ਭਾਰਤੀ ਮੁੱਕੇਬਾਜ਼ੀ ’ਚ ਓਲੰਪਿਕ ਤਮਗੇ ਦਾ ਰੰਗ ਬਦਲਣਾ ਚਾਹੁੰਦੈ ਨਿਸ਼ਾਂਤ ਦੇਵ

Sunday, Jul 14, 2024 - 08:34 PM (IST)

ਨਵੀਂ ਦਿੱਲੀ (ਭਾਸ਼ਾ)- ਆਤਮਵਿਸ਼ਵਾਸ ਨਾਲ ਭਰਪੂਰ ਮੁੱਕੇਬਾਜ਼ ਨਿਸ਼ਾਂਤ ਦੇਵ ਦੀਆਂ ਨਜ਼ਰਾਂ ਇਸ ਮਹੀਨੇ ਪੈਰਿਸ ਓਲੰਪਿਕ ਵਿਚ ਭਾਰਤ ਦੇ ਮੁੱਕੇਬਾਜ਼ੀ ਤਮਗਿਆਂ ਦੇ ਰੰਗ ਨੂੰ ਕਾਂਸੀ ਤੋਂ ਬਦਲ ਕੇ ਸੋਨੇ ਵਿਚ ਕਰਨ ’ਤੇ ਲੱਗੀਆਂ ਹਨ। ਭਾਰਤ ਲਈ ਤਿੰਨ ਮੁੱਕੇਬਾਜ਼ ਵਿਜੇਂਦਰ ਸਿੰਘ (2008), ਐੱਮ. ਸੀ. ਮੈਰੀਕਾਮ (2012) ਤੇ ਲਵਲੀਨਾ ਬੋਰਗੋਹੇਨ (2021) ਨੇ ਓਲੰਪਿਕ ਤਮਗੇ ਜਿੱਤੇ ਹਨ, ਜਿਸ ਵਿਚ ਸਾਰਿਆਂ ਦਾ ਰੰਗ ਕਾਂਸੀ ਤਮਗਾ ਰਿਹਾ ਹੈ। ਪਰ ਦੇਵ ਨੂੰ ਭਰੋਸਾ ਹੈ ਕਿ ਉਸਦੇ ਕੋਲ ਲਾਈਟ ਮਿਡਲਿਵੇਟ (71 ਕਿ. ਗ੍ਰਾ.) ਭਾਰ ਵਰਗ ਦੇ ਫਾਈਨਲ ਤਕ ਪਹੁੰਚਣ ਦੀਆਂ ਕਾਬਲੀਅਤ ਹੈ ਤੇ ਉਹ ਸੋਨ ਤਮਗਾ ਜਿੱਤਣ ਦੀ ਵੀ ਸਮਰੱਥਾ ਰੱਖਦਾ ਹੈ।

ਦੇਵ ਨੇ ਇੱਥੇ ਕਿਹਾ,‘‘ਮੇਰਾ ਟੀਚਾ ਮੁੱਕੇਬਾਜ਼ੀ ਵਿਚ ਮਿਲੇ ਤਮਗਿਆਂ ਦੇ ਰੰਗ ਨੂੰ ਬਦਲਣਾ ਹੈ। ਸਾਡੇ ਦੇਸ਼ ਦੇ ਮੁੱਕੇਬਾਜ਼ਾਂ ਨੇ ਹੁਣ ਤਕ ਕਾਂਸੀ ਤਮਗੇ ਜਿੱਤੇ ਹਨ ਪਰ ਸੋਨ ਤੇ ਚਾਂਦੀ ਨਹੀਂ ਜਿੱਤ ਸਕੇ ਹਨ।’’ ਉਸ ਨੇ ਕਿਹਾ, ‘‘ਮੈਂ ਕਾਂਸੀ ਨੂੰ ਚਾਂਦੀ ਨਹੀਂ ਸਗੋਂ ਸੋਨ ਤਮਗੇ ਵਿਚ ਬਦਲਣਾ ਚਾਹੁੰਦਾ ਹਾਂ। ਮੈਨੂੰ ਪੂਰਾ ਭਰੋਸਾ ਹੈ ਕਿ ਮੈਂ ਇਹ ਉਪਲੱਬਧੀ ਹਾਸਲ ਕਰ ਸਕਦਾ ਹੈ। ਮੇਰੀ ਟ੍ਰੇਨਿੰਗ ਚੰਗੀ ਰਹੀ ਹੈ ਪਰ ਅੰਤ ਵਿਚ ਇਹ ਪ੍ਰਮਾਤਮਾ ’ਤੇ ਨਿਰਭਰ ਕਰਦਾ ਹੈ।’’ ਇਹ 23 ਸਾਲਾ ਮੁੱਕੇਬਾਜ਼ 2021 ਵਿਚ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਪਹੁੰਚ ਕੇ ਸੁਰਖੀਆਂ ਵਿਚ ਆਇਆ ਸੀ। ਦੋ ਸਾਲ ਬਾਅਦ ਦੇਵ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤ ਲਿਆ। ਉਸ ਨੇ ਕਿਹਾ,‘‘ਉਹ ਮੇਰਾ ਪਹਿਲਾ ਕੌਮਾਂਤਰੀ ਤਮਗਾ ਸੀ ਤੇ ਇਹ ਮੇਰੇ ਲਈ ਵੱਡੀ ਉਪਲਬੱਧੀ ਸੀ।’’
 


Tarsem Singh

Content Editor

Related News