ਰੁਝੇਵੇਂ ਭਰੇ ਟੂਰਨਾਮੈਂਟਸ ਤੋਂ ਬਾਅਦ ਸਵਿਟਜ਼ਰਲੈਂਡ ’ਚ ਟੂਰਨਾਮੈਂਟ ਤੋਂ ਪਿੱਛੇ ਹਟੇ ਨੀਰਜ
Wednesday, Jun 30, 2021 - 11:22 AM (IST)
ਨਵੀਂ ਦਿੱਲੀ— ਭਾਰਤ ਦੇ ਸਟਾਰ ਜੈਵਲਿਨ ਥੋ੍ਰਅਰ ਖਿਡਾਰੀ ਨੀਰਜ ਚੋਪੜਾ ਨੇ ਥਕੇਵੇਂ ਕਾਰਨ ਸਵਿਟਜ਼ਰਲੈਂਡ ’ਚ ਇਕ ਚੋਟੀ ਦੇ ਪੱਧਰ ਦੇ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ। ਚੋਪੜਾ ਨੂੰ ਲਿਊਕਰਨ ’ਚ ਸਪਿਟਜੇਨ ਲੇਈਚਟਾਥਲੇਟਿਕ ਟੂਰਨਾਮੈਂਟ ਖੇਡਣਾ ਸੀ ਜੋ ਵਿਸ਼ਵ ਐਥਲੈਟਿਕਸ ਕਾਂਟੀਨੈਂਟਲ ਟੂਰ ਦਾ ਦੂਜੇ ਦਰਜਾ ਦਾ ਟੂਰਨਾਮੈਂਟ ਹੈ। ਇਸ ’ਚ ਓਲੰਪਿਕ ਸੋਨ ਤਮਗ਼ੇ ਦੇ ਦਾਅਵੇਦਾਰ ਜਰਮਨੀ ਦੇ ਜੋਹਾਨੇਸ ਵੇਟਰ ਸਮੇਤ ਚੋਟੀ ਦੇ ਜੈਵਲਿਨ ਥੋ੍ਰਅਰ ਖਿਡਾਰੀ ਹਿੱਸਾ ਲੈ ਰਹੇ ਹਨ। ਚੋਪੜਾ ਨੇ 10 ਜੂਨ ਦੇ ਬਾਅਦ ਤੋਂ ਪੁਰਤਗਾਲ, ਸਵੀਡਨ ਤੇ ਫ਼ਿਨਲੈਂਡ ’ਚ ਟੂਰਨਾਮੈਂਟ ਖੇਡੇ ਹਨ।
ਕਿਹਾ ਜਾ ਰਿਹਾ ਹੈ ਕਿ ਚੋਪੜਾ ਟੂਰਨਾਮੈਂਟ ਖੇਡਣ ਲਈ ਸਵਿਟਜ਼ਰਲੈਂਡ ਪਹੁੰਚ ਗਏ ਸਨ ਪਰ ਯਾਤਰਾ ਦੇ ਥਕੇਵੇਂ ਕਾਰਨ ਆਰਾਮ ਲਈ ਉਨ੍ਹਾਂ ਨੇ ਨਾਂ ਵਾਪਸ ਲੈ ਲਿਆ ਹੈ। ਹੁਣ ਉਹ ਸਵੀਡਨ ’ਚ 13 ਜੁਲਾਈ ਨੂੰ ਗੇਟਸ਼ੀਲਡ ਡਾਇਮੰਡ ਲੀਗ ’ਚ ਹਿੱਸਾ ਲੈਣਗੇ ਜੋ 23 ਜੁਲਾਈ ਤੋਂ ਸ਼ਰੂ ਹੋ ਰਹੇ ਓਲੰਪਿਕ ਤੋਂ ਪਹਿਲਾਂ ਉਨ੍ਹਾਂ ਦਾ ਸਭ ਤੋਂ ਵੱਡਾ ਟੂਰਨਾਮੈਂਟ ਹੋਵੇਗਾ। ਚੋਪੜਾ ਨੇ ਫਿਨਲੈਂਡ ’ਚ ਕੁਓਰਤਾਨੇ ਖੇਡਾਂ ’ਚ 86.79 ਮੀਟਰ ਦੇ ਨਾਲ ਕਾਂਸੀ ਤਮਗ਼ਾ ਜਿੱਤਿਆ ਸੀ। ਚੋਪੜਾ ਦੇ ਨਾਲ ਬਾਇਓ ਮੈਕੇਨਿਕਸਦ ਮਾਹਰ ਡਾਕਟਰ ਕਲਾਸ ਬਾਰਤੋਨਿਏਜ ਤੇ ਫ਼ਿਜ਼ੀਓ ਇਸਾਨ ਮਾਰਵਾਹਾ ਵੀ ਹਨ।