ਮੰਜੂ ਮਹਿਲਾ ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ''ਚ

10/13/2019 1:33:00 AM

ਨਵੀਂ ਦਿੱਲੀ— ਭਾਰਤ ਦੀ ਮੰਜੂ ਰਾਣੀ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਰੂਸ ਦੇ ਉਲਾਨ ਉਦੇ ਵਿਚ ਚੱਲ ਰਹੀ ਆਈਬਾ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਸ਼ਨੀਵਾਰ 48 ਕਿਲੋਗ੍ਰਾਮ ਭਾਰ ਵਰਗ ਦੇ ਖਿਤਾਬੀ ਮੁਕਾਬਲੇ ਵਿਚ ਪ੍ਰਵੇਸ਼ ਕਰ ਲਿਆ, ਜਦਕਿ ਸੁਪਰਸਟਾਰ ਐੱਮ. ਸੀ. ਮੈਰੀਕਾਮ (51 ਕਿ. ਗ੍ਰਾ.), ਜਮੁਨਾ ਬੋਰੋ (54 ਕਿ. ਗ੍ਰਾ.) ਅਤੇ ਲਵਲੀਨਾ ਬੋਰਗਹੇਨ (69 ਕਿ. ਗ੍ਰਾ.) ਨੂੰ ਸੈਮੀਫਾਈਨਲ ਵਿਚ ਹਾਰ ਕੇ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ।
ਸੋਨ ਤਮਗੇ ਦੀ ਪ੍ਰਮੁੱਖ ਦਾਅਵੇਦਾਰ ਮੰਨੀ ਜਾ ਰਹੀ ਤੀਜਾ ਦਰਜਾ ਪ੍ਰਾਪਤ ਮੈਰੀ ਨੂੰ ਸੈਮੀਫਾਈਨਲ ਵਿਚ ਦੂਜੀ ਸੀਡ ਤੁਰਕੀ ਦੀ ਬੁਸੇਨਾਜ ਕਾਕਿਰੋਗਲੂ ਹੱਥੋਂ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਉਸ ਦਾ 51 ਕਿ. ਗ੍ਰਾ. ਵਿਚ ਆਪਣਾ ਪਹਿਲਾ ਸੋਨ ਤਮਗਾ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ। ਮੈਰੀਕਾਮ ਨੂੰ ਬੁਸੇਨਾਜ ਹੱਥੋਂ ਮਿਲੀ ਹਾਰ ਤੋਂ ਬਾਅਦ ਭਾਰਤ ਨੇ ਮੈਚ ਰੈਫਰੀ ਦੇ ਫੈਸਲੇ ਵਿਰੁੱਧ ਅਪੀਲ ਦਰਜ ਕਰਵਾਈ ਪਰ ਭਾਰਤ ਦੀ ਅਪੀਲ ਰੱਦ ਕਰ ਦਿੱਤੀ ਗਈ।
ਮੰਜੂ ਨੇ ਤਿਰੰਗਾ ਬੁਲੰਦ ਰੱਖਦਿਆਂ ਸੈਮੀਫਾਈਨਲ ਵਿਚ ਥਾਈਲੈਂਡ ਦੀ ਚੁਥਾਮਤ  ਨੂੰ 4-1 ਨਾਲ ਹਰਾ ਕੇ ਆਪਣੀ ਪਹਿਲੀ ਹੀ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ। ਮੰਜੂ ਦਾ ਫਾਈਨਲ ਵਿਚ ਰੂਸ ਦੀ ਏਕਾਤੇਰਿਨਾ ਪਾਲਤਸੇਵਾ ਨਾਲ ਐਤਵਾਰ ਨੂੰ  ਮੁਕਾਬਲਾ ਹੋਵੇਗਾ। ਜਮੁਨਾ ਬੋਰੇ ਨੂੰ ਸੈਮੀਫਾਈਨਲ ਵਿਚ ਟਾਪ ਸੀਡ ਚੀਨੀ ਤਾਈਪੇ ਦੀ ਹੁਆਂਗ ਸਿਆਓ-ਵੇਨ ਨੇ 5-0 ਨਾਲ ਅਤੇ ਲਵਲੀਨਾ ਨੂੰ ਚੀਨ ਦੀ ਯਾਂਗ ਲਿਊ ਨੇ ਨੇੜਲੇ ਮੁਕਾਬਲੇ ਵਿਚ 3-2 ਨਾਲ ਹਰਾਇਆ। ਜਮੁਨਾ ਅਤੇ ਲਵਲੀਨਾ ਨੂੰ ਮੈਰੀ ਦੀ ਤਰ੍ਹਾਂ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ।
ਪੁਰਸ਼ ਵਿਸ਼ਵ ਚੈਂਪੀਅਨਸ਼ਿਪ ਦੀ ਤਰ੍ਹਾਂ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਵਿਚ ਵੀ ਭਾਰਤ ਦੀ ਇਕ ਮੁੱਕੇਬਾਜ਼ ਫਾਈਨਲ ਵਿਚ ਪਹੁੰਚੀ ਹੈ। ਅਮਿਤ ਪੰਘਲ ਨੇ ਪੁਰਸ਼ ਚੈਂਪੀਅਨਸ਼ਿਪ ਵਿਚ ਚਾਂਦੀ ਤਮਗਾ ਜਿੱਤਿਆ ਸੀ, ਜਦਕਿ ਮਨੀਸ਼ ਕੌਸ਼ਿਕ ਨੇ ਕਾਂਸੀ ਤਮਗਾ ਜਿੱਤਿਆ ਸੀ। ਮਹਿਲਾ ਚੈਂਪੀਅਨਸ਼ਿਪ ਵਿਚ ਭਾਰਤ ਦੇ ਤਿੰਨ ਕਾਂਸੀ ਤਮਗੇ ਪੱਕੇ ਹੋ ਚੁੱਕੇ ਹਨ ਅਤੇ ਐਤਵਾਰ ਨੂੰ ਸੋਨੇ ਦਾ ਫੈਸਲਾ ਹੋਣਾ ਹੈ।  ਮੈਰੀਕਾਮ ਸੈਮੀਫਾਈਨਲ ਵਿਚ ਹਾਰ ਤੋਂ ਕਾਫੀ ਨਿਰਾਸ਼ ਹੋਈ। ਹਾਲਾਂਕਿ ਉਹ ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ ਵਿਚ 8 ਤਮਗੇ ਜਿੱਤਣ ਵਾਲੀ ਪਹਿਲੀ ਮੁੱਕੇਬਾਜ਼ (ਪੁਰਸ਼ ਜਾਂ ਮਹਿਲਾ) ਬਣ ਗਈ ਹੈ। 3 ਬੱਚਿਆਂ ਦੀ ਮਾਂ 36 ਸਾਲਾ ਮੈਰੀ ਕਾਂਸੀ ਤਮਗਾ ਜਿੱਤਣ ਦੇ ਨਾਲ ਹੀ ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ ਵਿਚ ਇਸ ਤਰ੍ਹਾਂ ਸਭ ਤੋਂ ਸਫਲ ਖਿਡਾਰੀ ਬਣ ਗਈ ਹੈ। ਉਸ ਨੇ ਕਿਊਬਾ ਦੇ ਫੇਲਿਕਸ ਸੇਵੋਨ ਨੂੰ ਪਿੱਛੇ ਛੱਡ ਦਿੱਤਾ ਹੈ, ਜਿਸ ਦੇ ਨਾਂ 7 ਸੋਨ ਤਮਗੇ ਸਨ। ਮੈਰੀ ਦੇ ਪਿਛਲੇ 7 ਤਮਗੇ 48 ਕਿਲੋਗ੍ਰਾਮ ਭਾਰ ਵਰਗ ਵਿਚ ਆਏ ਸਨ, ਜਿਨ੍ਹਾਂ ਵਿਚ 6 ਸੋਨ ਅਤੇ 1 ਚਾਂਦੀ ਤਮਗਾ ਸ਼ਾਮਲ ਹੈ। ਉਸ ਨੇ 51 ਕਿ. ਗ੍ਰਾ. ਵਿਚ ਆਪਣਾ ਪਹਿਲਾ ਤਮਗਾ ਹਾਸਲ ਕੀਤਾ।


Gurdeep Singh

Content Editor

Related News