ਨੀਦਰਲੈਂਡ ਨੇ ਯੂਕ੍ਰੇਨ ’ਤੇ ਜਿੱਤ ਨਾਲ ਸ਼ੁਰੂ ਕੀਤੀ ਯੂਰੋ 2020 ਦੀ ਮੁਹਿੰਮ
Monday, Jun 14, 2021 - 04:23 PM (IST)
ਮਾਸਕੋ, (ਵਾਰਤਾ)— ਨੀਦਰਲੈਂਡ ਨੇ ਯੂਕ੍ਰੇਨ ਖ਼ਿਲਾਫ਼ ਜਿੱਤ ਦੇ ਨਾਲ ਯੂ. ਐੱਫ. ਏ. ਯੂਰੋ 2020 ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਐਮਸਟਡਰਮ ’ਚ ਐਤਵਾਰ ਨੂੰ ਖੇਡੇ ਗਏ ਯੂਰੋ 2020 ਕੱਪ ਦੇ ਗਰੁੱਪ ਸੀ ਮੁਕਾਬਲੇ ’ਚ ਨੀਦਰਲੈਂਡ ਨੇ ਯੂਕ੍ਰੇਨ ਨੂੰ 3-2 ਨਲ ਹਰਾਇਆ। ਮੈਚ ਦਾ ਸਭ ਤੋਂ ਫ਼ੈਸਲਾਕੁੰਨ ਗੋਲ ਨੀਦਰਲੈਂਡ ਦੇ ਡੇਨਜੇਲ ਡਮਫ਼੍ਰੀਜ਼ ਨੇ ਕੀਤਾ। ਇਸ ਤੋਂ ਪਹਿਲਾਂ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ’ਚ ਖੇਡੇ ਗਏ ਮੈਚ ’ਚ ਆਸਟ੍ਰੀਆ ਨੇ ਨਾਰਥ ਮੈਸੇਡੋਨੀਆ ’ਤੇ 3-1 ਨਾਲ ਜਿੱਤ ਹਾਸਲ ਕੀਤੀ।
ਨੀਦਰਲੈਂਡ ਹੁਣ 17 ਜੂਨ ਨੂੰ ਐਮਸਟਡਰਮ ’ਚ ਆਸਟ੍ਰੀਆ ਨਾਲ ਭਿੜੇਗਾ ਜਦਕਿ ਯੂਕ੍ਰੇਨ ਦੀ ਟੀਮ ਇਸੇ ਦਿਨ ਬੁਖਾਰੇਸਟ ’ਚ ਨਾਰਥ ਮੈਸੇਡੋਨੀਆ ਦੇ ਖ਼ਿਲਾਫ਼ ਖੇਡੇਗੀ। ਜ਼ਿਕਰਯੋਗ ਹੈ ਕਿ ਇਸ ਸਾਲ ਯੂਰੋ 2020 ਟੂਰਨਾਮੈਂਟ 60 ਸਾਲ ਦੇ ਇਤਿਹਾਸ ’ਚ ਪਹਿਲੀ ਵਾਰ ਪੂਰੇ ਮਹਾਦੀਪ ’ਚ ਆਯੋਜਿਤ ਕੀਤਾ ਜਾ ਰਿਹਾ ਹੈ। ਗਿਆਰਾਂ ਸ਼ਹਿਰ ਇਸ ਦੀ ਮੇਜ਼ਬਾਨੀ ਕਰ ਰਹੇ ਹਨ, ਜਿਸ ’ਚ ਲੰਡਨ, ਸੇਂਟ ਪੀਟਰਸਬਰਗ, ਬਾਕੂ, ਮਿਊਨਿਖ, ਰੋਮ, ਐਮਸਟਡਰਮ, ਬੁਖਾਰੇਸਟ, ਬੁਡਾਪੇਸਟ, ਕੋਪੇਨਹੇਗਨ, ਗਲਾਸਗੋ ਤੇ ਸੇਵਿਲੇ ਸ਼ਾਮਲ ਹਨ। ਟੂਰਨਾਮੈਂਟ ਦਾ ਫ਼ਾਈਨਲ 11 ਜੁਲਾਈ ਨੂੰ ਲੰਡਨ ਦੇ ਵੇਮਬਲੀ ਸਟੇਡੀਅਮ ’ਚ ਖੇਡਿਆ ਜਾਵੇਗਾ।