2 ਵੱਡੇ ਰਿਕਾਰਡ ਦੇ ਕਰੀਬ ਹਨ ਕੋਹਲੀ, ਕੱਲ ਫਿਰ ਉਨ੍ਹਾਂ ''ਤੇ ਰਹਿਣਗੀਆਂ ਸਭ ਦੀਆਂ ਨਜ਼ਰਾਂ

Tuesday, Feb 20, 2018 - 09:12 AM (IST)

ਨਵੀਂ ਦਿੱਲੀ (ਬਿਊਰੋ)— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਲਗਾਤਾਰ ਸਫਲਤਾ ਦੇ ਸਿਖਰ ਉੱਤੇ ਚੜ੍ਹਦੇ ਜਾ ਰਹੇ ਹਨ। ਫਿਰ ਭਾਵੇਂ ਉਹ ਕਪਤਾਨੀ ਹੋਣ ਜਾਂ ਫਿਰ ਉਨ੍ਹਾਂ ਦੀ ਬੱਲੇਬਾਜ਼ੀ। ਆਏ ਦਿਨੀਂ ਇਹ ਬੱਲੇਬਾਜ਼ ਨਵੇਂ ਰਿਕਾਰਡ ਕਾਇਮ ਕਰ ਰਿਹਾ ਹੈ ਅਤੇ ਘੱਟ ਹੀ ਮੈਚ ਅਜਿਹੇ ਦੇਖਣ ਨੂੰ ਮਿਲ ਰਹੇ ਹਨ ਜਿੱਥੇ ਵਿਰਾਟ ਨਵੇਂ ਰਿਕਾਰਡ ਨਾ ਬਣਾ ਰਹੇ ਹਨ। ਦੱਖਣ ਅਫਰੀਕਾ ਖਿਲਾਫ ਵਨਡੇ ਸੀਰੀਜ਼ ਵਿਚ ਤਿੰਨ ਸੈਂਕੜੇ ਮਾਰਨ ਵਾਲਾ ਇਹ ਦਿੱਗਜ ਕਪਤਾਨ ਹੁਣ ਫਟਾਫਟ ਕ੍ਰਿਕਟ ਯਾਨੀ ਟੀ20 ਪ੍ਰਾਰੂਪ ਵਿਚ ਵੀ ਇਕ ਵੱਡੇ ਰਿਕਾਰਡ ਦੇ ਕਰੀਬ ਪਹੁੰਚ ਗਿਆ ਹੈ। ਕੱਲ ਹੋਣ ਵਾਲੇ ਦੂਜੇ ਟੀ20 ਮੈਚ ਵਿਚ ਵਿਰਾਟ ਇਸ ਰਿਕਾਰਡ ਨੂੰ ਆਸਾਨੀ ਨਾਲ ਹਾਸਲ ਕਰ ਸਕਦਾ ਹੈ।

ਇਸ ਫਾਰਮੇਟ 'ਚ ਕਰਨਗੇ 2000 ਦੌੜਾਂ ਪੂਰੀਆਂ
ਵਿਰਾਟ ਕੋਹਲੀ ਟੀ20 ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ 2000 ਅੰਤਰਰਾਸ਼ਟਰੀ ਟੀ20 ਦੌੜਾਂ ਤੋਂ ਸਿਰਫ 44 ਦੌੜਾਂ ਦੂਰ ਸਨ ਪਰ ਪਹਿਲੇ ਟੀ20 ਮੈਚ ਵਿਚ ਉਹ 26 ਦੌੜਾਂ ਬਣਾ ਕੇ ਪੈਵੀਲੀਅਨ ਪਰਤ ਗਏ ਜਿਸਦੇ ਨਾਲ ਉਹ ਇਸ ਰਿਕਾਰਡ ਨੂੰ ਪੂਰਾ ਨਹੀਂ ਕਰ ਸਕੇ। ਹਾਲਾਂਕਿ ਫ਼ਾਸਲਾ ਘੱਟ ਜ਼ਰੂਰ ਹੋ ਗਿਆ ਹੈ। ਹੁਣ ਵਿਰਾਟ ਕੋਹਲੀ ਨੂੰ 2000 ਟੀ20 ਦੌੜਾਂ ਤੱਕ ਪੁੱਜਣ ਲਈ ਸਿਰਫ 18 ਦੌੜਾਂ ਦੀ ਜ਼ਰੂਰਤ ਹੈ ਜੋ ਇਤਫਾਕ ਨਾਲ ਉਨ੍ਹਾਂ ਦਾ ਜਰਸੀ ਨੰਬਰ ਵੀ ਹੈ। ਵਿਰਾਟ ਜੇਕਰ ਇਹ ਸੰਖਿਆ ਛੂਹ ਲੈਂਦੇ ਹਨ ਤਾਂ ਉਹ ਇਸ ਪ੍ਰਾਰੂਪ ਵਿਚ 2000 ਦੌੜਾਂ ਬਣਾਉਣ ਵਾਲੇ ਭਾਰਤ ਦੇ ਪਹਿਲੇ ਅਤੇ ਦੁਨੀਆ ਦੇ ਤੀਸਰੇ ਬੱਲੇਬਾਜ਼ ਬਣ ਜਾਣਗੇ।

ਸਿਰਫ ਇਨ੍ਹਾਂ ਦਿੱਗਜਾਂ ਤੋਂ ਪਿੱਛੇ
ਹੁਣ ਤੱਕ ਇਹ ਸਫਲਤਾ ਸਿਰਫ ਨਿਊਜ਼ੀਲੈਂਡ ਦੇ ਦੋ ਖਿਡਾਰੀ ਹਾਸਲ ਕਰ ਪਾਏ ਹਨ। ਇਹ ਖਿਡਾਰੀ ਹਨ ਮਾਰਟਿਨ ਗੁਪਟਿਲ (2250 ਦੌੜਾਂ) ਅਤੇ ਸਾਬਕਾ ਕੀਵੀ ਕਪਤਾਨ ਬਰੈਂਡਨ ਮੈਕੁਲਮ (2140 ਦੌੜਾਂ) । ਗੁਪਟਿਲ ਨੇ ਇੰਨੀਆ ਦੌੜਾਂ 74 ਮੈਚਾਂ ਵਿਚ ਬਣਾਈਆਂ ਹਨ ਜਦੋਂ ਕਿ ਮੈਕੁਲਮ ਨੇ 70 ਮੈਚਾਂ ਵਿਚ। ਜਦੋਂ ਕਿ ਵਿਰਾਟ ਕੋਹਲੀ ਹੁਣ ਤੱਕ 56 ਮੈਚਾਂ ਵਿਚ ਹੀ 1982 ਦੌੜਾਂ ਤੱਕ ਪਹੁੰਚ ਗਏ ਹਨ।

ਇਕ ਹੋਰ ਵੱਡੇ ਰਿਕਾਰਡ ਦੇ ਕਰੀਬ
ਇਹੀ ਨਹੀਂ, ਭਾਰਤੀ ਕਪਤਾਨ ਇਕ ਕ੍ਰਿਕਟ ਦੌਰੇ ਉੱਤੇ 1000 ਦੌੜਾਂ ਦੇ ਰਿਕਾਰਡ ਦੇ ਵੀ ਬੇਹੱਦ ਕਰੀਬ ਹਨ। ਵਿਰਾਟ ਨੇ ਹੁਣ ਤੱਕ ਇਸ ਦੌਰੇ ਉੱਤੇ ਟੈਸਟ ਅਤੇ ਵਨਡੇ ਸੀਰੀਜ਼ ਵਿਚ ਕੁਲ 844 ਦੌੜਾਂ ਬਣਾਈਆਂ ਹਨ ਅਤੇ ਟੀ20 ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਸੰਖਿਆ ਛੂਹਣ ਲਈ ਸਿਰਫ 156 ਦੌੜਾਂ ਦੀ ਜ਼ਰੂਰਤ ਸੀ, ਜਿਸ ਵਿਚੋਂ 26 ਦੌੜਾਂ ਉਨ੍ਹਾਂ ਨੇ ਪਹਿਲੇ ਟੀ20 ਵਿਚ ਬਣਾ ਦਿੱਤੀਆਂ ਹਨ। ਯਾਨੀ ਹੁਣ ਵਿਰਾਟ ਨੂੰ ਸਿਰਫ 130 ਦੌੜਾਂ ਦੀ ਜ਼ਰੂਰਤ ਹੈ। ਜੇਕਰ ਉਹ ਇਸ ਤਰ੍ਹਾਂ ਕਰ ਲੈਂਦੇ ਹਨ ਤਾਂ ਵੈਸਟਇੰਡੀਜ਼ ਦੇ ਸਾਬਕਾ ਮਹਾਨ ਬੱਲੇਬਾਜ਼ ਵਿਵ ਰਿਚਰਡਸ ਦੇ ਬਾਅਦ ਉਹ ਅਜਿਹਾ ਕਰਨ ਵਾਲੇ ਦੁਨੀਆ ਦੇ ਦੂਜੇ ਖਿਡਾਰੀ ਬਣ ਜਾਣਗੇ। ਰਿਚਰਡਸ ਨੇ 1976 ਦੇ ਇੰਗਲੈਂਡ ਦੌਰੇ ਉੱਤੇ 1045 ਦੌੜਾਂ ਬਣਾਈਆਂ ਸਨ। ਵੇਖਣਾ ਦਿਲਚਸਪ ਹੋਵੇਗਾ ਕਿ ਵਿਰਾਟ ਇਹ ਰਿਕਾਰਡ ਕੱਲ ਦੂਜੇ ਟੀ20 ਵਿਚ ਹੀ ਪੂਰਾ ਕਰ ਲੈਂਦੇ ਹੈ ਜਾਂ ਉਨ੍ਹਾਂ ਨੂੰ ਤੀਸਰੇ ਟੀ20 ਦਾ ਵੀ ਇੰਤਜਾਰ ਕਰਨਾ ਹੋਵੇਗਾ।


Related News