ਆਖਰੀ ਵਾਰ ਕਰ ਰਿਹਾ ਹਾਂ ਅਰਜੁਨ ਐਵਾਰਡ ਲਈ ਅਪਲਾਈ : ਸੇਥੂਰਮਨ
Monday, Jul 13, 2020 - 12:59 AM (IST)
ਚੇਨਈ (ਨਿਕਲੇਸ਼ ਜੈਨ)– ਭਾਰਤ ਦੇ ਚੋਟੀ ਦੇ ਗ੍ਰੈਂਡ ਮਾਸਟਰਾਂ ਵਿਚ ਸ਼ਾਮਲ ਸਾਬਕਾ ਏਸ਼ੀਅਨ ਚੈਂਪੀਅਨ, ਵਿਸ਼ਵ ਸ਼ਤਰੰਜ ਓਲੰਪਿਆਡ ਕਾਂਸੀ ਤਮਗਾ ਜੇਤੂ ਟੀਮ ਦੇ ਮੈਂਬਰ ਤੇ ਲਗਾਤਾਰ ਕਈ ਵਾਰ ਸ਼ਤਰੰਜ ਵਿਸ਼ਵ ਕੱਪ ਲਈ ਚੁਣੇ ਜਾਣ ਵਾਲੇ ਗ੍ਰੈਂਡ ਮਾਸਟਰ ਐੱਸ. ਪੀ. ਸੇਥੂਰਮਨ ਨੇ ਭਾਰਤੀ ਖੇਡ ਮੰਤਰਾਲਾ ਦੇ ਸ਼ਤਰੰਜ ਖਿਡਾਰੀਆਂ ਨੂੰ ਮਾਨਤਾ ਨਾ ਦੇਣ 'ਤੇ ਡੂੰਘੀ ਨਿਰਾਸ਼ਾ ਜਤਾਉਂਦੇ ਹੋਏ ਕਿਹਾ ਕਿ ਉਹ ਇਸ ਵਾਰ ਆਖਰੀ ਵਾਰ ਅਰਜੁਨ ਐਵਾਰਡ ਲਈ ਅਪਲਾਈ ਕਰ ਰਿਹਾ ਹੈ ਤੇ ਇਸ ਤੋਂ ਬਾਅਦ ਉਹ ਕਦੇ ਵੀ ਇਸ ਲਈ ਅਪਲਾਈ ਨਹੀਂ ਕਰੇਗਾ।
ਇਸ ਤੋਂ ਇਕ ਦਿਨ ਪਹਿਲਾਂ ਭਾਰਤੀ ਟੀਮ ਦੇ ਸਾਬਕਾ ਚੋਣਕਾਰ ਤੇ ਕੋਚ ਰਹੇ ਗ੍ਰੈਂਡ ਮਾਸਟਰ ਆਰ. ਬੀ. ਰਮੇਸ਼ ਨੇ ਲਗਾਤਾਰ ਕੌਮਾਂਤਰੀ ਤਮਗਾ ਜਿੱਤਣ 'ਤੇ ਵੀ ਦੇਸ਼ ਦੀ ਖੇਡ ਨੀਤੀ ਦੀ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ ਉਸ ਦੇ ਦੇਸ਼ ਨੂੰ ਸੈਂਕੜੇ ਕੌਮਾਂਤਰੀ ਤਮਗੇ ਦਿਵਾਉਣ ਤੋਂ ਬਾਅਦ ਵੀ ਸਰਕਾਰ ਤੋਂ ਕਦੇ ਕੋਈ ਸਨਮਾਨ ਨਹੀਂ ਮਿਲਿਆ। ਉਸ ਨੇ ਇਹ ਵੀ ਦੱਸਿਆ ਕਿ ਕਿਵੇਂ ਹੁਣ ਤਕ ਵਿਦੇਸ਼ੀ ਕੋਚਾਂ ਦੇ ਮੁਕਾਬਲੇ ਭਾਰਤੀ ਕੋਚਾਂ ਨੂੰ ਕਦੇ ਬਰਾਬਰ ਦਾ ਮਿਹਨਤਾਨਾ ਨਹੀਂ ਮਿਲਦਾ ਹੈ।