ਮਹਿਲਾ ਟੈਸਟ ਨੂੰ ਉਤਸ਼ਾਹਤ ਕਰਨ ''ਚ ਅਹਿਮ ਭੂਮਿਕਾ ਨਿਭਾਵੇ ਭਾਰਤ : ਲੈਨਿੰਗ
Tuesday, Apr 09, 2019 - 04:16 PM (IST)

ਸਿਡਨੀ— ਆਸਟਰੇਲੀਆਈ ਮਹਿਲਾ ਟੀਮ ਦੀ ਕਪਤਾਨ ਮੇਗ ਲੈਨਿੰਗ ਦਾ ਮੰਨਣਾ ਹੈ ਕਿ ਮਹਿਲਾ ਟੈਸਟ ਮੈਚਾਂ ਨੂੰ ਆਸਟਰੇਲੀਆ-ਇੰਗਲੈਂਡ ਦੀ ਮੁਕਾਬਲੇਬਾਜ਼ੀ ਤੋਂ ਅੱਗੇ ਲੈ ਜਾਣ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਨੂੰ ਲਗਦਾ ਹੈ ਕਿ ਭਾਰਤ ਨੂੰ ਇਸ ਫਾਰਮੈਟ ਨੂੰ ਉਤਸ਼ਾਹਤ ਕਰਨ 'ਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਆਸਟਰੇਲੀਆ ਦੀ ਮਹਿਲਾ ਟੀਮ ਇਸ ਸਾਲ ਦੇ ਅੰਤ 'ਚ ਇੰਗਲੈਂਡ ਦੌਰੇ 'ਤੇ ਜਾਵੇਗੀ ਜਿੱਥੇ ਉਹ ਇਕ ਟੈਸਟ, ਤਿੰਨ ਵਨ ਡੇ ਅਤੇ ਤਿੰਨ ਟੀ-20 ਕੌਮਾਂਤਰੀ ਮੈਚ ਖੇਡੇਗੀ।
ਆਸਟਰੇਲੀਆ ਅਤੇ ਇੰਗਲੈਂਡ ਤੋਂ ਇਲਾਵਾ ਭਾਰਤ ਅਤੇ ਦੱਖਣੀ ਅਫਰੀਕਾ ਕ੍ਰਿਕਟ ਖੇਡਣ ਵਾਲੇ ਦੋ ਹੋਰ ਦੇਸ਼ ਹਨ ਜਿਨ੍ਹਾਂ ਨੇ ਪਿਛਲੇ ਇਕ ਦਹਾਕੇ 'ਚ ਮਹਿਲਾ ਟੈਸਟ ਮੈਚ ਖੇਡੇ ਹਨ। ਲੈਨਿੰਗ ਨੇ ਪੱਤਰਕਾਰਾਂ ਨੂੰ ਕਿਹਾ, ''ਸਾਨੂੰ ਜ਼ਿਆਦਾ ਟੈਸਟ ਮੈਚ ਖੇਡਣਾ ਪਸੰਦ ਹੈ। ਬਦਕਿਸਮਤੀ ਨਾਲ ਅਜੇ ਸਿਰਫ ਆਸਟਰੇਲੀਆ ਅਤੇ ਇੰਗਲੈਂਡ ਹੀ ਇਸ 'ਚ ਦਿਲਚਸਪੀ ਦਿਖਾ ਰਹੇ ਹਨ ਅਤੇ ਅਸੀਂ ਵੀ ਇਕ ਦੂਜੇ ਨਾਲ ਦੋ ਸਾਲ 'ਚ ਇਕ ਵਾਰ ਖੇਡਦੇ ਹਾਂ। ਇਹ ਸ਼ਾਇਦ ਇਕ ਸਮੱਸਿਆ ਹੈ।'' ਉਨ੍ਹਾਂ ਕਿਹਾ, ''ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਜ਼ਿਆਦਾ ਦੇਸ਼ ਇਸ 'ਚ ਦਿਲਚਸਪੀ ਦਿਖਾਉਣਗੇ। ਮੈਨੂੰ ਲਗਦਾ ਹੈ ਕਿ ਭਾਰਤ ਦਾ ਟੈਸਟ ਮੈਚਾਂ 'ਚ ਖੇਡਣਾ ਬਹੁਤ ਚੰਗਾ ਸਾਬਤ ਹੋਵੇਗਾ।''