ਹਰਾਇਆ। ਪੂਰੇ ਮੈਚ ’ਚ ਤੇਜ਼ ਤਰਾਰ ਹਾਕੀ ਦਾ ਖੇਡ ਦੇਖਣ ਨੂੰ ਮਿਲਿਆ। ਆਰ. ਸੀ. ਐੱਫ. ਦੀ ਟੀਮ ਨੇ ਵਿਰੋਧੀ ਟੀਮ ਦੇ ਗੋਲਾਂ ’ਤੇ ਤਾਬਡ਼ ਤੋਡ਼ ਹਮਲੇ ਕੀਤੇ ਜਿਸ ਨੂੰ ਮੁੰਬਈ ਦੀ ਟੀਮ ਨੇ ਸਫਲ ਨਾ ਹੋਣ ਦਿੱਤਾ। ਪਹਿਲੇ ਤਿੰਨ ਕੁਆਰਟਰਾਂ ’ਚ ਕੋਈ ਵੀ ਟੀਮ ਗੋਲ ਨਾ ਕਰ ਸਕੀ ਪਰ ਚੌਥੇ ਕੁਆਰਟਰ ’ਚ 58ਵੇਂ ਮਿੰਟ ’ਚ ਮੱਧ ਰੇਲਵੇ ਮੁੰਬਈ ਦੀ ਮੋਨਿਕਾ ਨੇ ਫੀਲਡ ਗੋਲ ਕਰ ਕੇ ਸਕੋਰ 1-0 ਕਰ ਦਿੱਤਾ ਜੋ ਕਿ ਨਿਰਣਾਇਕ ਸਿੱਧ ਹੋਇਆ। ਚੈਂਪੀਅਨਸ਼ਿਪ ਦੇ ਫਾਈਨਲ ਮੈਚ ’ਚ ਮੁੱਖ ਮਹਿਮਾਨ ਆਰ.ਸੀ.ਐੱਫ. ਦੇ ਜਨਰਲ ਮੈਨੇਜਰ ਰਵਿੰਦਰ ਗੁਪਤਾ ਹੋਣਗੇ, ਜੋ ਕਿ ਪੁਰਸਕਾਰ ਵੰਡ ਸਮਾਗਮ ਦੀ ਪ੍ਰਧਾਨਗੀ ਕਰਨਗੇ।


Gurdeep Singh

Content Editor

Related News