ਆਸਟ੍ਰੇਲੀਆ ਲਈ ਡਰਾਉਣਾ ਸੁਫ਼ਨਾ ਬਣੀ ਭਾਰਤੀ ਟੀਮ, ਟੇਢੀ ਖੀਰ ਸਾਬਿਤ ਹੋਵੇਗਾ ਭਾਰਤ ਨੂੰ ਹਰਾਉਣਾ
Friday, Nov 17, 2023 - 03:00 PM (IST)
ਸਪੋਰਟਸ ਡੈਸਕ : ਵਿਸ਼ਵ ਕੱਪ 2023 ਹੁਣ ਤੱਕ ਪੂਰੀ ਤਰ੍ਹਾਂ ਨਾਲ ਭਾਰਤੀ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੇ ਨਾਂ ਰਿਹਾ ਹੈ। ਜਿੱਥੇ ਬੱਲੇਬਾਜ਼ਾਂ ਨੇ ਵਿਰੋਧੀ ਟੀਮ ਦੀ ਗੇਂਦਬਾਜ਼ੀ ਖ਼ਿਲਾਫ਼ ਜੰਮ ਕੇ ਹਮਲੇ ਕੀਤੇ ਹਨ, ਉੱਥੇ ਹੀ ਗੇਂਦਬਾਜ਼ਾਂ ਨੇ ਵੀ ਵਿਰੋਧੀ ਟੀਮ ਦੀ ਬੱਲੇਬਾਜ਼ੀ ਦਾ ਲੱਕ ਤੋੜਨ 'ਚ ਕੋਈ ਕਸਰ ਨਹੀਂ ਛੱਡੀ। 8 ਅਕਤੂਬਰ ਨੂੰ ਆਪਣੇ ਪਹਿਲੇ ਮੈਚ 'ਚ ਹੀ ਆਸਟ੍ਰੇਲੀਆ ਨੂੰ ਹਰਾ ਕੇ ਜੋ ਜਿੱਤਣ ਦਾ ਸਿਲਸਿਲਾ ਸ਼ੁਰੂ ਕੀਤਾ ਸੀ, ਉਹ ਪੂਰੇ ਸੀਜ਼ਨ ਦੌਰਾਨ ਜਾਰੀ ਰਿਹਾ। ਭਾਰਤ ਨੇ ਜਿੱਥੇ ਆਪਣੇ ਸਾਰੇ 9 ਲੀਗ ਮੈਚ ਜਿੱਤੇ, ਉੱਥੇ ਹੀ ਸੈਮੀਫਾਈਨਲ 'ਚ ਵੀ ਨਿਊਜ਼ੀਲੈਂਡ ਨੂੰ ਹਰਾ ਕੇ 2019 ਦੇ ਵਿਸ਼ਵ ਕੱਪ ਦੌਰਾਨ ਮਿਲੀ ਹਾਰ ਦਾ ਵੀ ਬਦਲਾ ਲੈ ਲਿਆ ਤੇ ਫਾਈਨਲ 'ਚ ਜਗ੍ਹਾ ਬਣਾਈ। ਹੁਣ 19 ਨਵੰਬਰ ਨੂੰ ਭਾਰਤ ਦਾ ਫਾਈਨਲ 'ਚ ਮੁਕਾਬਲਾ ਆਸਟ੍ਰੇਲੀਆ ਨਾਲ ਹੋਵੇਗਾ, ਜੋ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ।
ਜੇਕਰ ਗੱਲ ਭਾਰਤੀ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੇ ਵਿਸ਼ਵ ਕੱਪ ਦੇ ਪ੍ਰਦਰਸ਼ਨ ਬਾਰੇ ਕੀਤੀ ਜਾਵੇ, ਤਾਂ ਭਾਰਤੀ ਟਾਪ ਆਰਡਰ ਦੇ ਬੱਲੇਬਾਜ਼- ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇ.ਐੱਲ. ਰਾਹੁਲ ਅਤੇ ਸ਼੍ਰੇਅਸ ਅਈਅਰ ਨੇ ਹੁਣ ਤੱਕ ਕੁੱਲ 2,523 ਦੌੜਾਂ ਬਣਾਈਆਂ ਹਨ। ਉੱਥੇ ਹੀ ਮੁਹੰਮਦ ਸ਼ੰਮੀ ਦੇ ਬਿਹਤਰੀਨ ਪ੍ਰਦਰਸ਼ਨ ਦੇ ਨਾਲ-ਨਾਲ ਬਾਕੀ ਭਾਰਤੀ ਗੇਂਦਬਾਜ਼ਾਂ- ਜਸਪ੍ਰੀਤ ਬੁਮਰਾਹ, ਰਵਿੰਦਰ ਜਡੇਜਾ, ਕੁਲਦੀਪ ਯਾਦਵ ਤੇ ਮੁਹੰਮਦ ਸਿਰਾਜ ਨੇ ਵੀ ਸ਼ਲਾਘਾਯੋਗ ਪ੍ਰਦਰਸ਼ਨ ਕਰਦੇ ਹੋਏ ਕੁੱਲ 85 ਵਿਕਟਾਂ ਲਈਆਂ ਹਨ।
ਇਹ ਵੀ ਪੜ੍ਹੋ- ਸ਼ੰਮੀ ਨੂੰ ਲੈ ਕੇ ਦਿੱਲੀ ਅਤੇ ਮੁੰਬਈ ਪੁਲਸ ਵਿਚਕਾਰ ਚੱਲੀ ਮਜ਼ਾਕੀਆ 'ਵਾਰ', ਹੋਈ ਮਿੱਠੀ ਨੋਕ-ਝੋਕ
ਇਸ ਵਿਸ਼ਵ ਕੱਪ 'ਚ ਵਿਰਾਟ ਕੋਹਲੀ ਦੇ ਬੱਲੇ ਨੇ ਜਿੱਥੇ ਅੱਗ ਵਰ੍ਹਾਈ ਹੈ, ਉੱਥੇ ਹੀ ਮੁਹੰਮਦ ਸ਼ੰਮੀ ਨੇ ਵੀ ਵਿਰੋਧੀ ਬੱਲੇਬਾਜ਼ਾਂ 'ਤੇ ਰੱਜ ਕੇ ਕਹਿਰ ਢਾਇਆ ਹੈ। ਕੋਹਲੀ ਨੇ ਇਸ ਵਿਸ਼ਵ ਕੱਪ ਦੌਰਾਨ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਰਿਕਾਰਡਤੋੜ 711 ਦੌੜਾਂ ਬਣਾਈਆਂ ਹਨ, ਜੋ ਕਿਸੇ ਵੀ ਵਿਸ਼ਵ ਕੱਪ ਸੀਜ਼ਨ 'ਚ ਸਭ ਤੋਂ ਵੱਧ ਹਨ। ਦੂਜੇ ਪਾਸੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਮੈਚ ਚਾਹੇ ਘੱਟ ਖੇਡੇ ਹਨ, ਪਰ ਫਿਰ ਵੀ ਉਹ ਇਸ ਸਮੇਂ ਵਿਸ਼ਵ ਕੱਪ 2023 ਦੌਰਾਨ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ 'ਚ ਟਾਪ 'ਤੇ ਹੈ। 'ਹਿਟਮੈਨ' ਦੇ ਨਾਂ ਨਾਲ ਮਸ਼ਹੂਰ ਭਾਰਤੀ ਕਪਤਾਨ ਤੇ ਬੱਲੇਬਾਜ਼ ਰੋਹਿਤ ਸ਼ਰਮਾ ਵੀ ਇਸ ਸੀਜ਼ਨ ਦੌੜਾਂ ਬਣਾਉਣ ਲਈ ਕਾਫ਼ੀ ਉਤਾਵਲਾ ਦਿਖ ਰਿਹਾ ਹੈ। ਇਸ ਵਿਸ਼ਵ ਕੱਫ ਦੌਰਾਨ ਉਸ ਨੇ ਬਹੁਤ ਤੇਜ਼ੀ ਨਾਲ ਦੌੜਾਂ ਬਣਾਈਆਂ ਹਨ ਤੇ ਆਪਣੇ ਰਿਕਾਰਡ ਦੀ ਪਰਵਾਹ ਨਾ ਕਰਦੇ ਹੋਏ ਟੀਮ ਨੂੰ ਤਰਜੀਹ ਦੇ ਰਿਹਾ ਹੈ। ਇਹੀ ਕਾਰਨ ਹੈ ਕਿ ਭਾਰਤ ਨੂੰ ਹਰ ਮੈਚ 'ਚ ਉਹ ਠੋਸ ਤੇ ਤੇਜ਼ ਸ਼ੁਰੂਆਤ ਦਿਵਾਉਣ 'ਚ ਕਾਮਯਾਬ ਹੋ ਰਿਹਾ ਹੈ। ਇਸ ਦੌਰਾਨ ਉਸ ਨੇ ਛੱਕਿਆਂ ਦੇ ਵੀ ਕਈ ਰਿਕਾਰਡ ਤੋੜੇ ਹਨ।
ਇਹ ਵੀ ਪੜ੍ਹੋ- ਕੋਹਲੀ ਬਣਿਆ ਸੈਂਕੜਿਆਂ ਦਾ 'ਕਿੰਗ', ਤੋੜਿਆ ਸਚਿਨ ਦਾ 49 ਸੈਂਕੜਿਆਂ ਦਾ ਰਿਕਾਰਡ
ਰੋਹਿਤ ਸ਼ਰਮਾ ਇਕ ਸਾਲ 'ਚ ਵਨਡੇ ਕ੍ਰਿਕਟ 'ਚ ਸਭ ਤੋਂ ਵੱਧ ਛੱਕੇ ਲਗਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਉਹ ਵਿਸ਼ਵ ਕੱਪ 'ਚ ਵੀ ਸਭ ਤੋਂ ਵੱਧ ਛੱਕੇ ਲਗਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਇਸ ਸੀਜ਼ਨ 'ਚ ਵੀ 28 ਛੱਕੇ ਲਗਾ ਕੇ ਉਹ 'ਸਿਕਸਰ ਕਿੰਗ' ਬਣਿਆ ਹੋਇਆ ਹੈ। ਅਜਿਹੇ 'ਚ 5 ਵਾਰ ਵਿਸ਼ਵ ਕੱਪ ਜਿੱਤ ਚੁੱਕੀ ਆਸਟ੍ਰੇਲੀਆਈ ਟੀਮ ਲਈ ਵੀ ਭਾਰਤ ਨੂੰ ਰੋਕਣਾ ਬਿਲਕੁਲ ਸੌਖਾ ਨਹੀਂ ਹੋਵੇਗਾ। ਭਾਰਤੀ ਟੀਮ ਨੂੰ ਜਿੱਥੇ ਘਰੇਲੂ ਮੈਦਾਨ ਦਾ ਫਾਇਦਾ ਮਿਲਣ ਦੀ ਉਮੀਦ ਹੋਵੇਗੀ, ਉੱਥੇ ਹੀ ਆਸਟ੍ਰੇਲੀਆ ਦੀਆਂ ਨਜ਼ਰਾਂ ਵੀ ਰਿਕਾਰਡ 6ਵੀਂ ਵਾਰ ਵਿਸ਼ਵ ਕੱਪ ਜਿੱਤਣ 'ਤੇ ਹੋਣਗੀਆਂ।
ਇਹ ਵੀ ਪੜ੍ਹੋ- ਵਿਰਾਟ ਦੇ 'ਰਿਕਾਰਡ' ਸੈਂਕੜੇ ਦੀ ਸਚਿਨ ਨੇ ਕੀਤੀ ਤਾਰੀਫ਼, ਟਵੀਟ ਕਰ ਕਿਹਾ- ਮੈਂ ਇਸ ਤੋਂ ਜ਼ਿਆਦਾ ਖੁਸ਼ ਨਹੀਂ ਹੋ ਸਕਦਾ...
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8