ਨਿਹਾਲ ਬਣਿਆ ਕੋਪੇਚੇਸ ਕਾਪਰੋਵ ਟਰਾਫੀ ਸ਼ਤਰੰਜ ਦਾ ਜੇਤੂ
Wednesday, Oct 28, 2020 - 07:26 PM (IST)
ਤ੍ਰਿਚੂਰ (ਕੇਰਲ) (ਨਿਕਲੇਸ਼ ਜੈਨ)- ਭਾਰਤ ਦੇ 16 ਸਾਲਾ ਨੌਜਵਾਨ ਗ੍ਰੈਂਡ ਮਾਸਟਰ ਨਿਹਾਲ ਸਰੀਨ ਨੇ ਇਸ ਸਾਲ ਆਨ ਦਿ ਬੋਰਡ ਦੀ ਥਾਂ ਆਨਲਾਈਨ ਸਮਾਪਤ ਹੋਈ ਸਾਬਕਾ ਵਿਸ਼ਵ ਚੈਂਪੀਅਨ ਅਨਤੋਲੀ ਕਾਪੋਵ ਦੇ ਨਾਂ 'ਤੇ ਖੇਡੀ ਜਾਣ ਵਾਲੀ ਵੱਕਾਰੀ ਕੋਪੇਚੇਸ ਕਾਪਰੋਵ ਟਰਾਫੀ ਸ਼ਤਰੰਜ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਪ੍ਰਤੀਯੋਗਿਤਾ ਦੇ ਫਾਈਨਲ 'ਚ ਉਸ ਨੇ ਰੂਸ ਦੇ ਅਲੈਕਸੀ ਸਰਾਨਾ ਨੂੰ 1.5-0.5 ਨਾਲ ਹਰਾਉਂਦੇ ਹੋਏ ਜਿੱਤ ਹਾਸਲ ਕੀਤੀ। ਫਾਈਨਲ ਦੇ ਪਹਿਲੇ ਹੀ ਮੁਕਾਬਲੇ 'ਚ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਨਿਹਾਲ ਨੇ ਲੰਡਨ ਸਿਸਟਮ 'ਚ ਹਾਥੀ ਦੇ ਸ਼ਾਨਦਾਰ ਐਂਡਗੇ 'ਚ 56 ਚਾਲਾਂ 'ਚ ਸ਼ਾਨਦਾਰ ਜਿੱਤ ਦਰਜ ਕੀਤੀ।
ਪ੍ਰਤੀਯੋਗਿਤਾ ਕੁੱਲ ਦੋ ਪੜਾਵਾਂ 'ਚ ਖੇਡੀ ਗਈ, ਜਿਸ ਵਿਚ ਪਹਿਲੇ 14 ਰਾਊਂਡ ਦੇ ਮੁਕਾਬਲਿਆਂ ਤੋਂ ਬਾਅਦ ਦੁਨੀਆ ਭਰ ਦੇ ਖਿਡਾਰੀਆਂ 'ਚੋਂ ਕੁੱਲ 8 ਖਿਡਾਰੀ ਪਲੇਅ-ਆਫ ਮਤਲਬ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਹੇ। ਕੁਆਰਟਰ ਫਾਈਨਲ 'ਚ ਨਿਹਾਲ ਨੇ ਫਰਾਂਸ ਦੇ ਏਟੀਏਨ ਬਕਰੋਟ ਨੂੰ 2-0 ਨਾਲ, ਸੈਮੀਫਾਈਨਲ 'ਚ ਜਾਰਜੀਆ ਦੇ ਈਵਾਨ ਚੇਪਰੀਨੋਵ 'ਤੇ 2-0 ਨਾਲ ਜਿੱਤ ਦਰਜ ਕਰਦੇ ਹੋਏ ਫਾਈਨਲ 'ਚ ਜਗਾ ਬਣਾਈ ਸੀ।