ਨਿਊਜ਼ੀਲੈਂਡ ਕ੍ਰਿਕਟ ਦੇ ਮੁੱਖ ਕੋਚ ਗੈਰੀ ਸਟੀਡ ਨੇ ਸੀਮਤ ਓਵਰਾਂ ਦੇ ਰੂਪ ਤੋਂ ਦਿੱਤਾ ਅਸਤੀਫਾ
Wednesday, Apr 09, 2025 - 12:43 PM (IST)

ਵੈਲਿੰਗਟਨ– ਗੈਰੀ ਸਟੀਡ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਉਹ ਹੁਣ ਟੀ-20 ਤੇ ਵਨ ਡੇ ਕੌਮਾਂਤਰੀ ਰੂਪਾਂ ਵਿਚ ਨਿਊਜ਼ੀਲੈਂਡ ਦਾ ਕੋਚ ਨਹੀਂ ਰਹੇਗਾ ਤੇ ਟੈਸਟ ਕ੍ਰਿਕਟ ਵਿਚ ਆਪਣੇ ਭਵਿੱਖ ’ਤੇ ਵਿਚਾਰ ਕਰ ਰਿਹਾ ਹੈ। ਸਟੀਡ ਨੇ ਕਿਹਾ ਕਿ ਉਸ ਨੂੰ ਆਖਰੀ ਫੈਸਲੇ ਤੱਕ ਪਹੁੰਚਣ ਵਿਚ ਇਕ ਮਹੀਨੇ ਦਾ ਸਮਾਂ ਲੱਗ ਸਕਦਾ ਹੈ।
53 ਸਾਲਾ ਸਟੀਡ ਨੇ 2018 ਵਿਚ ਮਾਈਕ ਹੇਸਨ ਦੀ ਜਗ੍ਹਾ ਅਹੁਦਾ ਸੰਭਾਲਿਆ ਸੀ ਤੇ ਉਹ ਸਾਰੇ ਰੂਪਾਂ ਵਿਚ ਨਿਊਜ਼ੀਲੈਂਡ ਦਾ ਕੋਚ ਸੀ। ਨਿਊਜ਼ੀਲੈਂਡ ਕ੍ਰਿਕਟ ਨੇ ਕਿਹਾ ਕਿ ਉਹ ਅਗਲੇ ਹਫਤੇ ਕੋਚ ਅਹੁਦੇ ਲਈ ਇਸ਼ਤਿਹਾਰ ਜਾਰੀ ਕਰੇਗਾ ਪਰ ਉਸ ਨੇ ਅਜੇ ਤੱਕ ਇਹ ਤੈਅ ਨਹੀਂ ਕੀਤਾ ਹੈ ਕਿ ਉਹ ਵੱਖ-ਵੱਖ ਰੂਪਾਂ ਲਈ ਵੱਖ-ਵੱਖ ਕੋਚ ਨਿਯੁਕਤ ਕਰੇਗਾ ਜਾਂ ਨਹੀਂ। ਸਟੀਡ ਦੇ ਕੋਚ ਰਹਿੰਦਿਆਂ ਨਿਊਜ਼ੀਲੈਂਡ ਨੇ 2019 ਵਿਚ ਆਈ. ਸੀ. ਸੀ. ਵਿਸ਼ਵ ਕੱਪ, 2022 ਵਿਚ ਟੀ-20 ਵਿਸ਼ਵ ਕੱਪ ਤੇ ਇਸ ਸਾਲ ਦੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿਚ ਜਗ੍ਹਾ ਬਣਾਈ ਸੀ। ਉਸ ਨੇ ਨਿਊਜ਼ੀਲੈਂਡ ਨੂੰ ਸ਼ੁਰੂਆਤੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਜਿੱਤ ਵੀ ਦਿਵਾਈ ਸੀ।