IPL ''ਚੋਂ ਬਾਹਰ ਹੋਏ ਮਾਰਸ਼, ਇਸ ਖਿਡਾਰੀ ਨੂੰ ਮਿਲੇਗੀ ਟੀਮ ''ਚ ਜਗ੍ਹਾ

Wednesday, Sep 23, 2020 - 08:20 PM (IST)

ਦੁਬਈ– ਆਸਟਰੇਲੀਆ ਤੇ ਸਨਰਾਈਜ਼ਰਜ਼ ਹੈਦਰਾਬਾਦ ਦਾ ਆਲਰਾਊਂਡਰ ਮਿਸ਼ੇਲ ਮਾਰਸ਼ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਵਿਰੁੱਧ ਟੀਮ ਦੇ ਪਹਿਲੇ ਮੈਚ ਵਿਚ ਗਿੱਟੇ ਵਿਚ ਸੱਟ ਲੱਗਣ ਕਾਰਣ ਬੁੱਧਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਬਾਕੀ ਟੂਰਨਾਮੈਂਟ ਵਿਚੋਂ ਬਾਹਰ ਹੋ ਗਿਆ ਹੈ। ਮਾਰਸ਼ ਦੇ ਬਦਲ ਦੇ ਤੌਰ 'ਤੇ ਵੈਸਟਇੰਡੀਜ਼ ਦੇ ਕਪਤਾਨ ਜੈਸਨ ਹੋਲਡਰ ਨੂੰ ਚੁਣਿਆ ਗਿਆ ਹੈ ਤੇ ਉਸਦੇ ਜਲਦ ਹੀ ਯੂ. ਏ. ਈ. ਵਿਚ ਸਨਰਾਈਜ਼ਰਜ਼ ਦੀ ਟੀਮ ਨਾਲ ਜੁੜਨ ਦੀ ਉਮੀਦ ਹੈ।
ਮਾਰਸ਼ ਸੋਮਵਾਰ ਨੂੰ ਸਨਰਾਈਜ਼ਰਜ਼ ਦੇ ਪਹਿਲੇ ਮੈਚ ਵਿਚ ਆਰ. ਸੀ. ਬੀ. ਦੀ ਪਾਰੀ ਦਾ 5ਵਾਂ ਓਵਰ ਸੁੱਟਣ ਆਇਆ ਸੀ। ਇਹ 28 ਸਾਲ ਦਾ ਗੇਂਦਬਾਜ਼ ਹਾਲਾਂਕਿ ਚਾਰ ਹੀ ਗੇਂਦਾਂ ਸੁੱਟ ਸਕਿਆ ਕਿਉਂਕਿ ਆਪਣੀ ਦੂਜੀ ਗੇਂਦ 'ਤੇ ਆਰੋਨ ਿਫੰਚ ਦੀ ਡਰਾਈਵ ਰੋਕਣ ਦੌਰਾਨ ਉਸਦਾ ਗਿੱਟ ਮੁੜ ਗਿਆ। ਉਹ ਇਸ ਤੋਂ ਬਾਅਦ ਸਿਰਫ ਦੋ ਹੋਰ ਗੇਂਦਾਂ ਸੁੱਟ ਸਕਿਆ ਤੇ ਲੜਖੜਾਉਂਦਾ ਹੋਇਆ ਮੈਦਾਨ ਵਿਚੋਂ ਬਾਹਰ ਚਲਾ ਗਿਆ। ਮਾਰਸ਼ ਬਾਅਦ ਵਿਚ ਟੀਚੇ ਦਾ ਪਿੱਛਾ ਕਰਦੇ ਹੋਏ 10ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਇਆ ਸੀ ਪਰ ਸਾਫ ਦਿਸ ਰਿਹਾ ਸੀ ਕਿ ਉਸ ਨੂੰ ਖੜ੍ਹੇ ਹੋਣ ਵਿਚ ਵੀ ਪ੍ਰੇਸ਼ਾਨੀ ਹੋ ਰਹੀ ਹੈ। ਇਹ ਦੂਜਾ ਮੌਕਾ ਹੈ ਜਦੋਂ ਮਾਰਸ਼ ਸੱਟ ਕਾਰਣ ਆਈ. ਪੀ. ਐੱਲ. ਵਿਚੋਂ ਬਾਹਰ ਹੋ ਗਿਆ ਹੈ। ਉਹ 2017 ਵਿਚ ਮੋਢੇ ਦੀ ਸਮੱਸਿਆ ਦੇ ਕਾਰਣ ਟੂਰਨਾਮੈਂਟ ਵਿਚੋਂ ਬਾਹਰ ਹੋ ਗਿਆ ਸੀ। ਸਨਰਾਈਜ਼ਰਜ਼ ਵਲੋਂ 2014-15 ਸੈਸ਼ਨ ਵਿਚ ਖੇਡਣ ਵਾਲਾ ਹੋਲਡਰ ਪਿਛਲੀ ਵਾਰ 2016 ਵਿਚ ਕੋਲਕਾਤਾ ਨਾਈਟ ਰਾਈਡਰਜ਼ ਵਲੋਂ ਆਈ. ਪੀ. ਐੱਲ. ਵਿਚ ਖੇਡਿਆ ਸੀ। ਉਹ ਹਾਲ ਹੀ ਵਿਚ ਕੈਰੇਬੀਆਈ ਪ੍ਰੀਮੀਅਰ ਲੀਗ ਵਿਚ ਖੇਡਿਆ ਸੀ।


Gurdeep Singh

Content Editor

Related News