ਧੋਨੀ ਤੋਂ ਦਬਾਅ ਨੂੰ ਝੱਲਣਾ ਸਿੱਖਿਆ : ਦੀਪਤੀ ਸ਼ਰਮਾ
Saturday, Jul 12, 2025 - 10:57 AM (IST)

ਬਰਮਿੰਘਮ– ਭਾਰਤ ਦੀ ਤਜਰਬੇਕਾਰ ਆਲਰਾਊਂਡਰ ਦੀਪਤੀ ਸ਼ਰਮਾ ਨੇ ਦੱਸਿਆ ਕਿ ਉਸ ਨੇ ਮਹਿੰਦਰ ਸਿੰਘ ਧੋਨੀ ਦੀਆਂ ਵੀਡੀਓ ਕਲਿੱਪ ਦੇਖ ਕੇ ਮੁਸ਼ਕਿਲ ਹਾਲਾਤ ਵਿਚ ਵੀ ਸਬਰ ਬਰਕਰਾਰ ਰੱਖਣਾ ਸਿੱਖਿਆ ਹੈ। ਭਾਰਤ ਦੇ ਸਾਬਕਾ ਕਪਤਾਨ ਧੋਨੀ ਨੂੰ ਦਬਾਅ ਨੂੰ ਸੰਭਾਲਣ ਦੇ ਮਾਮਲੇ ਵਿਚ ਸਰਵੋਤਮ ਖਿਡਾਰੀਆਂ ਵਿਚੋਂ ਇਕ ਮੰਨਿਆ ਜਾਂਦਾ ਹੈ।
ਦੀਪਤੀ ਨੇ ਹਾਲ ਹੀ ਵਿਚ ਕੌਮਾਂਤਰੀ ਕ੍ਰਿਕਟ ਵਿਚ 300 ਵਿਕਟਾਂ ਪੂਰੀਆਂ ਕੀਤੀਆਂ। ਇਸ 27 ਸਾਲਾ ਆਲਰਾਊਂਡਰ ਨੇ ਆਪਣੀ ਆਫ ਸਪਿੰਨ ਗੇਂਦਬਾਜ਼ੀ ਤੇ ਹੇਠਲੇ ਕ੍ਰਮ ਵਿਚ ਸ਼ਾਨਦਾਰ ਬੱਲੇਬਾਜ਼ੀ ਨਾਲ ਲਗਾਤਾਰ ਪ੍ਰਭਾਵਿਤ ਕੀਤਾ ਹੈ। ਦਬਾਅ ਵਿਚ ਸਬਰ ਬਰਕਰਾਰ ਰੱਖਣ ਦੀ ਸਮਰੱਥਾ ਦੀਪਤੀ ਨੂੰ ਵੱਖਰੇ ਪੱਧਰ ਦੀ ਖਿਡਾਰਨ ਬਣਾਉਂਦੀ ਹੈ।
ਦੀਪਤੀ ਨੇ ਕਿਹਾ, ‘‘ਮੈਂ ਐੱਮ. ਐੱਸ. ਧੋਨੀ ਸਰ ਤੋਂ ਦਬਾਅ ਨੂੰ ਝੱਲਣਾ ਸਿੱਖਿਆ ਹੈ। ਜਦੋਂ ਵੀ ਉਸਦਾ ਕੋਈ ਮੈਚ ਹੁੰਦਾ ਸੀ ਤਾਂ ਮੈਂ ਟੀ. ਵੀ. ਸਾਹਮਣੇ ਹੀ ਬੈਠੀ ਰਹਿੰਦੀ ਸੀ ਤੇ ਮੈਚ ਦੇਖਦੀ ਸੀ।’’
ਉਸ ਨੇ ਕਿਹਾ, ‘‘ਅਜਿਹਾ ਕਦੇ ਨਹੀਂ ਲੱਗਾ ਕਿ ਉਹ (ਧੋਨੀ) ਕਿਸੇ ਵੀ ਪਲ ਦਬਾਅ ਵਿਚ ਹੈ। ਉਹ ਸ਼ਾਂਤੀ ਨਾਲ ਸਥਿਤੀ ਨੂੰ ਸੰਭਾਲਦਾ ਸੀ ਤੇ ਅੰਤ ਵਿਚ ਮੈਚ ਜਿੱਤਦਾ ਸੀ। ਮੈਂ ਵੀ ਆਪਣੀ ਖੇਡ ਵਿਚ ਇਹ ਹੀ ਗੁਣ ਵਿਕਸਤ ਕੀਤਾ ਹੈ।’’