ਏਸ਼ੀਆਡ, ਵਿਸ਼ਵ ਚੈਂਪੀਅਨਸ਼ਿਪ ''ਚ ਸੁਨਹਿਰੀ ਮੁਹਿੰਮ ਜਾਰੀ ਰਖਣਾ ਚਾਹੁੰਦੀ ਹੈ ਮਨੂ ਭਾਕਰ

Sunday, Jul 29, 2018 - 04:24 PM (IST)

ਨਵੀਂ ਦਿੱਲੀ— ਭਾਰਤ ਦੀ ਨਿਸ਼ਾਨੇਬਾਜ਼ੀ 'ਚ ਨਵੀਂ ਸਨਸਨੀ ਮਨੂ ਭਾਕਰ ਤੋਂ ਉਮੀਦਾਂ ਹੁਣ ਵੱਧ ਗਈਆਂ ਹਨ ਪਰ ਇਹ 16 ਸਾਲਾ ਖਿਡਾਰਨ ਬਿਨਾ ਕਿਸੇ ਦਬਾਅ ਦੇ ਅਗਲੇ ਮਹੀਨੇ ਹੋਣ ਵਾਲੀਆਂ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ 'ਚ ਲੱਗੀ ਹੋਈ ਹੈ। ਝੱਜਰ ਦੀ ਨਿਸ਼ਾਨੇਬਾਜ਼ ਭਾਕਰ ਨੇ ਪੱਤਰਕਾਰਾਂ ਨੂੰ ਕਿਹਾ, ''ਮੈਂ ਇਨ੍ਹਾਂ ਪ੍ਰਤੀਯੋਗਿਤਾਵਾਂ (ਏਸ਼ੀਆਡ ਖੇਡ ਅਤੇ ਫਿਰ ਵਿਸ਼ਵ ਚੈਂਪੀਅਨਸ਼ਿਪ) 'ਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੀ ਹਾਂ ਪਰ ਇਮਾਨਦਾਰੀ ਨਾਲ ਕਹਾਂ ਤਾਂ ਮੈਂ ਤਮਗਿਆਂ ਬਾਰੇ ਨਹੀਂ ਸਗੋਂ ਸਿਰਫ ਅਗਲੀਆਂ ਪ੍ਰਤੀਯੋਗਿਤਾਵਾਂ ਦੇ ਬਾਰੇ 'ਚ ਸੋਚ ਰਹੀ ਹਾਂ। ਦਬਾਅ ਉੱਥੇ ਹੋਵੇਗਾ ਪਰ ਉਹ ਹਰ ਜਗ੍ਹਾ ਹੁੰਦਾ ਹੈ।''

ਭਾਕਰ 18 ਅਗਸਤ ਤੋਂ ਜਕਾਰਤਾ ਅਤੇ ਪਾਲੇਮਬੇਂਗ 'ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਦੇ ਲਈ ਤਿੰਨ ਮੁਕਾਬਲਿਆਂ 'ਚ ਉਨ੍ਹਾਂ ਦੀ ਚੋਣ 'ਤੇ ਉਠੇ ਵਿਵਾਦ ਤੋਂ ਵੀ ਪ੍ਰਭਾਵਿਤ ਨਹੀਂ ਹੈ। ਕੌਮਾਂਤਰੀ ਪੱਧਰ 'ਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਾਲੀ ਭਾਕਰ ਏਸ਼ੀਆਈ ਖੇਡਾਂ 'ਚ 10 ਮੀਟਰ ਏਅਰ ਪਿਸਟਲ, 25 ਮੀਟਰ ਸਪੋਰਟਸ ਪਿਸਟਲ ਅਤੇ ਮਿਕਸਡ ਏਅਰ ਪਿਸਟਲ 'ਚ ਹਿੱਸਾ ਲਵੇਗੀ। ਉਹ ਅਜੇ ਤੱਕ ਕੌਮਾਂਤਰੀ ਪੱਧਰ 'ਤੇ 10 ਸੋਨ ਤਮਗੇ ਜਿੱਤ ਚੁੱਕੀ ਹੈ ਜੋ ਇਸ ਨਾਬਾਲਗ ਖਿਡਾਰਨ ਲਈ ਵੱਡੀ ਉਪਲਬਧੀ ਹੈ। 

ਏਸ਼ੀਆਈ ਮਿਕਸਡ ਟੀਮ ਮੁਕਾਬਲੇ ਲਈ ਨਜ਼ਰਅੰਦਾਜ਼ ਕੀਤੇ ਜਾਣ 'ਤੇ ਤਜਰਬੇਕਾਰ ਹਿਨਾ ਸਿੱਧੂ ਨੇ ਭਾਰਤੀ ਰਾਸ਼ਟਰੀ ਰਾਈਫਲ ਸੰਘ (ਐੱਨ.ਆਰ.ਏ.ਆਈ.) ਦੀ ਆਲੋਚਨਾ ਕੀਤੀ ਅਤੇ ਹਰਿਆਣਾ ਦੀ ਨਿਸ਼ਾਨੇਬਾਜ਼ ਦੇ ਸੰਦਰਭ 'ਚ ਕਿਹਾ ਕਿ ਮਹਾਸੰਘ ਆਪਣੇ ਮਨਪਸੰਦ ਖਿਡਾਰੀਆਂ ਦੇ ਲਈ ਨਿਯਮ ਬਦਲ ਰਿਹਾ ਹੈ। ਜਿਨ੍ਹਾਂ ਮਨਪਸੰਦ ਖਿਡਾਰੀਆਂ ਦੀ ਗੱਲ ਕੀਤੀ ਜਾ ਰਹੀ ਹੈ ਉਸ 'ਚ ਭਾਕਰ ਵੀ ਹੈ ਪਰ ਉਹ ਇਸ ਤੋਂ ਬੇਖ਼ਬਰ ਹੈ। ਭਾਕਰ ਨੇ ਕਿਹਾ, ''ਮੈਂ ਸਿਰਫ ਖੇਡਣ ਨਾਲ ਮਤਲਬ ਰਖਦੀ ਹਾਂ, ਬਸ। ਜੇਕਰ ਉਨ੍ਹਾਂ ਨੇ ਮੈਨੂੰ ਤਿੰਨ ਮੁਕਾਬਲਿਆਂ ਲਈ ਚੁਣਿਆ ਹੈ ਤਾਂ ਚੰਗਾ ਹੈ ਅਤੇ ਜੇਕਰ ਉਹ ਮੈਨੂੰ ਇਕ ਮੁਕਾਬਲੇ ਲਈ ਚੁਣਦੇ ਹਨ ਤਾਂ ਵੀ ਮੈਨੂੰ ਚੰਗਾ ਲਗਦਾ ਅਤੇ ਜੇਕਰ ਉਹ ਮੇਰੀ ਚੋਣ ਨਹੀਂ ਕਰਦੇ ਤਾਂ ਵੀ ਮੈਂ ਬੁਰਾ ਨਹੀਂ ਮੰਨਦੀ।'' ਉਨ੍ਹਾਂ ਕਿਹਾ, ''ਮੈਂ ਚੋਣ ਦੇ ਬਾਰੇ 'ਚ ਨਹੀਂ ਸੋਚਦੀ। ਮੈਂ ਇਨ੍ਹਾਂ ਚੀਜ਼ਾਂ ਨੂੰ ਖ਼ੁਦ 'ਤੇ ਹਾਵੀ ਨਹੀਂ ਹੋਣ ਦਿੰਦੀ।''


Related News