ਟਵਿਟਰ 'ਤੇ ਭਿੜੀਆਂ ਫੋਗਾਟ ਭੈਣਾਂ, ਬਬੀਤਾ ਦੇ ਕਿਸਾਨ ਵਿਰੋਧੀ ਟਵੀਟ 'ਤੇ ਵਿਨੇਸ਼ ਨੇ ਦਿੱਤੀ ਇਹ ਸਲਾਹ
Wednesday, Dec 16, 2020 - 10:30 AM (IST)
ਸਪੋਰਟਸ ਡੈਸਕ : ਕੇਂਦਰ ਦੇ 3 ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੜਕਾਂ 'ਤੇ ਉਤਰੇ ਹੋਏ ਹਨ। ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਪਿਛਲੇ 21 ਦਿਨਾਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਕਈ ਸਿਆਸੀ ਦਲਾਂ ਦੇ ਨਾਲ ਵੱਡੀਆਂ-ਵੱਡੀਆਂ ਹਸਤੀਆਂ ਕਿਸਾਨਾਂ ਦੇ ਪੱਖ ਅਤੇ ਵਿਰੋਧੀ ਪੱਖ ਵਿਚ ਆਪਣੀ ਪ੍ਰਤੀਕਿਰਿਆਵਾਂ ਦੇ ਰਹੀਆਂ ਹਨ। ਇਸ ਮੁੱਦੇ 'ਤੇ ਬਬੀਤਾ ਫੋਗਾਟ ਨੇ ਵੀ ਆਪਣਾ ਪੱਖ ਰੱਖਿਆ ਹੈ। ਉਹ ਲਗਾਤਾਰ ਖੇਤੀਬਾੜੀ ਕਾਨੂੰਨਾਂ ਦਾ ਸਮਰਥਨ ਕਰ ਰਹੀ ਹੈ ਅਤੇ ਇਨ੍ਹਾਂ ਨੂੰ ਕਿਸਾਨਾਂ ਦੇ ਹਿੱਤ ਵਿਚ ਦੱਸ ਰਹੀ ਹਨ ਪਰ ਕਿਸਾਨਾਂ ਦੇ ਮੁੱਦੇ 'ਤੇ ਚਚੇਰੀਆਂ ਭੈਣਾਂ ਬਬੀਤਾ ਫੋਗਾਟ ਅਤੇ ਵਿਨੇਸ਼ ਫੋਗਾਟ ਵਿਚਾਲੇ ਟਵਿਟਰ ਵਾਰ ਛਿੜ ਗਈ ਹੈ।
ਇਹ ਵੀ ਪੜ੍ਹੋ: ਮੁੜ ਦਿਖੇਗਾ 'ਸਿਕਸਰ ਕਿੰਗ' ਯੁਵਰਾਜ ਸਿੰਘ ਦਾ ਜਲਵਾ, ਟੀ-20 'ਚ ਕੀਤੇ ਗਏ ਸ਼ਾਮਲ
ਦਰਅਸਲ ਬੀਤੇ ਦਿਨ ਬਬੀਤਾ ਫੋਗਾਟ ਨੇ ਇਕ ਟਵੀਟ ਕੀਤਾ ਸੀ, ਜਿਸ ਵਿਚ ਉਨ੍ਹਾਂ ਨੇ ਕਿਸਾਨ ਅੰਦੋਲਨ ਨੂੰ ਟੁੱਕੜੇ-ਟੁੱਕੜੇ ਗੈਂਗ ਵੱਲੋਂ ਹਾਈਜੈਕ ਕਰਣ ਦਾ ਇਲਜ਼ਾਮ ਲਗਾਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਘਰ ਵਾਪਸ ਜਾਣ ਦੀ ਅਪੀਲ ਵੀ ਕੀਤੀ ਹੈ। ਉਥੇ ਹੀ ਵਿਨੇਸ਼ ਨੇ ਆਪਣੇ ਟਵਿਟਰ ਹੈਂਡਲ 'ਤੇ ਲਿਖਿਆ ਕਿ ਇਕ ਖਿਡਾਰੀ ਹਮੇਸ਼ਾ ਖਿਡਾਰੀ ਹੀ ਹੁੰਦਾ ਹੈ, ਭਾਵੇਂ ਉਹ ਕਿਸੇ ਵੀ ਫੀਲਡ ਵਿਚ ਕਿਉਂ ਨਾ ਚਲਾ ਜਾਵੇ।
ਬਬੀਤਾ ਫੋਗਾਟ ਨੇ ਲਿਖਿਆ ਸੀ, 'ਹੁਣ ਲੱਗਦਾ ਹੈ ਕਿਸਾਨ ਅੰਦੋਲਨ ਨੂੰ ਟੁੱਕੜੇ-ਟੁੱਕੜੇ ਗੈਂਗ ਨੇ ਹਾਈਜੈਕ ਕਰ ਲਿਆ ਹੈ । ਸਾਰੇ ਕਿਸਾਨ ਭਰਾਵਾਂ ਨੂੰ ਹੱਥ ਜੋੜ ਕੇ ਅਪੀਲ ਕਰਦੀ ਹਾਂ ਕ੍ਰਿਪਾ ਕਰਕੇ ਆਪਣੇ ਘਰ ਵਾਪਸ ਪਰਤ ਜਾਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਦੇ ਵੀ ਕਿਸਾਨ ਭਰਾਵਾਂ ਦਾ ਹੱਕ ਨਹੀਂ ਮਰਨ ਦੇਣਗੇ। ਕਾਂਗਰਸੀ ਅਤੇ ਖੱਬੇਪੱਖੀ ਲੋਕ ਕਿਸਾਨ ਦਾ ਭਲਾ ਕਦੇ ਨਹੀਂ ਕਰ ਸੱਕਦੇ।'
ਇਹ ਵੀ ਪੜ੍ਹੋ: ਅਹਿਮ ਖ਼ਬਰ: ਫਿਰ ਮਹਿੰਗਾ ਹੋਇਆ LPG ਗੈਸ ਸਿਲੰਡਰ, ਜਾਣੋ ਨਵੀਂ ਕੀਮਤ
ਇਸ ਦੇ ਇਲਾਵਾ ਬਬੀਤਾ ਫੋਗਾਟ ਨੇ ਐਸ.ਵਾਈ.ਐਲ (ਸਤਲੁਜ-ਜਮੁਨਾ ਲਿੰਕ ਨਹਿਰ) ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਨੇ ਇਕ ਹੋਰ ਟਵੀਟ ਕਰਦੇ ਹੋਏ ਲਿਖਿਆ, 'ਐਸ.ਵਾਈ.ਐਲ. ਹਰਿਆਣਾ ਦੀ ਜੀਵਨ ਰੇਖਾ ਹੈ, ਇਸ ਲਈ ਪੰਜਾਬ ਨੂੰ ਅਪੀਲ ਕਰਦੀ ਹਾਂ ਹਰਿਆਣੇ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਹਿੱਸੇ ਦਾ ਪਾਣੀ ਜ਼ਰੂਰ ਦੇਣ। ਹਰਿਆਣੇ ਦੇ ਕਿਸਾਨਾਂ ਦੇ ਹਿੱਤਾਂ ਬਾਰੇ ਪੰਜਾਬ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ। ਸਤਲੁਜ ਦਾ ਫਾਲਤੂ ਪਾਣੀ ਕਿਤੇ ਵੀ ਜਾਵੇ ਪਰ ਹਰਿਆਣੇ ਦੇ ਕਿਸਾਨ ਨੂੰ ਨਹੀਂ ਦੇਣਾ ਇਹ ਕਿਹੜੀ ਸੱਮਝਦਾਰੀ ਹੈ।'
ਵਿਨੇਸ਼ ਨੇ ਨਾਮ ਲਏ ਬਿਨਾਂ ਕੀਤਾ ਪਲਟਵਾਰ
ਵਿਨੇਸ਼ ਫੋਗਾਟ ਨੇ ਆਪਣੇ ਟਵੀਟ ਵਿਚ ਕਿਸੇ ਨੂੰ ਟੈਗ ਕੀਤੇ ਬਿਨਾਂ ਲਿਖਿਆ ਕਿ ਇਕ ਖਿਡਾਰੀ ਹਮੇਸ਼ਾ ਇਕ ਖਿਡਾਰੀ ਹੀ ਰਹਿੰਦਾ ਹੈ, ਭਾਵੇਂ ਉਹ ਕਿਸੇ ਵੀ ਫੀਲਡ ਵਿਚ ਚਲਾ ਜਾਵੇ। ਮੇਰੀ ਖਿਡਾਰੀਆਂ, ਖ਼ਾਸ ਤੌਰ 'ਤੇ ਹਰਿਆਣੇ ਦੇ ਖਿਡਾਰੀਆਂ ਨੂੰ ਬੇਨਤੀ ਹੈ... ਰਾਜਨੀਤੀ ਕਰਣਾ ਚੰਗੀ ਗੱਲ ਹੈ, ਪਰ ਜਿਵੇਂ ਕਿ ਤੁਸੀਂ ਆਪਣੇ ਖੇਡ ਨਾਲ ਦੇਸ਼, ਪ੍ਰਦੇਸ਼, ਸਮਾਜ ਅਤੇ ਆਪਣੇ ਪਰਿਵਾਰ ਦਾ ਨਾਮ ਹਮੇਸ਼ਾ ਉੱਚਾ ਕੀਤਾ ਹੈ... ਉਸੇ ਮਾਨ ਅਤੇ ਸਨਮਾਨ ਨੂੰ ਬਣਾਈ ਰੱਖੋ ਰਾਜਨੀਤੀ ਵਿਚ ਵੀ। ਉਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਕੁੱਝ ਗੱਲਾਂ ਬੋਲ ਕੇ ਦੁਖ਼ੀ ਨਾ ਕਰੋ, ਜੋ ਖੇਡਾਂ ਦੇ ਮੈਦਾਨ ਵਿਚ ਇਕ ਖਿਡਾਰੀ ਨੂੰ ਬਣਾਉਣ ਵਿਚ ਹਮੇਸ਼ਾ ਯੋਗਦਾਨ ਦਿੰਦੇ ਹਨ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।