ਆਜ਼ਮ ਨੂੰ ਹਰਾ ਕੇ ਮਾਲਨ ਟੀ-20 ਰੈਂਕਿੰਗ ’ਚ ਟਾਪ ’ਤੇ

09/09/2020 11:54:04 PM

ਦੁਬਈ– ਇੰਗਲੈਂਡ ਦੇ ਬੱਲੇਬਾਜ਼ ਡੇਵਿਡ ਮਾਲਨ ਨੇ ਆਸਟਰੇਲੀਆ ਵਿਰੁੱਧ ਘਰੇਲੂ ਲੜੀ ਤੋਂ ਬਾਅਦ ਟੀ-20 ਕੌਮਾਂਤਰੀ ਬੱਲੇਬਾਜ਼ਾਂ ਦੀ ਆਈ. ਸੀ. ਸੀ. ਰੈਂਕਿੰਗ ’ਚ ਪਾਕਿਸਤਾਨ ਦੇ ਬਾਬਰ ਆਜ਼ਮ ਨੂੰ ਹਟਾ ਕੇ ਚੋਟੀ ਦਾ ਸਥਾਨ ਹਾਸਲ ਕੀਤਾ। 33 ਸਾਲਾ ਇਸ ਖੱਬੇ ਹੱਥ ਦੇ ਬੱਲੇਬਾਜ਼ ਨੇ ਲੜੀ ’ਚ ਕੁੱਲ 129 ਦੌੜਾਂ ਬਣਾ ਕੇ 4 ਸਥਾਨਾਂ ਦੀ ਛਾਲ ਮਾਰੀ। ਇੰਗਲੈਂਡ ਨੇ ਇਹ ਲੜੀ 2-1 ਨਾਲ ਜਿੱਤੀ ਸੀ। ਮਾਲਨ ਦੀ ਪਿਛਲੀ ਬੈਸਟ ਰੈਂਕਿੰਗ ਪਿਛਲੇ ਸਾਲ ਨਵੰਬਰ ’ਚ ਦੂਜਾ ਸਥਾਨ ਸੀ ਅਤੇ ਹੁਣ ਉਹ ਆਜ਼ਮ ਤੋਂ 8 ਰੇਟਿੰਗ ਅੰਕ ਉੱਪਰ ਹੈ।
ਕੋਵਿਡ-19 ਮਹਾਮਾਰੀ ਕਾਰਣ 6 ਮਹੀਨਿਆਂ ਤੋਂ ਵੱਧ ਸਮੇਂ ਤੋਂ ਕੌਮਾਂਤਰੀ ਕ੍ਰਿਕਟ ਨਾ ਖੇਡਣ ਵਾਲੇ ਭਾਰਤ ਦੇ ਕੇ. ਐੱਲ. ਰਾਹੁਲ ਨੂੰ ਹਾਲਾਂਕਿ 2 ਸਥਾਨਾਂ ਦਾ ਨੁਕਸਾਨ ਹੋਇਆ, ਜਿਸ ਨਾਲ ਉਹ ਚੌਥੇ ਸਥਾਨ ’ਤੇ ਖਿਸਕ ਗਿਆ ਪਰ ਕਪਤਾਨ ਵਿਰਾਟ ਕੋਹਲੀ ਇਕ ਸਥਾਨ ਦੇ ਫਾਇਦੇ ਨਾਲ ਨੌਂਵੇਂ ਸਥਾਨ ’ਤੇ ਪਹੁੰਚ ਗਏ। ਮਾਲਨ ਦੇ ਨਾਲ ਜਾਨੀ ਬੇਅਰਸਟੋ 3 ਸਥਾਨਾਂਦੇ ਫਾਇਦੇ ਨਾਲ ਕੈਰੀਅਰ ਦੇ 19ਵੇਂ ਬੈਸਟ ਸਥਾਨ ’ਤੇ ਪਹੁੰਚ ਗਿਆ। ਆਸਟਰੇਲੀਆਈ ਕਪਤਾਨ ਆਰੋਨ ਫਿੰਚ ਤੀਜੇ ਸਥਾਨ ’ਤੇ ਬਰਕਰਾਰ ਹੈ। ਗਲੇਨ ਮੈਕਸਵੈੱਲ ਦਾ 6ਵਾਂ ਸਥਾਨ ਵੀ ਬਰਕਰਾਰ ਹੈ। ਹਾਲਾਂਕਿ ਉਹ ਇਕ ਸਥਾਨ ਦੇ ਫਾਇਦੇ ਨਾਲ ਅਫਗਾਨਿਸਤਾਨ ਦੇ ਮੁਹੰਮਦ ਨਬੀ ਦੀ ਅਗਵਾਈ ਵਾਲੀ ਆਲਰਾਊਂਡਰ ਰੈਂਕਿੰਗ ’ਚ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਉੱਧਰ ਆਸਟਰੇਲੀਆ ਨੇ ਟੀਮ ਰੈਂਕਿੰਗ ’ਚ ਪਹਿਲਾ ਸਥਾਨ ਮੁੜ ਹਾਸਲ ਕਰ ਲਿਆ ਹੈ। ਉਸ ਦੇ 275 ਅੰਕ ਹਨ ਅਤੇ ਇੰਗਲੈਂਡ 271 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ।


Gurdeep Singh

Content Editor

Related News