CWC 2019 : ਏਸ਼ੀਆਈ ਟੀਮਾਂ ਵਿਰੁੱਧ ਜਿੱਤ ਦੀ ਹੈਟ੍ਰਿਕ ਲਾਉਣਗੇ ਕੀਵੀ!

Saturday, Jun 08, 2019 - 02:48 AM (IST)

CWC 2019 : ਏਸ਼ੀਆਈ ਟੀਮਾਂ ਵਿਰੁੱਧ ਜਿੱਤ ਦੀ ਹੈਟ੍ਰਿਕ ਲਾਉਣਗੇ ਕੀਵੀ!

ਟਾਂਟਨ— ਆਈ. ਸੀ. ਸੀ. ਵਿਸ਼ਵ ਕੱਪ 'ਚ ਜ਼ਬਰਦਸਤ ਫਾਰਮ 'ਚ ਚੱਲ ਰਹੀ ਨਿਊਜ਼ੀਲੈਂਡ ਕ੍ਰਿਕਟ ਟੀਮ ਏਸ਼ੀਆਈ ਟੀਮਾਂ ਵਿਰੁੱਧ ਆਪਣੇ ਸ਼ੁਰੂਆਤੀ ਦੋਵੇਂ ਮੁਕਾਬਲੇ ਜਿੱਤ ਚੁੱਕੀ ਹੈ ਅਤੇ ਸ਼ਨੀਵਾਰ ਨੂੰ ਅਫਗਾਨਿਸਤਾਨ ਵਿਰੁੱਧ ਆਪਣੀ ਲੈਅ ਬਰਕਰਾਰ ਰੱਖਦੇ ਹੋਏ ਤੀਜੀ ਏਸ਼ੀਆਈ ਟੀਮ ਵਿਰੁੱਧ ਜਿੱਤ ਦੀ ਹੈਟ੍ਰਿਕ ਦੇ ਟੀਚੇ ਨਾਲ ਉਤਰੇਗੀ।
ਨਿਊਜ਼ੀਲੈਂਡ ਨੇ ਸ਼੍ਰੀਲੰਕਾ ਵਿਰੁੱਧ ਪਹਿਲਾ ਮੁਕਾਬਲਾ 10 ਵਿਕਟਾਂ ਨਾਲ ਇਕਪਾਸੜ ਅੰਦਾਜ਼ ਵਿਚ ਜਿੱਤਿਆ ਸੀ, ਜਦਕਿ ਦੂਜੇ ਮੁਕਾਬਲੇ ਵਿਚ ਬੰਗਲਾਦੇਸ਼ ਤੋਂ ਮਿਲੀ ਸਖਤ ਚੁਣੌਤੀ ਤੋਂ ਬਾਅਦ ਉਸ ਨੇ ਦੋ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਉਸ ਦੇ ਸਾਹਮਣੇ ਹੁਣ ਟਾਂਟਨ ਵਿਚ ਤੀਜੀ ਏਸ਼ੀਆਈ ਟੀਮ ਅਫਗਾਨਿਸਤਾਨ ਹੋਵੇਗੀ, ਜਿਹੜੀ ਆਈ. ਸੀ. ਸੀ. ਵਿਸ਼ਵ ਕੱਪ ਵਿਚ ਆਪਣਾ ਡੈਬਿਊ ਕਰ ਰਹੀ ਹੈ ਅਤੇ ਸ਼ੁਰੂਆਤੀ ਦੋਵਾਂ ਮੈਚਾਂ ਵਿਚ ਆਸਟਰੇਲੀਆ ਤੋਂ 7 ਵਿਕਟਾਂ ਅਤੇ ਸ਼੍ਰੀਲੰਕਾ ਤੋਂ 34 ਦੌੜਾਂ ਨਾਲ ਹਾਰ ਝੱਲ ਚੁੱਕੀ ਹੈ।
ਅਫਗਾਨਿਸਤਾਨ ਕੋਲ ਇਸ ਟੂਰਨਾਮੈਂਟ ਵਿਚ ਗੁਆਉਣ ਲਈ ਕੁਝ ਨਹੀਂ ਹੈ ਪਰ ਵੱਡੀਆਂ ਟੀਮਾਂ ਵਿਰੁੱਧ ਚੰਗਾ ਪ੍ਰਦਰਸ਼ਨ ਉਸ ਦੇ ਭਵਿੱਖ ਅਤੇ ਸਥਿਤੀ ਲਈ ਮਹੱਤਵਪੂਰਨ ਹੈ। ਅਭਿਆਸ ਮੈਚ ਵਿਚ 1992 ਦੀ ਚੈਂਪੀਅਨ ਪਾਕਿਸਤਾਨ ਨੂੰ ਉਲਟਫੇਰ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਉਸ ਤੋਂ ਉਮੀਦਾਂ ਕਾਫੀ ਵਧ ਗਈਆਂ ਹਨ ਅਤੇ ਉਹ ਵੀ ਵਿਸ਼ਵ ਕੱਪ ਵਿਚ ਆਪਣੀ ਪਹਿਲੀ ਜਿੱਤ ਲਈ ਪੂਰਾ ਜ਼ੋਰ ਲਾਏਗੀ। ਅਜਿਹੀ ਹਾਲਤ ਵਿਚ ਨਿਊਜ਼ੀਲੈਂਡ ਲਈ ਉਸ ਨੂੰ ਹਲਕੇ ਵਿਚ ਲੈਣਾ ਭਾਰੀ ਪੈ ਸਕਦਾ ਹੈ।
ਕੇਨ ਵਿਲੀਅਮਸਨ ਦੀ ਕਪਤਾਨੀ ਵਾਲੀ ਕੀਵੀ ਟੀਮ ਬੰਗਲਾਦੇਸ਼ ਵਿਰੁੱਧ ਸਖਤ ਸੰਘਰਸ਼ ਵਿਚ ਜਿੱਤੀ ਸੀ ਅਤੇ ਉਹ ਵੀ ਉਲਟਫੇਰ ਤੋਂ ਬਚਣ ਦੀ ਕੋਸ਼ਿਸ਼ ਕਰੇਗੀ। ਬੰਗਲਾਦੇਸ਼ ਨੇ 244 ਦੌੜਾਂ ਦੇ ਛੋਟੇ ਸਕੋਰ ਦਾ ਬਚਾਅ ਕਰਨ ਲਈ ਵੀ ਸਖਤ ਸੰਘਰਸ਼ ਦਿਖਾਇਆ ਸੀ ਅਤੇ ਨਿਊਜ਼ੀਲੈਂਡ ਨੇ 238 ਦੌੜਾਂ ਦੇ ਸਕੋਰ ਤਕ ਹੀ ਆਪਣੀਆਂ 8 ਵਿਕਟਾਂ ਗੁਆ ਦਿੱਤੀਆਂ। 


author

Gurdeep Singh

Content Editor

Related News