ਲਕਸ਼ਮਣ ਦਾ NCA ਕਾਰਜਕਾਲ ਸਤੰਬਰ ’ਚ ਖਤਮ, ਕੀ ਢਾਂਚੇ ’ਚ ਉਸ ਨੂੰ ਬਰਕਰਾਰ ਰੱਖ ਸਕਦੈ BCCI?
Saturday, May 25, 2024 - 10:50 AM (IST)
ਚੇਨਈ- ਇਹ ਜੱਗ-ਜ਼ਾਹਿਰ ਹੈ ਕਿ ਵੀ. ਵੀ. ਐੱਸ. ਲਕਸ਼ਮਣ ਦੀ ਭਾਰਤੀ ਟੀਮ ਦੇ ਮੁੱਖ ਕੋਚ ਅਹੁਦੇ ’ਤੇ ਕਾਬਜ਼ ਹੋਣ ਦੀ ਕੋਈ ਇੱਛਾ ਨਹੀਂ ਹੈ ਤੇ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਵਿਚ ਕ੍ਰਿਕਟ ਮੁਖੀ ਦੇ ਤੌਰ ’ਤੇ ਉਸਦਾ ਕਾਰਜਕਾਲ ਇਸ ਸਾਲ ਸਤੰਬਰ ਵਿਚ ਖਤਮ ਹੋ ਰਿਹਾ ਹੈ, ਜਿਸ ਤੋਂ ਬਾਅਦ ਇਹ ਦੇਖਣਾ ਹੋਵੇਗਾ ਕਿ ਬੀ. ਸੀ. ਸੀ. ਆਈ. ਕਿਸ ਤਰ੍ਹਾਂ ਉਸ ਨੂੰ ‘ਸੈੱਟ ਅਪ’ ਵਿਚ ਬਰਕਰਾਰ ਰੱਖਣ ਵਿਚ ਕਾਮਯਾਬ ਹੁੰਦਾ ਹੈ।
ਕੋਲਕਾਤਾ ਨਾਈਟ ਰਾਈਡਰਜ਼ ਦੇ ਮੈਂਟੋਰ ਗੌਤਮ ਗੰਭੀਰ ਨੂੰ ਬੀ. ਸੀ. ਸੀ. ਆਈ. ਲਈ ਉਪਲੱਬਧ ਬਦਲਾਂ ਵਿਚ ਪ੍ਰਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਪਰ ਅਜੇ ਤਕ ਇਹ ਸਪੱਸ਼ਟ ਨਹੀਂ ਹੈ ਕਿ ਸਕੱਤਰ ਜੈ ਸ਼ਾਹ ਨੇ ਰਾਸ਼ਟਰੀ ਟੀਮ ਦੇ ਸੀਨੀਅਰ ਖਿਡਾਰੀਆਂ ਨਾਲ ਗੰਭੀਰ ’ਤੇ ਸਰਬਸੰਮਤੀ ਨਾਲ ਰਜ਼ਾਮੰਦੀ ਦੇ ਬਾਰੇ ਵਿਚ ਗੱਲ ਕੀਤੀ ਹੈ ਜਾਂ ਨਹੀਂ।
ਸ਼ਾਹ ਨੇ ਸੁੱਕਰਵਾਰ ਨੂੰ ਇਕ ਬਿਆਨ ਵਿਚ ਕਿਸੇ ਵੀ ਆਸਟ੍ਰੇਲੀਅਨ ਉਮੀਦਵਾਰ ਨਾਲ ਸੰਪਰਕ ਕੀਤੇ ਜਾਣ ਤੋਂ ਇਨਕਾਰ ਕੀਤਾ ਸੀ। ਉਸ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਭਾਰਤੀ ਕੋਚ ਦੀ ਭਾਲ ਕਰ ਰਿਹਾ ਹੈ ਜਿਹੜਾ ਦੇਸ਼ ਦੀ ਕ੍ਰਿਕਟ ਨੂੰ ਅੰਦਰ ਤੋਂ ਬਾਖੂਬੀ ਜਾਣਦਾ ਹੋਵੇ।
ਲਕਸ਼ਮਣ ਐੱਨ. ਸੀ. ਏ. ਵਿਚ ਤਕਰੀਬਨ 3 ਸਾਲ ਦੇ ਕਾਰਜਕਾਲ ਦੌਰਾਨ ਅੰਤ੍ਰਿਮ ਭਾਰਤੀ ਕੋਚ ਰਹਿ ਚੁੱਕਾ ਹੈ, ਜਿਸ ਨਾਲ ਹੈਦਰਾਬਾਦ ਦਾ ਇਹ ਸਟਾਈਲਿਸ਼ ਸਾਬਕਾ ਕ੍ਰਿਕਟਰ ਇਸ ਅਹੁਦੇ ਲਈ ਸਭ ਤੋਂ ਪਸੰਦੀਦਾ ਦਿਸਦਾ ਹੈ ਪਰ ਉਸ ਨੇ ਇਸ ਅਹੁਦੇ ਲਈ ਅਪਲਾਈ ਹੀ ਨਹੀਂ ਕੀਤਾ । ਅਪਲਾਈ ਕਰਨ ਦੀ ਅੰਤ੍ਰਿਮ ਮਿਤੀ 27 ਮਈ ਹੈ। ਜੇਕਰ ਉਹ ਅਪਲਾਈ ਕਰਦਾ ਹੈ ਤਾਂ ਬੀ. ਸੀ. ਸੀ. ਆਈ. ਦੇ ਹਾਈ ਪ੍ਰਫਾਰਮੈਂਸ ਮੈਂਟੋਰ ਵਿਚ ਆਪਣੀ ਸਾਖ ਦੀ ਬਦੌਲਤ ਉਹ ਮਜ਼ਬੂਤ ਦਾਅਵੇਾਦਰ ਹੋਵੇਗਾ। ਬੀ. ਸੀ. ਸੀ. ਆਈ. ਵੀ ਇਸ 49 ਸਾਲਾ ਕ੍ਰਿਕਟਰ ਨੂੰ ਰੋਕਣਾ ਚਾਹੇਗੀ।
ਬੀ. ਸੀ. ਸੀ.ਆਈ. ਦੇ ਸਾਬਕਾ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ,‘‘ਇਹ ਪੂਰੀ ਤਰ੍ਹਾਂ ਨਾਲ ਜੈ ਸ਼ਾਹ ’ਤੇ ਨਿਰਭਰ ਕਰੇਗਾ ਪਰ ਉਸ ਨੂੰ ਵੀ. ਵੀ. ਐੱਸ. ਲਕਸ਼ਮਣ ਨੂੰ ਭਾਰਤੀ ਕੋਚਿੰਗ ‘ਸੈੱਟ ਅਪ’ ਦਾ ਹਿੱਸਾ ਬਣਨ ਲਈ ਮਨਾਉਣਾ ਪਵੇਗਾ। ਘੱਟ ਤੋਂ ਘੱਟ ਜਦੋਂ ਉਹ ਲਾਲ ਗੇਂਦ ਦੀ ਲੜੀ ਖੇਡੇ।’’
ਉਸ ਨੇ ਕਿਹਾ,‘‘ਜੇਕਰ ਉਹ ਫੁੱਲ ਟਾਈਮ ਅਹੁਦੇ ’ਤੇ ਕੰਮ ਕਰਨ ਦਾ ਇੱਛੁਕ ਨਹੀਂ ਹੈ ਤਾਂ ਜਦੋਂ ਭਾਰਤੀ ਟੀਮ ਇਸ ਸਾਲ ਆਸਟ੍ਰੇਲੀਆ ਤੇ ਅਗਲੇ ਸਾਲ ਇੰਗਲੈਂਡ ਵਿਚ ਲਾਲ ਗੇਂਦ ਦੀ ਲੜੀ ਖੇਡੇਗੀ ਤਾਂ ਉਹ ਸਲਾਹਕਾਰ ਦੇ ਤੌਰ ’ਤੇ ਜੁੜ ਸਕਦਾ ਹੈ।’’
ਇਹ ਵੀ ਸਮਝਿਆ ਜਾ ਸਕਦਾ ਹੈ ਕਿ ਐੱਨ. ਸੀ. ਏ. ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਲਕਸ਼ਮਣ ਦਾ ਫਿਰ ਤੋਂ ਆਈ. ਪੀ. ਐੱਲ. ਵਿਚ ਜਾਣਾ ਮੁਸ਼ਕਿਲ ਨਹੀਂ ਹੋਵੇਗਾ ਕਿਉਂਕਿ ਉਸਦੇ ਕੋਲ ਘੱਟ ਤੋਂ ਘੱਟ ਇਕ ਫ੍ਰੈਂਚਾਈਜ਼ੀ ਦੀ ਪੇਸ਼ਕਸ਼ ਹੈ। ਉਹ ਕੁਮੈਂਟੇਟਰ ਕਮ ਮਾਹਿਰ ਵੀ ਹੈ।