ਨਿਊਜ਼ੀਲੈਂਡ ਦੀ ਜੇਤੂ ਮੁਹਿੰਮ ਜਾਰੀ, ਚੌਥੇ ਮਹਿਲਾ ਵਨ-ਡੇ ''ਚ ਭਾਰਤ ਨੂੰ 63 ਦੌੜਾਂ ਨਾਲ ਹਰਾਇਆ

Tuesday, Feb 22, 2022 - 01:39 PM (IST)

ਨਿਊਜ਼ੀਲੈਂਡ ਦੀ ਜੇਤੂ ਮੁਹਿੰਮ ਜਾਰੀ, ਚੌਥੇ ਮਹਿਲਾ ਵਨ-ਡੇ ''ਚ ਭਾਰਤ ਨੂੰ 63 ਦੌੜਾਂ ਨਾਲ ਹਰਾਇਆ

ਸਪੋਰਟਸ ਡੈਸਕ- ਅਮੇਲੀਆ ਕੇਰ ਦੀਆਂ 68 ਦੌੜਾਂ ਤੋਂ ਬਾਅਦ ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਮੰਗਲਵਾਰ ਨੂੰ ਇੱਥੇ ਕਵੀਂਸਟਾਊਨ ਜੌਨ ਡੇਵਿਸ ਓਵਲ ਸਟੇਡੀਅਮ 'ਚ ਪੰਜ ਮੈਚਾਂ ਦੀ ਸੀਰੀਜ਼ ਦੇ ਚੌਥੇ ਵਨ-ਡੇ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ 63 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਨਿਊਜ਼ੀਲੈਂਡ ਨੇ ਪੰਜ ਮੈਚਾਂ ਦੀ ਲੜੀ ਵਿੱਚ 4-0 ਦੀ ਬੜ੍ਹਤ ਬਣਾ ਲਈ ਹੈ। ਹੁਣ ਆਖਰੀ ਵਨ-ਡੇ ਵੀਰਵਾਰ ਨੂੰ ਖੇਡਿਆ ਜਾਵੇਗਾ। ਚੌਥਾ ਵਨ-ਡੇ ਮੀਂਹ ਕਾਰਨ 20 ਓਵਰਾਂ ਦਾ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : INDW v NZW : ਰਿਚਾ ਘੋਸ਼ ਦਾ ਵਨ-ਡੇ ਕ੍ਰਿਕਟ 'ਚ ਵੱਡਾ ਰਿਕਾਰਡ, ਲਾਇਆ ਸਭ ਤੋਂ ਤੇਜ਼ ਅਰਧ ਸੈਂਕੜਾ

192 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੀ ਸ਼ੁਰੂਆਤ ਖ਼ਰਾਬ ਰਹੀ। ਟੀਮ ਨੇ ਸ਼ੈਫਾਲੀ ਵਰਮਾ (0), ਯਸਤਿਕਾ ਭਾਟੀਆ (0) ਅਤੇ ਪੂਜਾ ਵਸਤਰਕਾਰ (4) ਦੀਆਂ ਵਿਕਟਾਂ ਬਹੁਤ ਜਲਦੀ ਗੁਆ ਦਿੱਤੀਆਂ ਅਤੇ ਤੀਜੇ ਓਵਰ ਵਿੱਚ ਟੀਮ ਦਾ ਸਕੋਰ 12/3 ਹੋ ਗਿਆ। ਇਸ ਤੋਂ ਤੁਰੰਤ ਬਾਅਦ ਸਮ੍ਰਿਤੀ ਮੰਧਾਨਾ (13) ਨੂੰ ਹੇਲੀ ਜੇਨਸਨ ਨੇ ਪੈਵੇਲੀਅਨ ਵਾਪਸ ਭੇਜ ਦਿੱਤਾ ਅਤੇ ਪੰਜਵੇਂ ਓਵਰ ਵਿੱਚ ਭਾਰਤ ਦਾ ਸਕੋਰ 19/4 ਹੋ ਗਿਆ। ਇਸ ਤੋਂ ਬਾਅਦ ਰਿਚਾ ਘੋਸ਼ ਅਤੇ ਮਿਤਾਲੀ ਰਾਜ ਨੇ ਟੀਮ ਦੀ ਕਮਾਨ ਸੰਭਾਲੀ।

ਘੋਸ਼ ਨੇ ਸਿਰਫ 26 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਮਹਿਲਾ ਇੱਕ ਰੋਜ਼ਾ ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਵਾਲੀ ਬੱਲੇਬਾਜ਼ ਬਣ ਗਈ। ਹਾਲਾਂਕਿ, 18 ਸਾਲਾਂ ਖਿਡਾਰੀ 13ਵੇਂ ਓਵਰ ਵਿੱਚ 52 ਦੌੜਾਂ ਬਣਾ ਕੇ ਆਊਟ ਹੋ ਗਈ ਅਤੇ ਟੀਮ ਦਾ ਸਕੋਰ 96/5 ਹੋ ਗਿਆ। ਭਾਰਤ ਇਸ ਝਟਕੇ ਤੋਂ ਉਭਰ ਨਹੀਂ ਸਕਿਆ ਅਤੇ ਅੰਤ ਵਿੱਚ ਨਿਊਜ਼ੀਲੈਂਡ ਆਰਾਮ ਨਾਲ ਜਿੱਤ ਗਿਆ।

ਇਹ ਵੀ ਪੜ੍ਹੋ : ਏਅਰਥਿੰਗਸ ਮਾਸਟਰਸ ਸ਼ਤਰੰਜ : ਪ੍ਰਗਿਆਨੰਦਾ ਨੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਕਾਰਲਸਨ ਨੂੰ ਹਰਾਇਆ

ਇਸ ਤੋਂ ਪਹਿਲਾਂ, ਅਮੇਲੀਆ ਕੇਰ ਨੇ 33 ਗੇਂਦਾਂ ਵਿੱਚ 11 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 68 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਨਿਊਜ਼ੀਲੈਂਡ ਨੇ ਭਾਰਤ ਵਿਰੁੱਧ 191/5 ਦਾ ਸਕੋਰ ਬਣਾਇਆ। ਸੂਜ਼ੀ ਬੇਟਸ ਅਤੇ ਸੋਫੀ ਡਿਵਾਈਨ ਨੇ ਵੀ 41 ਅਤੇ 32 ਦੌੜਾਂ ਦੀਆਂ ਉਪਯੋਗੀ ਪਾਰੀਆਂ ਖੇਡੀਆਂ। ਐਮੀ ਸੈਟਰਥਵੇਟ ਨੇ ਵੀ 16 ਗੇਂਦਾਂ ਵਿੱਚ 32 ਦੌੜਾਂ ਬਣਾਈਆਂ। ਭਾਰਤ ਵਲੋਂ ਰੇਣੁਕਾ ਸਿੰਘ ਨੂੰ ਦੋ ਸਫਲਤਾਵਾਂ ਮਿਲੀਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News