ਮੁੰਬਈ ਨੇ ਮੱਧ ਪ੍ਰਦੇਸ਼ ਨੂੰ ਹਰਾ ਕੇ ਜਿੱਤੀ ਸਈਅਦ ਮੁਸ਼ਤਾਕ ਅਲੀ ਟਰਾਫੀ
Monday, Dec 16, 2024 - 11:36 AM (IST)

ਬੈਂਗਲੁਰੂ, (ਭਾਸ਼ਾ)-ਮੁੰਬਈ ਨੇ ਬੱਲੇਬਾਜ਼ਾਂ ਦੇ ਇਕਜੁੱਟ ਪ੍ਰਦਰਸ਼ਨ ਦੀ ਬਦੌਲਤ ਐਤਵਾਰ ਨੂੰ ਇੱਥੇ ਮੱਧ ਪ੍ਰਦੇਸ਼ ਨੂੰ 5 ਵਿਕਟਾਂ ਨਾਲ ਹਰਾ ਕੇ ਸਈਅਦ ਮੁਸ਼ਤਾਕ ਅਲੀ ਟਰਾਫੀ ਜਿੱਤ ਲਈ। ਮੁੰਬਈ ਨੇ ਸ਼ੁਰੂਆਤੀ ਝਟਕਿਆਂ ਤੋਂ ਉੱਭਰਦੇ ਹੋਏ 175 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 17.5 ਓਵਰਾਂ ਵਿਚ 5 ਵਿਕਟਾਂ ’ਤੇ 180 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।
ਮੱਧ ਪ੍ਰਦੇਸ਼ ਨੇ ਥੋੜ੍ਹੀ ਮੁਸ਼ਕਿਲ ਪਿੱਚ ’ਤੇ ਕਪਤਾਨ ਰਜਤ ਪਾਟੀਦਾਰ ਦੀ ਅਜੇਤੂ 81 ਦੌੜਾਂ ਦੀ ਪਾਰੀ ਦੀ ਬਦੌਲਤ 20 ਓਵਰਾਂ ਵਿਚ 8 ਵਿਕਟਾਂ ’ਤੇ 174 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਮੁੰਬਈ ਨੇ 2022 ਵਿਚ ਪਹਿਲੀ ਵਾਰ ਸਈਅਦ ਮੁਸ਼ਤਾਕ ਅਲੀ ਟਰਾਫੀ ਜਿੱਤੀ ਸੀ ਤੇ ਇਹ ਉਸਦਾ ਦੂਜਾ ਖਿਤਾਬ ਹੈ। ਉੱਥੇ ਹੀ ਮੱਧ ਪ੍ਰਦੇਸ਼ ਦਾ ਪਹਿਲੀ ਟਰਾਫੀ ਦਾ ਇੰਤਜ਼ਾਰ ਇਕ ਹੋਰ ਸੈਸ਼ਨ ਲਈ ਵੱਧ ਗਿਆ।
ਸੂਰਯਕੁਮਾਰ ਯਾਦਵ (48 ਦੌੜਾਂ, 35 ਗੇਂਦਾਂ ਵਿਚ 4 ਚੌਕੇ ਤੇ 3 ਛੱਕੇ) ਨੇ ਆਪਣੀ ਦੌੜਾਂ ਬਣਾਉਣ ਦੀ ਰਫਤਾਰ ਤੇਜ਼ ਕਰਦੇ ਹੋਏ ਅਜਿੰਕਯ ਰਹਾਨੇ (37 ਦੌੜਾਂ, 30 ਗੇਂਦਾਂ ’ਚ 4 ਚੌਕੇ) ਦੇ ਨਾਲ ਤੀਜੀ ਵਿਕਟ ਲਈ 52 ਦੌੜਾਂ ਜੋੜੀਆਂ। ਇਸ ਨਾਲ ਮੁੰਬਈ ਨੂੰ ਪ੍ਰਿਥਵੀ ਸ਼ਾਹ ਤੇ ਕਪਤਾਨ ਸ਼੍ਰੇਅਸ ਦੇ ਜਲਦੀ ਆਊਟ ਹੋਣ ਤੋਂ ਉੱਭਰਨ ਵਿਚ ਮਦਦ ਮਿਲੀ।
ਜਦੋਂ ਅਜਿਹਾ ਲੱਗ ਰਿਹਾ ਸੀ ਕਿ ਦੋਵੇਂ ਤਜਰਬੇਕਾਰ ਬੱਲੇਬਾਜ਼ ਸੂਰਯਕੁਮਾਰ ਤੇ ਰਹਾਨੇ ਮੁੰਬਈ ਨੂੰ ਜਿੱਤ ਦਿਵਾ ਦੇਣਗੇ ਤਦ ਵੈਂਕਟੇਸ਼ ਅਈਅਰ ਦੀ ਗੇਂਦ ’ਤੇ ਰਹਾਨੇ ਡੀਪ ਵਿਚ ਰਾਹੁਲ ਬਾਥਮ ਦੇ ਹੱਥੋਂ ਕੈਚ ਆਊਟ ਹੋ ਕੇ ਪੈਵੇਲੀਅਨ ਪਰਤ ਗਿਆ। ਸੂਰਯਕੁਮਾਰ ਨੇ ਵੀ ਜਲਦ ਹੀ ਆਫ ਸਪਿਨਰ ਸ਼ਿਵਮ ਸ਼ੁਕਲਾ ਦੀ ਗੇਂਦ ’ਤੇ ਸ਼ਾਟ ਫਾਈਨ ਲੈੱਗ ’ਤੇ ਆਵੇਸ਼ ਖਾਨ ਨੂੰ ਕੈਚ ਦੇ ਦਿੱਤਾ।
ਮੁੰਬਈ ਨੇ 14.4 ਓਵਰਾਂ ਵਿਚ 5 ਵਿਕਟਾਂ ’ਤੇ 129 ਦੌੜਾਂ ਬਣਾ ਲਈਆਂ ਸਨ ਤੇ ਉਸ ਨੂੰ ਜਿੱਤ ਲਈ 46 ਦੌੜਾਂ ਦੀ ਲੋੜ ਸੀ ਪਰ ਸੂਰਯਾਂਸ਼ ਸ਼ੇਜ (ਅਜੇਤੂ 36) ਤੇ ਅਰਥਵ ਅੰਕੋਲੇਕਰ (ਅਜੇਤੂ 16) ਨੇ ਤਿੰਨ ਓਵਰਾਂ ਵਿਚ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਬਾਕੀ ਦੌੜਾਂ ਬਣਾ ਲਈਆਂ।