MHADA ਗਾਵਸਕਰ ਤੋਂ ਕ੍ਰਿਕਟ ਅਕੈਡਮੀ ਦੀ ਜ਼ਮੀਨ ਲਵੇਗੀ ਵਾਪਸ
Tuesday, Dec 31, 2019 - 11:29 PM (IST)

ਮੁੰਬਈ— ਮਹਾਰਾਸ਼ਟਰ ਹਾਊਸਿੰਗ ਐਂਡ ਏਰੀਆ ਡਿਵੈੱਲਪਮੈਂਟ ਅਥਾਰਟੀ (ਐੱਮ. ਐੱਚ. ਏ. ਡੀ. ਏ.) ਬਾਂਦ੍ਰਾ ਵਿਚ ਸਥਿਤ 21,348 ਵਰਗ ਫੁੱਟ ਦੇ ਪਲਾਟ ਨੂੰ ਵਾਪਸ ਲੈਣ ਦੀ ਤਿਆਰੀ ਕਰ ਰਹੀ ਹੈ। 3 ਦਹਾਕੇ ਪਹਿਲਾਂ ਐੱਮ. ਐੱਚ. ਏ. ਡੀ. ਏ. ਨੇ ਸੁਨੀਲ ਗਾਵਸਕਰ ਕ੍ਰਿਕਟ ਫਾਊਂਡੇਸ਼ਨ ਟਰੱਸਟ (ਐੱਮ. ਜੀ. ਸੀ. ਐੱਫ. ਟੀ.) ਨੂੰ ਇਨਡੋਰ ਕ੍ਰਿਕਟ ਅਕੈਡਮੀ ਬਣਾਉਣ ਲਈ ਇਹ ਪਲਾਟ ਵੰਡਿਆ ਸੀ।
ਐੱਮ. ਐੱਚ. ਏ. ਡੀ. ਏ. ਦੇ ਉਪ ਮੁਖੀ ਤੇ ਮੁੱਖ ਕਾਰਜਕਾਰੀ ਅਧਿਕਾਰੀ ਮਿਲਿੰਦ ਮਹੈਸਕਰ ਨੇ ਦੱਸਿਆ ਕਿ ਅਥਾਰਟੀ ਨੇ ਗਾਵਸਕਰ ਫਾਊਂਡੇਸ਼ਨ ਨਾਲ ਕਰਾਰ ਨੂੰ ਖਤਮ ਕਰਨ ਲਈ ਸਰਕਾਰ ਨਾਲ ਸੰਪਰਕ ਕੀਤਾ ਹੈ। ਉਸ ਨੇ ਕਿਹਾ, ''ਇਹ ਪਲਾਟ 31 ਸਾਲ ਪਹਿਲਾਂ ਦਿੱਤਾ ਗਿਆ ਸੀ ਹਾਲਾਂਕਿ ਅਕੈਡਮੀ ਲਈ ਨਿਰਮਾਣ ਕੰਮ ਸ਼ੁਰੂ ਹੋਣਾ ਅਜੇ ਬਾਕੀ ਹੈ। ਅਸੀਂ ਉਸ ਜ਼ਮੀਨ ਨੂੰ ਫਿਰ ਤੋਂ ਵਾਪਸ ਲੈਣ ਲਈ ਰਾਜ ਸਰਕਾਰ ਨੂੰ ਪ੍ਰਸਤਾਵ ਭੇਜਿਆ ਹੈ। ਕਈ ਵਾਰ ਕਾਲ ਤੇ ਮੈਸੇਜ ਕਰਨ ਦੇ ਬਾਵਜੂਦ ਇਸ ਬਾਰੇ ਵਿਚ ਅਜੇ ਤਕ ਗਾਵਸਕਰ ਨਾਲ ਗੱਲਬਾਤ ਨਹੀਂ ਹੋ ਸਕੀ।''
ਅਧਿਕਾਰਤ ਰਿਕਾਰਡ ਅਨੁਸਾਰ ਐੱਮ. ਐੱਚ. ਏ. ਡੀ. ਏ. ਨੇ ਸੁਨੀਲ ਗਾਵਸਕਰ ਕ੍ਰਿਕਟ ਫਾਊਂਡੇਸ਼ਨ ਟਰੱਸਟ ਨੂੰ ਅਕੈਡਮੀ ਬਣਾਉਣ ਲਈ ਬਾਂਦ੍ਰਾ ਰਿਕਲੇਮੇਸ਼ਨ ਦੇ ਤਹਿਤ ਰੰਗਸ਼ਾਰਦਾ ਸਭਾਗਾਰ ਦੇ ਕੋਲ ਸਥਿਤ ਇਕ ਪਲਾਟ ਨੂੰ ਪਟੇ 'ਤੇ ਦਿੱਤਾ ਸੀ। ਰਿਲੀਜ਼ ਦੀਆਂ ਸ਼ਰਤਾਂ ਨੂੰ 1999, 2003 ਤੇ 2007 ਵਿਚ ਸੋਧ ਕੀਤਾ ਗਿਆ ਸੀ ਪਰ ਨਿਰਮਾਣ ਲਈ ਅਜੇ ਤਕ ਨੀਂਹ ਨਹੀਂ ਰੱਖੀ ਗਈ।