ਲਿਵਿੰਗਸਟਨ ਸੱਟ ਕਾਰਨ ਪਾਕਿਸਤਾਨ ਟੈਸਟ ਸੀਰੀਜ਼ ਤੋਂ ਬਾਹਰ
Monday, Dec 05, 2022 - 03:33 PM (IST)

ਲੰਡਨ/ਰਾਵਲਪਿੰਡੀ (ਵਾਰਤਾ)- ਇੰਗਲੈਂਡ ਦੇ ਆਲਰਾਊਂਡਰ ਲਿਆਮ ਲਿਵਿੰਗਸਟਨ ਸੱਜੇ ਗੋਡੇ ਦੀ ਸੱਟ ਕਾਰਨ ਪਾਕਿਸਤਾਨ ਖਿਲਾਫ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਇੰਗਲੈਂਡ ਕ੍ਰਿਕਟ ਬੋਰਡ (ਈਸੀਬੀ) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਲਿਵਿੰਗਸਟਨ ਨੂੰ ਪਹਿਲੇ ਟੈਸਟ ਦੇ ਦੂਜੇ ਦਿਨ ਫੀਲਡਿੰਗ ਕਰਦੇ ਸਮੇਂ ਗੋਡੇ ਦੀ ਸੱਟ ਲੱਗ ਗਈ ਸੀ। ਈਸੀਬੀ ਨੇ ਦੱਸਿਆ ਕਿ ਉਹ ਰਿਹੈਬ (ਪੁਨਰਵਾਸ) ਲਈ ਮੰਗਲਵਾਰ ਨੂੰ ਇੰਗਲੈਂਡ ਲਈ ਰਵਾਨਾ ਹੋਣਗੇ। ਫਿਲਹਾਲ ਇੰਗਲੈਂਡ ਨੇ ਲਿਵਿੰਗਸਟਨ ਦੀ ਜਗ੍ਹਾ ਦੂਜੇ ਦੋ ਟੈਸਟ ਮੈਚਾਂ ਲਈ ਟੀਮ 'ਚ ਕਿਸੇ ਵੀ ਖਿਡਾਰੀ ਨੂੰ ਸ਼ਾਮਲ ਨਹੀਂ ਕੀਤਾ ਹੈ।
ਲਿਵਿੰਗਸਟਨ ਨੇ ਆਪਣਾ ਪਹਿਲਾ ਟੈਸਟ ਮੈਚ ਖੇਡਦੇ ਹੋਏ ਪਹਿਲੀ ਪਾਰੀ 'ਚ ਨੌਂ ਦੌੜਾਂ ਬਣਾਈਆਂ, ਜਦਕਿ ਦੂਜੀ ਪਾਰੀ 'ਚ ਉਨ੍ਹਾਂ ਨੂੰ ਦੌੜਨ ਲਈ ਸੰਘਰਸ਼ ਕਰਨਾ ਪਿਆ ਅਤੇ ਪਾਰੀ ਐਲਾਨੇ ਜਾਣ ਤੋਂ ਪਹਿਲਾਂ ਨਾਬਾਦ ਸੱਤ ਦੌੜਾਂ ਦਾ ਯੋਗਦਾਨ ਪਾਇਆ। ਇੰਗਲੈਂਡ ਦੂਜੇ ਟੈਸਟ ਲਈ ਮਾਰਕ ਵੁੱਡ ਨੂੰ ਟੀਮ 'ਚ ਬੁਲਾ ਸਕਦਾ ਹੈ। ਵੁੱਡ ਕਮਰ ਦੀ ਸੱਟ ਕਾਰਨ ਪਹਿਲੇ ਟੈਸਟ ਲਈ ਆਪਣੀ ਫਿਟਨੈੱਸ ਸਾਬਤ ਕਰਨ 'ਚ ਨਾਕਾਮ ਰਿਹਾ ਸੀ। ਦੂਜੇ ਪਾਸੇ 18 ਸਾਲਾ ਸਪਿਨਰ ਰੇਹਾਨ ਅਹਿਮਦ ਵੀ ਇੰਗਲੈਂਡ ਦੇ ਸਭ ਤੋਂ ਨੌਜਵਾਨ ਟੈਸਟ ਖਿਡਾਰੀ ਵਜੋਂ ਡੈਬਿਊ ਕਰ ਸਕਦਾ ਹੈ।