ਰੋਹਿਤ ਸ਼ਰਮਾ ਦੀ ਕਪਤਾਨੀ ''ਚ ਖਿਡਾਰੀਆਂ ਨੂੰ ਨਿਖਰਦੇ ਦੇਖ ਕੇ ਚੰਗਾ ਲੱਗਾ: ਰਾਹੁਲ ਦ੍ਰਾਵਿੜ
Saturday, Mar 09, 2024 - 08:02 PM (IST)
ਧਰਮਸ਼ਾਲਾ- ਬੇਨ ਸਟੋਕਸ ਦੇ ਬੈਜ਼ਬਾਲ ਸਟਾਈਲ ਦੇ ਸਾਹਮਣੇ ਰੋਹਿਤ ਸ਼ਰਮਾ ਦੀ ਕਪਤਾਨੀ ਦੀ ਜ਼ਿਆਦਾ ਚਰਚਾ ਨਹੀਂ ਹੋਈ ਪਰ ਭਾਰਤ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਉਨ੍ਹਾਂ ਦੀ ਕਪਤਾਨੀ 'ਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰੋਹਿਤ ਦੀ ਕਪਤਾਨੀ 'ਚ ਭਾਰਤ ਨੇ ਕਦੇ ਵੀ ਵੱਡੇ ਦਾਅਵੇ ਨਹੀਂ ਕੀਤੇ ਪਰ ਸ਼ਾਨਦਾਰ ਤਰੀਕੇ ਨਾਲ ਇੰਗਲੈਂਡ ਦੀ ਟੀਮ ਨੂੰ ਪੰਜ ਮੈਚਾਂ ਦੀ ਸੀਰੀਜ਼ 'ਚ 4.1 ਨਾਲ ਹਰਾਇਆ ਜਿਸ ਦੇ ਬਹੁਤ ਹੀ ਹਮਲਾਵਰ 'ਬੈਜ਼ਬਾਲ' ਸ਼ੈਲੀ ਦੀ ਹਰ ਪਾਸੇ ਚਰਚਾ ਹੋਈ।
ਦ੍ਰਾਵਿੜ ਨੇ ਪੰਜਵਾਂ ਟੈਸਟ ਜਿੱਤਣ ਤੋਂ ਬਾਅਦ ਪ੍ਰਸਾਰਕਾਂ ਨੂੰ ਕਿਹਾ, ਅਜਿਹੀ ਮਹਾਨ ਟੀਮ ਨਾਲ ਕੰਮ ਕਰਨਾ ਸਨਮਾਨ ਦੀ ਗੱਲ ਹੈ। ਮੈਂ ਉਨ੍ਹਾਂ ਤੋਂ ਸਿੱਖਦਾ ਰਹਿੰਦਾ ਹਾਂ। ਰੋਹਿਤ ਇਕ ਸ਼ਾਨਦਾਰ ਕਪਤਾਨ ਹੈ ਅਤੇ ਉਨ੍ਹਾਂ ਦੀ ਕਪਤਾਨੀ 'ਚ ਖਿਡਾਰੀਆਂ 'ਚ ਨਿਖਰਦੇ ਦੇਖ ਕੇ ਚੰਗਾ ਲੱਗਾ ਹੈ। ਦ੍ਰਾਵਿੜ ਨੇ ਕਿਹਾ ਕਿ ਇਸ ਸੀਰੀਜ਼ 'ਚ ਕਈ ਸ਼ਾਨਦਾਰ ਪਲ ਸਨ ਪਰ ਰਵੀਚੰਦਰਨ ਅਸ਼ਵਿਨ ਦੀ ਵਾਪਸੀ ਅਤੇ ਨਿੱਜੀ ਐਮਰਜੈਂਸੀ 'ਚੋਂ ਖੇਡਣਾ ਇਸ ਟੀਮ ਦੀ ਭਾਵਨਾ ਨੂੰ ਬਿਆਨ ਕਰਦਾ ਹੈ।
ਉਨ੍ਹਾਂ ਨੇ ਕਿਹਾ, ਅਸ਼ਵਿਨ ਵਾਪਸ ਆਏ ਅਤੇ ਉਨ੍ਹਾਂ ਹਾਲਾਤਾਂ ਵਿੱਚ ਖੇਡੇ। ਉਹ ਟੀਮ ਦੀ ਜਿੱਤ 'ਚ ਯੋਗਦਾਨ ਦੇਣਾ ਚਾਹੁੰਦੇ ਸੀ। ਇਹ ਇਸ ਟੀਮ ਦੀ ਭਾਵਨਾ ਬਾਰੇ ਬਹੁਤ ਕੁਝ ਬਿਆਨ ਕਰਦਾ ਹੈ। ਉਨ੍ਹਾਂ ਨੇ ਕਿਹਾ, ਮੇਰੇ ਲਈ ਇਹ ਸੀਰੀਜ਼ ਦਾ ਸਭ ਤੋਂ ਵੱਡਾ ਪਲ ਸੀ। ਇੱਕ ਕੋਚ ਦੇ ਤੌਰ 'ਤੇ ਇਸ ਤਰ੍ਹਾਂ ਦਾ ਮਾਹੌਲ ਦੇਖ ਕੇ ਖੁਸ਼ੀ ਹੁੰਦੀ ਹੈ। ਪਰਿਵਾਰਕ ਐਮਰਜੈਂਸੀ ਕਾਰਨ ਅਸ਼ਵਿਨ ਨੂੰ ਰਾਜਕੋਟ ਟੈਸਟ ਦੇ ਦੂਜੇ ਦਿਨ ਚੇਨਈ ਪਰਤਣਾ ਪਿਆ ਪਰ ਤੀਜੇ ਟੈਸਟ ਦੇ ਚੌਥੇ ਦਿਨ ਵਾਪਸ ਪਰਤ ਆਏ ਸਨ।