ਖੇਡ ਰਤਨ ਪੰਜਾਬ ਦੇ : ਮਣਾਂ ਮੂੰਹੀ ਮੈਡਲ ਜਿੱਤਣ ਵਾਲਾ ‘ਮਹਿੰਦਰ ਸਿੰਘ ਗਿੱਲ’

08/04/2020 12:25:41 PM

ਲੜੀ-20

ਨਵਦੀਪ ਸਿੰਘ ਗਿੱਲ

ਮਹਿੰਦਰ ਸਿੰਘ ਗਿੱਲ ਤੀਹਰੀ ਛਾਲ ਵਿੱਚ ਭਾਰਤ ਦਾ ਮੋਹਰੀ ਅਥਲੀਟ ਰਿਹਾ ਹੈ। ਉਸ ਦੀਆਂ ਚੁੰਗੀਆਂ ਭਰਦੀਆਂ ਲੱਤਾਂ ਨੇ ਮਣਾਂ ਮੂੰਹੀ ਮੈਡਲ ਜਿੱਤੇ ਹਨ। ਸਕੂਲ ਨੈਸ਼ਨਲ ਖੇਡਾ ਤੋਂ ਪ੍ਰੀ ਓਲੰਪਿਕ ਅਤੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੀ ਨੈਸ਼ਨਲ ਤੋਂ ਇਨਵੀਟੇਸ਼ਨ ਟੂਰਨਾਮੈਂਟ ਤੱਕ ਮਹਿੰਦਰ ਨੇ ਡੇਢ ਦਹਾਕਿਆਂ ਦੇ ਸਮੇਂ ਵਿੱਚ ਮੈਡਲਾਂ ਦਾ ਸੈਂਕੜਾ ਪਾਰ ਕੀਤਾ। 1970 ਦੇ ਦਹਾਕੇ ਵਿੱਚ ਉਹ 4 ਵਾਰ ਏਸ਼ੀਆ ਦਾ ਚੈਂਪੀਅਨ ਰਿਹਾ। 3 ਵਾਰ ਏਸ਼ੀਅਨ ਚੈਂਪੀਅਨਸ਼ਿਪ ਤੇ 1 ਵਾਰ ਏਸ਼ਿਆਈ ਖੇਡਾਂ। ਪ੍ਰੀ ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਮਗਾ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਦੋ ਤਮਗੇ (ਚਾਂਦੀ ਤੇ ਕਾਂਸੀ) ਜਿੱਤਣ ਵਾਲਾ ਉਹ ਇਕਲੌਤਾ ਭਾਰਤੀ ਅਥਲੀਟ ਸੀ। ਸਾਢੇ ਸਤਵੰਜਾ ਫੁੱਟ ਦੀ ਛਾਲ ਨਾਲ ਉਸ ਨੇ ਵਿਸ਼ਵ ਰਿਕਾਰਡ ਨੂੰ ਵੀ ਤੋੜ ਦਿੱਤਾ ਸੀ, ਜੇ ਵਿਵਾਦਮਈ ਫਾਊਲ ਉਸ ਦੇ ਉਲਟ ਨਾ ਗਿਆ ਹੁੰਦਾ। ਵਿਸ਼ਵ ਪੱਧਰ ਦੀਆਂ ਵੱਡੀਆਂ ਅਥਲੈਟਿਕਸ ਮੀਟਾਂ ਵਿੱਚ 52 ਸੋਨ ਤਮਗੇ ਜਿੱਤਣ ਵਾਲੇ ਮਹਿੰਦਰ ਨੇ 19 ਨਵੇਂ ਮੀਟ ਰਿਕਾਰਡ ਵੀ ਸਥਾਪਤ ਕੀਤੇ। ਸਾਰੀ ਉਮਰ ਉਹ ਆਪਣੇ ਦਮ 'ਤੇ ਅਮਰੀਕਾ ਰਹਿ ਕੇ ਪ੍ਰੈਕਟਿਸ ਕਰਦਾ ਰਿਹਾ ਪਰ ਤਮਗਿਆਂ ਨਾਲ ਝੋਲੀ ਭਾਰਤ ਦੀ ਭਰਦਾ ਰਿਹਾ। ਅਮਰੀਕਾ ਪੜ੍ਹਦਾ ਹੋਇਆ ਉਹ ਪੰਜ ਵਾਰ ਤਾਂ ਅਮਰੀਕਾ ਦਾ ਚੈਂਪੀਅਨ ਬਣਿਆ। ਇਥੋਂ ਤੱਕ ਕਿ ਲੰਬੀ ਛਾਲ ਦੇ 52 ਵਰ੍ਹਿਆਂ ਤੋਂ ਵਿਸ਼ਵ ਰਿਕਾਰਡ ਹੋਲਡਰ ਚੱਲੇ ਆ ਰਹੇ ਵਿਸ਼ਵ ਦੇ ਮਹਾਨ ਅਥਲੀਟ ਬਾਬ ਬੀਮਨ ਦਾ ਤੀਹਰੀ ਛਾਲ ਦਾ ਰਿਕਾਰਡ ਮਹਿੰਦਰ ਨੇ ਹੀ ਤੋੜਿਆ। ਭਾਰਤ ਦਾ ਝੰਡਾ ਬੁਲੰਦ ਕਰਨ ਵਾਲੇ ਇਸ ਮਹਾਨ ਅਥਲੀਟ ਦੀ ਉਸ ਵੇਲੇ ਦੇ ਅਥਲੈਟਿਕਸ ਫੈਡਰੇਸ਼ਨ ਦੇ ਕਰਤਾ ਧਰਤਾਵਾਂ ਨੇ ਕਦਰ ਤਾਂ ਕੀ ਪਾਉਣੀ ਸੀ ਬਲਕਿ ਸਾਰਾ ਜ਼ੋਰ ਉਸ ਦਾ ਕਰੀਅਰ ਤਬਾਹ ਕਰਨ ਉਤੇ ਲਾਈ ਰੱਖਿਆ ਪਰ ਮਾਂ ਦਾ ਸ਼ੇਰ ਮਹਿੰਦਰ ਵੀ ਹਰ ਧੱਕੇ ਤੋਂ ਬਾਅਦ ਹੋਰ ਤਕੜਾ ਹੋ ਅਥਲੈਟਿਕਸ ਫੀਲਡ ਵਿੱਚ ਨਿਤਰਦਾ ਅਤੇ ਆਪਣੀ ਛਾਲ ਵਿੱਚ ਇਜਾਫਾ ਕਰਕੇ ਜਵਾਬ ਦਿੰਦਾ। ਭਾਰਤ ਦਾ ਖੇਡਾਂ ਵਿੱਚ ਨਾਂ ਚਮਕਾਉਣ ਲਈ ਉਸ ਨੂੰ ਅਮਰੀਕਾ ਵਿੱਚ ਆਪਣੀ ਨੌਕਰੀ ਗਵਾਉਣੀ ਪਈ। ਮਹਿੰਦਰ ਨੂੰ ਖੇਡਾਂ ਵਿੱਚ ਕੁਝ ਕਰ ਦਿਖਾਉਣ ਲਈ ਖੇਡ ਮੈਦਾਨ ਦੀ ਬਜਾਏ ਬਾਹਰ ਖੇਡਾਂ ਦੇ ਅਲੰਬਰਦਾਰਾਂ ਨਾਲ ਜਦੋ ਜਹਿਦ ਵਿੱਚ ਵੱਧ ਪਸੀਨਾ ਵਹਾਉਣਾ ਪਿਆ।

PunjabKesari

ਦੇਸ਼ ਵਿਚਲੇ ਅਥਲੈਟਿਕਸ ਦੇ ਘੜੰਮ ਚੌਧਰੀਆਂ ਨੇ ਉਸ ਦੀ ਕਦਰ ਨਹੀਂ ਪਾਈ ਪਰ ਵਿਦੇਸ਼ਾਂ ਦੀਆਂ ਸਰਕਾਰਾਂ ਉਸ ਦੇ ਮਗਰ ਮਗਰ ਫਿਰਦੀਆਂ ਰਹੀਆਂ। ਧਿਆਨ ਚੰਦ ਦੀ ਹਾਕੀ ਦੇਖ ਕੇ ਜਿਵੇਂ ਹਿਟਲਰ ਨੇ ਉਸ ਨੂੰ ਜਰਮਨੀ ਵੱਲੋਂ ਖੇਡਣ ਦੀ ਆਫਰ ਕੀਤੀ ਸੀ ਉਵੇਂ ਚੁੰਗੀਆਂ ਭਰਦੇ ਮਹਿੰਦਰ ਨੂੰ ਦੇਖ ਕੇ ਅਮਰੀਕਾ ਤੇ ਕੈਨੇਡਾ ਦੋਵਾਂ ਦੇਸ਼ਾਂ ਨੇ ਉਸ ਨੂੰ ਆਪਣੇ ਦੇਸ਼ ਵੱਲੋਂ ਖੇਡਣ ਲਈ ਸਿਟੀਜ਼ਨਸ਼ਿਪ ਆਫਰ ਕੀਤੀ। ਮਹਿੰਦਰ ਨੇ ਵੀ ਧਿਆਨ ਚੰਦ ਵਾਂਗ ਤਾਉਮਰ ਭਾਰਤ ਵੱਲੋਂ ਕੌਮਾਂਤਰੀ ਮੁਕਾਬਲਿਆਂ ਵਿੱਚ ਪ੍ਰਤੀਨਿਧਤਾ ਕੀਤੀ। ਤਰਾਸਦੀ ਦੇਖੋ ਭਾਰਤੀ ਅਥਲੈਟਿਕਸ ਦਾ ਸੁਨਹਿਰੀ ਪੰਨਾ ਲਿਖਣ ਵਾਲੇ ਇਸ ਅਥਲੀਟ ਨੂੰ ਕਦੇ ਵੀ ਉਸ ਦੀਆਂ ਪ੍ਰਾਪਤੀਆਂ ਕਰਕੇ ਬਣਦਾ ਮਾਣ ਸਤਿਕਾਰ ਨਹੀਂ ਮਿਲਿਆ। ਹਾਲਾਂਕਿ ਅਮਰੀਕਾ ਵਿੱਚ ਉਹ ਬਹੁਤ ਪ੍ਰਸਿੱਧ ਹੈ। ਉਥੇ ਉਸ ਦੀ ਗਿਣਤੀ ਦੁਨੀਆਂ ਦੇ ਵੱਡੇ ਅਥਲੀਟਾਂ ਵਿੱਚ ਹੁੰਦੀ ਹੈ। ਅਮਰੀਕਾ ਦੀ ਧਰਤੀ 'ਤੇ ਪਿਛਲੇ ਪੰਜ ਦਹਾਕਿਆਂ ਤੋਂ ਰਹਿ ਰਹੇ ਮਹਿੰਦਰ ਦਾ ਦਿਲ ਹਮੇਸ਼ਾ ਭਾਰਤ ਲਈ ਧੜਕਦਾ ਹੈ। ਅਮਰੀਕਾ ਵਿੱਚ ਖੇਡਾਂ ਦਾ ਸਮਾਨ ਬਣਾਉਣ ਵਾਲੀ ਵੱਡੀ ਕੰਪਨੀ ਚਲਾ ਰਹੇ ਮਹਿੰਦਰ ਲਈ ਜਦੋਂ ਵੀ ਦਸਵੰਧ ਕੱਢਣ ਦੀ ਵਾਰੀ ਆਉਂਦੀ ਹੈ ਤਾਂ ਉਹ ਆਪਣੇ ਦੇਸ਼ ਵਿੱਚ ਦਾਨ-ਪੁੰਨ ਕਰਦਾ ਹੈ। ਲੱਖਾਂ ਦਾ ਸਮਾਨ ਭਾਰਤ ਵਿੱਚ ਲੋੜਵੰਦ ਖਿਡਾਰੀਆਂ ਨੂੰ ਮੁਫਤ ਵੰਡ ਚੁੱਕਾ ਹੈ। ਕਈ ਖਿਡਾਰੀਆਂ ਨੂੰ ਅਮਰੀਕਾ ਦੀ ਸਕਾਲਰਸ਼ਿਪ ਦਿਵਾ ਚੁੱਕਾ ਹੈ।

PunjabKesari

ਮਹਿੰਦਰ ਦਾ ਸੰਘਰਸ਼ ਉਸ ਦੇ ਜਨਮ ਤੋਂ ਕੁੱਝ ਸਮੇਂ ਬਾਅਦ ਹੀ ਸ਼ੁਰੂ ਹੋ ਗਿਆ ਸੀ। ਕਾਗਜ਼ਾਂ ਵਿੱਚ ਉਸ ਦੀ ਜਨਮ ਮਿਤੀ 12 ਅਪਰੈਲ 1947 ਹੈ ਪਰ ਅਸਲ ਵਿੱਚ ਉਸ ਦਾ ਜਨਮ ਦਸੰਬਰ 1944 ਜਾਂ ਜਨਵਰੀ 1945 ਦਾ ਹੈ, ਜਿਸ ਬਾਰੇ ਪੱਕਾ ਪਤਾ ਉਸ ਨੂੰ ਹੁਣ ਤੱਕ ਵੀ ਨਹੀਂ ਲੱਗਿਆ। ਇੰਨਾ ਕੁ ਪਤਾ ਸੰਤਾਲੀ ਦੀ ਵੰਡ ਵੇਲੇ ਜਦੋਂ ਉਸਦਾ ਪਰਿਵਾਰ ਪਾਕਿਸਤਾਨ ਤੋਂ ਉਜੜ ਕੇ ਭਾਰਤ ਆਇਆ ਸੀ ਤਾਂ ਉਹ ਢਾਈ-ਪੌਣੇ ਦੋ ਸਾਲਾਂ ਦਾ ਸੀ, ਜਿਸ ਤੋਂ ਉਹ ਆਪਣੀ ਜਨਮ ਦਾ ਅੰਦਾਜ਼ਾ ਲਾਉਂਦਾ ਹੈ। ਅਥਲੀਟ ਮਿਲਖਾ ਸਿੰਘ ਤੇ ਫੁਟਬਾਲਰ ਜਰਨੈਲ ਸਿੰਘ ਵਾਂਗ ਉਹ ਵੀ ਮਸਾਂ ਬਚਦਾ ਬਚਾਉਂਦਾ ਭਾਰਤ ਆਇਆ ਸੀ। ਧੰਨਾ ਸਿੰਘ ਗਿੱਲ ਦੇ ਘਰ ਮਾਤਾ ਨਸੀਬ ਕੌਰ ਦੀ ਕੁਖੋਂ ਜਨਮੇ ਮਹਿੰਦਰ ਦੇ ਵੱਡੇ ਵਡੇਰਿਆਂ ਦਾ ਪਿੰਡ ਜਲੰਧਰ ਛਾਉਣੀ ਦੀ ਬੁੱਕਲ ਵਿੱਚ ਵਸਿਆ ਪਿੰਡ ਜਮਸ਼ੇਰ ਸੀ। ਉਸ ਦਾ ਦਾਦਾ-ਪੜਦਾਦਾ ਨਨਕਾਣਾ ਸਾਹਿਬ ਦੇ ਨੇੜੇ ਜੜ੍ਹਾ ਆਲੀ ਕੋਲ ਲਾਇਲਪੁਰ ਦੇ ਚੱਕ 95/96 ਵਿੱਚ ਜਾ ਵਸੇ ਸਨ। ਗਿੱਲਾਂ ਦੇ ਘਰਾਂ ਨੇ ਉਥੇ ਜਾ ਕੇ ਪਿੰਡ ਦਾ ਨਾਂ ਜਮਸ਼ੇਰ ਰੱਖ ਲਿਆ ਸੀ। ਆਜ਼ਾਦੀ ਮਿਲਣ 'ਤੇ ਉਸ ਦੇ ਪਰਿਵਾਰ ਨੂੰ ਛੱਡ ਕੇ ਭਾਰਤ ਆਉਣਾ ਪਿਆ। ਵੱਢ-ਟੁੱਕ ਦੇ ਮਾਹੌਲ ਵਿੱਚ ਮਹਿੰਦਰ ਦੇ ਮਾਸੜ ਦੇ ਪਿਉ ਦਾ ਕਤਲ ਹੋ ਗਿਆ। ਪਰਿਵਾਰ ਨੇ ਗੱਡਿਆਂ ਉਤੇ ਭਾਂਡੇ-ਟੀਡੇ ਲੈ ਕੇ ਚਾਲੇ ਪਾ ਦਿੱਤੇ। ਨਿੱਕੇ ਨਿਆਣੇ ਗੱਡਿਆਂ ਵਿੱਚ ਸਮਾਨ ਹੇਠਾਂ ਲੁਕਾ ਕੇ ਬਿਠਾ ਦਿੱਤੇ। ਜਿਸ ਗੱਡੇ ਉਤੇ ਨਿੱਕਾ ਮਹਿੰਦਰ ਬੈਠਾ ਆ ਰਿਹਾ ਸੀ ਉਸੇ ਉਤੇ ਬੈਠਾ ਇਕ ਵੱਡਾ ਨਿਆਣਾ ਹਜ਼ੂਮੀਆਂ ਦਾ ਸ਼ਿਕਾਰ ਹੋ ਕੇ ਜਾਨ ਤੋਂ ਹੱਥ ਧੋ ਬੈਠਾ। ਮਹਿੰਦਰ ਭਾਰਤੀ ਅਥਲੈਟਿਕਸ ਦੀ ਕਿਸਮਤ ਲਈ ਬਚ ਗਿਆ। ਰਾਵੀ ਦਰਿਆ ਵਿੱਚ ਹੜ੍ਹ ਆਉਣ ਕਾਰਨ ਉਨ੍ਹਾਂ ਦੇ ਗੱਡੇ ਰਾਵੀ ਦੇ ਕੰਢੇ ਬੱਲੋ ਦੇ ਹੈਡ ਕੋਲ ਮਹੀਨਾ ਭਰ ਰੁਕੇ ਰਹੇ। ਮਸਾਂ ਕਿਤੇ ਜਾ ਕੇ ਉਨ੍ਹਾਂ ਦਾ ਪਰਿਵਾਰ ਭਾਰਤ ਆਇਆ ਜਿੱਥੇ ਉਨ੍ਹਾਂ ਜਲੰਧਰ ਦੀ ਬੁੱਕਲ ਵਿੱਚ ਹੀ ਪਿੰਡ ਫੋਲੜੀਵਾਲ ਡੇਰਾ ਲਾ ਲਿਆ। ਮਹਿੰਦਰ ਹੁਰੀਂ ਛੇ ਭਰਾ ਤੇ ਇਕ ਭੈਣ ਹਨ। ਸੱਤਾਂ ਜੀਆਂ ਵਿੱਚੋਂ ਉਹ ਚੌਥੇ ਨੰਬਰ 'ਤੇ ਹੈ। ਦੋ ਭਰਾ ਤੇ ਇਕੌਲਤੀ ਭੈਣ ਵੱਡੀ ਹੈ। ਛੋਟੇ ਹੁੰਦਿਆਂ ਤਾਂ ਉਸ ਦਾ ਕੁਝ ਸਮਾਂ ਬੰਗਾਲ ਵੀ ਬੀਤਿਆ ਜਦੋਂ ਘਰਦਿਆਂ ਨੇ ਟਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ ਸੀ।

PunjabKesari

ਮਹਿੰਦਰ ਦੀ ਅਥਲੈਟਿਕਸ ਵਿੱਚ ਸ਼ੁਰੂਆਤ ਵੀ ਬੜੀ ਦਿਲਚਸਪ ਹੈ। ਛੋਟੇ ਹੁੰਦਿਆਂ ਉਹ ਪਿੰਡ ਵਿੱਚ ਵਾਲੀਬਾਲ ਖੇਡਦਾ ਸੀ। ਉਸ ਦੇ ਸਕੂਲੀ ਦਿਨਾਂ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਵੱਲੋਂ ਜਲੰਧਰ ਵਿਖੇ ਏਸ਼ੀਆ ਦਾ ਪਹਿਲਾ ਸਪੋਰਟਸ ਸਕੂਸ ਬਣਾਇਆ ਗਿਆ। 1962-64 ਦੇ ਪਹਿਲੇ ਬੈਚ ਵਿੱਚ ਪੂਰੇ ਪੰਜਾਬ ਤੋਂ ਚੁਣੇ ਗਏ 60 ਖਿਡਾਰੀਆਂ ਵਿੱਚ ਮਹਿੰਦਰ ਵੀ ਇਕ ਸੀ। ਉਸ ਵੇਲੇ ਸਾਂਝਾ ਪੰਜਾਬ ਸੀ ਜਿਸ ਕਾਰਨ ਸਪੋਰਟਸ ਸਕੂਲ ਵਿੱਚ ਦਾਖਲਾ ਖਾਲਾ ਜੀ ਦਾ ਵਾੜਾ ਨਹੀਂ ਸੀ। ਮਹਿੰਦਰ ਦੀ ਚੋਣ ਵਾਲੀਬਾਲ ਖੇਡ ਵਿੱਚ ਹੋਈ ਸੀ। ਵਾਲੀਬਾਲ ਵਾਲੇ ਉਸ ਨੂੰ ਬਾਹਰ ਬਿਠਾ ਦਿੰਦੇ ਜਿਸ ਕਾਰਨ ਉਸ ਨੇ ਬੇਇੱਜ਼ਤੀ ਮਹਿਸੂਸ ਕਰਨੀ। ਉਸ ਦਾ ਦਿਲ ਅਥਲੈਟਿਕਸ ਸ਼ੁਰੂ ਕਰਨ ਲਈ ਲੋਚਣਾ ਪਰ ਉਸ ਦੀ ਚੋਣ ਵਾਲੀਬਾਲ ਵਿੱਚ ਹੋਈ ਕਰਕੇ ਅਥਲੈਟਿਕਸ ਵਾਲੇ ਉਸ ਨੂੰ ਮੂੰਹ ਨਾ ਲਾਉਂਦੇ। ਉਨ੍ਹਾਂ ਦਿਨਾਂ ਵਿੱਚ ਜਲੰਧਰ ਦੇ ਭਾਰਗੋ ਕੈਂਪ ਮਿਡਲ ਸਕੂਲ ਵਿੱਚ ਖੇਡਾਂ ਹੋਈਆਂ ਤਾਂ ਮਹਿੰਦਰ ਨੂੰ ਫੁਟਬਾਲ ਟੀਮ ਵਿੱਚ ਗੋਲ ਕੀਪਰ ਬਣਾ ਕੇ ਲੈ ਗਏ। ਉਥੇ ਜਾ ਕੇ ਉਸ ਨੇ ਸਾਢੇ 34 ਫੁੱਟ ਦੀ ਤੀਹਰੀ ਛਾਲ ਅਤੇ ਸਵਾ ਪੰਜ ਫੁੱਟ ਦੀ ਉਚੀ ਛਾਲ ਲਗਾ ਕੇ ਪਹਿਲਾ ਸਥਾਨ ਹਾਸਲ ਕਰ ਲਿਆ। ਇੰਝ ਉਹ ਅਥਲੈਟਿਕਸ ਦੇ ਰਾਹ ਪੈ ਗਿਆ।

PunjabKesari

ਅਥਲੈਟਿਕਸ ਕੋਚ ਨੂੰ ਮਹਿੰਦਰ ਵਿੱਚ ਚੰਗੇ ਜੰਪਰ ਦੀ ਸਮਰੱਥਾ ਲੱਗੀ ਜਿਸ ਕਾਰਨ ਉਸ ਨੇ ਤੀਹਰੀ ਛਾਲ ਲਈ ਮਹਿੰਦਰ ਨੂੰ ਇਕ ਲੱਤ ਉਤੇ ਟੱਪਣ ਦਾ ਅਭਿਆਸ ਸ਼ੁਰੂ ਕਰਵਾ ਦਿੱਤਾ। ਉਸ ਵੇਲੇ ਸਪੋਰਟਸ ਸਕੂਲ ਜਲੰਧਰ ਤੋਂ ਕਪੂਰਥਲਾ ਵਾਲੇ ਪਾਸੇ ਟਿੱਬੇ ਹੁੰਦੇ ਸਨ ਜਿੱਥੇ ਉਹ ਨਿਰੰਤਰ ਅਭਿਆਸ ਕਰਦਾ। ਪਹਿਲੇ ਦਿਨ ਉਹ ਇਕ ਲੱਤ ਉਤੇ 100 ਮੀਟਰ ਤੱਕ ਟੱਪਦਾ ਤੇ ਦੂਜੇ ਦਿਨ ਦੂਜੀ ਲੱਤ ਉਤੇ। ਪੰਜਾਬ ਸਟੇਟ ਖੇਡਾਂ ਹੋਈਆਂ ਤਾਂ ਮਹਿੰਦਰ ਨੇ ਉਚੀ ਛਾਲ ਵਿੱਚ ਪਹਿਲਾ ਤੇ ਤੀਹਰੀ ਛਾਲ ਵਿੱਚ ਦੂਜਾ ਸਥਾਨ ਹਾਸਲ ਕੀਤਾ। ਭੋਪਾਲ ਵਿਖੇ ਨੈਸ਼ਨਲ ਸਕੂਲ ਖੇਡਾਂ ਹੋਣੀਆਂ ਸਨ। ਮਹਿੰਦਰ ਵੀ ਬਾਕੀ ਟੀਮ ਨਾਲ ਰੇਲ ਰਾਹੀਂ ਹਿੱਸਾ ਲੈਣ ਗਿਆ। ਮਹਿੰਦਰ ਦੱਸਦਾ ਹੈ ਕਿ ਰੇਲ ਗੱਡੀ ਦੇ ਚਾਅ ਵਿੱਚ ਉਹ ਡੱਬੇ ਤੋਂ ਬਾਹਰ ਮੂੰਹ ਕੱਢ ਕੇ ਸਾਰੇ ਰਾਹ ਦੇਖਦੇ ਗਏ ਅਤੇ ਕੋਲੇ ਵਾਲੇ ਇੰਜਣ ਕਾਰਨ ਉਨ੍ਹਾਂ ਦਾ ਸਾਰਾ ਮੂੰਹ-ਸਿਰ ਕਾਲਖ ਨਾਲ ਭਰ ਗਿਆ। ਨੈਸ਼ਨਲ ਲਈ ਮਹਿੰਦਰ ਨੇ ਸਟੇਟ ਖੇਡਾਂ ਨਾਲੋਂ ਵੀ ਵਧ ਕੇ ਤਿਆਰੀ ਕੀਤੀ ਸੀ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਪਹਿਲੇ ਸਾਲ ਹੀ ਉਹ ਤੀਹਰੀ ਤੇ ਉਚੀ ਛਾਲ ਦੋਵਾਂ ਵਿੱਚ ਨੈਸ਼ਨਲ ਚੈਂਪੀਅਨ ਬਣ ਗਿਆ। ਅਗਲੇ ਸਾਲ ਅਹਿਮਦਾਬਾਦ ਵਿਖੇ ਨੈਸ਼ਨਲ ਸਕੂਲ ਖੇਡਾਂ ਹੋਈਆਂ ਤਾਂ ਮਹਿੰਦਰ ਨੇ ਦੋ ਕਦਮ ਹੋਰ ਵਧਦਿਆਂ ਤੀਹਰੀ ਤੇ ਉਚੀ ਛਾਲ ਦੇ ਨਾਲ ਲੰਬੀ ਛਾਲ ਤੇ ਦੌੜ ਵਿੱਚ ਵੀ ਚੈਂਪੀਅਨ ਬਣਦਿਆਂ ਚਾਰ ਸੋਨ ਤਮਗੇ ਜਿੱਤ ਲਏ। ਤੀਜੇ ਸਾਲ ਨੈਸ਼ਨਲ ਖੇਡਾਂ ਲਈ ਪੰਜਾਬ ਡਿਸਕੁਆਲੀਫਾਈ ਹੋ ਗਿਆ ਸੀ ਕਿਉਂਕਿ ਹਾਕੀ ਮੈਚ ਵਿੱਚ ਲੜਾਈ ਹੋਣ ਕਰਕੇ ਪੰਜਾਬ ਉਤੇ ਬੈਨ ਲੱਗ ਗਿਆ ਸੀ।

PunjabKesari

ਅਥਲੈਟਿਕਸ ਫੀਲਡ ਵਿੱਚ ਮਹਿੰਦਰ ਦੀ ਪੂਰੀ ਚੜ੍ਹ ਮੱਚੀ ਸੀ। ਮਹਿੰਦਰ ਨੇ ਸਕੂਲੀ ਦਿਨਾਂ ਵਿੱਚ 48 ਫੁੱਟ ਸਾਢੇ ਚਾਰ ਇੰਚ ਦੀ ਤੀਹਰੀ ਛਾਲ ਲਗਾ ਦਿੱਤੀ ਸੀ। ਸਕੂਲੇ ਪੜ੍ਹਦਾ ਉਹ ਜੂਨੀਅਰ ਨੈਸ਼ਨਲ ਲਈ ਚੁਣਿਆ ਗਿਆ। ਉਨ੍ਹਾਂ ਦਿਨਾਂ ਵਿੱਚ ਮਹਿੰਦਰ ਚੰਡੀਗੜ੍ਹ ਕੈਂਪ ਵਿੱਚ ਸੀ ਕਿ ਕੁਰੂਕਸ਼ੇਤਰਾ ਯੂਨੀਵਰਸਿਟੀ ਤੋਂ ਡੀ.ਪੀ.ਈ. ਗੋਇਲ ਉਸ ਨੂੰ ਆਪਣੀ ਯੂਨੀਵਰਸਿਟੀ ਵਿੱਚ ਦਾਖਲਾ ਦਿਵਾਉਣ ਦੀ ਆਫਰ ਲੈ ਕੇ ਮਿਲਿਆ। ਮਹਿੰਦਰ ਨੇ ਆਪਣੀ ਵੁੱਕਤ ਪੈਂਦੀ ਦੇਖ ਕੇ ਪੈਂਦੇ ਸੱਟੇ ਕਹਿ ਦਿੱਤਾ ਕਿ ਉਹ ਆਪਣੇ ਦੋ ਦੋਸਤਾਂ ਹਰਨਾਮ ਸਿੰਘ ਤੇ ਦੇਵੀ ਦਿਆਲ ਦੇ ਨਾਲ ਇਕੱਠਿਆਂ ਹੀ ਦਾਖਲਾ ਲਵੇਗਾ। ਹਰਨਾਮ 100 ਤੇ 200 ਮੀਟਰ ਦੌੜਦਾ ਸੀ ਤੇ ਦੇਵੀ ਦਿਆਲ ਥਰੋਅਰ ਸੀ। ਕੁਰੂਕਸ਼ੇਤਰਾ ਯੂਨੀਵਰਸਿਟੀ ਵਾਲੇ ਕਿਸੇ ਵੀ ਕੀਮਤ 'ਤੇ ਮਹਿੰਦਰ ਨੂੰ ਦਾਖਲ ਕਰਨਾ ਚਾਹੁੰਦੇ ਸਨ ਜਿਸ ਕਾਰਨ ਉਸ ਦੀ ਸ਼ਰਤ ਮੰਨੀ ਗਈ। ਤਿੰਨੇ ਦੋਸਤ ਡੀ.ਪੀ.ਈ.ਗੋਇਲ ਨਾਲ ਚੰਡੀਗੜ੍ਹੋਂ ਬੱਸ ਰਾਹੀਂ ਪਿੱਪਲੀ ਅੱਡੇ ਉਤੇ ਪੁੱਜੇ। ਪਹਿਲੇ ਪਹਿਲ ਤਾਂ ਮਹਿੰਦਰ ਨੂੰ ਇਲਾਕਾ ਬਹੁਤ ਪਛੜਿਆ ਹੋਣ ਕਰਕੇ ਫੈਸਲੇ ਉਤੇ ਪਛਤਾਵਾ ਹੋਣ ਲੱਗਾ ਪਰ ਜਿਉਂ ਹੀ ਯੂਨੀਵਰਸਿਟੀ ਦੇ ਸ਼ਾਨਦਾਰ ਕੈਂਪਸ ਪੁੱਜੇ ਤਾਂ ਉਨ੍ਹਾਂ ਦਾ ਦਿਲ ਲੱਗਿਆ। ਪਹਿਲੇ ਦਿਨ ਉਨ੍ਹਾਂ ਨੂੰ ਬਾਸਕਟਬਾਲ ਕੋਰਟ ਲਿਜਾ ਕੇ ਖੇਡਣ ਲਈ ਕਿਹਾ ਗਿਆ। ਮਹਿੰਦਰ ਹੁਰਾਂ ਕੋਲ ਨਾ ਤਾਂ ਖੇਡ ਲਈ ਕਿੱਟ ਸੀ ਅਤੇ ਨਾ ਹੀ ਉਨ੍ਹਾਂ ਦਾ ਇਸ ਖੇਡ ਵੱਲ ਰੁਝਾਨ ਸੀ। ਕਿੱਟਾਂ ਯੂਨੀਵਰਸਿਟੀ ਵਾਲਿਆਂ ਨੇ ਦੇ ਦਿੱਤੀਆਂ। ਅਸਲ ਵਿੱਚ ਯੂਨੀਵਰਸਿਟੀ ਵਾਲੇ ਉਨ੍ਹਾਂ ਨੂੰ ਰਿਝਾਉਣ ਵਾਸਤੇ ਪੂਰੇ ਕੈਂਪਸ ਦਾ ਖੇਡ ਮਾਹੌਲ ਦਿਖਾਉਣਾ ਚਾਹੁੰਦੇ ਸਨ। ਮਹਿੰਦਰ ਦੱਸਦਾ ਹੈ ਕਿ ਕੁਰੂਕਸ਼ੇਤਰਾ ਦੇ ਸ਼ਾਨਦਾਰ ਖੇਡ ਕੰਪਲੈਕਸ ਨੇ ਉਨ੍ਹਾਂ ਦਾ ਮਨ ਮੋਹ ਲਿਆ। ਉਪਰੋਂ ਜਲੰਧਰ ਦੇ ਸਪੋਰਟਸ ਸਕੂਲ ਦੇ ਉਲਟ ਕੁਰੂਕਸ਼ੇਤਰਾ ਵਿਖੇ ਮੁੰਡੇ-ਕੁੜੀਆਂ ਦੇ ਸਾਂਝੇ ਕੈਂਪਸ ਕਾਰਨ ਉਨ੍ਹਾਂ ਦਾ ਹੋਰ ਵੀ ਜੀਅ ਲੱਗ ਗਿਆ।

PunjabKesari

ਮਹਿੰਦਰ ਨੇ ਇਕਨਾਮਿਕਸ ਦੀ ਗਰੈਜੂਏਸ਼ਨ ਵਿੱਚ ਦਾਖਲਾ ਲੈ ਲਿਆ। ਉਸ ਨੇ ਪਹਿਲੇ ਹੀ ਸਾਲ ਅਨਾਮਲਾਈ ਨਗਰ ਵਿਖੇ ਹੋਈ ਆਲ ਇੰਡੀਆ ਇੰਟਰ 'ਵਰਸਿਟੀ ਵਿੱਚ 51 ਫੁੱਟ ਦੀ ਤੀਹਰੀ ਛਾਲ ਲਗਾ ਕੇ ਨਵਾਂ ਰਿਕਾਰਡ ਰੱਖ ਦਿੱਤਾ। ਉਸ ਨੇ ਲੱਗਦੇ ਹੱਥ ਹੀ ਉਚੀ ਤੇ ਲੰਬੀ ਛਾਲ ਵਿੱਚ ਵੀ ਸੋਨ ਤਮਗਾ ਜਿੱਤ ਲਿਆ। ਦੂਜੇ ਸਾਲ ਜੈਪੁਰ ਅਤੇ ਤੀਜੇ ਸਾਲ ਪਟਿਆਲਾ ਵਿਖੇ ਆਲ ਇੰਡੀਆ ਇੰਟਰ 'ਵਰਸਿਟੀ ਚੈਂਪੀਅਨਸ਼ਿਪ ਵਿੱਚ ਵੀ ਉਸ ਨੇ ਤਿੰਨੇ ਈਵੈਂਟ ਜਿੱਤ ਲਏ। ਪਟਿਆਲਾ ਵਿਖੇ ਤਾਂ ਉਸ ਲਈ ਤੀਹਰੀ ਛਾਲ ਦੀ ਪਿੱਟ ਵੀ ਛੋਟੀ ਪੈ ਗਈ ਅਤੇ ਉਹ ਰੇਤੇ ਤੋਂ ਅਗਾਂਹ ਜਾ ਕੇ ਡਿੱਗਿਆ। ਯੂਨੀਵਰਸਿਟੀ ਪੜ੍ਹਦਿਆਂ ਹੀ ਉਹ ਭਾਰਤੀ ਟੀਮ ਵਿੱਚ ਚੁਣਿਆ ਗਿਆ ਸੀ। ਉਸ ਵੇਲੇ ਲਾਭ ਸਿੰਘ ਤੀਹਰੀ ਛਾਲ ਦਾ ਵੱਡਾ ਅਥਲੀਟ ਸੀ ਜਿਹੜਾ ਓਲੰਪਿਕਸ ਵਿੱਚ ਹਿੱਸਾ ਲੈ ਚੁੱਕਾ ਸੀ। 1965 ਵਿੱਚ ਭਾਰਤ-ਰੂਸ ਦੁਵੱਲੀ ਅਥਲੈਟਿਕਸ ਮੀਟ ਵਿੱਚ ਤਿੰਨ ਥਾਂਈਂ ਮੁਕਾਬਲੇ ਹੋਏ। ਮਹਿੰਦਰ ਨੇ ਦੋ ਸੋਨੇ ਤੇ ਇਕ ਚਾਂਦੀ ਦਾ ਤਮਗਾ ਜਿੱਤਿਆ। ਮਹਾਨ ਅਥਲੀਟ ਗੁਰਬਚਨ ਸਿੰਘ ਰੰਧਾਵਾ ਦੇ ਕੌਮਾਂਤਰੀ ਅਥਲੈਟਿਕਸ ਕਰੀਅਰ ਦਾ ਆਖਰੀ ਸਮਾਂ ਸੀ ਅਤੇ ਮਹਿੰਦਰ ਦਾ ਸ਼ੁਰੂਆਤੀ। ਦੋਵੇਂ ਇਸ ਮੀਟ ਦੌਰਾਨ ਰੂਮ ਮੇਟ ਸਨ। ਇਕ ਭਾਰਤੀ ਅਥਲੈਟਿਕਸ ਦਾ ਸਿਖਰ ਦੇਖ ਚੁੱਕਾ ਸੀ ਤੇ ਦੂਜੇ ਨੇ ਸਿਖਰ ਲਈ ਹਾਲੇ ਉਡਾਣ ਭਰੀ ਸੀ। ਮਹਿੰਦਰ ਨੂੰ ਵੱਡੇ ਅਥਲੀਟ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। 1966 ਵਿੱਚ ਗਰੈਜੂਏਸ਼ਨ ਕਰਦਿਆਂ ਹੀ ਮਹਿੰਦਰ ਨੇ ਕੋਲੰਬੋ ਵਿਖੇ ਹੋਈ ਏਸ਼ੀਅਨ ਅਥੈਲਟਿਕਸ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਵਿਸ਼ਵ ਅਥਲੈਟਿਕਸ ਵਿੱਚ ਆਪਣੀ ਦਸਤਕ ਦੇ ਦਿੱਤੀ।

PunjabKesari

ਅਗਲੇ ਸਾਲ 1967 ਵਿੱਚ ਮਹਿੰਦਰ ਦਾ ਯੂਨੀਵਰਸਿਟੀ ਵਿੱਚ ਆਖਰੀ ਸਾਲ ਸੀ। ਪੀ.ਕੇ.ਮਾਥੁਰ ਨੇ ਮਹਿੰਦਰ ਨੂੰ ਰੇਲਵੇ ਵਿੱਚ ਭਰਤੀ ਦੀ ਆਫਰ ਦੇ ਦਿੱਤੀ। ਉਨ੍ਹਾਂ ਕਮਰਸ਼ੀਅਲ ਇੰਸਪੈਕਟਰ ਦੀ ਪੋਸਟ ਦਿੱਤੀ ਜਿਸ ਨੂੰ ਆਮ ਤੌਰ 'ਤੇ ਕਮਾਊਂ ਪੋਸਟ ਕਿਹਾ ਜਾਂਦਾ ਸੀ ਪਰ ਮਹਿੰਦਰ 'ਤੇ ਤਾਂ ਤੀਹਰੀ ਛਾਲ ਵਿੱਚ ਪੂਰੀ ਦੁਨੀਆਂ 'ਤੇ ਛਾ ਜਾਣ ਦਾ ਜਾਨੂੰਨ ਸਵਾਰ ਸੀ। ਮਹਿੰਦਰ ਨੂੰ ਚਤੌਸੀ ਵਿਖੇ ਟ੍ਰੇਨਿੰਗ ਲਈ ਭੇਜਿਆ ਗਿਆ ਜਿੱਥੇ ਜਾ ਕੇ ਸਭ ਤੋਂ ਪਹਿਲਾਂ ਉਸ ਨੇ ਅਥਲੈਟਿਕਸ ਫੀਲਡ ਦੇਖਿਆ। ਯੂਨੀਵਰਸਿਟੀ ਦੇ ਲਿਸ਼ਕਦੇ ਮੈਦਾਨ ਸਾਹਮਣੇ ਰੇਲਵੇ ਦਾ ਮੰਦੜੇ ਹਾਲ ਗਰਾਊਂਡ ਦੇਖਿਆ। ਰੇਲਵੇ ਦੀ ਨੌਕਰੀ ਨੂੰ ਠੋਕਰ ਮਾਰ ਕੇ ਮਹਿੰਦਰ ਬਿਨਾਂ ਕਿਸੇ ਨੂੰ ਦੱਸੇ ਚੁੱਪ ਚਾਪ ਨਾਲ ਵਾਲੇ ਸਟੇਸ਼ਨ ਤੋਂ ਰੇਲ ਫੜ ਕੇ ਦਿੱਲੀ ਆ ਗਿਆ ਜਿੱਥੋਂ ਉਹ ਵਾਪਸ ਕੁਰੂਕਸ਼ੇਤਰਾ ਆ ਗਿਆ। ਰੇਲਵੇ ਦੇ ਅਧਿਕਾਰੀਆਂ ਨੂੰ ਮਹਿੰਦਰ ਉਤੇ ਬਹੁਤ ਗੁੱਸਾ ਆਇਆ। ਉਸ ਤੋਂ ਬਾਅਦ ਟਾਟਾ ਸਟੀਲ ਵੱਲੋਂ ਮਹਿੰਦਰ ਨੂੰ ਨੌਕਰੀ ਦੀ ਆਫਰ ਆਈ। ਟਾਟਾ ਸਟੀਲ ਦੇ ਅਥਲੈਟਿਕਸ ਕੋਚ ਬੋਸਨ ਸਨ ਜੋ ਐਗਲੋਂ ਇੰਡੀਅਨ ਸਨ ਅਤੇ ਬਾਅਦ ਵਿੱਚ ਜਿਨ੍ਹਾਂ ਨੂੰ ਦਰੋਣਾਚਾਰੀਆ ਐਵਾਰਡ ਵੀ ਮਿਲਿਆ, ਨੇ ਮਹਿੰਦਰ ਨੂੰ ਇਹ ਨੌਕਰੀ ਆਫਰ ਕੀਤੀ। ਉਧਰ ਰੇਲਵੇ ਦਾ ਸਾਰਾ ਜ਼ੋਰ ਮਹਿੰਦਰ ਨੂੰ ਮੁੜ ਭਰਤੀ ਲਈ ਲੱਗਿਆ ਹੋਇਆ ਸੀ। ਮਹਿੰਦਰ ਦੱਸਦਾ ਹੈ ਕਿ ਭੋਪਾਲ ਵਿਖੇ ਨੈਸ਼ਨਲ ਚੈਂਪੀਅਨਸ਼ਿਪ ਦੌਰਾਨ ਰੇਲਵੇ ਵਾਲਿਆਂ ਨੇ ਉਸ ਨੂੰ ਧੱਕੇ ਨਾਲ ਲਿਜਾ ਕੇ ਰੇਲਵੇ ਵੱਲੋਂ ਖੇਡਣ ਲਈ ਥਰੋਅਰ ਭੇਜੇ। ਇਸ ਉਤੇ ਮਹਿੰਦਰ ਦਾ ਜਵਾਬ ਸੀ, ''ਮੈਨੂੰ ਚੁੱਕ ਕੇ ਛਾਲਾਂ ਥੋੜੀ ਲਗਾ ਲਓਗੇ।''

PunjabKesari

ਮਹਿੰਦਰ ਦਾ ਮਨ ਸਟੀਲ ਦੀ ਨੌਕਰੀ ਲਈ ਬਣ ਗਿਆ। ਟਾਟਾ ਸਟੀਲ ਵੱਲੋਂ ਉਸ ਨੂੰ ਖੁੱਲ੍ਹੀ ਆਫਰ ਸੀ। ਉਨ੍ਹਾਂ ਦਿਨਾਂ ਵਿੱਚ ਮਹਿੰਦਰ ਦੇ ਪਿੰਡ ਫੋਲੜੀਵਾਲ ਦਾ ਇਕ ਵੱਡਾ ਅਫਸਰ ਸੀ ਜਿਸ ਦੀ ਤਨਖਾਹ ਉਸ ਵੇਲੇ 750 ਰੁਪਏ ਸੀ। ਮਹਿੰਦਰ ਨੇ ਟਾਟਾ ਸਟੀਲ ਕੋਲ ਮੰਗ ਰੱਖੀ ਕਿ ਉਸ ਅਫਸਰ ਤੋਂ ਵੱਧ ਤਨਖਾਹ ਹੋਣੀ ਚਾਹੀਦੀ ਹੈ ਤਾਂ ਜੋ ਪਿੰਡ ਵਿੱਚ ਉਸ ਦੀ ਪੂਰੀ ਟੌਅਰ ਬਣ ਜਾਵੇ। ਰੈਂਕ ਵੀ ਉਸ ਨੂੰ ਕਲਰਕ ਦੀ ਬਜਾਏ ਵੱਡਾ ਚਾਹੀਦਾ। ਟਾਟਾ ਵਾਲਿਆਂ ਨੇ ਉਸ ਨੂੰ 1400 ਰੁਪਏ ਮਹੀਨਾ ਤਨਖਾਹ ਉਤੇ ਸਹਾਇਕ ਬਰਾਂਚ ਮੈਨੇਜਰ ਦੇ ਰੈਂਕ ਉਤੇ ਰੱਖ ਲਿਆ। ਮਹਿੰਦਰ ਨੇ ਯੂਨੀਵਰਸਿਟੀ ਰਹਿ ਕੇ ਹੀ ਪ੍ਰੈਕਟਿਸ ਕਰਨੀ ਸੀ ਅਤੇ ਟਾਟਾ ਸਟੀਲ ਵੱਲੋਂ ਸਿਰਫ ਖੇਡਣਾ ਸੀ। ਕਿਤੇ ਵੀ ਕੋਈ ਹਾਜ਼ਰੀ ਲਾਉਣ ਦੀ ਲੋੜ ਨਹੀਂ ਸੀ। ਇਸ ਦੌਰਾਨ ਉਹ ਭਾਰਤੀ ਯੂਨੀਵਰਸਿਟੀਆਂ ਦੀ ਟੀਮ ਵੱਲੋਂ ਟੋਕੀਓ ਵਿਖੇ ਹੋਈਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਹਿੱਸਾ ਲੈਣ ਗਿਆ। ਟੋਕੀਓ ਓਲੰਪਿਕਸ-1964 ਵੇਲੇ ਦੇ ਓਲੰਪਿਕ ਵਿਲੇਜ਼ ਵਿੱਚ ਉਸ ਨੂੰ ਠਹਿਰਨ ਦਾ ਸਬੱਬ ਮਿਲਿਆ। ਮਹਿੰਦਰ ਨੂੰ ਛਾਲਾਂ ਲਾਉਂਦੇ ਦੇਖ ਅਮਰੀਕਾ ਤੋਂ ਆਏ ਵਿਸ਼ਵ ਦੇ ਵੱਡੇ ਅਥਲੀਟ ਟੌਮੀ ਸਮਿੱਥ ਤੇ ਡੈਰਿਕ ਬੋਜੀ ਨੇ ਉਸ ਕੋਲੋਂ ਪਤਾ ਪੁੱਛਣ ਸਮੇਤ ਸਾਰੇ ਵੇਰਵੇ ਹਾਸਲ ਕੀਤੇ। ਮਹਿੰਦਰ ਨੂੰ ਕੋਈ ਸਮਝ ਨਾ ਆਵੇ ਕਿ ਇਹ ਪਤਾ ਕਿਉਂ ਪੁੱਛਿਆ ਗਿਆ। ਉਹ ਕਿਹੜਾ ਕੋਈ ਰਿਸ਼ਤੇਦਾਰ ਸਨ ਜਿਹੜਾ ਫੋਲੜੀਵਾਲ ਆ ਕੇ ਮਿਲਣ ਆਉਣਗੇ।

PunjabKesari

ਮਹਿੰਦਰ ਅਨੁਸਾਰ ਰੇਲਵੇ ਦੀ ਆਫਰ ਤਾਂ ਉਸ ਨੇ ਸਵਿਕਾਰ ਨਹੀਂ ਕੀਤੀ ਪਰ ਰੇਲਵੇ ਵਾਲੇ ਉਸ ਦਾ ਖਹਿੜਾ ਨਹੀਂ ਛੱਡ ਰਹੇ ਸਨ। 1967 ਵਿੱਚ ਭਾਰਤ-ਜਰਮਨੀ ਮੀਟ ਦੌਰਾਨ ਉਸ ਦੇ ਖੇਡ ਜੀਵਨ ਵਿੱਚ ਅਜਿਹਾ ਮੋੜ ਆਇਆ ਕਿ ਉਸ ਦੀ ਜ਼ਿੰਦਗੀ ਹੀ ਬਦਲ ਗਈ। ਮਹਿੰਦਰ ਨੇ ਲੰਬੀ ਛਾਲ ਵਿੱਚ ਸੋਨੇ ਦਾ ਤਮਗਾ ਜਿੱਤ ਲਿਆ। ਤੀਹਰੀ ਛਾਲ ਦਾ ਤਾਂ ਉਹ ਪਹਿਲਾ ਹੀ ਤਕੜਾ ਦਾਅਵੇਦਾਰ ਸੀ। ਐਨ ਆਖਰੀ ਮੌਕੇ ਇਹ ਈਵੈਂਟ ਰੱਦ ਕਰ ਦਿੱਤਾ। ਮਹਿੰਦਰ ਦੱਸਦਾ ਹੈ ਕਿ ਉਸ ਵੇਲੇ ਭਾਰਤੀ ਅਥਲੈਟਿਕਸ ਫੈਡਰੇਸ਼ਨ ਦਾ ਸਕੱਤਰ ਪ੍ਰਿਥਵੀ ਰਾਜ ਅਬਰੋਲ ਸੀ ਜੋ ਰੇਲਵੇ ਨਾਲ ਸਬੰਧਤ ਸੀ। ਉਸੇ ਨੇ ਖੁੰਦਕ ਕੱਢਦਿਆਂ ਇਹ ਰੱਦ ਕੀਤਾ। ਇਸ ਤੋਂ ਪਹਿਲਾਂ ਉਸ ਵੱਲੋਂ ਦੋ ਵਾਰ ਤੀਹਰੀ ਛਾਲ ਦਾ ਰਿਕਾਰਡ ਕਾਇਮ ਕੀਤਾ ਗਿਆ ਜਿਸ ਨੂੰ ਫੈਡਰੇਸ਼ਨ ਵੱਲੋਂ ਦੋਵੇਂ ਵਾਰ ਅਸਵੀਕਾਰ ਕਰ ਦਿੱਤਾ ਗਿਆ। ਮਹਿੰਦਰ ਇਸ ਧੱਕੇ ਤੋਂ ਗੁੱਸੇ ਵਿੱਚ ਪੂਰਾ ਭਰਿਆ ਪੀਤਾ ਚੰਡੀਗੜ੍ਹ ਆਪਣੇ ਅੰਕਲ ਕੋਲ ਆ ਗਿਆ। ਮਹਿੰਦਰ ਪੂਰੀ ਭੜਾਸ ਕੱਢ ਰਿਹਾ ਸੀ ਕਿ ਫੈਡਰੇਸ਼ਨ ਵਾਲੇ ਉਸ ਦਾ ਕਰੀਅਰ ਤਬਾਹ ਕਰਨ ਉਤੇ ਤੁਲੇ ਹੋਏ ਹਨ। ਉਹ ਆਪਣੇ ਆਪ ਨੂੰ ਹਾਰਿਆ ਹੋਇਆ ਮਹਿਸੂਸ ਕਰਨ ਲੱਗਾ। ਉਸੇ ਪਲ ਉਸ ਦੇ ਅੰਕਲ ਨੇ ਉਸ ਨੂੰ ਸ਼ਾਂਤ ਕਰਦਿਆਂ ਦੱਸਿਆ, ''ਤੈਨੂੰ ਅਮਰੀਕਾ ਦੀਆਂ ਛੇ ਯੂਨੀਵਰਸਿਟੀਆਂ ਤੋਂ ਸਕਾਲਰਸ਼ਿਪ ਦੀ ਆਫਰ ਆਈ ਹੈ।'' ਮਹਿੰਦਰ ਦੇ ਟੋਕੀਓ ਵਾਲੀ ਸਾਰੀ ਕਹਾਣੀ ਸਮਝ ਆ ਗਈ ਕਿ ਕਿਉਂ ਉਸ ਦਾ ਪਤਾ ਲਿਆ ਗਿਆ ਸੀ। ਕਿਸਮਤ ਨੇ ਇਕ ਰਾਹ ਬੰਦ ਕੀਤਾ ਸੀ, ਛੇ ਹੋਰ ਖੋਲ੍ਹ ਦਿੱਤੇ।

PunjabKesari

ਅਮਰੀਕਾ ਜਾਣ ਲਈ ਮਹਿੰਦਰ ਅੰਬੈਸੀ ਇੰਟਰਵਿਊ ਦੇਣ ਗਿਆ ਤਾਂ ਅੱਗਿਓ ਗੋਰਾ ਅਧਿਕਾਰੀ ਉਸ ਦਾ ਰਿਕਾਰਡ ਦੇਖ ਕੇ ਪ੍ਰਭਾਵਿਤ ਹੋ ਗਿਆ। ਅੰਬੈਸੀ ਵਾਲੇ ਉਸ ਅਫਸਰ ਨੇ ਮਹਿੰਦਰ ਨੂੰ ਕੌਫੀ ਪਿਆਈ। ਅਮਰੀਕਾ ਦੀਆਂ ਯੂਨੀਵਰਸਿਟੀਆਂ ਦੀ ਜਾਣਕਾਰੀ ਵਾਲਾ ਮੈਗਜ਼ੀਨ ਪੜ੍ਹਨ ਨੂੰ ਦਿੱਤਾ। ਉਹ ਅਮਰੀਕਾ ਦੀਆਂ ਬੀਚਾਂ ਅਤੇ ਉਥੋਂ ਦੀਆਂ ਸੈਰ ਸਪਾਟਾ ਦੀਆਂ ਥਾਵਾਂ ਦੇ ਸੋਹਲੇ ਗਾਉਣ ਲੱਗ ਗਿਆ। ਮਹਿੰਦਰ ਬੜਾ ਹੈਰਾਨ ਹੋਇਆ ਕਿ ਇਕ ਪਾਸੇ ਆਵਦੇ ਦੇਸ਼ ਵਾਲੇ ਕਰੀਅਰ ਤਬਾਹ ਕਰਨ ਉਤੇ ਤੁਲੇ ਹਨ ਤੇ ਦੂਜੇ ਪਾਸੇ ਅਮਰੀਕਾ ਦਾ ਇਹ ਗੋਰਾ ਅਫਸਰ ਉਸ ਦਾ ਗਾਈਡ ਬਣ ਕੇ ਅਮਰੀਕਾ ਭੇਜਣ ਤੋਂ ਪਹਿਲਾਂ ਸਿਫਤਾਂ ਸੁਣਾਈ ਜਾ ਰਿਹਾ ਹੈ। ਭਾਰਤ ਵਿੱਚ ਆਪਣੇ ਨਾਲ ਹੋ ਰਹੇ ਧੱਕੇ ਦੇ ਚੱਲਦਿਆਂ 1968 ਵਿੱਚ ਮਹਿੰਦਰ ਨੇ ਅਮਰੀਕਾ ਦੀ ਉਡਾਣ ਭਰ ਲਈ। ਟੋਕੀਓ ਵਿਖੇ ਉਸ ਦੀ ਕੁਝ ਸਮੇਂ ਲਈ ਠਹਿਰ ਸੀ ਜਿੱਥੇ ਹੋਟਲ ਵਿੱਚ ਰੁਕਿਆ ਉਸ ਨੇ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ। ਜਪਾਨੀਆਂ ਲਈ ਇਹ ਆਮ ਗੱਲ ਸੀ। ਹੋਟਲ ਦੀ ਤੀਹਵੀਂ ਮੰਜ਼ਿਲ ਉਤੇ ਆਪਣੇ ਕਮਰੇ ਵਿੱਚ ਬੈਠਿਆਂ ਖਿੜਕੀ ਵਿਚਦੀ ਝਾਤੀ ਮਾਰਦਿਆਂ ਮਹਿੰਦਰ ਨੂੰ ਜਾਪਿਆ ਜਿਵੇਂ ਕਾਨਿਆਂ ਦੇ ਬੂਰ ਉਡੀ ਜਾ ਰਹੇ ਹੋਣ। ਬਾਹਰ ਨਿਕਲ ਕੇ ਵੇਖਿਆ ਤਾਂ ਬਰਫ ਪੈ ਰਹੀ ਸੀ। ਦੋਆਬੇ ਦੇ 24 ਵਰ੍ਹਿਆਂ ਦੇ ਗੱਭਰੂ ਨੇ ਪਹਿਲੀ ਵਾਰ ਬਰਫ ਪੈਂਦੀ ਦੇਖੀ ਸੀ। ਜਪਾਨ ਦੇ ਨਜ਼ਾਰੇ ਤੱਕਦਾ ਮਹਿੰਦਰ ਲਾਸ ਏਂਜਲਸ ਪਹੁੰਚ ਗਿਆ। ਉਸ ਵੇਲੇ ਮਹਿੰਦਰ ਦੀ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਹੋਈ ਚੋਣ ਦੀਆਂ ਸੁਰਖੀਆਂ ਛਪੀਆ ਤਾਂ ਟਾਟਾ ਸਟੀਲ ਦੀ ਜਰਸੀ ਪਹਿਨੇ ਮਹਿੰਦਰ ਦੀਆਂ ਤਸਵੀਰਾਂ ਵੀ ਅਖਬਾਰਾਂ ਦਾ ਸ਼ਿੰਗਾਰ ਬਣੀਆਂ।

PunjabKesari

ਮਹਿੰਦਰ ਨੇ ਸਾਨ ਲੂਇਸ ਓਬਿਸਪੋ ਸਥਿਤ ਕੈਲੇਫੋਰਨੀਆ ਸਟੇਟ ਪੌਲੀਟੈਕਨਿਕ ਯੂਨੀਵਰਸਿਟੀ (ਕੈਲ ਪੋਲੀ) ਵਿੱਚ ਬੀ.ਐਸ. (ਬਿਜਨਿਸ ਐਡਮਿਨਸਟ੍ਰੇਸ਼ਨ) ਵਿੱਚ ਦਾਖਲਾ ਲੈ ਲਿਆ। ਸਕਾਲਰਸ਼ਿਪ ਉਤੇ ਆਏ ਮਹਿੰਦਰ ਨੇ ਹੁਣ ਅਰਜੁਨ ਦੀ ਅੱਖ ਵਾਂਗ ਤੀਹਰੀ ਛਾਲ ਉਤੇ ਨਿਸ਼ਾਨਾ ਸੇਧ ਲਿਆ। ਚੰਗੇ ਮਾਹੌਲ ਵਿੱਚ ਉਹ ਦਿਨ-ਰਾਤ ਮਿਹਨਤ ਕਰਦਾ। ਉਸ ਨੇ ਅਮਰੀਕਾ ਆਉਣ ਤੋਂ ਕੁਝ ਮਹੀਨਿਆਂ ਬਾਅਦ ਏਥਨਜ਼ ਵਿਖੇ ਇੰਡੋਰ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਜਿੱਥੇ ਤੀਹਰੀ ਛਾਲ ਲਈ ਭੱਜਣ ਵਾਸਤੇ ਸਿਰਫ 60 ਫੁੱਟ ਦਾ ਹੀ ਰਨਵੇਅ ਸੀ। ਇਸ ਤੋਂ ਪਹਿਲਾਂ ਉਹ ਪੌਣੇ ਦੋ ਸੌ ਦੇ ਰਨਵੇਅ ਤੋਂ ਭੱਜਦਾ ਰਿਹਾ। ਇਹ ਉਸ ਲਈ ਨਵਾਂ ਤਜ਼ਰਬਾ ਸੀ। ਹਫਤੇ ਦੇ ਆਖਰੀ ਦਿਨਾਂ ਵਿੱਚ ਇਨਵੀਟੇਸ਼ਨਲ ਅਥਲੈਟਿਕਸ ਮੀਟ ਹੋਣੀਆਂ ਜਿਨ੍ਹਾਂ ਵਿੱਚ ਹਿੱਸਾ ਲੈ ਕੇ ਉਹ ਹੋਰ ਵੀ ਪ੍ਰਪੱਕ ਹੁੰਦਾ। ਪਹਿਲੇ ਸਾਲ ਹੀ ਉਸ ਨੇ ਐਨ.ਸੀ.ਏ.ਏ. (ਅਮਰੀਕਾ ਦੇ ਕਾਲਜਾਂ ਦੀ ਨੈਸ਼ਨਲ ਚੈਂਪੀਅਨਸ਼ਿਪ) ਜਿੱਤ ਲਈ ਅਤੇ ਫੇਰ ਲਗਾਤਾਰ ਪੰਜ ਸਾਲ ਉਹ ਜਿੱਤਦਾ ਹੀ ਰਿਹਾ।

PunjabKesari

ਅਮਰੀਕਾ ਰਹਿੰਦਿਆਂ ਮਹਿੰਦਰ ਲਈ ਭਾਰਤ ਵਾਸਤੇ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਰ ਵਧ ਗਿਆ। ਉਹ ਜੀਅ ਜਾਨ ਨਾਲ ਮਿਹਨਤ ਕਰਦਾ। 1970 ਵਿੱਚ ਸਕਾਟਲੈਂਡ ਦੇ ਸ਼ਹਿਰ ਇਡਨਬਰਗ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਮਹਿੰਦਰ ਨੇ 52 ਫੁੱਟ ਪੌਣੇ ਦੋ ਇੰਚ ਤੀਹਰੀ ਛਾਲ ਲਗਾ ਕੇ ਕਾਂਸੀ ਦਾ ਤਮਗਾ ਜਿੱਤਿਆ। ਇਕ ਹੋਰ ਭਾਰਤੀ ਅਥਲੀਟ ਲਾਭ ਸਿੰਘ ਅੱਠਵੇਂ ਨੰਬਰ 'ਤੇ ਆਇਆ। ਇਨ੍ਹਾਂ ਖੇਡਾਂ ਵਿੱਚ ਇਹ ਭਾਰਤੀ ਅਥਲੈਟਿਕਸ ਟੀਮ ਦਾ ਇਕਲੌਤਾ ਤਮਗਾ ਸੀ। ਉਂਝ ਵੀ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ ਇਹ ਭਾਰਤੀ ਅਥਲੈਟਿਕਸ ਟੀਮ ਵੱਲੋਂ ਜਿੱਤਿਆ ਇਹ ਤੀਜਾ ਤਮਗਾ ਸੀ। ਇਸ ਤੋਂ ਪਹਿਲਾ 1958 ਵਿੱਚ ਕਾਰਡਿਫ ਵਿਖੇ ਮਿਲਖਾ ਸਿੰਘ ਨੇ ਸੋਨੇ ਅਤੇ 1966 ਵਿੱਚ ਕਿੰਗਸਟਨ ਵਿਖੇ ਪਰਵੀਨ ਕੁਮਾਰ ਨੇ ਚਾਂਦੀ ਦਾ ਤਮਗਾ ਜਿੱਤਿਆ ਸੀ। ਇਡਨਬਰਗ ਵਿਖੇ ਮਹਿੰਦਰ ਤੇ ਪਰਵੀਨ ਇਕੱਠੇ ਹੀ ਠਹਿਰੇ ਹੋਏ ਸਨ। ਦੋਵਾਂ ਵਿਚਾਲੇ ਦੋਸਤੀ ਵੀ ਬਹੁਤ ਸੀ। ਇਡਨਬਰਗ ਤੋਂ ਆ ਕੇ ਮਹਿੰਦਰ ਏਸ਼ਿਆਈ ਖੇਡਾਂ ਦੀ ਤਿਆਰੀ ਵਿੱਚ ਜੁੱਟ ਗਿਆ ਜੋ ਪੰਜ ਮਹੀਨਿਆਂ ਬਾਅਦ ਬੈਂਕਾਕ ਵਿਖੇ ਹੋਣੀਆਂ ਸਨ। ਬੈਂਕਾਕ ਏਸ਼ੀਆਡ ਵਿੱਚ ਹਿੱਸਾ ਲੈਣ ਲਈ ਉਹ ਸਿੱਧਾ ਅਮਰੀਕਾ ਤੋਂ ਆਇਆ। ਪੌਣੇ 53 ਫੁੱਟ ਤੀਹਰੀ ਛਾਲ ਮਾਰ ਕੇ ਮਹਿੰਦਰ ਨੇ ਨਵੇਂ ਏਸ਼ੀਅਨ ਰਿਕਾਰਡ ਨਾਲ ਸੋਨੇ ਦਾ ਤਮਗਾ ਜਿੱਤਿਆ। ਦੂਜੇ ਸਥਾਨ 'ਤੇ ਆਉਣ ਵਾਲਾ ਵੀ ਭਾਰਤੀ ਅਥਲੀਟ ਲਾਭ ਸਿੰਘ ਸੀ। ਇਕ ਸਾਲ ਦੇ ਅੰਦਰ ਹੀ ਮਹਿੰਦਰ ਨੇ ਦੱਸ ਦਿੱਤਾ ਸੀ ਕਿ ਉਸ ਵਿੱਚ ਕਿੰਨੀ ਸੰਭਾਵਨਾਵਾਂ ਹੈ। ਮਹਿੰਦਰ ਦੀ ਪੂਰੀ ਚੜ੍ਹਾਈ ਹੋ ਗਈ। ਅਮਰੀਕਾ ਰਹਿ ਕੇ ਵੀ ਉਹ ਭਾਰਤੀ ਖੇਡ ਪ੍ਰੇਮੀਆਂ ਦੀਆਂ ਅੱਖਾਂ ਦਾ ਤਾਰਾ ਬਣ ਗਿਆ।

PunjabKesari

ਮਹਿੰਦਰ ਦਾ ਅਗਲਾ ਨਿਸ਼ਾਨਾ ਹੁਣ ਓਲੰਪਿਕ ਖੇਡਾਂ ਸੀ। 1972 ਦੀਆਂ ਮਿਊਨਿਖ ਓਲੰਪਿਕਸ ਲਈ ਉਹ ਜੀਅ ਜਾਨ ਨਾਲ ਮਿਹਨਤ ਕਰਨ ਲੱਗਾ। ਸਪਿੰਰਟਾਂ, ਛਾਲਾਂ ਲਾਉਣ ਦੇ ਨਾਲ ਵੇਟ ਟਰੇਨਿੰਗ ਉਤੀ ਵੀ ਪੂਰਾ ਪਸੀਨਾ ਵਹਾਉਂਦਾ। ਕਿਸੇ ਵੇਲੇ 50 ਫੁੱਟ ਦੀ ਛਾਲ ਲਾਉਣ ਦੀ ਤਮੰਨਾ ਲਾਉਣ ਵਾਲਾ ਮਹਿੰਦਰ ਅਸਾਨੀ ਵਾਲ 55 ਫੁੱਟ ਪਾਰ ਕਰਨ ਲੱਗਿਆ। ਜਵਾਨੀ ਵਿੱਚ ਮਹਿੰਦਰ ਕਹਿੰਦਾ ਹੁੰਦਾ ਸੀ ਕਿ ਜਦੋਂ 55 ਫੁੱਟ ਦੀ ਛਾਲ ਲਗਾਏਗਾ ਉਦੋਂ ਹੀ ਵਿਆਹ ਕਰਵਾਏਗਾ। ਘਰਦਿਆਂ ਨੂੰ ਡਰ ਲੱਗਣਾ ਕਿ ਕਿਧਰੇ ਮੁੰਡਾ ਕੁਆਰਾ ਹੀ ਨਾ ਰਹਿ ਜਾਵੇ। ਚਾਚੇ ਨੇ ਸ਼ਰਤ ਲਾਉਣੀ ਕਿ 50 ਫੁੱਟ ਤੋਂ ਵੱਧ ਜਿੰਨੀ ਛਾਲ ਲਾਏਗਾ ਉਨ੍ਹੇ ਹੀ ਸੌ ਨਾਲ ਗੁਣਾ ਕਰਕੇ ਰੁਪਏ ਇਨਾਮ ਵਿੱਚ ਦੇਵਾਂਗਾ। ਮਹਿੰਦਰ ਦੀਆਂ ਲੱਤਾਂ ਸਾਹਮਣੇ ਤਾਂ ਹੁਣ 55 ਫੁੱਟ ਦੀ ਛਾਲ ਵੀ ਬੌਣੀ ਜਾਪਣ ਲੱਗ ਗਈ ਸੀ। ਓਲੰਪਿਕਸ ਦੀ ਤਿਆਰੀ ਕਰਦੇ ਦੌਰਾਨ ਵਿਸ਼ਵ ਪੱਧਰ 'ਤੇ ਕੋਈ ਵੀ ਮੀਟ ਜਾਂ ਮੁਕਾਬਲਾ ਹੁੰਦਾ ਮਹਿੰਦਰ ਉਥੋਂ ਚੈਂਪੀਅਨ ਬਣ ਕੇ ਵਾਪਸ ਆਉਂਦਾ। ਇਹ ਉਹ ਮੁਕਾਬਲੇ ਸਨ ਜਿਨ੍ਹਾਂ ਵਿੱਚ ਲੀ ਈਵੈਂਸ, ਰੈਂਡੀ ਮੈਟਸਨ, ਜਿਮ ਰਿਆਨ, ਜੌਹਨ ਕਾਰਲੋਸ ਵਰਗੇ ਵਿਸ਼ਵ ਦੇ ਵੱਡੇ ਅਥਲੀਟ ਹਿੱਸਾ ਲੈਂਦੇ ਸਨ। ਮੋਡੈਸਟੋ ਰਿਲੇਅ ਮੀਟ ਵਿੱਚ ਉਸ ਨੇ ਲਗਾਤਾਰ ਦੋ ਸਾਲ ਸੋਨੇ ਦਾ ਤਮਗਾ ਜਿੱਤਿਆ। ਇਹ ਉਹ ਮੁਕਾਬਲਾ ਜਿੱਥੇ ਉਦੋਂ ਤੱਕ 30 ਵਿਸ਼ਵ ਰਿਕਾਰਡ ਬਣ ਚੁੱਕੇ ਸਨ। ਵੈਨਕੂਵਰ ਵਿਖੇ ਕੈਨੇਡੀਅਨ ਚੈਂਪੀਅਨਸ਼ਿਪ ਵਿੱਚ ਮਹਿੰਦਰ ਨੇ ਤੀਹਰੀ ਤੇ ਲੰਬੀ ਛਾਲ ਦੋਵਾਂ ਦਾ ਸੋਨ ਤਮਗਾ ਜਿੱਤ ਕੇ ਬੈਸਟ ਅਥਲੀਟ ਦਾ ਖਿਤਾਬ ਜਿੱਤਿਆ। ਤੀਹਰੀ ਛਾਲ ਵਿੱਚ ਤਾਂ ਉਸ ਨੇ ਨਵਾਂ ਰਿਕਾਰਡ ਵੀ ਕਾਇਮ ਕੀਤਾ। ਕੈਨੇਡਾ ਵੱਲੋਂ ਉਸ ਨੂੰ ਸਿਟੀਜਨਸ਼ਿਪ ਦੀ ਆਫਰ ਵੀ ਹੋਈ। ਉਤਰੀ ਅਮਰੀਕਾ ਤੋਂ ਬਾਹਰ ਯੂਰੋਪ ਦੀਆਂ ਮੀਟਾਂ ਵਿੱਚ ਵੀ ਉਸ ਦੀਆਂ ਧੁੰਮਾਂ ਪੈ ਗਈਆਂ। ਆਸਟਰੀਆ, ਸਿਆਨਾ, ਬੂਨ, ਫਰੈਂਕਫਰਟ, ਬਾਰਸੀਲੋਨਾ, ਇਡਨਬਰਗ ਜਿਧਰੇ ਵੀ ਕੋਈ ਮੀਟ ਹੋਣੀ। ਮਹਿੰਦਰ ਨੇ ਸੋਨੇ ਦਾ ਤਮਗਾ ਜਿੱਤਣਾ, ਉਹ ਵੀ ਨਵੇਂ ਰਿਕਾਰਡ ਦੇ ਨਾਲ। ਸਿਆਨਾ ਇਨਵੀਟੇਸ਼ਨਲ ਮੀਟ ਵਿੱਚ 54 ਫੁੱਟ 10 ਇੰਚ ਦੀ ਛਾਲ ਲਗਾ ਕੇ ਨਵਾਂ ਰਿਕਾਰਡ ਰੱਖਣ ਲਈ ਮਹਿੰਦਰ ਨੂੰ ਸ਼ੁੱਧ ਸੋਨੇ ਦਾ ਮੈਡਲ ਅਤੇ ਸ਼ੁੱਧ ਚਾਂਦੀ ਦੀ ਟਰਾਫੀ ਮਿਲੀ।

PunjabKesari

ਪ੍ਰੈਕਟਿਸ ਅਤੇ ਮੁਕਾਬਲਿਆਂ ਦੀ ਭੱਠੀ ਵਿੱਚ ਭਖਾ ਕੇ ਮਹਿੰਦਰ ਨੇ ਆਪਣਾ ਸਰੀਰ ਵੀ ਸੋਨੇ ਦਾ ਬਣਾ ਲਿਆ ਸੀ। ਵੱਡੇ ਮੁਕਾਬਲਿਆਂ ਵਿੱਚ ਸੋਨੇ ਦੇ ਮੈਡਲ ਉਹ ਇੰਝ ਜਿੱਤਦਾ ਜਿਵੇਂ ਸਕੂਲੀ ਖੇਡਾਂ ਵਿੱਚ ਹਿੱਸਾ ਲੈ ਰਿਹਾ ਹੋਵੇ। ਓਲੰਪਿਕਸ ਤੋਂ ਪਹਿਲਾਂ ਤਿਆਰੀ ਪਰਖਣ ਲਈ ਸਾਰੇ ਅਥਲੀਟਾਂ ਨੂੰ ਇਕ ਮੌਕਾ ਮਿਲਿਆ। 1971 ਵਿੱਚ ਮਿਊਨਿਖ ਵਿਖੇ ਪ੍ਰੀ ਓਲੰਪਿਕਸ ਹੋਈ ਜਿੱਥੇ ਵਿਸ਼ਵ ਦੇ ਸਾਰੇ ਚੋਟੀ ਦੇ ਅਥਲੀਟ ਪੁੱਜੇ। ਮਹਿੰਦਰ ਨੇ ਆਪਣਾ ਜਲਵਾ ਦਿਖਾਉਂਦਿਆਂ ਚਾਂਦੀ ਦਾ ਤਮਗਾ ਜਿੱਤ ਕੇ ਪੂਰੇ ਦੇਸ਼ ਵਿੱਚ ਸਨਸਨੀ ਮਚਾ ਦਿੱਤੀ। ਇਹ ਪ੍ਰਾਪਤੀ ਓਲੰਪਿਕਸ ਤੋਂ ਘੱਟ ਨਹੀਂ ਸੀ ਕਿਉਂਕਿ ਪ੍ਰੀ ਓਲੰਪਿਕਸ ਦੇ ਇਤਿਹਾਸ ਵਿੱਚ ਵੀ ਇਹ ਭਾਰਤ ਦਾ ਅਥਲੈਟਿਕਸ ਵਿੱਚ ਪਹਿਲਾ ਤਮਗਾ ਸੀ। ਭਾਰਤੀ ਅਥਲੈਟਿਕਸ ਪ੍ਰੇਮੀਆਂ ਦੀਆਂ ਉਮੀਦਾਂ ਵੀ ਜਾਗਣ ਲੱਗੀਆਂ ਕਿ ਜੋ ਕਸਰ 1960 ਵਿੱਚ ਰੋਮ ਵਿਖੇ ਮਿਲਖਾ ਸਿੰਘ ਅਤੇ 1964 ਵਿੱਚ ਟੋਕੀਓ ਵਿਖੇ ਗੁਰਬਚਨ ਸਿੰਘ ਰੰਧਾਵਾ ਕੋਲੋਂ ਰਹਿ ਗਈ ਸੀ, ਉਹ ਹੁਣ ਮਹਿੰਦਰ ਸਿੰਘ ਗਿੱਲ 1972 ਵਿੱਚ ਮਿਊਨਿਖ ਵਿਖੇ ਪੂਰੀ ਕਰੇਗਾ। ਮਹਿੰਦਰ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਸਹੀ ਚੱਲ ਰਿਹਾ ਸੀ। ਮਿਊਨਿਖ ਤੋਂ ਪਹਿਲਾਂ ਮਹਿੰਦਰ ਨੂੰ ਅਮਰੀਕਾ ਨੇ ਸਿਟੀਜਨਸ਼ਿਪ ਦੇਣ ਦੀ ਆਫਰ ਕਰਦਾਂ ਆਪਣੇ ਦੇਸ਼ ਵੱਲੋਂ ਖੇਡਣ ਦੀ ਰੱਖੀ। ਨਗਦ ਇਨਾਮ ਰਾਸ਼ੀ ਵੀ ਮਿਲਣੀ ਸੀ ਪਰ ਮਹਿੰਦਰ ਭਾਰਤ ਵੱਲੋਂ ਖੇਡਣ ਲਈ ਹੀ ਬਜ਼ਿੱਦ ਸੀ। ਉਸ ਲਈ ਕੋਈ ਵੀ ਆਫਰ ਜਾਂ ਇਨਾਮ ਦੇਸ਼ ਤੋਂ ਵੱਡਾ ਨਹੀਂ ਸੀ।

PunjabKesari

1972 ਦੀਆਂ ਮਿਊਨਿਖ ਓਲੰਪਿਕ ਖੇਡਾਂ ਤੋਂ ਐਨ ਇਕ ਹਫਤਾ ਪਹਿਲਾਂ ਅੰਤਿਮ ਤਿਆਰੀ ਵਜੋਂ ਇਕ ਹੋਰ ਪ੍ਰੀ ਓਲੰਪਿਕਸ ਮੀਟ ਮਿਊਨਿਖ ਵਿਖੇ ਹੋਈ। ਮਹਿੰਦਰ ਨੇ ਇਸ ਮੀਟ ਵਿੱਚ ਵੀ ਚਾਂਦੀ ਦਾ ਤਮਗਾ ਜਿੱਤ ਕੇ ਆਪਣਾ ਦਾਅਵਾ ਹੋਰ ਮਜ਼ਬੂਤ ਕਰ ਦਿੱਤਾ। ਇਕ ਹਫਤੇ ਬਾਅਦ ਓਲੰਪਿਕਸ ਸ਼ੁਰੂ ਹੋਈ। ਮਹਿੰਦਰ ਆਖਰੀ ਸਮੇਂ ਤੱਕ ਵੇਟ ਟਰੇਨਿੰਗ ਪੂਰੇ ਜ਼ੋਰ ਨਾਲ ਕਰ ਰਿਹਾ ਸੀ। ਭਾਰਤੀ ਟੀਮ ਵੱਲੋਂ ਕੋਈ ਵਿਸ਼ੇਸ਼ ਕੋਚ ਉਸ ਵਾਸਤੇ ਨਹੀਂ ਸੀ। ਮਨੋਵਿਗਿਆਨਕ, ਫਿਜਿਓਥੈਰਪਿਸਟ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਉਦੋਂ ਤੱਕ ਮਹਿੰਦਰ ਭਾਰਤ ਤੋਂ ਵੱਧ ਅਮਰੀਕਾ ਵਿੱਚ ਮਕਬੂਲ ਹੋ ਚੁੱਕਾ ਸੀ। ਅਮਰੀਕਾ ਵੱਲੋਂ 1960, 1964 ਤੇ 1968 ਦੀਆਂ ਓਲੰਪਿਕ ਖੇਡਾਂ ਦੇ ਲੰਬੀ ਛਾਲ ਮੁਕਾਬਲਿਆਂ ਵਿੱਚ ਕ੍ਰਮਵਾਰ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗਾ ਜਿੱਤਣ ਵਾਲਾ ਰੈਲਫ ਬੋਸਟਨ ਖੇਡ ਕੁਮੈਂਟੇਟਰ ਵਜੋਂ ਮਿਊਨਿਖ ਓਲੰਪਿਕਸ ਵਿੱਚ ਆਇਆ ਸੀ। ਉਹ ਉਚੇਚੇ ਤੌਰ 'ਤੇ ਮਹਿੰਦਰ ਨੂੰ ਮਿਲਿਆ ਅਤੇ ਉਸ ਕੋਲੋਂ ਪ੍ਰੈਕਟਿਸ ਸ਼ਡਿਊਲ ਪੁੱਛਿਆ। ਮਹਿੰਦਰ ਵੱਲੋਂ ਦੱਸਣ 'ਤੇ ਉਸ ਨੇ ਵੇਟ ਟਰੇਨਿੰਗ ਤੋਂ ਵਰਜਦਿਆਂ ਕਿਹਾ ਕਿ ਹੁਣ ਉਹ ਸਿਰਫ ਜੌਗਿੰਗ ਕਰੇ, ਜ਼ਿਆਦਾ ਜ਼ੋਰ ਵਾਲੀਆਂ ਕਸਰਤਾਂ ਨਾ ਕਰੇ। ਵੱਡੇ ਅਥਲੀਟ ਦੇ ਕਹੇ ਬੋਲਾਂ ਤੋਂ ਬਾਅਦ ਮਹਿੰਦਰ ਦਾ ਮੱਥਾ ਉਸੇ ਵੇਲੇ ਠਣਕ ਗਿਆ। ਮੁਕਾਬਲੇ ਵਾਲੇ ਦਿਨ ਤੋਂ ਪਹਿਲਾਂ ਮਹਿੰਦਰ ਦਾ ਜ਼ਿਆਦਾ ਵੇਟ ਟਰੇਨਿੰਗ ਕਰਕੇ ਹੈਮਸਟਰਿੰਗ ਪੁੱਲ ਹੋ ਗਿਆ। ਮਹਿੰਦਰ ਨੇ ਰਿਕਵਰੀ ਲਈ ਜੀਅ ਜਾਨ ਲਾਈ।

PunjabKesari

ਤੈਰਾਕੀ ਪੂਲ ਵਿੱਚ ਵੀ ਉਹ ਤੈਰਿਆ। ਉਸ ਨੂੰ ਆਪਣਾ ਸਰੀਰ ਇੰਝ ਜਾਪਣ ਲੱਗਾ ਜਿਵੇਂ ਬਿਜਲੀ ਦੇ ਝਟਕੇ ਲੱਗ ਰਹੇ ਹੋਣ। ਮਹਿੰਦਰ ਨੇ ਜਿਵੇਂ ਕਿਵੇਂ ਆਪਣੇ ਆਪ ਨੂੰ ਮੁਕਾਬਲੇ ਲਈ ਤਿਆਰ ਤਾਂ ਕਰ ਲਿਆ ਪਰ ਛਾਲਾਂ ਲਾਉਂਦੇ ਸਮੇਂ ਉਸ ਕੋਲੋਂ ਪਹਿਲਾ ਵਾਲੀ ਗੱਲ ਨਾ ਬਣੀ ਅਤੇ ਫਾਊਲ ਜੰਪਾਂ ਕਰਕੇ ਫਾਈਨਲ ਲਈ ਕੁਆਲੀਫਾਈ ਨਾ ਕਰ ਸਕਿਆ। ਮਹਿੰਦਰ ਨੂੰ ਮਿਊਨਿਖ ਦੇ ਉਹ ਦਿਨ ਸਾਰੀ ਉਮਰ ਲਈ ਡਰਾਉਣੇ ਸੁਫਨੇ ਵਾਂਗ ਲੱਗਦੇ ਹਨ। ਫਾਈਨਲ ਲਈ ਕੁਆਲੀਫਾਈ ਹੋਣ ਵਾਲੇ ਆਖਰੀ ਜੰਪਰ ਨੇ ਸਵਾ 53 ਫੁੱਟ ਛਾਲ ਲਗਾਈ ਸੀ ਜਦੋਂ ਕਿ ਮਹਿੰਦਰ ਪ੍ਰੈਕਟਿਸ ਕਰਦਾ ਹੀ 55 ਫੁੱਟ ਦੇ ਕਰੀਬ ਛਾਲ ਲਗਾ ਦਿੰਦਾ ਸੀ। ਕਾਂਸੀ ਦਾ ਤਮਗਾ ਜਿੱਤਣ ਵਾਲੇ ਅਥਲੀਟ ਨੇ ਪੌਣੇ 56 ਫੁੱਟ ਦੀ ਛਾਲ ਲਗਾਈ ਜਿਹੜੀ ਕਿ ਮਹਿੰਦਰ ਨੂੰ ਆਪਣੀ ਤਿਆਰੀ ਦੇ ਹਿਸਾਬ ਨਾਲ ਪਹੁੰਚ ਵਿੱਚ ਲੱਗਦੀ ਸੀ। ਤੀਹਰੀ ਛਾਲ ਦਾ ਈਵੈਂਟ 3 ਸਤੰਬਰ ਨੂੰ ਮੁੱਕਿਆ ਅਤੇ ਦੋ ਦਿਨ ਬਾਅਦ 5 ਸਤੰਬਰ ਨੂੰ ਮਿਊਨਿਖ ਵਿਖੇ ਓਲੰਪਿਕ ਵਿਲੇਜ਼ ਵਿੱਚ ਫਲਸਤੀਨੀ ਦਹਿਸ਼ਤਗਰਦਾਂ ਵੱਲੋਂ ਇਸਰਾਇਲ ਖਿਡਾਰੀਆਂ ਨੂੰ ਬੰਧਕ ਬਣਾ ਕੇ ਮਾਰਨ ਦੀ ਘਟਨਾ ਵਾਪਰੀ। ਮਹਿੰਦਰ ਹਾਲੇ ਆਪਣੇ ਈਵੈਂਟ ਦੇ ਸਦਮੇ ਤੋਂ ਬਾਹਰ ਨਹੀਂ ਨਿਕਲਿਆ ਸੀ। ਓਲੰਪਿਕ ਵਿਲੇਜ਼ ਵਿੱਚ ਉਸ ਵੇਲੇ ਹਫੜਾ ਦਫੜੀ ਕਰਕੇ ਸ਼ੁਰੂ ਵਿੱਚ ਤਾਂ ਸਾਰੇ ਅਥਲੀਟਾਂ ਨੂੰ ਇਹ ਅਫਵਾਹ ਲੱਗੀ ਫੇਰ ਸਾਰੀ ਦੁਨੀਆਂ ਦੇ ਖੇਡ ਜਗਤ ਲਈ ਇਹ ਕਾਲਾ ਦਿਨ ਹੋ ਨਿਬੜਿਆ।

PunjabKesari

ਮਿਊਨਿਖ ਵਿਖੇ ਅਥਲੈਟਿਕਸ ਫੈਡਰੇਸ਼ਨ ਦੇ ਸਕੱਤਰ ਪ੍ਰਿਥਵੀਰਾਜ ਅਬਰੌਲ ਨੇ ਮਹਿੰਦਰ ਕੋਲੋਂ ਪੁੱਛਿਆ ਸੀ ਕਿ ਉਹ ਹੁਣ ਉਸ ਲਈ ਕੀ ਕਰ ਸਕਦਾ ਹੈ? ਅੱਗਿਓ ਮੂੰਹਫੱਟ ਤੇ ਸਪੱਸ਼ਟ ਗੱਲ ਕਰਨ ਵਾਲੇ ਮਹਿੰਦਰ ਨੇ ਜਵਾਬ ਦਿੱਤਾ, ''ਹੁਣ ਕੀ ਕਰਨਾ ਹੈ। ਕਰੀਅਰ ਤਬਾਹ ਕਰਨ ਲਈ ਕਸਰ ਤਾਂ ਕੋਈ ਨਹੀਂ ਛੱਡੀ ਤੁਸੀਂ।'' ਮਿਊਨਿਖ ਤੋਂ ਬਾਅਦ ਮਹਿੰਦਰ ਇਕ ਵਾਰ ਫੇਰ ਅਗਲੀ ਤਿਆਰੀ ਵਿੱਚ ਜੁੱਟ ਗਿਆ। ਕੈਨੇਡੀ ਗੇਮਜ਼, ਮਾਊਂਟ ਸਾਕ ਰਿਲੇਅ, ਇਨਵੀਟੇਸ਼ਨਲ ਮੀਟ ਐਰੀਜ਼ੋਨ ਵਿਖੇ ਮਹਿੰਦਰ ਨੇ ਫੇਰ ਸੋਨੇ ਦੇ ਤਮਗੇ ਜਿੱਤੇ। ਟੈਕਸਸ ਵਿਖੇ ਹੋਈ ਯੂ.ਟੀ.ਈ.ਪੀ. ਇਨਵੀਟੇਸ਼ਨਲ ਮੀਟ ਵਿੱਚ ਉਸ ਨੇ ਨਵੇਂ ਰਿਕਾਰਡ ਨਾਲ ਸੋਨ ਤਮਗਾ ਜਿੱਤਿਆ। ਇਸੇ ਮੀਟ ਵਿੱਚ ਦੁਨੀਆਂ ਦੇ ਸਭ ਤੋਂ ਵੱਡੇ ਪੋਲ ਵਾਲਟਰ ਸਰਗੇਈ ਬਬੂਕਾ ਨੇ ਵੀ ਨਵਾਂ ਵਿਸ਼ਵ ਰਿਕਾਰਡ ਬਣਾਇਆ। ਲੰਡਨ ਵਿਖੇ ਕੋਕਾ ਕੋਲਾ ਇਨਵੀਟੇਸ਼ਨਲ ਮੀਟ, ਆਲ ਅਮਰੀਕਨ ਇੰਡੋਰ ਗੇਮਜ਼ ਵਿੱਚ ਵੀ ਉਸ ਨੇ ਸੋਨੇ ਦਾ ਤਮਗਾ ਜਿੱਤਿਆ। ਲਾਂਸ ਏਜਲਸ ਇੰਡੋਰ ਮੀਟ ਜਿੱਥੇ ਉਦੋਂ ਤੱਕ ਸੌ ਤੋਂ ਵੀ ਵੱਧ ਓਲੰਪਿਕ ਚੈਂਪੀਅਨ ਹਿੱਸਾ ਲੈ ਚੁੱਕੇ ਸਨ, ਵਿੱਚ ਉਸ ਨੇ ਪਹਿਲੇ ਸਾਲ ਚਾਂਦੀ ਤੇ ਦੂਜੇ ਸਾਲ ਸੋਨੇ ਦਾ ਤਮਗਾ ਜਿੱਤਿਆ।

PunjabKesari

1973 ਵਿੱਚ ਮਨੀਲਾ ਵਿਖੇ ਹੋਈ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਹਿੰਦਰ ਨੇ ਭਾਰਤ ਲਈ ਫੇਰ ਸੋਨੇ ਦਾ ਤਮਗਾ ਜਿੱਤਿਆ। ਨਵੰਬਰ ਮਹੀਨੇ ਮਹਿੰਦਰ ਨੇ ਸੇਫਵੇਅ ਸਪਲਾਈ ਡਿਵੀਜ਼ਨ ਦੀ ਮੈਨੇਜਮੈਂਟ ਪੁਜੀਸ਼ਨ ਉਤੇ ਨੌਕਰੀ ਜੁਆਇਨ ਕਰ ਲਈ। ਅਥਲੈਟਿਕਸ ਵਿੱਚ ਮੱਲਾਂ ਮਾਰਨ ਤੋਂ ਬਾਅਦ ਹੁਣ ਉਹ ਬਿਜਨਿਸ ਐਡਮਿਨ ਵਿੱਚ ਪ੍ਰੋਫੈਸ਼ਨਲ ਕਰੀਅਰ ਵੀ ਬਣਾਉਣਾ ਚਾਹੁੰਦਾ ਸੀ। ਅੱਠ ਘੰਟੇ ਉਸ ਦੀ ਨੌਕਰੀ ਦੀ ਟਰੇਨਿੰਗ ਚੱਲਦੀ। ਤੀਹਰੀ ਛਾਲ ਲਈ ਅਭਿਆਸ ਵਾਸਤੇ ਉਸ ਨੂੰ ਸਮਾਂ ਨਾ ਮਿਲਣਾ। ਸਿਰਫ ਵੀਕਐਂਡ ਉਤੇ ਜੌਗਿੰਗ ਕਰਨ ਨੂੰ ਮਿਲਦੀ। ਇਕ ਵਾਰ ਤਾਂ ਉਸ ਦੇ ਖੇਡ ਕਰੀਅਰ ਉਤੇ ਫੁੱਲ ਸਟਾਪ ਹੀ ਲੱਗ ਗਿਆ ਸੀ। ਮਹਿੰਦਰ ਦੇ ਦਿਲ ਵਿੱਚ ਕਿਧਰੇ ਹਾਲੇ ਵੀ ਅਥਲੈਟਿਕਸ ਫੀਲਡ ਲਈ ਕੁਝ ਥਾਂ ਬਾਕੀ ਸੀ। ਹਾਲੇ ਉਹ ਨੌਕਰੀ ਵਿੱਚ ਨਵਾਂ ਹੀ ਸੀ ਕਿ ਅਗਲੇ ਸਾਲ 1974 ਦੇ ਚੜ੍ਹਦੇ ਮਹੀਨੇ ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਵਿਖੇ ਰਾਸ਼ਟਰਮੰਡਲ ਖੇਡਾਂ ਆ ਗਈਆਂ। ਮਹਿੰਦਰ ਭਾਰਤੀ ਟੀਮ ਲਈ ਚੁਣਿਆ ਤਾਂ ਗਿਆ ਸੀ ਪਰ ਉਸ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਟਿਕਟ ਨਹੀਂ ਮਿਲੀ ਸੀ। ਖੇਡਾਂ ਸ਼ੁਰੂ ਹੋਣ ਵਿੱਚ ਹਫਤਾ ਹੀ ਰਹਿ ਗਿਆ ਸੀ ਪਰ ਮਹਿੰਦਰ ਨੂੰ ਨਿਊਜ਼ੀਲੈਂਡ ਜਾਣ ਲਈ ਕੋਈ ਪ੍ਰੋਗਰਾਮ ਨਹੀਂ ਮਿਲਿਆ ਸੀ। ਮਹਿੰਦਰ ਨੇ ਆਪਣੇ ਜਾਣਕਾਰ ਭਾਰਤੀ ਹਵਾਈ ਸੈਨਾ ਦੇ ਏਅਰ ਵਾਈਸ ਮਾਰਸ਼ਲ ਚਮਨ ਲਾਲ ਮਹਿਤਾ ਨਾਲ ਫੋਨ 'ਤੇ ਗੱਲ ਕਰਕੇ ਸਲਾਹ ਮੰਗੀ। ਮਹਿੰਦਰ ਨੂੰ ਪਤਾ ਲੱਗਿਆ ਕਿ ਭਾਰਤੀ ਅਥਲੈਟਿਕਸ ਫੈਡਰੇਸ਼ਨ ਆਪਣੇ ਚਹੇਤੇ ਆਫੀਸ਼ਲਾਂ ਨੂੰ ਟੂਰ ਲਗਾਉਣ ਵਾਸਤੇ ਇਹ ਪ੍ਰਚਾਰ ਕਰ ਰਹੀ ਸੀ ਕਿ ਖੁਦ ਮਹਿੰਦਰ ਨੇ ਹਿੱਸਾ ਲੈਣ ਤੋਂ ਨਾਂਹ ਕਰ ਦਿੱਤੀ। ਚਮਨ ਲਾਲ ਮਹਿਤਾ ਨੇ ਮਹਿੰਦਰ ਨੂੰ ਸਲਾਹ ਦਿੱਤੀ ਕਿ ਉਹ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕੋਲ ਆਪਣਾ ਕੇਸ ਰੱਖੇ। ਮਹਿੰਦਰ ਨੇ ਅਮਰੀਕਾ ਤੋਂ ਹੀ ਤੁਰੰਤ ਤਾਰਾਂ ਪ੍ਰਧਾਨ ਮੰਤਰੀ ਦਫਤਰ ਨਾਲ ਜੁੜ ਲਈਆਂ। ਮਹਿੰਦਰ ਨੇ ਆਪਣੀ ਜਾਣ-ਪਛਾਣ ਕਰਵਾਉਂਦਿਆਂ ਸੰਖੇਪ ਵਿੱਚ ਕਹਾਣੀ ਦੱਸੀ ਤਾਂ ਥੋੜੇਂ ਹੀ ਸਮੇਂ ਬਾਅਦ ਉਸ ਦੀ ਪ੍ਰਧਾਨ ਮੰਤਰੀ ਨਾਲ ਸਿੱਧੀ ਗੱਲ ਕਰਵਾ ਦਿੱਤੀ। ਮਹਿੰਦਰ ਦੀਆਂ ਪ੍ਰਾਪਤੀਆਂ ਅਤੇ ਉਸ ਦੀ ਹੱਡਬੀਤੀ ਸੁਣ ਕੇ ਇੰਦਰਾ ਗਾਂਧੀ ਨੇ ਟਿਕਟ ਭੇਜਣ ਦੀ ਹਾਮੀ ਭਰਦਿਆਂ 'ਗੁੱਡ ਲੱਕ' ਕਿਹਾ। ਤਿੰਨ ਦਿਨ ਬਾਅਦ ਮਹਿੰਦਰ ਨੂੰ ਅਮਰੀਕਾ ਸਥਿਤ ਭਾਰਤੀ ਕੌਂਸਲੇਟ ਜਨਰਲ ਵੱਲੋਂ ਫੋਨ ਆਇਆ ਅਤੇ ਫਿਲਮੀ ਸਟਾਈਲ ਵਿੱਚ ਸੁਨੇਹਾ ਲੱਗਿਆ ਕਿ ਦੋ ਦਿਨ ਬਾਅਦ ਉਹ ਲਾਸ ਏਂਜਲਸ ਹਵਾਈ ਅੱਡੇ ਤੋਂ ਆਪਣੀ ਟਿਕਟ ਹਾਸਲ ਕਰ ਲਏ।

PunjabKesari

ਮਹਿੰਦਰ ਦੇ ਰਾਹ ਵਿੱਚ ਔਕੜਾਂ ਹਾਲੇ ਹੱਲ ਹੋਣ ਦਾ ਨਾਂ ਨਹੀਂ ਲੈ ਰਹੀਆਂ। ਕੰਪਨੀ ਦੀ ਨਵੀਂ ਨਵੀਂ ਨੌਕਰੀ ਕਰਕੇ ਉਸ ਨੂੰ ਖੇਡਾਂ ਵਿੱਚ ਹਿੱਸਾ ਲੈਣ ਵਾਸਤੇ ਛੁੱਟੀ ਮਿਲਣ ਦੀ ਬਿਲਕੁਲ ਸੰਭਾਵਨਾ ਨਹੀਂ ਸੀ। ਮਹਿੰਦਰ ਨੇ ਬਹਾਨਾ ਬਣਾਇਆ ਕਿ ਜੌਗਿੰਗ ਕਰਦਿਆਂ ਉਸ ਦੇ ਸੱਟ ਲੱਗ ਗਈ ਜਿਸ ਲਈ ਉਸ ਨੇ ਕੁਝ ਦਿਨ ਲਈ ਇਲਾਜ ਕਰਵਾਉਣ ਜਾਣਾ ਹੈ। ਮਹਿੰਦਰ ਨੇ ਲਾਸ ਏਂਜਲਸ ਤੋਂ ਫਲਾਈਟ ਫੜੀ ਅਤੇ ਸਿਡਨੀ ਜਾ ਪੁੱਜਾ। ਸਿਡਨੀ ਤੋਂ ਅਗਾਂਹ ਨਿਊਜ਼ੀਲੈਂਡ ਲਈ ਉਸ ਨੂੰ ਫਲਾਈਟ ਨਹੀਂ ਮਿਲ ਰਹੀ ਸੀ। ਏਅਰ ਲਾਈਨ ਸਟਾਫ ਅੱਗੇ ਵਾਸਤਾ ਪਾਇਆ ਕਿ ਅਗਲੇ ਦਿਨ ਉਸ ਨੇ ਮੁਕਾਬਲੇ ਵਿੱਚ ਹਿੱਸਾ ਲੈਣ ਜਿਸ ਕਾਰਨ ਉਸ ਦਾ ਜਾਣਾ ਬਹੁਤ ਜ਼ਰੂਰੀ। ਏਅਰ ਲਾਈਨਜ਼ ਵਾਲਿਆਂ ਨੇ ਜਿਵੇਂ ਕਿਵੇਂ ਕਰਕੇ ਉਸ ਲਈ ਇਕ ਸੀਟ ਦਾ ਪ੍ਰਬੰਧ ਕੀਤਾ ਅਤੇ ਫੇਰ ਕਿਤੇ ਜਾ ਕੇ ਉਹ ਖੇਡਾਂ ਦੀ ਨਗਰੀ ਪੁੱਜਿਆ। ਕਈ ਦਿਨਾਂ ਦੀ ਟਿਕਟ ਲਈ ਜਦੋ ਜਹਿਦ ਅਤੇ ਫੇਰ 20 ਘੰਟਿਆਂ ਦੀ ਫਲਾਈਟ ਤੋਂ ਬਾਅਦ ਥੱਕਿਆ ਟੁੱਟਿਆ ਮਹਿੰਦਰ ਮੁਕਾਬਲੇ ਤੋਂ ਪਹਿਲੀ ਰਾਤ ਚੈਨ ਨਾਲ ਸੁੱਤਾ। ਕ੍ਰਾਈਸਟਚਰਚ ਦੱਖਣੀ ਧਰੁਵ ਦੇ ਨੇੜੇ ਹੋਣ ਕਰਕੇ ਉਥੇ ਜਨਵਰੀ ਮਹੀਨੇ ਅੱਧੀ ਰਾਤ ਨੂੰ ਵੀ ਦਿਨ ਵਰਗਾ ਚਾਨਣ ਸੀ। ਮਹਿੰਦਰ ਸਵੇਰ ਹੋਈ ਸਮਝ ਕੇ ਜਾਗ ਪਿਆ ਪਰ ਘੜੀ ਉਤੇ ਰਾਤ ਦੇ ਢਾਈ ਵਜੇ ਸਨ। ਮਹਿੰਦਰ ਨੇ ਫੇਰ ਅੱਖ ਲਾਈ। ਸਵੱਖਤੇ ਉਠ ਕੇ ਉਸ ਨੇ ਚਾਹ ਦਾ ਕੱਪ ਪੀਤਾ ਅਤੇ ਆਪਣੇ ਆਪ ਨੂੰ ਰਿਲੈਕਸ ਕਰਦਾ ਹੋਇਆ 9 ਵਜੇ ਮੁਕਾਬਲੇ ਲਈ ਪਹੁੰਚ ਗਿਆ। ਕੁਆਲੀਫਾਈ ਗੇੜ ਪਾਰ ਕਰਨ ਤੋਂ ਬਾਅਦ ਉਹ ਫਾਈਨਲ ਵਿੱਚ ਪੁੱਜ ਗਿਆ। ਪਹਿਲੇ ਪੰਜ ਜੰਪਾਂ ਤੱਕ ਮਹਿੰਦਰ ਪੌਣੇ 54 ਫੁੱਟ ਤੋਂ ਵੱਧ ਛਾਲ ਲਗਾ ਕੇ ਪਹਿਲੇ ਨੰਬਰ ਉਤੇ ਚੱਲ ਰਿਹਾ ਸੀ।

ਉਸੇ ਵਕਤ ਸਟੇਡੀਅਮ ਵਿੱਚ 1500 ਮੀਟਰ ਦੌੜ ਦੇ ਫਾਈਨਲ ਵਿੱਚ ਤਨਜ਼ਾਨੀਆ ਦੇ ਫਿਲਬਰਟ ਨੇ 3.32.16 ਦਾ ਸਮਾਂ ਕੱਢਦਿਆਂ ਵਿਸ਼ਵ ਰਿਕਾਰਡ ਬਣਾ ਦਿੱਤਾ। ਜਿਉਂ ਹੀ ਉਸ ਦੇ ਵਿਸ਼ਵ ਰਿਕਾਰਡ ਦਾ ਐਲਾਨ ਹੋਇਆ ਤਾਂ ਸਾਰਿਆਂ ਦਾ ਧਿਆਨ ਟਰੈਕ ਵੱਲ ਹੋ ਗਿਆ। ਉਸੇ ਵਕਤ ਤੀਹਰੀ ਛਾਲ ਦੇ ਚੱਲ ਰਹੇ ਮੁਕਾਬਲੇ ਵਿੱਚ ਘਾਨਾ ਦੇ ਜੋਸ਼ੂਆ ਓਵੁਸ਼ੂ ਨੇ 54 ਫੁੱਟ ਇਕ ਇੰਚ ਦੀ ਛਾਲ ਲਗਾਈ। ਉਸੇ ਵਕਤ ਆਸਟਰੇਲੀਆ ਦੇ ਪਿਛਲੀਆਂ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਫਿਲਿਪ ਜੌਹਨ ਨੇ ਇਤਰਾਜ਼ ਕੀਤਾ ਕਿ ਘਾਨਾ ਦੇ ਅਥਲੀਟ ਵੱਲੋਂ ਫਾਊਲ ਕੀਤਾ ਗਿਆ। ਮਹਿੰਦਰ ਵੱਲੋਂ ਕਿਸੇ ਭਾਰਤੀ ਆਫੀਸ਼ਲ ਨੇ ਇਤਰਾਜ਼ ਨਾ ਲਗਾਇਆ। ਆਸਟਰੇਲੀਅਨ ਅਥਲੀਟ ਦਾ ਇਤਰਾਜ਼ ਸਵਿਕਾਰ ਨਾ ਕੀਤਾ ਗਿਆ ਅਤੇ ਘਾਨਾ ਦੇ ਅਥਲੀਟ ਦੇ ਹਿੱਸੇ ਸੋਨੇ ਅਤੇ ਮਹਿੰਦਰ ਦੀ ਝੋਲੀ ਚਾਂਦੀ ਦਾ ਤਮਗਾ ਪਿਆ। ਮਹਿੰਦਰ ਨੂੰ ਸੋਨ ਤਮਗੇ ਖੁੱਸਣ ਦਾ ਕੋਈ ਅਫਸੋਸ ਨਹੀਂ ਹੋਇਆ ਕਿਉਂਕਿ ਜਿੰਨਾ ਹਾਲਾਤਾਂ ਨਾਲ ਜੂਝ ਕੇ ਉਹ ਪੁੱਜਿਆ ਸੀ ਉਸ ਲਈ ਇਹ ਚਾਂਦੀ ਵੀ ਸੋਨੇ ਤੋਂ ਘੱਟ ਨਹੀਂ ਸੀ। ਉਂਝ ਵੀ ਰਾਸ਼ਟਰਮੰਡਲ ਖੇਡਾਂ ਵਿੱਚ ਉਸ ਨੇ ਕਾਂਸੀ ਦੇ ਤਮਗੇ ਤੋਂ ਬਾਅਦ ਆਪਣਾ ਪ੍ਰਦਰਸ਼ਨ ਸੁਧਾਰਦਿਆਂ ਐਤਕੀਂ ਚਾਂਦੀ ਖੱਟੀ ਸੀ। ਇਸ ਦੇ ਨਾਲ ਹੀ ਮਹਿੰਦਰ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ ਦੋ ਤਮਗੇ ਜਿੱਤਣ ਵਾਲਾ ਭਾਰਤ ਦਾ ਇਕਲੌਤਾ ਅਥਲੀਟ ਬਣ ਗਿਆ। ਭਾਰਤੀ ਅਥਲੈਟਿਕਸ ਇਤਿਹਾਸ ਦੇ ਚਾਰ ਤਮਗਿਆਂ ਵਿੱਚੋਂ ਦੋ ਇਕੱਲੇ ਮਹਿੰਦਰ ਨੇ ਜਿੱਤੇ ਸਨ ਅਤੇ ਇਹ ਰਿਕਾਰਡ 2010 ਦੀਆਂ ਨਵੀਂ ਦਿੱਲੀ ਰਾਸ਼ਟਰਮੰਡਲ ਖੇਡਾਂ ਤੱਕ ਉਸ ਦੇ ਨਾਂ ਰਿਹਾ।

PunjabKesari

ਦੇਰੀ ਨਾਲ ਪੁੱਜੇ ਮਹਿੰਦਰ ਨੇ ਉਦਘਾਟਨੀ ਸਮਾਰੋਹ ਤਾਂ ਪਹਿਲਾ ਹੀ ਮਿਸ ਕਰ ਦਿੱਤਾ ਸੀ ਹੁਣ ਵਾਪਸ ਨੌਕਰੀ ਜੁਆਇਨ ਕਰਨ ਲਈ ਉਸ ਨੂੰ ਸਮਾਪਤੀ ਸਮਾਰੋਹ ਤੋਂ ਪਹਿਲਾਂ ਹੀ ਅਮਰੀਕਾ ਪਰਤਣ ਦੀ ਕਾਹਲੀ ਸੀ। ਉਸ ਨੇ ਗੇਮਜ਼ ਵਿਲੇਜ ਵਿੱਚੋਂ ਆਪਣਾ ਸਮਾਨ ਜਲਦੀ ਨਾਲ ਸਮੇਟਿਆ ਅਤੇ ਹਵਾਈ ਅੱਡੇ ਲਈ ਚਾਲੇ ਪਾ ਦਿੱਤੇ। ਉਸ ਦੀ ਨਿਊਜ਼ੀਲੈਂਡ ਵਿਖੇ ਠਹਿਰ ਸਿਰਫ ਦੋ ਦਿਨ ਦੀ ਸੀ ਅਤੇ ਭਾਰਤ ਦਾ ਨਾਂ ਰੌਸ਼ਨ ਕਰਦਾ ਹੋਇਆ ਚਾਂਦੀ ਦਾ ਤਮਗਾ ਜਿੱਤ ਕੇ ਉਸ ਨੇ ਤੁਰੰਤ ਵਾਪਸੀ ਇੰਝ ਕੀਤੀ ਜਿਵੇਂ ਕੋਈ ਨਿਆਣਾ ਹੱਟੀ ਤੋਂ ਟੌਫੀਆਂ ਲੈ ਕੇ ਫਟਾਫਟ ਘਰ ਪਰਤਦਾ ਹੋਵੇ। ਹਵਾਈ ਅੱਡੇ ਦੇ ਕਾਊਂਟਰ 'ਤੇ ਹੀ ਏਅਰ ਲਾਈਨਜ਼ ਸਟਾਫ ਨੇ ਉਸ ਨੂੰ ਪਛਾਣ ਲਿਆ। ਰਾਣੀ ਹੱਥੋਂ ਉਸ ਨੂੰ ਤਮਗਾ ਪਹਿਨਾਏ ਜਾਂਦੇ ਨੂੰ ਅੱਖੀ ਜੋ ਵੇਖਿਆ ਸੀ। ਉਸ ਦਾ ਬੜਾ ਸਤਿਕਾਰ ਹੋਇਆ। ਫਲਾਈਟ ਵਿੱਚ ਦਾਖਲ ਹੁੰਦਿਆਂ ਹੀ ਪਾਇਲਟਾਂ ਨੇ ਮਹਿੰਦਰ ਦਾ ਨਾਂ ਲੈ ਕੇ ਘੋਸ਼ਣਾ ਕਰਦਿਆਂ ਸਵਾਗਤ ਕੀਤਾ। ਉਸ ਨੂੰ ਕੌਕਪਿਟ ਵਿੱਚ ਆਉਣ ਦਾ ਸੱਦਾ ਦਿੱਤਾ ਜਿੱਥੇ ਉਹ 15-20 ਮਿੰਟ ਰੁਕਿਆ ਅਤੇ ਬੀਅਰ ਨਾਲ ਉਸ ਦੀ ਸੇਵਾ ਕੀਤੀ। ਪੰਜਾਬੀ ਦੀ ਆਮ ਕਹਾਵਤ ਹੁੰਦੀ ਹੈ ਕਿ 'ਜੱਟ ਤਾਂ ਸੁਹਾਗੇ 'ਤੇ ਮਾਣ ਨਹੀਂ ਹੁੰਦਾ, ਦੋ ਪੈਗ ਲਾ ਕੇ ਤਾਂ ਉਹ ਸੁਹਾਗੇ ਨੂੰ ਜਹਾਜ਼ ਸਮਝ ਲੈਂਦਾ। ਜੇ ਉਹ ਸੱਚਮੁੱਚ ਜਹਾਜ਼ ਉਤੇ ਸਵਾਰ ਹੋਵੇ ਤਾਂ ਪੈਗ ਲਗਾ ਕੇ ਕੌਕਪਿਟ ਵਿੱਚ ਜਾਣ ਦੀ ਜ਼ਿੱਦ ਕਰਨ ਲੱਗਦਾ।' ਇਧਰ ਦੋਆਬੇ ਦੇ ਇਸ ਜੱਟ ਨੂੰ ਖੁਦ ਜਹਾਜ਼ ਸਟਾਫ ਨੇ ਕੌਕਪਿਟ ਵਿੱਚ ਲਿਜਾ ਕੇ ਬੀਅਰ ਪਿਆਈ। ਮਹਿੰਦਰ ਅੱਜ ਵੀ ਉਨ੍ਹਾਂ ਪਲਾਂ ਨੂੰ ਯਾਦ ਕਰਦਾ ਹੋਇਆ ਭਾਵੁਕ ਹੋ ਜਾਂਦਾ ਹੈ ਅਤੇ ਇਨ੍ਹਾਂ ਪਲਾਂ ਨੂੰ ਆਪਣੀ ਜ਼ਿੰਦਗੀ ਦਾ ਸਰਮਾਇਆ ਮੰਨਦਾ ਹੈ।

ਮਹਿੰਦਰ ਅਮਰੀਕਾ ਪੁੱਜਦਿਆਂ ਹੀ ਆਪਣੀ ਲੱਤ ਉਤੇ ਪੱਟੀ ਬੰਨ੍ਹ ਕੇ ਦਫਤਰ ਹਾਜ਼ਰ ਹੋਇਆ। ਅਥਲੈਟਿਕਸ ਫੀਲਡ ਵਿੱਚ 'ਲੁੱਕ ਲੁੱਕ ਲਾਈਆਂ ਪ੍ਰੀਤਾਂ' ਦੇ ਢੋਲ ਨਗਾਰੇ ਖੁੱਲ੍ਹੇਆਮ ਵੱਜ ਗਏ। ਅਖਬਾਰਾਂ ਦੀਆਂ ਸੁਰਖੀਆਂ ਨਾਲ ਉਸ ਦਾ ਚੋਰੀ ਛਿਪੇ ਜਾਣਾ ਕਿੱਥੇ ਲੁੱਕਿਆ ਜਾਣਾ ਸੀ। ਬੌਸ ਨੇ ਮਹਿੰਦਰ ਨੂੰ ਕਿਹਾ ਕਿ ਉਸ ਨੇ ਝੂਠ ਬੋਲਿਆ ਅਤੇ ਸੱਟ ਦਾ ਬਹਾਨਾ ਲਗਾ ਕੇ ਨਿਊਜ਼ੀਲੈਂਡ ਜਾ ਕੇ ਖੇਡਾਂ ਵਿੱਚ ਹਿੱਸਾ ਲਿਆ ਜਿਸ ਕਰਕੇ ਕੰਪਨੀ ਨੂੰ ਉਸ ਦੀ ਕੋਈ ਲੋੜ ਨਹੀਂ। ਮਹਿੰਦਰ ਨੂੰ ਟਰਮੀਨੇਟ ਕਰ ਦਿੱਤਾ। ਉਹ ਕੰਪਨੀ ਦੇ ਦਫਤਰ ਤੋਂ ਸਿੱਧਾ ਸਟੇਡੀਅਮ ਗਿਆ ਜਿੱਥੇ ਜਾ ਕੇ ਉਹ ਟਰੈਕ ਉਤੇ ਲੰਬਾਂ ਲੇਟ ਗਿਆ। ਮਹਿੰਦਰ ਦੱਸਦਾ ਹੈ ਕਿ ਉਸ ਦਿਨ ਉਸ ਨੇ ਸੁੱਖ ਦਾ ਸਾਹ ਲਿਆ ਜਦੋਂ ਉਹ ਨੌਕਰੀ ਦੀਆਂ ਬੰਧਨਾਂ ਤੋਂ ਮੁਕਤ ਹੋਇਆ। ਹੁਣ ਉਸ ਲਈ ਅਥਲੈਟਿਕਸ ਫੀਲਡ ਹੀ ਇਕ ਵਾਰੀ ਫੇਰ ਸਭ ਕੁੱਝ ਸੀ।

PunjabKesari

ਮਹਿੰਦਰ ਦਾ ਅਗਾਂਹ ਪੜ੍ਹਾਈ ਕਰਨ ਦਾ ਮਨ ਬਣਿਆ ਤਾਂ ਉਸ ਨੇ ਰੈਡਲੈਂਡਜ਼ ਯੂਨੀਵਰਸਿਟੀ ਵਿੱਚ ਮਾਸਟਰ ਡਿਗਰੀ ਕੋਰਸ 'ਚ ਦਾਖਲਾ ਲੈ ਲਿਆ। ਕੁਝ ਸਮੇਂ ਬਾਅਦ ਹੀ ਸਤੰਬਰ ਮਹੀਨੇ ਤਹਿਰਾਨ ਵਿਖੇ ਏਸ਼ਿਆਈ ਖੇਡਾਂ ਸਨ। ਮਹਿੰਦਰ ਨੂੰ ਖੇਡ ਪ੍ਰਾਪਤੀਆਂ ਬਦਲੇ ਭਾਰਤ ਸਰਕਾਰ ਵੱਲੋਂ 1970 ਵਿੱਚ ਅਰਜੁਨਾ ਐਵਾਰਡ ਲਈ ਚੁਣਿਆ ਗਿਆ। ਅਥਲੈਟਿਕਸ ਫੈਡਰੇਸ਼ਨ ਨਾਲ ਖਟਾਸ ਦੇ ਰਿਸ਼ਤਿਆਂ ਦੇ ਚੱਲਦਿਆਂ ਉਹ ਇਹ ਐਵਾਰਡ ਲੈਣ ਵੀ ਭਾਰਤ ਨਾ ਆਇਆ। ਅਰਜੁਨਾ ਐਵਾਰਡ ਦੀ ਟਰਾਫੀ ਉਸ ਨੂੰ ਚਾਰ ਵਰ੍ਹਿਆਂ ਬਾਅਦ 1974 ਦੀਆਂ ਤਹਿਰਾਨ ਏਸ਼ਿਆਈ ਖੇਡਾਂ ਵਿੱਚ ਮਿਲਣੀ ਸੀ। ਮਹਿੰਦਰ ਨੂੰ ਖੇਡਾਂ ਵਿੱਚ ਹਿੱਸਾ ਲੈਣ ਦੀ ਖੁਸ਼ੀ ਦੇ ਨਾਲ ਹੀ ਅਰਜੁਨਾ ਐਵਾਰਡ ਹਾਸਲ ਕਰਨ ਦਾ ਵੀ ਚਾਅ ਸੀ। ਐਤਕੀਂ ਵੀ ਉਸ ਨੂੰ ਹਮੇਸ਼ਾ ਵਾਂਗ ਆਪਣੇ ਪਰਫਾਰਮੈਂਟ ਚਾਰਟ ਨੂੰ ਪਹਿਲਾਂ ਭੇਜ ਕੇ ਟਿਕਟ ਮਿਲੀ ਸੀ। ਇਹ ਉਸ ਲਈ ਰੁਟੀਨ ਦੀ ਗੱਲ ਸੀ। ਅਧਿਕਾਰੀਆਂ ਦੀ ਬੇਰੁਖੀ ਦੇ ਸ਼ਿਕਾਰ ਮਹਿੰਦਰ ਨੂੰ ਕਈ ਵਾਰ ਆਖਰੀ ਮੌਕੇ ਤੱਕ ਕੰਪੀਟੀਸ਼ਨ ਵਿੱਚ ਹਿੱਸਾ ਲੈਣ ਲਈ ਟਿਕਟ ਮਿਲਣੀ ਜਿਸ ਦੀ ਉਦਾਹਰਨ ਰਾਸ਼ਟਰਮੰਡਲ ਖੇਡਾਂ ਵਿੱਚ ਵਾਪਰੀ ਉਸ ਨਾਲ ਘਟਨਾ ਹੈ। ਮਹਿੰਦਰ ਵੱਡੇ ਮੁਕਾਬਲਿਆਂ ਵਿੱਚ ਪ੍ਰਤੀਨਿਧਤਾ ਤਾਂ ਭਾਰਤ ਵੱਲੋਂ ਹੀ ਕਰਦਾ ਪਰ ਭਾਰਤੀ ਖੇਡ ਦਲ ਨਾਲ ਉਸ ਦੀ ਦਾਲ ਨਾ ਗਲਣੀ। ਮਹਿੰਦਰ ਦੇ ਦੋਸਤ ਪਰਵੀਨ ਨੂੰ ਬਹੁਤ ਗੁੱਸਾ ਆਉਣਾ ਕਿ ਨਾ ਤਾ ਮਹਿੰਦਰ ਨੂੰ ਕੋਈ ਮਿਹਨਤਾਨੇ ਦੇ ਪੈਸੇ ਦਿੰਦਾ ਅਤੇ ਨਾ ਹੀ ਖੇਡ ਕਿੱਟ। ਪਰਵੀਨ ਨੇ ਇਕ ਵਾਰ ਫੈਡਰੇਸ਼ਨ ਦੇ ਅਧਿਕਾਰੀ ਰਾਜਸਥਾਨ ਦੇ ਭਗਤ ਨੂੰ ਕੋਸਦਿਆਂ ਕਿਹਾ, ''ਮਹਿੰਦਰ ਮੈਡਲ ਤਾਂ ਭਾਰਤ ਲਈ ਹੀ ਜਿੱਤਦਾ ਹੈ, ਤੁਸੀਂ ਉਸ ਨੂੰ ਬਣਦਾ ਹੱਕ ਕਿਉਂ ਨਹੀਂ ਦਿੰਦੇ।'' ਮਹਿੰਦਰ ਦੇ ਦੱਸਣ ਮੁਤਾਬਕ ਫੈਡਰੇਸ਼ਨ ਅਧਿਕਾਰੀ ਦਾ ਅੱਗੋਂ ਜਵਾਬ ਆਇਆ, ''ਮੈਡਲ ਜਿੱਤਦਾ ਹੋਊ ਤਾਂ ਆਪਣ ਲਈ, ਸਾਨੂੰ ਕੀ ਆ।''

ਮਹਿੰਦਰ ਤਹਿਰਾਨ ਪੁੱਜਿਆ ਤਾਂ ਸਭ ਤੋਂ ਪਹਿਲਾਂ ਉਸ ਨੂੰ ਅੰਬੈਸੀ ਵਿਖੇ ਇਕ ਸਾਦੇ ਸਮਾਗਮ ਦੌਰਾਨ ਅਰਜੁਨਾ ਐਵਾਰਡ ਭੇਂਟ ਕੀਤਾ ਗਿਆ ਜਿਸ ਦੀ ਮਹਿੰਦਰ ਕੋਲ ਕੋਈ ਤਸਵੀਰ ਵੀ ਨਹੀਂ ਹੈ। ਤਹਿਰਾਨ ਵਿਖੇ ਮਹਿੰਦਰ ਨੇ ਸਵਾ 53 ਫੁੱਟ ਤੀਹਰੀ ਛਾਲ ਲਗਾ ਕੇ ਚਾਂਦੀ ਦਾ ਤਮਗਾ ਜਿੱਤਿਆ। ਇਹ ਵੀ ਏਸ਼ਿਆਈ ਖੇਡਾਂ ਵਿੱਚ ਉਸ ਦਾ ਦੂਜਾ ਮੈਡਲ ਸੀ। ਤਹਿਰਾਨ ਤੋਂ ਪਰਤ ਕੇ ਮਹਿੰਦਰ ਨੇ ਆਪਣੀ ਤਿਆਰੀ ਨਾ ਛੱਡੀ। ਮਾਸਟਰ ਡਿਗਰੀ ਵੀ ਕਰਦਾ ਰਿਹਾ ਅਤੇ ਤੀਹਰੀ ਛਾਲ ਦੀ ਪ੍ਰੈਕਟਿਸ ਵੀ। ਖੇਡਾਂ ਦੇ ਨਾਲ-ਨਾਲ ਭਾਰਤੀ ਅਧਿਕਾਰੀਆਂ ਨਾਲ ਟਕਰਾਅ ਅਤੇ ਕਲੇਸ਼ ਉਸ ਦੇ ਖੇਡ ਕਰੀਅਰ ਦੇ ਸ਼ੁਰੂ ਤੋਂ ਅਖੀਰ ਤੱਕ ਰਿਹਾ। 1975 ਵਿੱਚ ਸੀਬੂ ਆਈਸਲੈਂਡ ਵਿਖੇ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਹੋਣ ਵਾਲੀ ਸੀ। ਫਿਲਪਾਈਨ ਸਥਿਤ ਇਸ ਆਈਸਲੈਂਡ ਉਤੇ ਫਲਾਈਟ ਫੜਨ ਲਈ ਮਹਿੰਦਰ ਬਾਕੀ ਟੀਮ ਮੈਂਬਰਾਂ ਨਾਲ ਦੱਖਣੀ ਕੋਰੀਆ ਦੇ ਇਕ ਹਵਾਈ ਅੱਡੇ ਉਤੇ ਬੈਠਾ ਸੀ। ਉਥੇ ਅਥਲੈਟਿਕਸ ਫੈਡਰੇਸ਼ਨ ਦੇ ਸਕੱਤਰ ਮਿਸਟਰ ਖੰਨਾ ਨਾਲ ਮਹਿੰਦਰ ਦੀ ਕਹਾਂ ਸੁਣੀ ਹੋ ਗਈ। ਅਸਲ ਵਿੱਚ ਉਥੇ ਉਸ ਕੋਲੋਂ ਅਗਲੀ ਫਲਾਈਟ ਵਾਸਤੇ ਪੈਸਿਆਂ ਦੀ ਮੰਗ ਕੀਤੀ ਗਈ ਜਿਸ ਉਤੇ ਭੜਕਦਿਆਂ ਮਹਿੰਦਰ ਨੇ ਸਕੱਤਰ ਨੂੰ ਕਹਿ ਦਿੱਤਾ, ''ਸਾਡੇ ਕਰਕੇ ਤੁਸੀਂ ਹੋ, ਤੁਹਾਡੇ ਕਰਕੇ ਅਸੀਂ ਨਹੀਂ।'' ਮਹਿੰਦਰ ਨੂੰ ਟੀਮ ਵਿੱਚੋਂ ਕੱਢਣ ਦੀ ਧਮਕੀ ਦਿੱਤੀ ਗਈ। ਟੀਮ ਨਾਲ ਆਫੀਸ਼ਲ ਗਏ ਮਿਲਖਾ ਸਿੰਘ ਵੀ ਉਸ ਨੂੰ ਸਮਝਾਉਣ ਆਇਆ ਕਿ ਮੁਆਫੀ ਮੰਗ ਲੈ ਪਰ ਮਹਿੰਦਰ ਵੀ ਗੁਰਬਚਨ ਰੰਧਾਵੇ ਵਾਂਗ ਅੜਬ ਜੱਟ ਸੀ।

PunjabKesari

ਸੀਬੂ ਆਈਸਲੈਂਡ ਭਾਰਤੀ ਟੀਮ ਪੁੱਜੀ। ਜਪਾਨੀ ਖਿਡਾਰੀ ਜਿੱਥੇ ਪੰਜ ਸਿਤਾਰਾ ਹੋਟਲਾਂ ਵਿੱਚ ਠਹਿਰੇ ਹੋਏ ਸਨ ਉਥੇ ਭਾਰਤੀ ਖਿਡਾਰੀਆਂ ਨੂੰ ਸਕੂਲ ਦੀ ਡੌਰਮੈਟਰੀ ਰਹਿਣ ਨੂੰ ਮਿਲੀ। ਆਖਰਕਾਰ ਮਹਿੰਦਰ ਨੇ ਮੁਆਫੀ ਤਾਂ ਮੰਗੀ ਨਹੀਂ ਪਰ ਵਿੱਚ-ਵਿਚਾਲੇ ਪੈ ਕੇ ਮਹਿੰਦਰ ਤੇ ਖੰਨਾ ਦੇ ਹੱਥ ਮਿਲਾ ਕੇ ਵਿਵਾਦ ਮੁਕਾ ਦਿੱਤਾ। ਮਹਿੰਦਰ ਨੇ ਸਾਰਾ ਗੁੱਸਾ ਅਥਲੈਟਿਕਸ ਫੀਲਡ ਉਤੇ ਕੱਢਿਆ ਅਤੇ ਸੋਨੇ ਦਾ ਮੈਡਲ ਜਿੱਤ ਕੇ ਤਹਿਰਾਨ ਵਿਖੇ ਖੁੱਸੀ ਆਪਣੀ ਬਾਦਸ਼ਾਹਤ ਹਾਸਲ ਕੀਤੀ। ਇਸ ਦੇ ਨਾਲ ਹੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਉਸ ਦੀ ਗੋਲਡਨ ਹੈਟ੍ਰਿਕ ਵੀ ਪੂਰੀ ਹੋ ਗਈ। ਇਹ ਮਹਿੰਦਰ ਦਾ ਆਖਰੀ ਵੱਡਾ ਟੂਰਨਾਮੈਂਟ ਸੀ ਅਤੇ 1976 ਵਿੱਚ ਮਾਸਟਰ ਡਿਗਰੀ ਕਰਨ ਤੋਂ ਬਾਅਦ ਉਸ ਨੇ ਕੁੱਲਵਕਤੀ ਬਿਜਨਿਸ ਸ਼ੁਰੂ ਕਰ ਲਿਆ।

ਮਹਿੰਦਰ ਦੇ ਕਾਇਮ ਕੀਤੇ ਰਿਕਾਰਡ ਕਈ ਸਾਲ ਲਈ ਨਹੀਂ ਟੁੱਟੇ। ਕੁਝ ਰਿਕਾਰਡ ਤਾਂ ਹਾਲੇ ਵੀ ਉਸ ਦੇ ਨਾਂ ਬੋਲਦੇ ਹਨ ਅਤੇ ਬਾਕੀ ਰਿਕਾਰਡਾਂ ਨੂੰ ਟੁੱਟਣ ਲਈ ਅੱਧੀ ਸਦੀ ਦੇ ਕਰੀਬ ਸਮਾਂ ਲੱਗਿਆ ਜਦੋਂ ਖੇਡ ਤਕਨੀਕ ਅਤੇ ਡਾਈਟ ਬਹੁਤ ਹੀ ਐਡਵਾਂਸ ਸਟੇਜ ਉਤੇ ਪੁੱਜ ਗਈ ਸੀ। ਆਮ ਕਰਕੇ ਬਾਕੀ ਈਵੈਂਟਾਂ ਵਿੱਚ ਰਿਕਾਰਡ ਜਲਦ ਟੁੱਟ ਜਾਂਦੇ ਸਨ। ਤੀਹਰੀ ਛਾਲ ਵਿੱਚ ਮਹਿੰਦਰ ਦਾ ਕੌਮੀ ਰਿਕਾਰਡ 40 ਸਾਲ ਉਸ ਦੇ ਨਾਂ ਰਿਹਾ। ਏਸ਼ਿਆਈ ਖੇਡਾਂ ਵਿੱਚ ਵੀ ਉਸ ਦੇ ਸੋਨ ਤਮਗੇ ਤੋਂ 48 ਸਾਲ ਬਾਅਦ ਕਿਸੇ ਭਾਰਤੀ ਅਥਲੀਟ ਨੇ ਤੀਹਰੀ ਛਾਲ ਵਿੱਚ ਸੋਨ ਤਮਗਾ ਜਿੱਤਿਆ। ਇਹ ਪ੍ਰਾਪਤੀ 2018 ਵਿੱਚ ਜਕਾਰਤਾ ਵਿਖੇ ਪੰਜਾਬ ਦੇ ਹੀ ਅਥਲੀਟ ਅਰਪਿੰਦਰ ਸਿੰਘ ਨੇ ਹਾਸਲ ਕੀਤੀ ਸੀ। ਕੈਲੇਫੋਰਨੀਆ ਪੌਲੀਟੈਕਨਿਕ ਸਟੇਟ ਯੂਨੀਵਰਸਿਟੀ ਵੱਲੋਂ ਉਸ ਨੂੰ 1993 ਵਿੱਚ 'ਹਾਲ ਆਫ ਫੇਮ' ਵਿੱਚ ਸ਼ਾਮਲ ਕੀਤਾ ਗਿਆ। ਉਸ ਨੂੰ ਸੁਨਹਿਰੀ ਘੜੀ ਨਾਲ ਸਨਮਾਨਿਆ ਗਿਆ। 'ਹਾਲ ਆਫ ਫੇਮ' ਵਿੱਚ ਸ਼ਾਮਲ ਹੋਣ ਵਾਲਾ ਉਹ ਏਸ਼ੀਆ ਦਾ ਇਕਲੌਤਾ ਅਥਲੀਟ ਹੈ। ਮਹਿੰਦਰ ਇਲੱਸਟ੍ਰੇਟਿਡ ਵੀਕਲੀ ਪੰਨੇ ਦੇ ਟਾਈਟਲ ਪੰਨੇ ਉਤੇ ਵੀ ਛਪਦਾ ਰਿਹਾ। ਇਕ ਵਾਰ ਇਸ ਮੈਗਜ਼ੀਨ 10 ਚੋਟੀ ਦੇ ਜੱਟ ਸਿੱਖ ਕੱਢੇ ਗਏ ਜਿਨ੍ਹਾਂ ਵਿੱਚੋਂ ਮਹਿੰਦਰ ਸਿੰਘ ਗਿੱਲ ਇਕ ਸੀ। ਇਸ ਵਿੱਚ ਹਰ ਖੇਤਰ ਤੋਂ ਸਿਖਰਲੇ ਜੱਟ ਸਿੱਖ ਲਏ ਗਏ। ਮਹਿੰਦਰ ਸਿੰਘ ਤੋਂ ਇਲਾਵਾ ਬਾਕੀਆਂ ਵਿੱਚ ਮਾਰਸ਼ਲ ਆਫ ਦਾ ਇੰਡੀਅਨ ਏਅਰ ਫੋਰਸ ਅਰਜਨ ਸਿੰਘ, ਜਨਰਲ ਹਰਬਖ਼ਸ਼ ਸਿੰਘ, ਸਾਬਕਾ ਵਿਦੇਸ਼ ਮੰਤਰੀ ਸਵਰਨ ਸਿੰਘ, ਮਹਾਰਾਜਾ ਯਾਦਵਿੰਦਰਾ ਸਿੰਘ, ਪਹਿਲਵਾਨ ਦਾਰਾ ਸਿੰਘ, ਹਾਕੀ ਖਿਡਾਰੀ ਅਜੀਤ ਪਾਲ ਸਿੰਘ ਜਿਹੇ ਵੱਡੇ ਨਾਂ ਸ਼ਾਮਲ ਸਨ। ਸਿਲੀਕਨ ਵੈਲੀ ਵਿੱਚ 2015 'ਚ ਗਲੋਬ ਫਿਲਮ ਫੈਸਟੀਵਲ ਵਿੱਚ ਲਾਈਫ ਟਾਈਮ ਅਚੀਵਮੈਂਟ ਐਵਾਰਡ ਮਿਲਿਆ। ਪੰਜਾਬ ਸਰਕਾਰ ਨੇ ਹਾਲ ਹੀ ਵਿੱਚ 1978 ਤੋਂ ਪਹਿਲਾਂ ਦੀਆਂ ਪ੍ਰਾਪਤੀਆਂ ਵਾਲੇ ਨਾਮੀਂ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੇਣ ਲਈ ਖੇਡ ਨੀਤੀ ਵਿੱਚ ਸੋਧ ਕੀਤੀ। ਪਿਛਲੇ ਸਾਲ 2019 ਵਿੱਚ ਮਹਿੰਦਰ ਸਣੇ ਚੋਟੀ ਦੇ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਦਿੱਤਾ ਗਿਆ। ਇਸ ਸੂਚੀ ਵਿੱਚ ਬਲਬੀਰ ਸਿੰਘ ਸੀਨੀਅਰ, ਗੁਰਬਚਨ ਸਿੰਘ ਰੰਧਾਵਾ, ਮਿਲਖਾ ਸਿੰਘ, ਅਜੀਤ ਪਾਲ ਸਿੰਘ, ਬਿਸ਼ਨ ਸਿੰਘ ਬੇਦੀ, ਬ੍ਰਿਗੇਡੀਅਰ ਹਰਚਰਨ ਸਿੰਘ, ਕਮਲਜੀਤ ਸੰਧੂ, ਕਰਨਲ ਬਲਬੀਰ ਸਿੰਘ ਆਦਿ ਵੀ ਸ਼ਾਮਲ ਸਨ। ਮਹਿੰਦਰ ਸਿੰਘ ਤਰਫੋਂ ਉਸ ਦੇ ਦੋਸਤ ਗੁਰਬਚਨ ਸਿੰਘ ਗਰੇਵਾਲ ਨੇ ਇਹ ਐਵਾਰਡ ਹਾਸਲ ਕੀਤਾ।

ਅਮਰੀਕਾ ਮਹਿੰਦਰ ਨੂੰ ਬਹੁਤ ਰਾਸ ਆਇਆ। ਉਥੇ ਉਹ ਪੌਲੀ ਕੈਲੀ ਤੇ ਕੈਲੇਫੋਰਨੀਆ ਇੰਟਰਨੈਸ਼ਨਲ ਕਲੱਬ ਵੱਲੋਂ ਕਈ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ। ਜੇ ਉਹ ਭਾਰਤ ਰਹਿੰਦਾ ਤਾਂ 52 ਫੁੱਟ ਦੀ ਛਾਲ ਸੰਭਵ ਹੋਣ ਸੀ ਜਿਹੜੀ ਉਸ ਨੇ ਅਮਰੀਕਾ ਰਹਿੰਦਿਆਂ 55 ਫੁੱਟ ਪਾਰ ਕੀਤੀ। ਮਹਿੰਦਰ ਨੇ ਇਕੇਰਾਂ ਫਰਿਜ਼ਨੋ ਵਿਖੇ ਸਾਢੇ 57 ਫੁੱਟ ਦੇ ਕਰੀਬ ਛਾਲ ਲਗਾ ਕੇ ਵਿਸ਼ਵ ਰਿਕਾਰਡ ਤੋੜ ਦਿੱਤਾ ਸੀ ਪਰ ਇਕ ਵਿਵਾਦਮਈ ਫੈਸਲੇ ਨਾਲ ਉਸ ਦੀ ਛਾਲ ਫਾਊਲ ਕਰਾਰ ਕਰ ਦਿੱਤੀ। ਅਸਲ ਵਿੱਚ ਉਸ ਨੇ ਟੇਕਆਫ ਤਾਂ ਲੱਕੜ ਵਾਲੀ ਫੱਟੀ ਉਤੋਂ ਸਹੀ ਲਿਆ ਸੀ ਪਰ ਰੇਤ ਸੁੱਕੀ ਹੋਣ ਅਤੇ ਜ਼ੋਰਦਾਰ ਹੌਪ ਲੈਂਦੇ ਸਮੇਂ ਫੱਟੀ ਦੀ ਧਮਕ ਕਰਕੇ ਰੇਤੇ ਦੇ ਕੁਝ ਦਾਣੇ ਫੱਟੇ ਉਤੇ ਪੈਣ ਕਾਰਨ ਉਸ ਦੀ ਛਾਲ ਫਾਊਲ ਦੇ ਦਿੱਤੀ। ਮੀਡੀਆ ਵਿੱਚ ਵੀ ਇਸ ਫੈਸਲੇ ਉਤੇ ਕਿੰਤੂ ਪ੍ਰੰਤੂ ਹੋਏ ਪਰ ਮਹਿੰਦਰ ਦੀ ਮਾੜੀ ਕਿਸਮਤ ਨੂੰ ਇਹ ਛਾਲ ਫਾਊਲ ਕਰਾਰ ਦਿੱਤੀ, ਨਹੀਂ ਤਾ ਵਿਸ਼ਵ ਰਿਕਾਰਡ ਮਹਿੰਦਰ ਦੇ ਨਾਂ ਦਰਜ ਹੋਣਾ ਸੀ।

PunjabKesari

ਛੇ ਫੁੱਟ ਲੰਬਾਂ ਮਹਿੰਦਰ ਲੰਬੀਆਂ ਲੱਤਾਂ ਨਾਲ ਛਾਲ ਲਗਾਉਂਦਾ ਹੋਇਆ ਹੌਪ ਦੌਰਾਨ ਬਹੁਤ ਉਚਾਈ ਫੜਦਾ ਸੀ ਜਿਸ ਲਈ ਉਹ ਛੇ ਫੁੱਟ ਤੋਂ ਉਪਰ ਉਚੀ ਛਾਲ ਲਗਾਉਣ ਦਾ ਨਿਰੰਤਰ ਅਭਿਆਸ ਕਰਦਾ ਸੀ। ਜਿੰਨੀ ਉਚੀ ਛਾਲ ਨਾਲ ਉਹ ਪ੍ਰੈਕਟਿਸ ਕਰਦਾ ਸੀ, ਉਨੀ ਨਾਲ ਨੈਸ਼ਨਲ ਚੈਂਪੀਅਨ ਸੁਖਾਲਾ ਬਣਿਆ ਜਾ ਸਕਦਾ। ਮਹਿੰਦਰ ਦੌੜਦਾ ਵੀ ਵੱਡੇ ਵੱਡੇ ਕਦਮਾਂ ਨਾਲ ਸੀ ਜਿਸ ਬਾਰੇ ਖੇਡ ਮਾਹਿਰਾਂ ਨੇ ਬਾਅਦ ਵਿੱਚ ਉਸ ਨੂੰ ਦੱਸਿਆ ਕਿ ਜੇਕਰ ਉਹ ਛੋਟੇ ਕਦਮਾਂ ਨਾਲ ਰਨਵੇਅ ਉਤੇ ਦੌੜਦਾ ਤਾਂ ਛਾਲ ਹੋਰ ਵੀ ਵੱਧ ਲੱਗ ਸਕਦੀ ਸੀ। ਹੌਪ ਦੌਰਾਨ ਉਚਾਈ ਜ਼ਿਆਦਾ ਲੈਣ ਕਾਰਨ ਅੱਗੇ 'ਸਟੈਪ' ਤੇ 'ਜੰਪ' ਲਾਉਂਦਿਆਂ ਉਸ ਦੀ ਛਾਲ ਥੋੜੀਂ ਘਟ ਜਾਂਦੀ ਸੀ। ਮਹਿੰਦਰ ਨੂੰ ਜੇ ਸਹੀ ਤਕਨੀਕ ਨਾਲ ਤਿਆਰੀ ਕਰਵਾਈ ਹੁੰਦੀ ਤਾਂ ਉਹ ਹੋਰ ਵੀ ਬਿਹਤਰ ਰਿਕਾਰਡ ਕਰ ਸਕਦਾ ਸੀ। ਮਹਿੰਦਰ ਦੇ ਛਾਲ ਲਾਉਂਦੇ ਦੀਆਂ ਤਸਵੀਰਾਂ ਦੇਖ ਕੇ ਕਈ ਵਾਰ ਇੰਝ ਲੱਗਦਾ ਜਿਵੇਂ ਕੋਈਇ ਹਿਰਨ ਚੁੰਗੀਆਂ ਭਰਦਾ ਉਡਦਾ ਹੋਇਆ ਜਾ ਰਿਹਾ ਹੋਵੇ। ਤੀਹਰੀ ਛਾਲ ਨੂੰ ਵੈਸੇ ਵੀ ਟੈਕਨੀਕਲ ਈਵੈਂਟ ਮੰਨਿਆ ਜਾਂਦਾ ਹੈ ਜਿਸ ਵਿੱਚ ਹਿੱਸਾ ਲੈਣਾ ਪੋਲ ਵਾਲਟ, ਹਰਡਲਾਂ, ਹੈਮਰ ਥਰੋਅ ਵਾਂਗ ਜਣੇ ਖਣੇ ਦਾ ਕੰਮ ਨਹੀਂ। ਪਿੰਡ ਵਿੱਚ ਤਾਂ ਉਸ ਦੀ ਖੇਡ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਸੀ। ਕੋਈ ਵੀ ਮੈਡਲ ਜਿੱਤ ਕੇ ਆਉਂਦਾ ਤਾਂ ਪਿੰਡ ਵਿੱਚ ਇਹੋ ਗੱਲ ਹੁੰਦੀ, ''ਫਲਾਣਿਆਂ ਦਾ ਮੁੰਡਾ ਦੇਸ਼ ਵਿਦੇਸ਼ ਤੁਰਿਆ ਹੀ ਰਹਿੰਦਾ।'' ਪਿੰਡ ਵਿੱਚ ਅਰਜੁਨ ਸਿੰਘ ਨਾਂ ਦਾ ਕਰਾਸ ਕੰਟਰੀ ਲਗਾਉਣ ਵਾਲਾ ਅਥਲੀਟ ਸੀ ਜਿਸ ਨੂੰ ਪਿੰਡ ਵਾਲੇ 'ਮੱਛਰ' ਕਹਿੰਦੇ ਸਨ। ਇਕ ਦਿਨ ਉਹ ਸਵੱਖਤੇ ਖੂਹ ਤੋਂ ਭੱਜਿਆ ਆ ਰਿਹਾ ਸੀ ਤਾਂ ਪਿੰਡ ਵਾਲਿਆਂ ਨੂੰ ਲੱਗਿਆ ਜਿਵੇਂ ਉਸ ਮਗਰ ਪੁਲਿਸ ਪਈ ਹੋਵੇ ਜਿਹੜਾ ਭੱਜਿਆ ਆਉਂਦਾ।

ਜਿੱਡਾ ਵੱਡਾ ਉਹ ਖਿਡਾਰੀ ਸੀ, ਉਡਾ ਹੀ ਉਹ ਦਾਨੀ ਤੇ ਭਲਾ ਪੁਰਸ਼ ਵੀ ਹੈ। ਅਮਰੀਕਾ ਰਹਿੰਦਿਆਂ ਉਸ ਨੇ ਭਾਰਤ ਦੇ 15 ਅਥਲੀਟਾਂ ਨੂੰ ਅਮਰੀਕਾ ਲਈ ਸਕਾਲਰਸ਼ਿਪ ਦਿਵਾਈ। 1970 ਵਿੱਚ ਐਮ.ਜੀ.ਸ਼ੈਟੀ ਪਹਿਲਾ ਅਥਲੀਟ ਸੀ ਜਿਸ ਨੇ ਯੂਨੀਵਰਸਿਟੀ ਆਫ ਟੈਕਸਸ ਵਿੱਚ ਦਾਖਲਾ ਲਿਆ। ਬਾਸਕਟਬਾਲ ਵਿੱਚ ਐਨ.ਬੀ.ਏ. ਖੇਡਣ ਵਾਲਾ ਭਾਰਤ ਦਾ ਪਹਿਲਾ ਖਿਡਾਰੀ ਸਤਨਾਮ ਸਿੰਘ ਭੰਮਰਾ ਮਹਿੰਦਰ ਦੀ ਹੀ ਪ੍ਰੇਰਨਾ ਨਾਲ ਵਿਦੇਸ਼ੀ ਕਲੱਬ ਵਿੱਚ ਖੇਡਣ ਲੱਗਿਆ ਸੀ। ਭਾਰਤ ਵਿੱਚ ਬਾਸਕਟਬਾਲ ਲੀਗ ਅਤੇ ਇਲੀਟ ਫੁੱਟਬਾਲ ਲੀਗ ਆਫ ਇੰਡੀਆ ਸ਼ੁਰੂ ਕਰਵਾਉਣ ਵਿੱਚ ਉਸ ਦਾ ਮੋਹਰੀ ਰੋਲ ਰਿਹਾ। ਮਹਿੰਦਰ ਨੇ 1970 ਵਿੱਚ ਮਿਲੇ ਅਰਜੁਨਾ ਐਵਾਰਡ ਬਦਲੇ ਹਰ ਮਹੀਨੇ ਮਿਲਦੀ ਪੈਨਸ਼ਨ ਪੱਕੇ ਤੌਰ 'ਤੇ ਨਵੀਂ ਉਮਰ ਦੇ ਲੋੜਵੰਦ ਖਿਡਾਰੀਆਂ ਲਈ ਦਾਨ ਕਰ ਕੀਤੀ ਹੋਈ ਹੈ। ਅਮਰੀਕਾ ਵਿੱਚ ਉਸ ਦੀ 1976 ਤੋਂ ਆਪਣਾ ਖੇਡ ਸਮਾਨ ਦਾ ਕਾਰੋਬਾਰ ਹੈ। ਉਸ ਦੀ ਕੰਪਨੀ 'ਮਹਿੰਦਰ' ਤੇ 'ਲੀਜੈਂਡ' ਬਰਾਂਡ ਹੇਠ ਖੇਡਾਂ ਦਾ ਸਮਾਨ ਅਤੇ ਬਾਲਾਂ ਦੀ ਸਪਲਾਈ ਕਰਦੀ ਹੈ। ਮਹਿੰਦਰ ਹੁਣ ਤੱਕ 15 ਲੱਖ ਰੁਪਏ ਦਾ ਖੇਡ ਸਮਾਨ ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਹਿੱਸਿਆਂ ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਬੰਬਈ ਵਿੱਚ ਪੇਂਡੂ ਖਿਡਾਰੀਆਂ ਨੂੰ ਮੁਫਤ ਵੰਡ ਚੁੱਕਾ ਹੈ। ਬੇਸਹਾਰਾ ਬੱਚਿਆਂ ਦੀ ਉਹ ਨਿਰੰਤਰ ਮੱਦਦ ਕਰਦਾ ਆ ਰਿਹਾ ਹੈ। ਆਨੰਦਪੁਰ ਸਾਹਿਬ ਦੇ ਹਾਈ ਸਕੂਲ ਨੂੰ ਬਾਸਕਟਬਾਲ ਸਟੇਡੀਅਮ ਲਈ ਉਸ ਨੇ ਇਕ ਲੱਖ ਰੁਪਏ ਦਾਨ ਕੀਤਾ। ਰਤਵਾੜਾ ਸਾਹਿਬ ਗੁਰਦੁਆਰਾ ਟਰੱਸਟ ਨਾਲ ਉਹ ਪੱਕੇ ਤੌਰ 'ਤੇ ਜੁੜਿਆ ਰਿਹਾ। ਬਾਬਾ ਵਰਿਆਮ ਸਿੰਘ ਮਹਿੰਦਰ ਨੂੰ ਇਕ ਧਾਰਮਿਕ ਬਿਰਤੀ ਵਾਲਾ ਸੱਚਾ-ਸੁੱਚਾ ਇਨਸਾਨ ਮੰਨਦੇ ਸਨ।

PunjabKesari

ਅਮਰੀਕਾ ਵਿੱਚ ਆਪਣਾ ਬਿਜਨਿਸ ਸੈਟ ਕਰਨ ਤੋਂ ਬਾਅਦ ਮਹਿੰਦਰ ਨੇ ਆਪਣਾ ਸਾਰਾ ਪਰਿਵਾਰ ਵੀ ਅਮਰੀਕਾ ਹੀ ਸੈਟ ਕਰ ਲਿਆ। ਉਹ ਸਾਲ ਛਿਮਾਹੀ ਭਾਰਤ ਗੇੜਾ ਮਾਰਦਾ ਰਹਿੰਦਾ ਹੈ। ਭਾਰਤ ਵਿੱਚ ਵੀ ਉਸ ਦੇ ਬਹੁਤ ਦੀਵਾਨੇ ਹਨ। ਪੰਜਾਬੀ ਯੂਨੀਵਰਸਿਟੀ ਦੇ ਖੇਡ ਡਾਇਰੈਕਟਰ ਡਾ. ਰਾਜ ਕੁਮਾਰ ਜੋ ਅੱਜ ਕੱਲ੍ਹ ਲਵਲੀ ਯੂਨੀਵਰਸਿਟੀ ਦੇ ਖੇਡ ਡਾਇਰੈਕਟਰ ਹਨ, ਨੂੰ ਉਹ ਹਰ ਸਾਲ ਮਿਲ ਕੇ ਜਾਂਦਾ ਹੈ। ਬਾਬਾ ਬਕਾਲਾ ਦੇ ਰਹਿਣ ਵਾਲੇ ਸਾਬਕਾ ਹਾਕੀ ਖਿਡਾਰੀ ਅਤੇ ਸ਼ਹੀਦ ਭਗਤ ਸਿੰਘ ਇੰਜਨੀਅਰਿੰਗ ਕਾਲਜ ਫਿਰੋਜ਼ਪੁਰ ਦੇ ਖੇਡ ਡਾਇਰੈਕਟਰ ਵਰਿੰਦਰ ਸਿੰਘ ਭੁੱਲਰ ਮਹਿੰਦਰ ਸਿੰਘ ਦੀ ਹਰ ਫੇਰੀ ਉਤੇ ਵੱਖ-ਵੱਖ ਖੇਡ ਸਮਾਗਮਾਂ ਵਿੱਚ ਮੁੱਖ ਮਹਿਮਾਨ ਵਜੋਂ ਲਿਜਾ ਕੇ ਨਵੀਂ ਉਮਰ ਦੇ ਖਿਡਾਰੀਆਂ ਨੂੰ ਪ੍ਰੇਰਨਾ ਦਿਵਾਉਂਦੇ ਆ। ਸਾਬਕਾ ਡੀ.ਜੀ.ਪੀ. ਰਾਜਦੀਪ ਸਿੰਘ ਗਿੱਲ ਵੀ ਮਹਿੰਦਰ ਦੀ ਖੇਡ ਦੇ ਬਹੁਤ ਪ੍ਰਸੰਸਕ ਸਨ। ਦਿੱਲੀ ਰਾਸ਼ਟਰਮੰਡਲ ਖੇਡਾਂ ਵਿੱਚ ਉਹ ਉਚੇਚੇ ਤੌਰ 'ਤੇ ਉਸ ਨੂੰ ਮਿਲੇ। ਸਿਨੇ ਜਗਤ ਦੀਆਂ ਕਈ ਪ੍ਰਸਿੱਧ ਹਸਤੀਆਂ ਵੀ ਉਸ ਦੇ ਦੋਸਤੀ ਦੇ ਦਾਇਰੇ ਵਿੱਚ ਹਨ। ਪ੍ਰਸਿੱਧ ਪੌਪ ਸਟਾਰ ਮਾਈਕਲ ਜੈਕਸਨ ਦੇ ਘਰ ਉਸ ਦੀ ਆਮ ਆਉਣੀ ਜਾਣੀ ਰਹੀ। ਭਾਰਤੀ ਫਿਲਮਾਂ ਦੇ ਪੁਰਾਣੇ ਸਿਤਾਰੇ ਡੇਵਿਡ ਇਬਰਾਹਿਮ ਚਿਊਲਕਰ ਤੋਂ ਲੈ ਕੇ ਬੌਬੀ ਦਿਓਲ, ਪੰਜਾਬੀ ਗਾਇਕ ਗੁਰਦਾਸ ਮਾਨ ਉਸ ਦੇ ਦੋਸਤ ਹਨ।

ਮਹਿੰਦਰ ਸਿੰਘ ਦੇ ਦੋਸਤੀ ਦਾਇਰੇ ਵਾਲਿਆਂ ਦੀ ਪ੍ਰੇਰਨਾ ਨਾਲ ਹੀ ਉਨ੍ਹਾਂ ਬਾਰੇ ਇਹ ਕਾਲਮ ਲਿਖਣ ਦਾ ਮਨ ਕੀਤਾ। ਅਸਲ ਵਿੱਚ ਉਨ੍ਹਾਂ ਨਾਲ ਮੇਰੀ ਕਿਤੇ ਮੁਲਾਕਾਤ ਨਹੀਂ ਹੋਈ। ਪ੍ਰਿੰਸੀਪਲ ਸਰਵਣ ਸਿੰਘ ਦੇ ਮੂੰਹੋਂ ਉਸ ਦੀਆਂ ਗੱਲਾਂ ਅਤੇ 'ਅਲਸੀ ਦੇ ਫੁੱਲ' ਰੇਖਾ ਚਿੱਤਰ ਰਾਹੀਂ ਉਸ ਨੂੰ ਜਾਣਦਾ ਜ਼ਰੂਰ ਸੀ ਪਰ ਕਿਤੇ ਇੰਟਰਵਿਊ ਕਰਨ ਦਾ ਸਬੱਬ ਨਹੀਂ ਮਿਲਿਆ। ਖੇਡਾਂ ਨੂੰ ਪਿਆਰ, ਸਰਪ੍ਰਸਤੀ ਕਰਨਾ ਵਾਲੇ ਵਰਿੰਦਰ ਸਿੰਘ ਭੁੱਲਰ ਨਾਲ ਗੱਲ ਕਰਦਿਆਂ ਮੈਂ ਮਹਿੰਦਰ ਸਿੰਘ ਗਿੱਲ ਨਾਲ ਫੋਨ ਉਤੇ ਘੰਟਿਆਂ ਬੱਧੀ ਇੰਟਰਵਿਊ ਕੀਤੀ। ਅਮਰੀਕਾ ਵਿੱਚ ਸਮੇਂ ਦਾ ਫਰਕ ਹੋਣ ਕਰਕੇ ਦੇਰ ਰਾਤ ਜਾਂ ਸਵੇਰ ਵੇਲੇ ਗੱਲ ਹੋਣੀ। ਮਹਿੰਦਰ ਸਿੰਘ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀ ਯਾਦਾਸ਼ਤ ਦੇ ਨਾਲ ਰਿਕਾਰਡ ਸਾਂਭਣ ਦੀ ਕਲਾ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ। ਮਹਿੰਦਰ ਸਿੰਘ ਨੇ ਪੰਜਾਬੀਆਂ ਉਤੇ ਢੁੱਕਦੀ ਉਸ ਕਹਾਵਤ ਨੂੰ ਫੇਲ੍ਹ ਕੀਤਾ ਜਿਸ ਵਿੱਚ ਕਿਹਾ ਜਾਂਦਾ, ''ਪੰਜਾਬੀ ਇਤਿਹਾਸ ਸਿਰਜਣਾ ਜਾਣਦੇ ਹਨ, ਸਾਂਭਣਾ ਨਹੀਂ।'' ਮਹਿੰਦਰ ਸਿੰਘ ਕੋਲ ਆਪਣੇ ਹਰ ਈਵੈਂਟ ਦਾ ਰਿਕਾਰਡ ਸਾਂਭਿਆ ਪਿਆ ਜਿਸ ਬਾਰੇ ਉਨ੍ਹਾਂ ਪੀਡੀਐਫ ਫਾਰਮੈਟ ਵਿੱਚ ਫਾਈਲਾਂ ਬਣਾ ਕੇ ਰੱਖੀਆਂ ਹੋਈਆਂ ਹਨ। ਗਿੱਲ ਗੋਤੀ ਹੋਣ ਕਰਕੇ ਅਸੀਂ ਤਿੰਨ-ਚਾਰ ਕਾਲਾਂ ਵਿੱਚ ਹੀ ਆਪਸ ਵਿੱਚ ਹੋਰ ਖੁੱਲ੍ਹ ਗਏ। ਉਨ੍ਹਾਂ ਆਪਣੇ ਜੀਵਨ ਅਤੇ ਮਿਲਖਾ ਸਿੰਘ ਜਿਹੇ ਵੱਡੇ ਖਿਡਾਰੀਆਂ ਬਾਰੇ ਬੇਬਾਕੀ ਨਾਲ ਗੱਲਾਂ ਕੀਤੀਆਂ ਜਿਨ੍ਹਾਂ ਬਾਰੇ ਸਾਰੇ ਖੇਡ ਪ੍ਰੇਮੀ ਭਲੀਭਾਂਤ ਜਾਣਦੇ ਜ਼ਰੂਰ ਹਨ ਪਰ ਮੂੰਹੋ ਨਹੀਂ ਬੋਲਦੇ।

ਮਹਿੰਦਰ ਨੇ ਕੈਲੇਫੋਰਨੀਆ ਦੀ ਸਿਲੀਕਨ ਵੈਲੀ ਵਿੱਚ ਸਾਨ ਫਰਾਂਸਿਸਕੋ ਤੋਂ ਘੰਟੇ ਦੀ ਦੂਰੀ 'ਤੇ ਟਰਲੌਕ ਵਿਖੇ ਪੱਕੇ ਤੌਰ 'ਤੇ ਵਸ ਗਿਆ। ਇਥੇ ਉਸ ਦੀ ਰਿਹਾਇਸ਼ ਪੌਣੇ ਦੋ ਏਕੜ ਵਿੱਚ ਹੈ ਜਿੱਥੇ ਉਸ ਲਈ ਭੱਜਣ ਵਾਸਤੇ 100 ਮੀਟਰ ਦੇ ਟਰੈਕ ਜਿੰਨੀ ਥਾਂ ਹੈ। ਮਹਿੰਦਰ ਦੀ ਪਤਨੀ ਦਾ ਨਾਂ ਨਰਿੰਦਰ ਕੌਰ ਹੈ ਜਿਸ ਦਾ ਪੇਕਾ ਪਰਿਵਾਰ ਇੰਗਲੈਂਡ ਰਹਿੰਦਾ ਹੈ ਪਰ ਪਿਛੋਕੜ ਜਲੰਧਰ ਨੇੜੇ ਲਾਂਬੜਾ ਕੋਲ ਪਿੰਡ ਬਾਜੜਾ ਹੈ। ਉਸ ਦੀਆਂ ਦੋ ਬੇਟੀਆਂ ਗੁਰਿੰਦਰ ਕੌਰ ਤੇ ਅਮੀਤ ਕੌਰ ਅਤੇ ਇਕ ਬੇਟਾ ਹਰਮਨ ਸਿੰਘ ਹੈ। ਤਿੰਨੋਂ ਬੱਚੇ ਵਿਆਹੇ ਹੋਏ ਹਨ। ਹਰਮਨ ਸਿੰਘ ਯੂਨੀਵਰਸਿਟੀ ਆਫ ਕੈਲੇਫੋਰਨੀਆ ਬਰਕਲੇ ਵਿਖੇ ਉਚੀ ਛਾਲ ਵਿੱਚ ਜਿੱਤਦਾ ਰਿਹਾ ਜਿੱਥੇ ਉਸ ਨੇ ਸੱਤ ਫੁੱਟ ਛਾਲ ਲਗਾਈ। ਤੀਜੀ ਪੀੜ੍ਹੀ ਵਿੱਚ ਉਸ ਦੇ ਦੋ ਪੋਤੇ ਤੇ ਇਕ ਪੋਤੀ ਅਤੇ ਇਕ ਦੋਹਤਾ ਤੇ ਇਕ ਦੋਹਤੀ ਹੈ। ਪੰਜ ਨਿਆਣਿਆਂ ਦਾ ਦਾਦਾ-ਨਾਨਾ ਮਹਿੰਦਰ 76 ਸਾਲਾਂ ਨੂੰ ਢੁੱਕਣ ਵਾਲਾ ਹੈ ਪਰ ਹਾਲੇ ਵੀ ਰੋਜ਼ਾਨਾ 100 ਮੀਟਰ ਦੀਆਂ ਸਪਿੰਰਟਾਂ ਅਤੇ ਵੇਟ ਟਰੇਨਿੰਗ ਕਰਦਾ ਹੋਇਆ 700-800 ਪੌਂਡ ਦੀ ਲੈਗ ਪ੍ਰੈਸ ਤੇ 300 ਪੌਂਡ ਦੀ ਬੈਚ ਪਰੈਸ ਲਗਾ ਲੈਂਦਾ ਹੈ। ਮਹਿੰਦਰ ਦੇ ਬਣਾਏ ਰਿਕਾਰਡ ਅਤੇ ਮਣਾਂ ਮੂੰਹੀ ਜਿੱਤੇ ਮੈਡਲ ਅੱਜ ਵੀ ਨਵੀਂ ਉਮਰ ਦੇ ਖਿਡਾਰੀਆਂ ਲਈ ਚੁਣੌਤੀ ਹਨ। ਮਹਿੰਦਰ ਵਰਗੇ ਖੇਡ ਰਤਨ ਸਦੀਆਂ ਵਿੱਚ ਹੀ ਪੈਦਾ ਹੁੰਦੇ ਹਨ।


rajwinder kaur

Content Editor

Related News