ਮੋਨਾਂਕ ਪਟੇਲ ਨੂੰ ਮਿਲੀ ਅਮਰੀਕੀ ਵਨ ਡੇ ਟੀਮ ਦੀ ਕਪਤਾਨੀ
Sunday, Dec 12, 2021 - 02:37 PM (IST)
ਸਪੋਰਟਸ ਡੈਸਕ– ਭਾਰਤੀ ਮੂਲ ਦੇ ਅਮਰੀਕੀ ਕ੍ਰਿਕਟਰ ਮੋਨਾਂਕ ਪਟੇਲ ਨੂੰ ਅਮਰੀਕਾ ਦੀ ਵਨ ਡੇ ਕ੍ਰਿਕਟ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਮੋਨਾਂਕ ਸੌਰਭ ਨੇਤਰਵਲਕਰ ਦੀ ਜਗ੍ਹਾ ’ਤੇ ਇਹ ਜ਼ਿੰਮੇਵਾਰੀ ਸੰਭਾਲੇਗਾ। ਸੌਰਭ ਨੇ ਦੋ ਮਹੀਨੇ ਪਹਿਲਾਂ ਟੀ-20 ਕਪਤਾਨੀ ਵੀ ਛੱਡ ਦਿੱਤੀ ਸੀ ਤੇ ਤਦ ਵੀ ਉਸਦੀ ਜਗ੍ਹਾ ’ਤੇ ਮੋਨਾਂਕ ਨੂੰ ਟੀ-20 ਕਪਤਾਨੀ ਸੌਂਪੀ ਗਈ ਸੀ।
ਅਮਰੀਕੀ ਕ੍ਰਿਕਟ ਵਲੋਂ ਇਕ ਪ੍ਰੈੱਸ ਬਿਆਨ ਰਾਹੀਂ ਇਹ ਐਲਾਨ ਕੀਤਾ, ਹਾਲਾਂਕਿ ਇਸ ਵਿਚ ਇਹ ਨਹੀਂ ਦੱਸਿਆ ਗਿਆ ਹੈ ਕਿ ਕੀ ਸੌਰਭ ਖ਼ੁਦ ਅਹੁਦਾ ਛੱਡ ਰਿਹਾ ਹੈ, ਜਿਵੇਂ ਕਿ ਉਸਦੇ ਅਕਤੂਬਰ ਵਿਚ ਟੀ-20 ਕਪਤਾਨੀ ਛੱਡਣ ਦੇ ਸਮੇਂ ਹੋਇਆ ਸੀ। ਅਮਰੀਕੀ ਕ੍ਰਿਕਟ ਦੇ ਸੂਤਰਾਂ ਦੇ ਮੁਤਾਬਕ ਵਿਸ਼ਵ ਕੱਪ ਲੀਗ ਦੋ ਵਿਚ ਲੰਬੇ ਸਮੇਂ ਤਕ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਚੋਣਕਾਰ ਪਿਛਲੇ ਕੁਝ ਸਮੇਂ ਤੋਂ ਸੌਰਭ ਦੀ ਜਗ੍ਹਾ ਕਿਸੇ ਹੋਰ ’ਤੇ ਨਜ਼ਰ ਰੱਖ ਰਹੇ ਸਨ, ਇਸ ਲਈ ਇਹ ਅਟਕਲਾਂ ਦਾ ਵਿਸ਼ਾ ਹੈ ਕਿ ਕੀ ਸੌਰਭ ਨੇ ਖ਼ੁਦ ਚੋਣਕਾਰਾਂ ਨੂੰ ਛੋਟੇ ਸਵਰੂਪ ਤੋਂ ਆਪਣੇ ਕਾਰਜਭਾਰ ਤੋਂ ਮੁਕਤ ਹੋਣ ਲਈ ਕਿਹਾ।