ਭਾਰਤ-ਪਾਕਿ ਮੈਚ ਦੌਰਾਨ ਬਣੇ ਕਈ ਵੱਡੇ ਰਿਕਾਰਡ, ਧਾਕੜ ਕੋਹਲੀ-ਰੋਹਿਤ ਨੇ ਹਾਸਲ ਕੀਤੀਆਂ ਇਹ ਉਪਲੱਬਧੀਆਂ
Monday, Sep 05, 2022 - 04:14 PM (IST)

ਸਪੋਰਟਸ ਡੈਸਕ- ਭਾਰਤ ਤੇ ਪਾਕਿਸਤਾਨ ਦਰਮਿਆਨ ਐਤਵਾਰ ਨੂੰ ਖੇਡਿਆ ਗਿਆ ਸੁਪਰ-4 ਦਾ ਮੁਕਾਬਲਾ ਟੀਮ ਇੰਡੀਆ ਭਾਵੇਂ ਹਾਰ ਗਈ ਹੋਵੇ, ਪਰ ਭਾਰਤੀ ਖਿਡਾਰੀਆਂ ਨੇ ਇਸ ਮੈਚ 'ਚ ਕਈ ਵੱਡੇ ਰਿਕਾਰਡ ਆਪਣੇ ਨਾਂ ਕੀਤੇ। ਆਓ ਇਨ੍ਹਾਂ ਰਿਕਾਰਡਾਂ 'ਤੇ ਪਾਉਂਦੇ ਹਾਂ ਇਕ ਝਾਤ-
ਭਾਰਤ ਦੀਆਂ ਪਾਕਿਸਤਾਨ ਵਿਰੁੱਧ ਪਾਵਰ ਪਲੇਅ 'ਚ ਸਭ ਤੋਂ ਜ਼ਿਆਦਾ ਦੌੜਾਂ
ਪਾਕਿਸਤਾਨ ਦੇ ਖ਼ਿਲਾਫ਼ ਮੈਚ 'ਚ ਭਾਰਤ ਦੀ ਸਲਾਮੀ ਜੋੜੀ ਰੋਹਿਤ ਸ਼ਰਮਾ ਤੇ ਕੇ. ਐੱਲ. ਰਾਹੁਲ ਨੇ ਚੰਗੀ ਸ਼ੁਰੂਆਤ ਕੀਤੀ। ਦੋਵਾਂ ਨੇ ਪਹਿਲੇ ਹੀ ਓਵਰ 'ਚ ਪਾਕਿਸਤਾਨੀ ਗੇਂਦਬਾਜ਼ਾਂ ਦਾ ਕੁੱਟਾਪਾ ਚਾੜ੍ਹਨਾ ਸ਼ੁਰੂ ਕਰ ਦਿੱਤਾ ਤੇ ਚੌਕੇ-ਛੱਕਿਆਂ ਦੀ ਝੜੀ ਲਾ ਦਿੱਤੀ। ਪਾਵਰ ਪਲੇਅ 'ਚ ਰੋਹਿਤ-ਰਾਹੁਲ ਦਰਮਿਆਨ 54 ਦੌੜਾਂ ਦੀ ਸਾਂਝੇਦਾਰੀ ਹੋਈ। ਰਾਹੁਲ ਦਾ ਸਾਥ ਦੇਣ ਕੋਹਲੀ ਆਏ ਤੇ ਇਸ ਓਵਰ 'ਚ ਅੱਠ ਦੌੜਾਂ ਬਣਾਈਆਂ। ਪਾਵਰ ਪਲੇਅ 'ਚ 1 ਵਿਕਟ ਦੇ ਨੁਕਸਾਨ 'ਤੇ ਭਾਰਤੀ ਟੀਮ ਨੇ 62 ਦੌੜਾਂ ਬਣਾਈਆਂ। ਪਾਕਿਸਤਾਨ ਦੇ ਖ਼ਿਲਾਫ਼ ਟੀ20 ਇੰਟਰਨੈਸ਼ਨਲ ਦੇ ਦੌਰਾਨ ਇਹ ਭਾਰਤ ਦਾ ਸਭ ਤੋਂ ਵੱਡਾ ਸਕੋਰ ਹੈ। ਪਹਿਲੇ ਦਾ ਰਿਕਾਰਡ 6 ਓਵਰ 'ਚ 1 ਵਿਕਟ ਦੇ ਨੁਕਸਾਨ 'ਤੇ 48 ਦੌੜਾਂ ਦਾ ਸੀ, ਜੋ 2012 'ਚ ਬਣਿਆ ਸੀ।
ਭਾਰਤ ਦਾ ਪਾਕਿਸਤਾਨ ਦੇ ਖ਼ਿਲਾਫ਼ ਦੂਜਾ ਸਭ ਤੋਂ ਵੱਡਾ ਸਕੋਰ
ਵਿਰਾਟ ਕੋਹਲੀ ਦੀ ਸ਼ਾਨਦਾਰ ਹਾਫ ਸੈਂਚੁਰੀ ਦੀ ਬਦੌਲਤ ਐਤਵਾਰ ਨੂੰ ਪਾਕਿਸਤਾਨ ਦੇ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ 7 ਵਿਕਟਾਂ 'ਤੇ 181 ਦੌੜਾਂ ਬਣਾਈਆਂ। ਇਹ ਟੀ20 ਕੌਮਾਂਤਰੀ 'ਚ ਭਾਰਤ ਦਾ ਪਾਕਿਸਤਾਨ ਖ਼ਿਲਾਫ਼ ਦੂਜਾ ਸਭ ਤੋਂ ਵੱਡਾ ਸਕੋਰ ਹੈ। ਸਭ ਤੋਂ ਪਹਿਲੇ ਦੇ ਰਿਕਾਰਡ ਸਕੋਰ ਦੀ ਗੱਲ ਕਰੀਏ ਤਾਂ ਭਾਰਤ ਨੇ 2012 'ਚ 192 ਦੌੜਾਂ ਬਣਾਈਆਂ ਸਨ।
ਵਿਰਾਟ ਕੋਹਲੀ ਨੇ ਦਰਜ ਕੀਤੇ ਇਹ ਵੱਡੇ ਰਿਕਾਰਡ
ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਫ਼ਾਰਮ 'ਚ ਪਰਤ ਆਏ ਹਨ। ਉਨ੍ਹਾਂ ਨੇ ਹਾਂਗਕਾਂਗ ਤੇ ਪਾਕਿਸਤਾਨ ਦੇ ਖ਼ਿਲਾਫ਼ ਲਗਾਤਾਰ ਦੋ ਅਰਧ ਸੈਂਕੜੇ ਜੜੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਟੀ20 ਇੰਟਰਨੈਸ਼ਨਲ 'ਚ ਆਪਣੀ 32ਵਾਂ ਅਰਧ ਸੈਂਕੜਾ ਪੂਰਾ ਕੀਤਾ ਤੇ ਰੋਹਿਤ ਸ਼ਰਮਾ ਦੇ ਟੀ20 'ਚ ਸਭ ਤੋਂ ਜ਼ਿਆਦਾ 31 ਵਾਰ 50+ ਦੇ ਸਕੋਰ ਬਣਾਉਣ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ।
ਵਿਰਾਟ ਕੋਹਲੀ ਪਾਕਿਸਤਾਨ ਦੇ ਖ਼ਿਲਾਫ਼ ਟੀ20 ਕ੍ਰਿਕਟ 'ਚ ਚੌਥਾ ਅਰਧ ਸੈਂਕੜਾ ਜੜ ਕੇ ਭਾਰਤ ਵਲੋਂ ਪਾਕਿਸਤਾਨ ਦੇ ਖ਼ਿਲਾਫ਼ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਵਿਰਾਟ ਪਾਕਿਸਤਾਨ ਦੇ ਖ਼ਿਲਾਫ਼ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਬਣੇ ਹਨ। ਉਨ੍ਹਾਂ ਨੇ ਪਾਕਿਸਤਾਨ ਦੇ ਖ਼ਿਲਾਫ਼ 9 ਟੀ20 'ਚ 406 ਦੌੜਾਂ ਬਣਾਈਆਂ ਹਨ। ਨਾਲ ਹੀ ਕਿਸੇ ਵੀ ਭਾਰਤੀ ਬੱਲੇਬਾਜ਼ ਦਾ ਉਨ੍ਹਾਂ ਤੋਂ ਬਿਹਤਰ ਔਸਤ ਨਹੀਂ ਹੈ। ਪਾਕਿਸਤਾਨ ਦੇ ਖ਼ਿਲਾਫ਼ ਕੋਹਲੀ ਦਾ ਔਸਤ 67.66 ਦਾ ਹੈ।
ਰੋਹਿਤ ਸ਼ਰਮਾ ਨੇ ਦਰਜ ਕੀਤੇ ਇਹ ਵੱਡੇ ਰਿਕਾਰਡ
ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਐਤਵਾਰ ਨੂੰ ਪਾਕਿਸਤਾਨ ਦੇ ਖ਼ਿਲਾਫ਼ 12 ਦੌੜਾਂ ਬਣਾਉਂਦੇ ਹੀ ਪੁਰਸ਼ ਤੇ ਮਹਿਲਾ ਦੋਵੇਂ ਕ੍ਰਿਕਟ ਮਿਲਾ ਕੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਰੋਹਿਤ ਨੇ 16 ਗੇਂਦਾਂ 'ਚ 28 ਦੌੜਾਂ ਬਣਾਈਆ। ਇਸ ਦੇ ਨਾਲ ਹੀ ਉਨ੍ਹਾਂ ਦੇ 135 ਟੀ20 ਮੈਚਾਂ 'ਚ 3548 ਦੌੜਾਂ ਹੋ ਗਈਆਂ ਹਨ।
ਇਸ ਦੇ ਨਾਲ ਹੀ ਰੋਹਿਤ ਨੇ ਏਸ਼ੀਆ ਕੱਪ 'ਚ ਸਭ ਤੋਂ ਜ਼ਿਆਦਾ ਛੱਕੇ ਲਾਉਣ ਦੇ ਮਾਮਲੇ 'ਚ ਸਨਥ ਜੈਸੂਰਿਆ ਨੂੰ ਪਿੱਛੇ ਛੱਡ ਦਿੱਤਾ ਹੈ। ਰੋਹਿਤ ਨੇ ਪਾਕਿਸਤਾਨ ਦੇ ਖ਼ਿਲਾਫ਼ 28 ਦੌੜਾਂ ਦੀ ਪਾਰੀ 'ਚ 2 ਛੱਕੇ ਤੇ ਇਕ ਚੌਕਾ ਜੜਿਆ। ਇਸ ਦੇ ਨਾਲ ਹੀ ਉਨ੍ਹਾਂ ਦੇ ਏਸ਼ੀਆ ਕੱਪ 'ਚ 25 ਛੱਕੇ ਹੋ ਗਏ ਹਨ। ਸਨਥ ਜੈਸੂਰਿਆਂ ਨੇ ਏਸ਼ੀਆ ਕੱਪ 'ਚ 23 ਛੱਕੇ ਜੜੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।