ਓਲੰਪਿਕ ਤੋਂ ਪਹਿਲਾਂ ਮਾਨਸਿਕ ਅਨੂਕੂਲਨ ਕੈਂਪ ਦਬਾਅ ਦਾ ਸਾਹਮਣਾ ਕਰਨ ''ਚ ਮਦਦ ਕਰੇਗਾ : ਅਭਿਸ਼ੇਕ
Monday, Jul 15, 2024 - 03:36 PM (IST)
ਨਵੀਂ ਦਿੱਲੀ, (ਭਾਸ਼ਾ) ਭਾਰਤੀ ਪੁਰਸ਼ ਹਾਕੀ ਟੀਮ ਦੇ ਫਾਰਵਰਡ ਅਭਿਸ਼ੇਕ ਦਾ ਮੰਨਣਾ ਹੈ ਕਿ ਪੈਰਿਸ ਓਲੰਪਿਕ ਤੋਂ ਪਹਿਲਾਂ ਸਵਿਟਜ਼ਰਲੈਂਡ ਦੇ ਮਾਈਕ ਹਾਰਨਸ ਬੇਸ 'ਤੇ ਆਯੋਜਿਤ ਮਾਨਸਿਕ ਅਨੂਕੂਲਨ ਕੈਂਪ ਇਸ 'ਚ ਮਦਦ ਕਰੇਗਾ ਕਿ ਟੀਮ ਦਬਾਅ ਦੀਆਂ ਸਥਿਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਭਾਰਤੀ ਟੀਮ ਨੇ ਹਾਰਨਜ਼ ਬੇਸ 'ਤੇ ਤਿੰਨ ਦਿਨਾਂ ਮਾਨਸਿਕ ਅਨੂਕੂਲਨ ਕੈਂਪ ਪੂਰਾ ਕੀਤਾ ਅਤੇ ਹੁਣ ਉਹ ਨੀਦਰਲੈਂਡ 'ਚ ਕੁਝ ਅਭਿਆਸ ਮੈਚ ਖੇਡਣ ਤੋਂ ਬਾਅਦ ਪੈਰਿਸ ਦੀ ਯਾਤਰਾ ਕਰੇਗੀ।
ਟੋਕੀਓ ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਪੈਰਿਸ 'ਚ ਭਾਰਤੀ ਟੀਮ ਤੋਂ ਕਾਫੀ ਉਮੀਦਾਂ ਹੋਣਗੀਆਂ। ਭਾਰਤ ਨੇ 27 ਜੁਲਾਈ ਨੂੰ ਪੈਰਿਸ ਓਲੰਪਿਕ ਦਾ ਪਹਿਲਾ ਮੈਚ ਨਿਊਜ਼ੀਲੈਂਡ ਨਾਲ ਖੇਡਣਾ ਹੈ। ਅਭਿਸ਼ੇਕ ਨੇ ਹਾਕੀ ਇੰਡੀਆ ਵੱਲੋਂ ਜਾਰੀ ਇਕ ਬਿਆਨ 'ਚ ਕਿਹਾ, ''ਖੇਡ ਦੇ ਸਰੀਰਕ ਪਹਿਲੂ 'ਤੇ ਕਈ ਮਹੀਨਿਆਂ ਤੋਂ ਧਿਆਨ ਕੇਂਦਰਿਤ ਕਰਨ ਤੋਂ ਬਾਅਦ ਹੁਣ ਮਾਨਸਿਕ ਪਹਿਲੂ ਲਈ ਇਹ ਕੈਂਪ ਲਗਾਇਆ ਗਿਆ ਹੈ। ਟੀਮ ਨੇ ਆਪਸੀ ਤਾਲਮੇਲ 'ਤੇ ਕਾਫੀ ਕੰਮ ਕੀਤਾ ਹੈ।'' ਪਹਿਲੀ ਵਾਰ ਓਲੰਪਿਕ ਖੇਡਣ ਜਾ ਰਹੇ ਅਭਿਸ਼ੇਕ ਨੇ ਕਿਹਾ, ''ਮੈਂ 14 ਸਾਲ ਦੀ ਉਮਰ ਤੋਂ ਹੀ ਓਲੰਪਿਕ ਖੇਡਣ ਦਾ ਸੁਪਨਾ ਦੇਖ ਰਿਹਾ ਸੀ। ਵੱਡੇ ਟੂਰਨਾਮੈਂਟਾਂ ਦਾ ਕੋਈ ਦਬਾਅ ਨਹੀਂ ਹੈ। ਮੈਂ ਆਪਣੀ ਕੁਦਰਤੀ ਖੇਡ ਦਿਖਾਵਾਂਗਾ।''