ਕੋਲਕਾਤਾ ਨਾਈਟ ਰਾਈਡਰਜ਼ ਦਾ ਸਾਹਮਣਾ ਹੁਣ ਸਨਰਾਈਜ਼ਰਸ ਹੈਦਰਾਬਾਦ ਨਾਲ, ਨਜ਼ਰਾਂ ਜਿੱਤ ਦੀ ਹੈਟ੍ਰਿਕ ਉੱਤੇ

Friday, Apr 14, 2023 - 11:56 AM (IST)

ਕੋਲਕਾਤਾ ਨਾਈਟ ਰਾਈਡਰਜ਼ ਦਾ ਸਾਹਮਣਾ ਹੁਣ ਸਨਰਾਈਜ਼ਰਸ ਹੈਦਰਾਬਾਦ ਨਾਲ, ਨਜ਼ਰਾਂ ਜਿੱਤ ਦੀ ਹੈਟ੍ਰਿਕ ਉੱਤੇ

ਕੋਲਕਾਤਾ (ਭਾਸ਼ਾ)- ਰਿੰਕੂ ਸਿੰਘ ਦੀ ਤੂਫਾਨੀ ਪਾਰੀ ਤੋਂ ਬਾਅਦ ਉਤਸ਼ਾਹ ਨਾਲ ਲਿਬਰੇਜ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦਾ ਸਾਹਮਣਾ ਜਦੋਂ ਅੱਜ ਸ਼ਾਮ ਨੂੰ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਵੇਗਾ ਤਾਂ ਉਸ ਦੀਆਂ ਨਜ਼ਰਾਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੌਜੂਦਾ ਸੈਸ਼ਨ ਵਿਚ ਲਗਾਤਾਰ ਤੀਜੀ ਜਿੱਤ ਦਰਜ ਕਰਨ ਉੱਤੇ ਟਿਕੀਆਂ ਹੋਣਗੀਆਂ। ਇਸ ਸੈਸ਼ਨ ਦੇ ਆਪਣੇ ਪਹਿਲੇ ਮੈਚ ਵਿਚ ਮੋਹਾਲੀ ਵਿਚ ਪੰਜਾਬ ਕਿੰਗਸ ਤੋਂ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਕੇ. ਕੇ. ਆਰ. ਨੂੰ 2 ਨਵੇਂ ਨਾਇਕ ਮਿਲੇ, ਜਿਨ੍ਹਾਂ ਨੇ ਉਸ ਨੂੰ ਅਗਲੇ ਦੋਵਾਂ ਮੈਚਾਂ ਵਿਚ ਜਿੱਤ ਦਿਵਾਈ। ਪਹਿਲਾਂ ਰਾਇਲ ਚੈਲੰਜਰਸ ਬੈਂਗਲੁਰੂ (ਆਰ. ਸੀ. ਬੀ.) ਖਿਲਾਫ ਸ਼ਾਰਦੁਲ ਠਾਕੁਰ ਨੇ ਆਪਣੇ ਬੱਲੇ ਨਾਲ ਕਮਾਲ ਵਿਖਾਇਆ ਅਤੇ 29 ਗੇਂਦਾਂ ਉੱਤੇ 68 ਦੌੜਾਂ ਦੀ ਤੂਫਾਨੀ ਪਾਰੀ ਖੇਡ ਕੇ ਕੇ. ਕੇ. ਆਰ. ਨੂੰ 81 ਦੌੜਾਂ ਨਾਲ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਬਾਅਦ ਰਿੰਕੂ ਸਿੰਘ ਨੇ ਗੁਜਰਾਤ ਟਾਈਟੰਸ ਖਿਲਾਫ ਅੰਤਿਮ 5 ਗੇਂਦਾਂ ਉੱਤੇ ਛੱਕੇ ਜੜ ਕੇ ਆਪਣੀ ਟੀਮ ਨੂੰ ਅਚਾਨਕ ਜਿੱਤ ਦਿਵਾਈ ਸੀ। 

ਇਸ ਤਰ੍ਹਾਂ ਨਾਲ ਕੇ. ਕੇ. ਆਰ. ਦੀਆਂ ਨਜ਼ਰਾਂ ਜਿੱਤ ਦੀ ਹੈਟ੍ਰਿਕ ਪੂਰੀ ਕਰਨ ਉੱਤੇ ਲੱਗੀਆਂ ਹਨ। ਨਿਯਮਿਤ ਕਪਤਾਨ ਸ਼੍ਰੇਅਸ ਅਈਅਰ ਅਤੇ ਸਟਾਰ ਆਲਰਾਊਂਡਰ ਸ਼ਾਕਿਬ-ਅਲ-ਹਸਨ ਦੀ ਕਮੀ ਕੇ. ਕੇ. ਆਰ. ਨੂੰ ਮਹਿਸੂਸ ਹੋ ਰਹੀ ਹੈ ਪਰ ਅਚਾਨਕ ਹੀ ਉਹ ਮਜ਼ਬੂਤ ਟੀਮ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਈ ਹੈ। ਕੇ. ਕੇ. ਆਰ. ਦੀਆਂ ਦੋਵੇਂ ਜਿੱਤਾਂ ਵਿਚ ਉਸ ਦੇ ਸਟਾਰ ਆਲਰਾਊਂਡਰ ਆਂਦਰੇ ਰਸੇਲ ਅਤੇ ਕਪਤਾਨ ਨਿਤੀਸ਼ ਰਾਣਾ ਦਾ ਖਾਸ ਯੋਗਦਾਨ ਨਹੀਂ ਰਿਹਾ ਅਤੇ ਹੁਣ ਟੀਮ ਪ੍ਰਬੰਧਨ ਇਹ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕਰੇਗਾ ਕਿ ਉਸ ਨੂੰ ਇਹ ਜਿੱਤ ਕਿਸਮਤ ਨਾਲ ਨਹੀਂ ਮਿਲੀ ਸੀ। ਰਸੇਲ ਨੇ ਪੰਜਾਬ ਖਿਲਾਫ ਪਹਿਲੇ ਮੈਚ ’ਚ 19 ਗੇਂਦਾਂ ਉੱਤੇ 35 ਦੌੜਾਂ ਬਣਾਈਆਂ ਸਨ ਪਰ ਅਗਲੇ 2 ਮੈਚਾਂ ਵਿਚ ਉਹ ਜ਼ੀਰੋ ਅਤੇ 1 ਦੌੜਾਂ ਹੀ ਬਣਾ ਸਕਿਆ। ਜਮੈਕਾ ਦਾ ਇਹ ਹਮਲਾਵਰ ਬੱਲੇਬਾਜ਼ ਹੁਣ ਵੱਡੀ ਪਾਰੀ ਖੇਡਣ ਲਈ ਬੇਤਾਬ ਹੋਵੇਗਾ।

ਜਿੱਥੋਂ ਤੱਕ ਸਨਰਾਈਜ਼ਰਸ ਦਾ ਸਵਾਲ ਹੈ ਤਾਂ ਐਡੇਨ ਮਾਰਕ੍ਰਮ ਦੀ ਅਗਵਾਈ ਵਾਲੀ ਟੀਮ ਹੈਰੀ ਬਰੂਕ, ਮਯੰਕ ਅਗਰਵਾਲ ਅਤੇ ਹੈਨਰਿਕ ਕਲਾਸੇਨ ਵਰਗੇ ਖਿਡਾਰੀਆਂ ਦੀ ਹਾਜ਼ਰੀ ਵਿਚ ਕਾਗਜ਼ਾਂ ਉੱਤੇ ਮਜ਼ਬੂਤ ਨਜ਼ਰ ਆਉਂਦੀ ਹੈ। ਸਨਰਾਈਜ਼ਰਸ ਕੋਲ ਸੀਮਿਤ ਓਵਰਾਂ ਦੇ ਕਈ ਮਾਹਿਰ ਖਿਡਾਰੀ ਹਨ ਪਰ ਉਹ ਪਹਿਲੇ 2 ਮੈਚਾਂ ਵਿਚ ਆਪਣਾ ਪ੍ਰਭਾਵ ਛੱਡਣ ਵਿਚ ਨਾਕਾਮ ਰਹੇ। ਸਨਰਾਈਜ਼ਰਸ ਨੇ ਪਿਛਲੇ ਮੈਚ ਵਿਚ ਰਾਹੁਲ ਤਿਵਾਰੀ ਦੀਆਂ ਅਜੇਤੂ 74 ਦੌੜਾਂ ਦੀ ਪਾਰੀ ਦੇ ਦਮ ਉੱਤੇ ਪੰਜਾਬ ਨੂੰ 8 ਵਿਕਟ ਨਾਲ ਹਰਾਇਆ ਸੀ। ਇਸ ਜਿੱਤ ਤੋਂ ਉਤਸ਼ਾਹ ਨਾਲ ਓਤ-ਪ੍ਰੋਤ ਬ੍ਰਾਇਨ ਲਾਰਾ ਦੀ ਕੋਚਿੰਗ ਵਾਲੀ ਸਨਰਾਈਜ਼ਰਸ ਦੀ ਟੀਮ ਕੇ. ਕੇ. ਆਰ. ਨੂੰ ਸਖਤ ਟੱਕਰ ਦੇਣ ਲਈ ਮੈਦਾਨ ਉੱਤੇ ਉਤਰੇਗੀ।


author

cherry

Content Editor

Related News