ਮਨੂ ਭਾਕਰ ਨੂੰ ਸਾਲ ਦੀ ਸਰਵੋਤਮ ਭਾਰਤੀ ਮਹਿਲਾ ਖਿਡਾਰੀ ਦਾ ਐਵਾਰਡ
Tuesday, Feb 18, 2025 - 11:01 AM (IST)

ਨਵੀਂ ਦਿੱਲੀ- ਸਟਾਰ ਭਾਰਤੀ ਪਿਸਟਲ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਪੈਰਿਸ ਓਲੰਪਿਕ ਵਿਚ ਉਸਦੇ ਸ਼ਾਨਦਾਰ ਪ੍ਰਦਰਸ਼ਨ ਲਈ ਸੋਮਵਾਰ ਨੂੰ ਬੀ. ਬੀ. ਸੀ. ਦੀ ਸਾਲ ਦੀ ਸਰਵੋਤਮ ਭਾਰਤੀ ਮਹਿਲਾ ਖਿਡਾਰੀ ਚੁਣਿਆ ਗਿਆ। ਮਨੂ ਇਸ ਐਵਾਰਡ ਲਈ ਨਾਮਜ਼ਦ 5 ਲੋਕਾਂ ਵਿਚ ਸ਼ਾਮਲ ਸੀ।
ਗੋਲਫਰ ਅਦਿੱਤੀ ਅਸ਼ੋਕ, ਪੈਰਾ ਨਿਸ਼ਾਨੇਬਾਜ਼ ਅਵਨੀ ਲੇਖਰਾ, ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਤੇ ਪਹਿਲਵਾਨ ਵਿਨੇਸ਼ ਫੋਗਟ ਨੂੰ ਵੀ ਉਨ੍ਹਾਂ ਦੇ ਸ਼ਲਾਘਾਯੋਗ ਯੋਗਦਾਨ ਲਈ ਨਾਮਜ਼ਦ ਕੀਤਾ ਗਿਆ ਸੀ। ਖੇਡ ਪੱਤਰਕਾਰਾਂ ਤੇ ਲੇਖਕਾਂ ਦੀ ਇਕ ਵੱਕਾਰੀ ਜਿਊਰੀ ਨੇ ਨਾਮਜ਼ਦ ਖਿਡਾਰੀਆਂ ਦੀ ਚੋਣ ਕੀਤੀ ਸੀ।
22 ਸਾਲਾ ਮਨੂ ਨੂੰ ਪੈਰਿਸ ਓਲੰਪਿਕ ਵਿਚ ਦੋ ਕਾਂਸੀ ਤਮਗੇ ਜਿੱਤਣ ਲਈ ਇਹ ਐਵਾਰਡ ਮਿਲਿਆ। ਉਹ ਆਜ਼ਾਦੀ ਤੋਂ ਬਾਅਦ ਇਕ ਓਲੰਪਿਕ ਵਿਚ 2 ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰੀ ਹੈ। ਉਸ ਨੇ 10 ਮੀਟਰ ਏਅਰ ਪਿਸਟਲ ਵਿਅਕਤੀਗਤ ਪ੍ਰਤੀਯੋਗਿਤਾ ਦੇ ਨਾਲ-ਨਾਲ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਪ੍ਰਤੀਯੋਗਿਤਾ ਵਿਚ ਕਾਂਸੀ ਤਮਗਾ ਹਾਸਲ ਕੀਤਾ ਸੀ।