KL ਰਾਹੁਲ ਦੇ ਪੱਟ ਦਾ ਹੋਇਆ ਸਫ਼ਲ ਆਪ੍ਰੇਸ਼ਨ, ਕਿਹਾ- ''ਵਾਪਸੀ ਲਈ ਵਚਨਬੱਧ ਹਾਂ''
Wednesday, May 10, 2023 - 03:35 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤ ਦੇ ਸੀਨੀਅਰ ਬੱਲੇਬਾਜ਼ ਕੇ.ਐੱਲ. ਰਾਹੁਲ ਦੀ ਸੱਜੇ ਪੱਟ ਦੀ ਸਰਜਰੀ ਸਫਲ ਰਹੀ ਹੈ ਅਤੇ ਉਨ੍ਹਾਂ ਕਿਹਾ ਕਿ ਉਹ ਜਲਦੀ ਤੋਂ ਜਲਦੀ ਰਾਸ਼ਟਰੀ ਟੀਮ ਵਿੱਚ ਵਾਪਸੀ ਲਈ ਵਚਨਬੱਧ ਹਨ। ਇਹ 31 ਸਾਲਾ ਬੱਲੇਬਾਜ਼ ਇੰਡੀਅਨ ਪ੍ਰੀਮੀਅਰ ਲੀਗ 'ਚ ਲਖਨਊ ਸੁਪਰਜਾਇੰਟਸ ਦੇ ਰਾਇਲ ਚੈਲੰਜਰਜ਼ ਬੈਂਗਲੁਰੂ ਖਿਲਾਫ ਖੇਡੇ ਗਏ ਮੈਚ ਦੌਰਾਨ ਜ਼ਖ਼ਮੀ ਹੋ ਗਿਆ ਸੀ। ਇਸ ਸੱਟ ਕਾਰਨ ਉਹ ਆਈ.ਪੀ.ਐੱਲ. ਦੇ ਬਾਕੀ ਮੈਚਾਂ ਅਤੇ ਜੂਨ ਵਿੱਚ ਇੰਗਲੈਂਡ ਵਿੱਚ ਆਸਟਰੇਲੀਆ ਵਿਰੁੱਧ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਦੇ ਫਾਈਨਲ ਤੋਂ ਬਾਹਰ ਹੋ ਗਏ ਸਨ। ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਆਪਰੇਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਰਾਹੁਲ ਨੇ ਲਿਖਿਆ, ''ਮੇਰਾ ਹੁਣੇ-ਹੁਣੇ ਆਪ੍ਰੇਸ਼ਨ ਹੋਇਆ ਹੈ ਜੋ ਸਫਲ ਰਿਹਾ। ਡਾਕਟਰਾਂ ਅਤੇ ਮੈਡੀਕਲ ਸਟਾਫ ਦਾ ਬਹੁਤ-ਬਹੁਤ ਧੰਨਵਾਦ, ਜਿਨ੍ਹਾਂ ਨੇ ਇਹ ਯਕੀਨੀ ਕੀਤਾ ਕਿ ਮੈਂ ਆਰਾਮਦਾਇਕ ਮਹਿਸੂਸ ਕਰਾਂ ਅਤੇ ਸਭ ਕੁਝ ਸੁਚਾਰੂ ਢੰਗ ਨਾਲ ਸੰਪੰਨ ਹੋਵੇ।'
ਲੰਡਨ ਦੇ ਓਵਲ ਵਿੱਚ 7 ਤੋਂ 12 ਜੂਨ ਤੱਕ ਹੋਣ ਵਾਲੇ ਡਬਲਯੂ.ਟੀ.ਸੀ. ਫਾਈਨਲ ਲਈ ਭਾਰਤੀ ਟੀਮ ਵਿੱਚ ਰਾਹੁਲ ਦੀ ਥਾਂ ਈਸ਼ਾਨ ਕਿਸ਼ਨ ਨੂੰ ਲਿਆ ਗਿਆ ਹੈ। ਰਾਹੁਲ ਨੇ ਹਾਲਾਂਕਿ ਕਿਹਾ ਕਿ ਉਹ ਜਲਦ ਤੋਂ ਜਲਦ ਭਾਰਤੀ ਟੀਮ 'ਚ ਵਾਪਸੀ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ, ''ਹੁਣ ਮੈਂ ਅਧਿਕਾਰਤ ਤੌਰ 'ਤੇ ਸੱਟ ਤੋਂ ਉਭਰਨ ਦੀ ਪ੍ਰਕਿਰਿਆ 'ਚੋਂ ਲੰਘ ਰਿਹਾ ਹਾਂ। ਮੈਂ ਪੂਰੀ ਤਰ੍ਹਾਂ ਫਿੱਟ ਹੋਣ ਅਤੇ ਮੈਦਾਨ 'ਤੇ ਵਾਪਸੀ ਲਈ ਵਚਨਬੱਧ ਹਾਂ।' ਭਾਰਤ ਵੱਲੋਂ ਖੇਡ ਰਹੇ ਤਿੰਨਾਂ ਫਾਰਮੈਟ ਵਿਚ ਖੇਡਣ ਵਾਲੇ ਰਾਹੁਲ ਨੇ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੇ ਏਸ਼ੀਆ ਕੱਪ ਅਤੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਵਾਪਸੀ ਨੂੰ ਆਪਣਾ ਟੀਚਾ ਬਣਾਇਆ ਹੈ।