ਗੁਜਰਾਤ ਪ੍ਰੀਮੀਅਰ ਲੀਗ ''ਚ ਹਿੱਸਾ ਲੈਣਗੇ ਕਈ ਕੌਮਾਂਤਰੀ ਸਿਤਾਰੇ

Tuesday, Mar 20, 2018 - 04:25 PM (IST)

ਗੁਜਰਾਤ ਪ੍ਰੀਮੀਅਰ ਲੀਗ ''ਚ ਹਿੱਸਾ ਲੈਣਗੇ ਕਈ ਕੌਮਾਂਤਰੀ ਸਿਤਾਰੇ

ਅਹਿਮਦਾਬਾਦ, (ਬਿਊਰੋ)— ਗੁਜਰਾਤ ਲਾਇੰਸ ਦੀ ਟੀਮ ਹੁਣ ਬੇਸ਼ੱਕ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦਾ ਹਿੱਸਾ ਨਹੀਂ ਹੈ ਪਰ ਗੁਜਰਾਤ 'ਚ ਫ੍ਰੈਂਚਾਈਜ਼ੀ ਅਧਾਰਤ ਟਵੰਟੀ-20 ਟੂਰਨਾਮੈਂਟ ਗੁਜਰਾਤ ਪ੍ਰੀਮੀਅਰ ਲੀਗ (ਜੇ.ਪੀ.ਐੱਲ.) ਦਾ ਆਯੋਜਨ 28 ਮਈ ਤੋਂ 10 ਜੂਨ ਤੱਕ ਕੀਤਾ ਜਾਵੇਗਾ ਜਿਸ 'ਚ ਕੌਮਾਂਤਰੀ ਸਿਤਾਰੇ ਹਿੱਸਾ ਲੈਣਗੇ। ਗੁਜਰਾਤ 'ਚ ਕ੍ਰਿਕਟ ਪ੍ਰਤਿਭਾਵਾਂ ਨੂੰ ਅੱਗੇ ਲਿਆਉਣ ਅਤੇ ਉਨ੍ਹਾਂ ਨੂੰ ਕੌਮੀ ਅਤੇ ਕੌਮਾਂਤਰੀ ਖਿਡਾਰੀਆਂ ਦੇ ਨਾਲ ਖੇਡਣ ਦਾ ਮੌਕਾ ਦੇਣ ਦੇ ਲਈ ਇਸ ਟੂਰਨਾਮੈਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜੇ.ਪੀ.ਐੱਲ. 'ਚ 6 ਟੀਮਾਂ ਹਿੱਸਾ ਲੈਣਗੀਆਂ ਅਤੇ ਟੂਰਨਾਮੈਂਟ 'ਚ ਕੁੱਲ 18 ਮੈਚ ਖੇਡੇ ਜਾਣਗੇ। 

ਟੂਰਨਾਮੈਂਟ ਦੀ ਸ਼ੁਰੂਆਤ ਰੰਗਾਰੰਗ ਉਦਘਾਟਨ ਸਮਾਰੋਹ ਨਾਲ ਹੋਵੇਗੀ। 12 ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ 'ਚ 6 ਸਾਬਕਾ ਭਾਰਤੀ ਖਿਡਾਰੀ, 18 ਕੌਮਾਂਤਰੀ ਅਤੇ ਘਰੇਲੂ ਖਿਡਾਰੀ ਸ਼ਾਮਲ ਹੋਣਗੇ। ਹਰ ਟੀਮ 'ਚ ਇਕ ਸਾਬਕਾ ਭਾਰਤੀ ਕ੍ਰਿਕਟਰ, ਤਿੰਨ ਸਾਬਕਾ ਕੌਮਾਂਤਰੀ ਕ੍ਰਿਕਟਰ, ਤਿੰਨ ਨਵੇਂ ਖਿਡਾਰੀ ਅਤੇ ਘਰੇਲੂ ਖਿਡਾਰੀ ਸ਼ਾਮਲ ਹੋਣਗੇ। ਉਮੀਦ ਜਤਾਈ ਜਾ ਰਹੀ ਹੈ ਕਿ ਇਸ ਟੀ-20 ਟੂਰਨਾਮੈਂਟ 'ਚ ਮੁਹੰਮਦ ਕੈਫ, ਓਵੇਸ ਸ਼ਾਹ, ਹਰਸ਼ਲ ਗਿਬਸ, ਮਖਾਇਆ ਮਹਾਰੂਫ, ਚਾਮਰਾ ਸਿਲਵਾ, ਅਜੰਤਾ ਮੇਂਡਿਸ, ਪਾਲ ਐਡਮਸ, ਜਸਟਿਨ ਕੈਮਪ ਅਤੇ ਰਮੇਸ਼ ਪੋਵਾਰ ਜਿਹੇ ਖਿਡਾਰੀ ਹਿੱਸਾ ਲੈਣਗੇ। ਟੂਰਨਾਮੈਂਟ ਦੇ ਮੈਚ ਸੂਰਤ, ਅਹਿਮਦਾਬਾਦ ਅਤੇ ਰਾਜਕੋਟ 'ਚ ਖੇਡੇ ਜਾਣਗੇ। ਸੂਰਤ ਫਾਈਨਲਸ ਸਮੇਤ 7 ਮੈਚਾਂ ਦੀ ਮੇਜ਼ਬਾਨੀ ਕਰੇਗਾ। ਰਾਜਕੋਟ 'ਚ 6 ਅਤੇ ਅਹਿਮਦਾਬਾਦ 'ਚ 5 ਮੈਚ ਹੋਣਗੇ। ਜੇਤੂ ਨੂੰ 51 ਲੱਖ ਅਤੇ ਉਪ ਜੇਤੂ ਨੂੰ 21 ਲੱਖ ਰੁਪਏ ਮਿਲਣਗੇ। ਹਰ ਹਿੱਸਾ ਲੈਣ ਵਾਲੀ ਟੀਮ ਨੂੰ 2-2 ਲੱਖ ਰੁਪਏ ਦਿੱਤੇ ਜਾਣਗੇ।


Related News