ਮੋਂਟੀ ਪਨੇਸਰ ਦੀ ਭਵਿੱਖਬਾਣੀ- ਭਾਰਤੀ ਟੀਮ ਇੰਗਲੈਂਡ ਦੌਰੇ ’ਤੇ ਮੇਜ਼ਬਾਨ ਟੀਮ ਨੂੰ ਕਰ ਸਕਦੀ ਹੈ ਕਲੀਨ ਸਵੀਪ

Sunday, May 23, 2021 - 11:40 AM (IST)

ਸਪੋਰਟਸ ਡੈਸਕ- ਇੰਗਲੈਂਡ ਦੇ ਸਾਬਕਾ ਖੱਬੇ ਹੱਥ ਦੇ ਸਪਿਨ ਗੇਂਦਬਾਜ਼ ਮੋਂਟੀ ਪਨੇਸਰ ਦਾ ਮੰਨਣਾ ਹੈ ਕਿ ਜੇ ਅਗਸਤ ਮਹੀਨੇ ਵਿਕਟਾਂ ਤੋਂ ਸਪਿਨ ਗੇਂਦਬਾਜ਼ਾਂ ਨੂੰ ਮਦਦ ਮਿਲਦੀ ਹੈ ਤਾਂ ਭਾਰਤ ਇਸ ਸੀਰੀਜ਼ ਵਿਚ ਇੰਗਲੈਂਡ ਦਾ 5-0 ਨਾਲ ਸਫ਼ਾਇਆ ਕਰ ਸਕਦਾ ਹੈ। ਪਨੇਸਰ ਦਾ ਮੰਨਣਾ ਹੈ ਕਿ ਇੰਗਲਿਸ਼ ਬੱਲੇਬਾਜ਼ ਹੁਣ ਵੀ ਸਪਿਨ ਗੇਂਦਬਾਜ਼ੀ ਅੱਗੇ ਪਰੇਸ਼ਾਨੀ ਮਹਿਸੂਸ ਕਰਦੇ ਹਨ ਇਸ ਕਾਰਨ ਉਨ੍ਹਾਂ ਦੀ ਇਹ ਕਮੀ ਮੁੜ ਸਾਹਮਣੇ ਆਵੇਗੀ। 
ਇਹ ਵੀ ਪਡ਼੍ਹੋ : ਪਹਿਲਵਾਨ ਸਾਗਰ ਧਨਖੜ ਕਤਲ ਕਾਂਡ : ਮੁਲਜ਼ਮ ਸੁਸ਼ੀਲ ਕੁਮਾਰ ਨੂੰ ਦਿੱਲੀ ਪੁਲਸ ਨੇ ਕੀਤਾ ਗਿ੍ਰਫ਼ਤਾਰ

ਪਨੇਸਰ ਨੇ ਟਵਿੱਟਰ 'ਤੇ ਲਿਖਿਆ ਕਿ ਅਗਸਤ ਵਿਚ ਜੇ ਵਿਕਟ ਸਪਿਨ ਗੇਂਦਬਾਜ਼ਾਂ ਦੀ ਮਦਦ ਕਰਦੀ ਹੈ ਤਾਂ ਭਾਰਤ ਕੋਲ 5-0 ਨਾਲ ਸੀਰੀਜ਼ ਜਿੱਤਣ ਦਾ ਮੌਕਾ ਹੋਵੇਗਾ। ਉਨ੍ਹਾਂ ਕਿਹਾ ਕਿ ਮੈਂ ਨਿਊਜ਼ੀਲੈਂਡ ਖ਼ਿਲਾਫ਼ ਅਗਲੀ ਦੋ ਮੈਚਾਂ ਦੀ ਟੈਸਟ ਸੀਰੀਜ਼ ਵਿਚ ਹਰੀ ਪਿੱਚ ਦੀ ਉਮੀਦ ਕਰਦਾ ਹਾਂ ਜਿਸ ਨਾਲ ਸਾਨੂੰ ਇੰਗਲਿਸ਼ ਕ੍ਰਿਕਟ ਦੀ ਗਹਿਰਾਈ ਦਾ ਪਤਾ ਲੱਗ ਸਕਦਾ ਹੈ। ਅਗਸਤ ਵਿਚ ਪਿੱਚ ਦੇ ਸੁੱਕੇ ਹੋਣ ਦੀ ਉਮੀਦ ਹੈ ਤੇ ਜੇ ਅਜਿਹਾ ਹੁੰਦਾ ਹੈ ਤਾਂ ਇਹ ਭਾਰਤ ਦੇ ਪੱਖ ਵਿਚ ਹੋਵੇਗਾ। ਪਨੇਸਰ ਨੇ ਅੱਗੇ ਦੱਸਿਆ ਕਿ ਅਗਸਤ ਮਹੀਨੇ ਵਿਚ ਇੰਗਲੈਂਡ ਦਾ ਮੌਸਮ ਗਰਮ ਹੋਣ ਵਾਲਾ ਹੈ ਜਿਸ ਨਾਲ ਉਥੇ ਸਪਿਨ ਗੇਂਦਬਾਜ਼ ਕਾਫੀ ਅਸਰਦਾਰ ਸਾਬਤ ਹੋਣ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਅਗਸਤ ਵਿਚ ਪੰਜ ਟੈਸਟ ਮੈਚ ਹੋਣੇ ਹਨ ਤੇ ਉਥੇ ਦਾ ਮੌਸਮ ਗਰਮ ਰਹਿਣ ਦੀ ਸੰਭਾਵਨਾ ਹੈ। ਭਾਰਤੀ ਸਪਿਨਰ ਮੈਚ ਵਿਚ ਆਉਣਗੇ ਤੇ ਭਾਰਤ ਇਸ ਵਿਚ ਇੰਗਲੈਂਡ ਦਾ ਸਫ਼ਾਇਆ ਕਰ ਸਕਦਾ ਹੈ। 
ਇਹ ਵੀ ਪਡ਼੍ਹੋ : ਕੋਰੋਨਾ ਤੋਂ ਠੀਕ ਹੋਏ ਪ੍ਰਸਿੱਧ ਕ੍ਰਿਸ਼ਨਾ, ਛੇਤੀ ਜੁੜਨਗੇ ਟੀਮ ਨਾਲ

ਪਨੇਸਰ ਨੇ ਨਾਲ ਹੀ ਕਿਹਾ ਕਿ ਇੰਗਲੈਂਡ ਦੀ ਬੱਲੇਬਾਜ਼ੀ ਕਮਜ਼ੋਰ ਹੈ ਤੇ ਇਸ ਕਾਰਨ ਉਹ ਕਪਤਾਨ ਜੋ ਰੂਟ 'ਤੇ ਨਿਰਭਰ ਹੋਵੇਗੀ। ਜੇ ਰੂਟ ਵੱਡੇ ਸਕੋਰ ਬਣਾਉਂਦੇ ਹਨ ਤਾਂ ਇੰਗਲੈਂਡ ਜਿੱਤੇਗਾ ਪਰ ਕੀ ਤੁਸੀਂ ਇਹ ਉਮੀਦ ਕਰਦੇ ਹੋ ਕਿ ਰੂਟ ਹੀ ਸਾਰੀਆਂ ਦੌੜਾਂ ਬਣਾਉਣਗੇ। ਜ਼ਿਕਰਯੋਗ ਹੈ ਕਿ ਟੀਮ ਇੰਡੀਆ ਦੇ ਸਾਰੇ ਖਿਡਾਰੀ ਇਸ ਸਮੇਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਤੇ ਇੰਗਲੈਂਡ ਦੇ ਨਾਲ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡਣ ਲਈ ਮੁੰਬਈ ਵਿਚ ਕੁਆਰੰਟਾਈਨ ਵਿਚ ਹਨ ਜਿੱਥੋਂ ਉਹ ਇੰਗਲੈਂਡ ਲਈ ਰਵਾਨਾ ਹੋਣਗੇ ਤੇ 18 ਜੂਨ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਖੇਡਣਗੇ ਜਦਕਿ ਇੰਗਲੈਂਡ ਖ਼ਿਲਾਫ਼ ਸੀਰੀਜ਼ ਦੀ ਸ਼ੁਰੂਆਤ ਚਾਰ ਅਗਸਤ ਤੋਂ ਹੋਵੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News