ਸੰਜੂ ਸੈਮਸਨ ਦੀ ਫਾਰਮ ਨੂੰ ਲੈ ਕੇ ਮੋਰਨੇ ਮੋਰਕਲ ਦਾ ਵੱਡਾ ਬਿਆਨ
Wednesday, Jan 28, 2026 - 05:16 PM (IST)
ਵਿਸ਼ਾਖਾਪਟਨਮ : ਨਿਊਜ਼ੀਲੈਂਡ ਵਿਰੁੱਧ ਚੌਥੇ ਟੀ-20 ਮੁਕਾਬਲੇ ਤੋਂ ਪਹਿਲਿਾਂ ਭਾਰਤੀ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਨੇ ਸਲਾਮੀ ਬੱਲੇਬਾਜ਼ ਸੰਜੂ ਸੈਮਸਨ ਦਾ ਪੂਰਾ ਸਮਰਥਨ ਕੀਤਾ ਹੈ। ਮੋਰਕਲ ਨੇ ਵਿਸ਼ਵਾਸ ਜਤਾਇਆ ਹੈ ਕਿ ਸੈਮਸਨ ਆਪਣੀ ਫਾਰਮ ਅਤੇ ਗੁਆਚਿਆ ਹੋਇਆ ਆਤਮ-ਵਿਸ਼ਵਾਸ ਹਾਸਲ ਕਰਨ ਤੋਂ ਸਿਰਫ਼ ਇੱਕ ਚੰਗੀ ਪਾਰੀ ਦੂਰ ਹਨ। ਹੁਣ ਤੱਕ ਖੇਡੇ ਗਏ ਤਿੰਨ ਮੈਚਾਂ ਵਿੱਚ ਸੈਮਸਨ ਸਿਰਫ਼ 16 ਦੌੜਾਂ ਹੀ ਬਣਾ ਸਕੇ ਹਨ, ਜਦੋਂ ਕਿ ਅਭਿਸ਼ੇਕ ਸ਼ਰਮਾ ਅਤੇ ਸੂਰਿਆਕੁਮਾਰ ਯਾਦਵ ਵਰਗੇ ਬੱਲੇਬਾਜ਼ ਸ਼ਾਨਦਾਰ ਲੈਅ ਵਿੱਚ ਹਨ। ਮੋਰਕਲ ਅਨੁਸਾਰ, ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਇਹ ਜ਼ਰੂਰੀ ਹੈ ਕਿ ਖਿਡਾਰੀ ਸਹੀ ਸਮੇਂ 'ਤੇ ਆਪਣੀ ਫਾਰਮ ਵਿੱਚ ਵਾਪਸੀ ਕਰਨ।
ਸੈਮਸਨ ਨੇ ਵਿਜ਼ਾਗ ਵਿੱਚ ਅਭਿਆਸ ਸੈਸ਼ਨ ਦੌਰਾਨ 30 ਮਿੰਟ ਤੋਂ ਵੱਧ ਸਮਾਂ ਨੈੱਟਸ 'ਤੇ ਬਿਤਾਇਆ, ਜਿੱਥੇ ਉਨ੍ਹਾਂ ਨੇ ਅਕਸ਼ਰ ਪਟੇਲ ਅਤੇ ਵਰੁਣ ਚੱਕਰਵਰਤੀ ਵਰਗੇ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ। ਸ਼ੁਰੂਆਤੀ ਸੰਘਰਸ਼ ਤੋਂ ਬਾਅਦ ਉਹ ਆਪਣੇ ਪੁਰਾਣੇ ਅੰਦਾਜ਼ ਵਿੱਚ ਨਜ਼ਰ ਆਏ ਅਤੇ ਸਟੇਡੀਅਮ ਦੇ ਚਾਰੇ ਪਾਸੇ ਵੱਡੇ ਸ਼ਾਟ ਲਗਾਏ। ਅਭਿਆਸ ਤੋਂ ਬਾਅਦ ਉਨ੍ਹਾਂ ਨੇ ਮੁੱਖ ਕੋਚ ਗੌਤਮ ਗੰਭੀਰ ਅਤੇ ਬੱਲੇਬਾਜ਼ੀ ਕੋਚ ਸਿਤਾਂਸ਼ੂ ਕੋਟਕ ਨਾਲ ਕਾਫ਼ੀ ਦੇਰ ਤੱਕ ਗੱਲਬਾਤ ਕੀਤੀ। ਮੋਰਕਲ ਨੇ ਸਪੱਸ਼ਟ ਕੀਤਾ ਕਿ ਟੀਮ ਮੈਨੇਜਮੈਂਟ ਸੈਮਸਨ ਦੀ ਫਾਰਮ ਨੂੰ ਲੈ ਕੇ ਬਹੁਤ ਚਿੰਤਤ ਨਹੀਂ ਹੈ, ਕਿਉਂਕਿ ਮੁੱਖ ਗੱਲ ਇਹ ਹੈ ਕਿ ਭਾਰਤੀ ਟੀਮ ਸੀਰੀਜ਼ ਵਿੱਚ 3-0 ਨਾਲ ਅੱਗੇ ਹੈ ਅਤੇ ਲਗਾਤਾਰ ਜਿੱਤ ਰਹੀ ਹੈ।
