ਖੇਡ ਰਤਨ ਪੰਜਾਬ ਦੇ : ਫਾਰਵਰਡ ਪੰਕਤੀ ਦਾ ਬਾਜ਼ ‘ਬਲਜੀਤ ਸਿੰਘ ਢਿੱਲੋਂ’
Sunday, Jul 12, 2020 - 03:35 PM (IST)
ਲੜੀ-17
ਨਵਦੀਪ ਸਿੰਘ ਗਿੱਲ
ਭਾਰਤੀ ਹਾਕੀ ਵਿੱਚ ਬਲਬੀਰ ਤੋਂ ਬਾਅਦ ਬਲਜੀਤ ਨਾਂ ਨੂੰ ਬਖਸ਼ਿਸ਼ ਰਹੀ ਹੈ। ਪਿਛਲੇ ਦੋ ਦਹਾਕਿਆਂ ਵਿੱਚ ਭਾਰਤੀ ਹਾਕੀ ਵਿੱਚ ਚਾਰ ਬਲਜੀਤ ਸਿੰਘ ਹੋਏ। ਚਾਰੇ ਚੋਟੀ ਦੇ ਖਿਡਾਰੀ। ਇਕ ਬਲਜੀਤ ਫਾਰਵਰਡ ਖੇਡਦਾ ਸੀ, ਇਕ ਗੋਲਚੀ ਤੇ ਦੋ ਮਿਡਫੀਲਡਰ ਸਨ। ਤਿੰਨ ਬਲਜੀਤ ਸਿੰਘ ਏਸ਼ੀਆ ਜੇਤੂ ਟੀਮਾਂ ਦਾ ਹਿੱਸਾ ਰਹੇ। ਅੱਜ ਦੇ ਕਾਲਮ ਦਾ ਪਾਤਰ ਫਾਰਵਰਡ ਬਲਜੀਤ ਹੈ, ਜਿਹੜਾ ਹਾਕੀ ਖੇਡ ਵਿੱਚ ਬਲਜੀਤ ਸਿੰਘ ਢਿੱਲੋਂ ਵਜੋਂ ਪ੍ਰਸਿੱਧ ਹੋਇਆ। ਬਲਜੀਤ ਨੇ ਭਾਰਤ ਲਈ 12 ਸਾਲ ਅਤੇ ਪੰਜਾਬ ਪੁਲਸ ਲਈ 26 ਸਾਲ ਹਾਕੀ ਖੇਡੀ ਹੈ। ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਬਲਜੀਤ ਨੇ 300 ਤੋਂ ਵੱਧ ਕੌਮਾਂਤਰੀ ਮੈਚ ਖੇਡਦਿਆਂ 100 ਤੋਂ ਵੱਧ ਗੋਲ ਕੀਤੇ ਅਤੇ ਸਾਥੀ ਫਾਰਵਰਡਾਂ ਲਈ ਸੈਂਕੜੇ ਮੌਕੇ ਗੋਲ ਦੇ ਬਣਾਏ। ਬਲਜੀਤ ਭਾਰਤੀ ਫਾਰਵਰਡ ਲਾਈਨ ਦਾ ਬਾਜ਼ ਖਿਡਾਰੀ ਸੀ, ਜਿਸ ਦੀ ਸਟਿੱਕ ਗੇਂਦ ਨੂੰ ਝਪਟ ਕੇ ਵਿਰੋਧੀ ਟੀਮ ਦੇ ਗੋਲਾਂ ਵਿੱਚ ਭੇਜਣ ਤੋਂ ਬਿਨਾਂ ਸਾਹ ਨਹੀਂ ਲੈਂਦੀ ਸੀ। ਆਪਣੇ ਦੌਰ ਦਾ ਉਹ ਸਭ ਤੋਂ ਵੱਡਾ ਫੀਡਰ ਸੀ, ਜਿਸ ਨੇ ਨਵੀਂ ਉਮਰ ਦੇ ਫਾਰਵਰਡਾਂ ਲਈ ਅਣਗਿਣਤ ਗੋਲਾਂ ਦੇ ਮੌਕੇ ਬਣਾਏ। ਉਹ ਸਾਥੀ ਸਟਰਾਈਕਰਾਂ ਨੂੰ ਬਾਲ ਪਰੋਸ ਕੇ ਦੇ ਦਿੰਦਾ ਸੀ, ਜਿਸ ਕਾਰਨ ਅੱਗੇ ਵਾਲੇ ਨੂੰ ਗੋਲ ਕਰਨ ਲਈ ਜ਼ਿਆਦਾ ਮਿਹਨਤ ਦੀ ਲੋੜ ਨਹੀਂ ਪੈਂਦੀ ਸੀ। ਉਸ ਨੇ ਆਪਣੀ ਸਟਿੱਕ ਨਾਲ ਪੂਰੀ ਦੁਨੀਆਂ 'ਤੇ ਰਾਜ ਕੀਤਾ। ਬਲਜੀਤ ਦੀ ਗਿਣਤੀ ਦੁਨੀਆਂ ਦੇ ਚੋਟੀ ਦੇ ਫਾਰਵਰਡਾਂ ਵਿੱਚ ਆਉਂਦੀ ਹੈ। ਉਹ ਹਾਕੀ ਦੀ ਵਿਸ਼ਵ ਇਲੈਵਨ ਦਾ ਵੀ ਹਿੱਸਾ ਰਿਹਾ।
ਸਿਰ ਉਪਰ ਦੁਧੀਆ ਰੰਗੇ ਰੁਮਾਲ ਨਾਲ ਫਾਰਵਰਡ ਪੰਕਤੀ ਵਿੱਚ ਖੇਡਦਾ ਬਲਜੀਤ ਆਪਣੀ ਨਿਵੇਕਲੀ ਦਿੱਖ ਨਾਲ ਵਧੀਆ ਤਕਨੀਕ ਨਾਲ ਵੀ ਪਛਾਣਿਆ ਜਾਂਦਾ ਸੀ। ਡਰਿਬਲਿੰਗ ਕਰਦਾ ਬਲਜੀਤ ਕਿਸੇ ਨੂੰ ਵੀ ਨੇੜੇ ਢੁੱਕਣ ਨਹੀਂ ਦਿੰਦਾ ਸੀ। ਗੇਂਦ ਉਪਰ ਜਬਰਦਸ਼ਤ ਕੰਟਰੋਲ ਰੱਖਣ ਵਾਲੇ ਬਲਜੀਤ ਦੀ ਅੱਖ ਹਮੇਸ਼ਾਂ ਗੇਂਦ ਉਪਰ ਹੀ ਕੇਂਦਰਿਤ ਹੁੰਦੀ ਸੀ। ਬਾਜ਼ ਦੀ ਅੱਖ ਵਾਂਗ ਉਸ ਦੀ ਅੱਖ ਬਹੁਤ ਤੇਜ਼ ਹੈ। ਟੀਮ ਵਿੱਚ ਹਰ ਖਿਡਾਰੀ ਦੀ ਆਪਣੀ ਖੂਬੀ ਹੁੰਦੀ ਹੈ। ਕੋਈ ਕਰਾਰੀ ਹਿੱਟ ਲਾਉਣ ਵਿੱਚ ਮਸ਼ਹੂਰ ਹੁੰਦਾ ਤੇ ਕੋਈ ਲੰਬੀਆਂ ਹਿੱਟਾਂ ਤੇ ਕੋਈ ਸਕੂਪ ਲਈ ਪਰ ਬਲਜੀਤ ਵਿੱਚ ਸਭ ਤੋਂ ਵੱਡੀ ਖੂਬੀ ਖੇਡ ਨੂੰ ਕੰਟਰੋਲ ਕਰਨ ਦੀ ਸੀ। ਕਿਉਂਕਿ ਟਰਫ ਉੱਪਰ ਖੇਡੀ ਜਾਣ ਵਾਲੀ ਤੇਜ਼ ਤਰਾਰ ਹਾਕੀ ਵਿੱਚ ਖਿਡਾਰੀ ਤੇਜ਼ੀ ਨਾਲ ਗੇਂਦ ਨੂੰ ਲੈ ਕੇ ਦੌੜਦੇ ਸਨ ਅਤੇ ਤੇਜ਼ੀ ਨਾਲ ਪਾਸ ਦਿੱਤੇ ਜਾਂਦੇ। ਤੇਜ਼ ਹਾਕੀ ਖੇਡਦਿਆਂ ਕਈ ਵਾਰ ਟਰੈਪਿੰਗ ਦੀ ਸਮੱਸਿਆ ਆਉਂਦੀ ਤੇ ਸਿੱਟੇ ਵਜੋਂ ਗੇਂਦ ਦੂਸਰੀ ਟੀਮ ਦਾ ਖਿਡਾਰੀ ਖੋਹ ਕੇ ਲੈ ਜਾਂਦਾ। ਇਸ ਤਰ੍ਹਾਂ ਤੇਜ਼ੀ ਨਾਲ ਦਿੱਤੇ ਜਾਣ ਵਾਲੇ ਪਾਸਾਂ ਕਰਕੇ ਕਈ ਵਾਰ ਟੀਮ ਦੀ ਲੈਅ ਵਿਗੜ ਜਾਂਦੀ। ਟੀਮ ਪ੍ਰਬੰਧਕ ਬਲਜੀਤ ਸਿੰਘ ਢਿੱਲੋਂ ਉਪਰ ਖੇਡ ਨੂੰ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਪਾਉਂਦੇ ਸਨ। ਬਲਜੀਤ ਹਰ ਸਮੇਂ ਟੀਮ ਲਈ ਮੋਹਰੀ ਬਣ ਕੇ ਖੇਡਦਾ ਰਿਹਾ।
ਅਰਜੁਨਾ ਐਵਾਰਡ ਹਾਸਲ ਕਰਦਾ ਹੋਇਆ ਬਲਜੀਤ ਸਿੰਘ ਢਿੱਲੋਂ
ਬਲਜੀਤ ਨੇ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦੀ ਕਪਤਾਨੀ ਕੀਤੀ। ਉਸ ਨੇ ਤਿੰਨ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। ਏਸ਼ਿਆਈ ਖੇਡਾਂ ਤੇ ਏਸ਼ੀਆ ਕੱਪ ਵਿੱਚ ਭਾਰਤ ਨੂੰ ਚੈਂਪੀਅਨ ਬਣਾਇਆ। ਭਾਰਤ ਸਰਕਾਰ ਨੇ ਉਸ ਨੂੰ ਅਰਜੁਨਾ ਐਵਾਰਡ ਅਤੇ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਆ। ਹਾਕੀ ਤੇ ਫੁਟਬਾਲ ਵਿੱਚ ਅਹਿਮੀਅਤ ਰੱਖਦੀ 10 ਨੰਬਰ ਦੀ ਜਰਸੀ ਦੀ ਸ਼ਾਨ ਵੀ ਬਲਜੀਤ ਨੇ ਵਧਾਈ। ਉਸ ਨੇ ਲੰਬਾ ਸਮਾਂ ਇਸ ਨੰਬਰ ਦੀ ਜਰਸੀ ਪਹਿਨ ਕੇ ਭਾਰਤੀ ਹਾਕੀ ਦੀ ਸੇਵਾ ਕੀਤੀ। ਬਲਜੀਤ ਦੇ ਹਿੱਸੇ ਇਕ ਹੋਰ ਪ੍ਰਾਪਤੀ ਵੀ ਆਈ ਕਿ ਉਹ ਭਾਰਤੀ ਹਾਕੀ ਦਾ ਪਹਿਲਾ ਡਰੈਗ ਫਲਿੱਕਰ ਹੈ। ਉਸ ਨੂੰ ਦੇਖ ਕੇ ਜੁਗਰਾਜ ਸਿੰਘ ਤੇ ਫੇਰ ਲੇਨ ਆਈਅੱਪਾ, ਸੰਦੀਪ ਸਿੰਘ ਨੇ ਡਰੈਗ ਫਲਿੱਕ ਲਗਾਉਣੀ ਸ਼ੁਰੂ ਕੀਤੀ। ਕੌਮਾਂਤਰੀ ਪੱਧਰ 'ਤੇ ਭਾਵੇਂ ਉਸ ਨੇ ਥੋੜਾਂ ਸਮਾਂ ਡਰੈਗ ਫਲਿੱਕਰ ਦੀ ਭੂਮਿਕਾ ਨਿਭਾਈ ਪਰ ਆਪਣੀ ਜਬਰਦਸਤ ਸਕੂਪ ਕਾਰਨ ਉਹ ਪੈਨਲਟੀ ਸਟਰੋਕ ਵੇਲੇ ਭਾਰਤੀ ਹਾਕੀ ਟੀਮ ਲਈ ਗੋਲ ਦੀ ਗਾਰੰਟੀ ਹੁੰਦਾ ਸੀ। ਕੌਮੀ ਪੱਧਰ 'ਤੇ ਉਹ ਖਤਰਨਾਕ ਡਰੈਗ ਫਲਿੱਕ ਨਾਲ ਜਾਣਿਆ ਜਾਂਦਾ ਸੀ, ਜਿਸ ਨੇ ਪੰਜਾਬ ਤੇ ਪੰਜਾਬ ਪੁਲਸ ਦੀਆਂ ਟੀਮਾਂ ਲਈ ਪੈਨਲਟੀ ਕਾਰਨਰ ਮੌਕੇ ਢੇਰਾਂ ਗੋਲ ਕੀਤੇ।
ਬਲਜੀਤ ਸਿੰਘ ਢਿੱਲੋਂ ਡਰਿਬਲਿੰਗ ਦਾ ਜਾਦੂ ਦਿਖਾਉਂਦਾ ਹੋਇਆ
ਤਰਨ ਤਾਰਨ ਜ਼ਿਲੇ ਦੇ ਪਿੰਡ ਪੱਧਰੀ ਕਲਾਂ 'ਚ 18 ਜੂਨ 1973 ਨੂੰ ਗੁਰਮੁੱਖ ਸਿੰਘ ਦੇ ਘਰ ਮਾਤਾ ਜਸਵੀਰ ਕੌਰ ਦੀ ਕੁਖੋਂ ਜਨਮੇ ਬਲਜੀਤ ਸਿੰਘ ਢਿੱਲੋਂ ਨੂੰ ਉਸ ਦੇ ਪਰਿਵਾਰ ਜਲੰਧਰ ਸ਼ਿਫਟ ਹੋਣਾ ਬਹੁਤ ਰਾਸ ਆਇਆ। ਜਲੰਧਰ ਦੋਆਬਾ ਖਾਲਸਾ ਮਾਡਲ ਸਕੂਲ ਵਿਖੇ ਪੜ੍ਹਦਿਆਂ ਛੋਟਾ ਬੱਲੀ ਮੈਡਮ ਦਰਸ਼ਨ ਭੱਟੀ ਕੋਲ ਹਾਕੀ ਸਿੱਖਣ ਲੱਗਿਆ। ਹਾਕੀ ਦੀ ਅਜਿਹੀ ਲਗਨ ਲੱਗੀ ਕਿ ਅੱਗੇ ਵਧਣ ਵਾਸਤੇ ਉਸ ਨੇ ਸਪੋਰਟਸ ਸਕੂਲ ਜਲੰਧਰ ਦਾਖਲਾ ਲੈਣਾ ਚਾਹਿਆ ਪਰ ਦਾਖਲਾ ਨਹੀਂ ਮਿਲਿਆ। ਕਿਸਮਤ ਬਲਜੀਤ ਦੀ ਨਹੀਂ, ਸਕੂਲ ਦੀ ਮਾੜੀ ਸੀ, ਜਿਹੜੀ ਭਵਿੱਖ ਦੇ ਹੋਣਹਾਰ ਖਿਡਾਰੀ ਤੋਂ ਵਾਂਝੀ ਰਹਿ ਗਈ। ਬਲਜੀਤ ਨੇ ਟਾਂਡਾ (ਹੁਸ਼ਿਆਰਪੁਰ) ਦੇ ਸਕੂਲ ਵਿੱਚ 11ਵੀਂ ਕਲਾਸ ਵਿੱਚ ਦਾਖਲਾ ਲੈ ਲਿਆ। ਉਥੇ ਉਹ ਸਪੋਰਟਸ ਵਿੰਗ ਵਿੱਚ ਭਰਤੀ ਹੋਇਆ। 11ਵੀਂ ਤੇ 12ਵੀਂ ਵਿੱਚ ਪੜ੍ਹਦਿਆ ਉਹ ਦੋਵੇਂ ਸਾਲ ਸਕੂਲ ਨੈਸ਼ਨਲ ਖੇਡਾਂ ਵਿੱਚ ਹਿੱਸਾ ਲੈਣ ਗਿਆ। ਪਹਿਲੇ ਸਾਲ ਹਜ਼ਾਰੀਬਾਗ ਵਿਖੇ ਪੰਜਾਬ ਦੀ ਟੀਮ 3 ਸਥਾਨ 'ਤੇ ਰਹੀ ਅਤੇ 2 ਸਾਲ ਹਿਸਾਰ ਵਿਖੇ ਚੌਥੇ ਸਥਾਨ 'ਤੇ ਰਹੀ। ਅਗਾਂਹ ਗਰੈਜੂਏਸ਼ਨ ਦੀ ਪੜ੍ਹਾਈ ਲਈ ਬਲਜੀਤ ਨੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਦਾਖਲਾ ਲਿਆ ਜਿੱਥੇ ਉਸ ਨੇ ਕਾਲਜ ਵੱਲੋਂ ਖੇਡਦਿਆਂ ਯੂਨੀਵਰਸਿਟੀ ਦਾ ਅੰਤਰ ਕਾਲਜ ਚੈਂਪੀਅਨ ਬਣਿਆ ਅਤੇ ਫੇਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਖੇਡਦਿਆਂ ਅੰਤਰ 'ਵਰਸਿਟੀ ਚੈਂਪੀਅਨ ਬਣਿਆ। ਕਾਲਜ ਪੜ੍ਹਦਿਆਂ ਬਲਜੀਤ ਕੰਬਾਈਡ ਯੂਨੀਵਰਸਿਟੀ ਟੀਮ ਵਿੱਚ ਚੁਣੇ ਜਾਣ ਤੋਂ ਪਹਿਲਾਂ ਹੀ ਜੂਨੀਅਰ ਨੈਸ਼ਨਲ ਟੀਮ ਲਈ ਚੁਣਿਆ ਗਿਆ। 1991 ਵਿੱਚ ਬਲਜੀਤ ਪੰਜਾਬ ਪੁਲਸ ਵਿੱਚ ਕਾਂਸਟੇਬਲ ਭਰਤੀ ਹੋ ਗਿਆ। ਇਕੋ ਵੇਲੇ ਉਹ ਕਾਲਜ, ਯੂਨੀਵਰਸਿਟੀ, ਪੰਜਾਬ ਪੁਲਸ, ਪੰਜਾਬ ਸੀਨੀਅਰ ਤੇ ਭਾਰਤ ਦੀ ਜੂਨੀਅਰ ਟੀਮ ਵੱਲੋਂ ਖੇਡਦਾ ਰਿਹਾ। ਗੱਲ ਕੀ ਸੀ ਹਾਕੀ ਜਗਤ ਵਿੱਚ ਬੱਲੀ ਬੱਲੀ ਹੋਣ ਲੱਗ ਗਈ। ਛੋਟੀ ਉਮਰ ਦਾ ਬੱਲੀ ਜਦੋਂ ਹਾਕੀ ਫੀਲਡ ਵਿੱਚ ਆਪਣੀ ਡਰਿਬਲਿੰਗ ਦਾ ਜਾਦੂ ਦਿਖਾਉਂਦਾ ਤਾਂ ਵਿਰੋਧੀ ਟੀਮਾਂ ਦੇ ਡਿਫੈਂਡਰ ਭੁਚੱਕੇ ਰਹਿ ਜਾਂਦੇ। ਇਕ ਸਾਲ ਵਿੱਚ ਹੀ ਬਲਜੀਤ ਸਿੱਧਾ ਸੀਨੀਅਰ ਭਾਰਤੀ ਟੀਮ ਲਈ ਚੁਣਿਆ ਗਿਆ।
ਲਜੀਤ ਸਿੰਘ ਢਿੱਲੋਂ ਪੁਲਸ ਦੇ ਅੰਦਾਜ਼ ’ਚ
ਵੀਹ ਵਰ੍ਹਿਆਂ ਦੀ ਉਮਰੇ ਬਲਜੀਤ ਨੇ 22 ਮਈ 1993 ਨੂੰ ਦੱਖਣੀ ਅਫਰੀਕਾ ਦੌਰੇ ਉਤੇ ਟੈਸਟ ਲੜੀ ਵਿੱਚ ਆਪਣਾ ਪਹਿਲਾ ਸੀਨੀਅਰ ਇੰਟਰਨੈਸ਼ਨਲ ਮੈਚ ਖੇਡਿਆ। ਪਹਿਲੇ ਹੀ ਟੂਰ ਵਿੱਚ ਉਸ ਨੇ ਛੇ ਗੋਲ ਕਰਕੇ ਵਿਸ਼ਵ ਹਾਕੀ ਵਿੱਚ ਧਮਾਕੇਦਾਰ ਧਮਾਕੇਦਾਰ ਆਗਾਜ਼ ਕੀਤਾ। ਇਸੇ ਸਾਲ ਹੀਰੋਸ਼ੀਮਾ ਵਿਖੇ ਏਸ਼ੀਆ ਕੱਪ ਖੇਡਿਆ ਗਿਆ ਜਿੱਥੇ ਬਲਜੀਤ ਨੇ ਤਿੰਨ ਗੋਲ ਕੀਤੇ ਅਤੇ ਭਾਰਤੀ ਟੀਮ ਉਪ ਜੇਤੂ ਰਹੀ। ਸਾਲ 1994 ਵਿੱਚ ਹੀਰੋਸ਼ੀਮਾ ਵਿਖੇ ਹੀ ਏਸ਼ਿਆਈ ਖੇਡਾਂ ਵਿੱਚ ਖੇਡਦਿਆਂ ਉਸ ਨੇ ਦੋ ਗੋਲ ਕੀਤੇ ਅਤੇ ਭਾਰਤੀ ਹਾਕੀ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ। ਸਾਲ 1995 ਵਿੱਚ ਮਦਰਾਸ ਵਿਖੇ ਸੈਫ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਵਿੱਚ ਬਲਜੀਤ ਦਾ ਅਹਿਮ ਯੋਗਦਾਨ ਸੀ। ਐਟਲਾਂਟਾ ਵਿਖੇ ਹੋਏ ਚਾਰ ਦੇਸ਼ੀ ਟੂਰਨਾਮੈਂਟ ਵਿੱਚ ਭਾਰਤ ਉਪ ਜੇਤੂ ਰਿਹਾ। ਓਲੰਪਿਕ ਕੁਆਲੀਫਾਇਰ ਵਿੱਚ ਭਾਰਤ ਜੇਤੂ ਰਿਹਾ। 1996 ਵਿੱਚ ਬਲਜੀਤ 22 ਵਰ੍ਹਿਆਂ ਦੀ ਉਮਰੇ ਓਲੰਪੀਅਨ ਬਣ ਗਿਆ, ਜਦੋਂ ਉਸ ਨੇ ਐਟਲਾਂਟਾ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। ਭਾਰਤੀ ਹਾਕੀ ਟੀਮ ਦੀ ਕਪਤਾਨੀ ਜਲੰਧਰ ਦੇ ਹੀ ਪਰਗਟ ਸਿੰਘ ਕੋਲ ਸੀ ਅਤੇ ਜਲੰਧਰ ਦੇ ਦੋ ਹੋਰ ਖਿਡਾਰੀ ਹਰਪ੍ਰੀਤ ਸਿੰਘ ਮੰਡੇਰ ਤੇ ਬਲਜੀਤ ਸਿੰਘ ਸੈਣੀ ਵੀ ਟੀਮ ਦਾ ਹਿੱਸਾ ਸੀ। ਪਰਗਟ ਸਿੰਘ ਦੀ ਇਹ ਤੀਜੀ ਤੇ ਹਰਪ੍ਰੀਤ ਸਿੰਘ ਦੀ ਦੂਜੀ ਓਲੰਪਿਕਸ ਸੀ ਜਦੋਂ ਕਿ ਦੋਵੇਂ ਬਲਜੀਤ ਪਹਿਲੀ ਵਾਰ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਆਏ ਸਨ। ਜਲੰਧਰੀਏ ਸਰਦਾਰਾਂ ਦੀ ਇਹ ਚੌਕੜੀ ਜਦੋਂ ਜੂੜੇ 'ਤੇ ਰੁਮਾਲ ਅਤੇ ਪਟਕਾ ਬੰਨ੍ਹੀਂ ਮੈਦਾਨ ਵਿੱਚ ਉਤਰੀ ਤਾਂ ਭਾਰਤੀ ਹਾਕੀ ਵਿੱਚ ਸਿੱਖ ਖਿਡਾਰੀਆਂ ਦੇ ਯੋਗਦਾਨ ਦੀ ਕਹਾਣੀ ਆਪੇ ਬਿਆਨ ਰਹੀ ਸੀ। ਟੀਮ ਵਿੱਚ 5ਵਾਂ ਪੰਜਾਬੀ ਖਿਡਾਰੀ ਰਾਏਕੋਟ (ਲੁਧਿਆਣਾ) ਦਾ ਰਮਨਦੀਪ ਸਿੰਘ ਗਰੇਵਾਲ ਸੀ। ਐਟਲਾਂਟਾ ਵਿਖੇ ਬਲਜੀਤ ਨੇ ਬਰਤਾਨੀਆ ਖਿਲਾਫ ਖੇਡਦਿਆਂ ਓਲੰਪਿਕ ਖੇਡਾਂ ਵਿੱਚ ਆਪਣਾ ਪਹਿਲਾ ਗੋਲ ਕੀਤਾ।
ਬਲਜੀਤ ਸਿੰਘ ਢਿੱਲੋਂ ਖੇਡ ਦੇ ਮੈਦਾਨ ਵਿਚ
1998-99 ਵਿੱਚ ਬਲਜੀਤ ਦੀ ਖੇਡ ਵੀ ਪੂਰੇ ਸ਼ਬਾਬ 'ਤੇ ਸੀ ਅਤੇ ਭਾਰਤੀ ਹਾਕੀ ਨੇ ਵੱਡੀਆਂ ਟੀਮਾਂ ਨੂੰ ਹਰਾਇਆ। ਬੈਂਕਾਕ ਵਿਖੇ ਹੋਈਆ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ 32 ਵਰ੍ਹਿਆਂ ਦਾ ਏਸ਼ੀਆਡ ਦਾ ਸੋਨ ਤਮਗਾ ਜਿੱਤਿਆ। ਇਸ ਤੋਂ ਪਹਿਲਾਂ 1966 ਵਿੱਚ ਬੈਂਕਾਕ ਵਿਖੇ ਹੀ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ ਹਾਕੀ ਵਿੱਚ ਸੋਨੇ ਦਾ ਤਮਗਾ ਜਿੱਤਿਆ ਸੀ। ਭਾਰਤੀ ਟੀਮ ਦੀ ਜਿੱਤ ਵਿੱਚ ਸਭ ਤੋਂ ਵੱਧ ਯੋਗਦਾਨ ਬਲਜੀਤ ਦਾ ਸੀ, ਜਿਸ ਨੇ ਕੁੱਲ 7 ਗੋਲ ਕੀਤੇ। ਸਭ ਤੋਂ ਵੱਡੀ ਗੱਲ ਇਹ ਕਿ ਭਾਰਤ ਨੇ ਦੱਖਣੀ ਕੋਰੀਆ ਨੂੰ 2 ਵਾਰ ਮਾਤ ਦਿੱਤੀ। ਪਹਿਲਾ ਲੀਗ ਮੈਚ ਅਤੇ ਫੇਰ ਫਾਈਨਲ ਵਿੱਚ ਹਰਾਇਆ। ਦੱਖਣੀ ਕੋਰੀਆ ਦੀ ਟੀਮ ਉਸ ਵੇਲੇ ਵਿਸ਼ਵ ਦੀਆਂ ਸਿਖਰਲੀਆਂ ਟੀਮਾਂ ਵਿੱਚ ਸ਼ੁਮਾਰ ਸੀ, ਜਿਸ ਨੇ ਦੋ ਸਾਲ ਬਾਅਦ ਸਿਡਨੀ ਵਿਖੇ ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ। ਏਸ਼ੀਆ ਵਿੱਚ ਉਸ ਵੇਲੇ ਪਾਕਿਸਤਾਨ ਟੀਮ ਵੀ ਬਹੁਤ ਤਕੜੀ ਸੀ ਜਿਸ ਨੇ 1994 ਵਿੱਚ ਵਿਸ਼ਵ ਕੱਪ ਜਿੱਤਿਆ ਸੀ। 1998 ਵਿੱਚ ਮਲੇਸ਼ੀਆ ਦੀ ਰਾਜਧਾਨੀ ਕੁਆਲਾ ਲੰਪਰ ਵਿਖੇ ਹਾਕੀ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਦਾ ਹਿੱਸਾ ਬਣੀ। ਆਸਟਰੇਲੀਆ, ਇੰਗਲੈਂਡ, ਨਿਊਜ਼ੀਲੈਂਡ, ਪਾਕਿਸਤਾਨ, ਮਲੇਸ਼ੀਆ, ਕੈਨੇਡਾ ਜਿਹੇ ਮੁਲਕਾਂ ਦੀ ਸ਼ਮੂਲੀਅਤ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਭਾਰਤੀ ਟੀਮ ਸੈਮੀ ਫਾਈਨਲ ਤੱਕ ਪੁੱਜੀ। ਬਲਜੀਤ ਛੇ ਗੋਲਾਂ ਨਾਲ ਰਾਸ਼ਟਰਮੰਡਲ ਖੇਡਾਂ ਦਾ ਟਾਪ ਸਕਰੋਰ ਰਿਹਾ।
ਸਾਲ 1999 ਵਿੱਚ ਬਲਜੀਤ ਨੇ ਪਾਕਿਸਤਾਨ ਖਿਲਾਫ 9 ਮੈਚਾਂ ਦੀ ਟੈਸਟ ਲੜੀ ਵਿੱਚ ਹਿੱਸਾ ਲਿਆ ਜਿੱਥੇ ਉਸ ਨੇ ਸੱਤ ਮੈਚ ਖੇਡਦਿਆਂ 9 ਗੋਲ ਕੀਤੇ ਅਤੇ ਮੈਨ ਆਫ ਦਿ ਸੀਰੀਜ਼ ਐਲਾਨਿਆ ਗਿਆ। ਇਸ ਟੈਸਟ ਲੜੀ ਦਾ ਵੀ ਇਕ ਦਿਲਚਸਪ ਕਿੱਸਾ ਹੈ। ਇਸ ਲੜੀ ਦੀ ਸ਼ੁਰੂਆਤ ਮੌਕੇ ਬਲਜੀਤ ਦਾ ਵਿਆਹ ਸੀ। ਉਹ ਵਿਆਹਿਆ ਵੀ ਪੇਂਡੂ ਓਲੰਪਿਕਸ ਵਾਲੇ ਮਸ਼ਹੂਰ ਪਿੰਡ ਕਿਲਾ ਰਾਏਪੁਰ ਵਿਖੇ। ਬਲਜੀਤ ਹਨੀਮੂਨ ਉਤੇ ਸ਼ਿਮਲਾ ਗਿਆ ਸੀ ਕਿ ਭਾਰਤੀ ਟੀਮ ਪਾਕਿਸਤਾਨ ਖਿਲਾਫ ਟੈਸਟ ਲੜੀ ਦੇ ਪਹਿਲੇ ਦੋ ਮੈਚ ਹਾਰ ਗਏ। ਉਸ ਸਮੇਂ ਪਾਕਿਸਤਾਨ ਟੀਮ ਪੂਰੀ ਫਾਰਮ ਵਿੱਚ ਸੀ। ਭਾਰਤੀ ਟੀਮ ਨੂੰ ਸ਼ਰਮਨਾਕ ਹਾਰ ਦਾ ਡਰ ਸਤਾਉਣ ਲੱਗਾ। ਛੁੱਟੀ ਉਤੇ ਗਏ ਬਲਜੀਤ ਨੂੰ ਟੀਮ ਪ੍ਰਬੰਧਕਾਂ ਨੇ ਐਮਰਜੈਂਸੀ ਕਾਲ ਕਰਕੇ ਬੁਲਾਇਆ। ਉਹ ਸ਼ਿਮਲੇ ਤੋਂ ਖੁਦ ਕਾਰ ਚਲਾ ਕੇ ਆਇਆ। ਬਲਜੀਤ ਦੇ ਟੀਮ ਵਿੱਚ ਆਉਣ ਦੀ ਦੇਰ ਸੀ ਭਾਰਤੀ ਟੀਮ ਮੈਚ ਜਿੱਤਣ ਲੱਗੀ। ਹਾਲਾਂਕਿ ਭਾਰਤੀ ਟੀਮ ਲੜੀ ਹਾਰ ਗਈ ਪਰ ਬਲਜੀਤ ਬਦਲੌਤ ਸੱਤ ਮੈਚਾਂ ਵਿੱਚੋਂ ਤਿੰਨ ਮੈਚ ਜਿੱਤ ਕੇ ਭਾਰਤੀ ਟੀਮ ਸ਼ਰਮਨਾਕ ਹਾਰ ਤੋਂ ਬਚ ਗਈ। ਇਸੇ ਲਈ ਬਲਜੀਤ ਲੜੀ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਭਾਰਤ ਨੇ ਆਸਟ੍ਰੇਲੀਆ ਤੇ ਜਰਮਨੀ ਖਿਲਾਫ ਟੈਸਟ ਲੜੀਆਂ ਵੀ ਜਿੱਤੀਆਂ। ਇਸੇ ਸਾਲ ਬਲਜੀਤ ਨੂੰ ਭਾਰਤੀ ਹਾਕੀ ਦਾ ਕਪਤਾਨ ਬਣਾਇਆ ਗਿਆ। 1999 ਵਿੱਚ ਕੁਆਲਾ ਲੰਪਰ ਵਿਖੇ ਹੋਏ ਏਸ਼ੀਆ ਕੱਪ ਵਿੱਚ ਭਾਰਤੀ ਟੀਮ ਨੇ ਬਲਜੀਤ ਦੀ ਕਪਤਾਨੀ ਵਿੱਚ ਖੇਡਦਿਆਂ ਕਾਂਸੀ ਦਾ ਤਮਗਾ ਜਿੱਤਿਆ। ਬਲਜੀਤ ਨੇ ਦੋ ਗੋਲ ਵੀ ਕੀਤੇ। ਭਾਰਤੀ ਟੀਮ ਲੀਗ ਵਿੱਚ ਸਿਖਰ 'ਤੇ ਰਹੀ ਪਰ ਸੈਮੀ ਫਾਈਨਲ ਵਿੱਚ ਸਟਾਰ ਖਿਡਾਰੀਆਂ ਨਾਲ ਸਜੀ ਦੱਖਣੀ ਕੋਰਿਆਈ ਟੀਮ ਕੋਲੋਂ ਫਸਵੇਂ ਮੁਕਾਬਲੇ ਵਿੱਚ 4-5 ਨਾਲ ਹਾਰ ਗਈ। ਤੀਜੇ ਸਥਾਨ ਵਾਲੇ ਮੈਚ ਵਿੱਚ ਭਾਰਤ ਨੇ ਮਲੇਸ਼ੀਆ ਨੂੰ 4-2 ਨਾਲ ਹਰਾਇਆ। ਇਸੇ ਸਾਲ ਬਲਜੀਤ ਨੂੰ ਜਿੱਥੇ ਕਪਤਾਨੀ ਮਿਲੀ ਉਥੇ ਉਸ ਨੂੰ ਅਰਜੁਨਾ ਐਵਾਰਡ ਨਾਲ ਸਨਮਾਨਿਆ ਗਿਆ। ਸਭ ਤੋਂ ਵੱਡੀ ਪ੍ਰਾਪਤੀ ਅਤੇ ਮਾਣ ਹਾਸਲ ਕਰਦਿਆਂ ਬਲਜੀਤ ਐੱਫ.ਆਈ.ਐੱਚ. ਦੀ ਵਿਸ਼ਵ ਇਲੈਵਨ ਵਿੱਚ ਚੁਣਿਆ ਗਿਆ।
ਬਲਜੀਤ ਸਿੰਘ ਢਿੱਲੋਂ ਹਾਕੀ ਦੇ ਮੈਦਾਨ ਵਿਚ ਦੂਜੀ ਟੀਮ ਦੇ ਖਿਡਾਰੀ ਨਾਲ ਭਿੜਦਾ ਹੋਇਆ
ਸਾਲ 2000 ਵਿੱਚ ਭਾਰਤ ਨੇ ਸਿਡਨੀ ਵਿਖੇ ਚਾਰ ਦੇਸ਼ਾਂ ਦਾ ਹੋਇਆ ਟੂਰਨਾਮੈਂਟ ਜਿੱਤਿਆ ਅਤੇ ਫੇਰ ਪਰਥ ਵਿਖੇ ਓਲੰਪਿਕ ਕੁਆਲੀਫਾਇਰ ਜਿੱਤਿਆ। ਇਸੇ ਸਾਲ ਬਲਜੀਤ ਨੇ ਆਪਣੀ ਦੂਜੀ ਓਲੰਪਿਕਸ ਖੇਡਦਿਆਂ ਸਿਡਨੀ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। ਰਮਨਦੀਪ ਸਿੰਘ ਗਰੇਵਾਲ ਦੀ ਕਪਤਾਨੀ ਹੇਠ ਸਿਡਨੀ ਵਿਖੇ ਭਾਰਤੀ ਟੀਮ ਦਾ ਪ੍ਰਦਰਸ਼ਨ 1980 ਦੀਆਂ ਮਾਸਕੋ ਓਲੰਪਿਕਸ ਤੋਂ ਬਾਅਦ ਪਿਛਲੇ ਚਾਰ ਦਹਾਕਿਆਂ ਵਿੱਚ ਭਾਰਤੀ ਹਾਕੀ ਵੱਲੋਂ ਦਿਖਾਇਆ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਹੈ। ਭਾਰਤੀ ਟੀਮ ਨੇ 1996 ਦੀਆਂ ਐਟਲਾਂਟਾ ਓਲੰਪਿਕ ਖੇਡਾਂ ਦੀ ਉਪ ਜੇਤੂ ਸਪੇਨ ਨੂੰ 3-2 ਨਾਲ ਹਰਾ ਕੇ ਤਰਥਲੀ ਮਚਾ ਦਿੱਤੀ। ਇਸ ਜਿੱਤ ਵਿੱਚ ਬਲਜੀਤ ਦੇ ਦੋ ਗੋਲਾਂ ਦਾ ਵੱਡਾ ਯੋਗਦਾਨ ਸੀ। ਸਿਡਨੀ ਵਿਖੇ ਕਾਂਸੀ ਦਾ ਤਮਗਾ ਜਿੱਤਣ ਵਾਲੀ ਮੇਜ਼ਬਾਨ ਆਸਟ੍ਰੇਲੀਆ ਦੀ ਟੀਮ ਖਿਲਾਫ ਭਾਰਤ ਨੇ 2-2 ਦੀ ਬਰਾਬਰੀ ਕਰ ਕੇ ਦੂਜਾ ਵੱਡਾ ਉਲਟ ਫੇਰ ਕੀਤਾ। ਇਸ ਮੈਚ ਵਿੱਚ ਬਲਜੀਤ ਨੇ ਇਕ ਗੋਲ ਕੀਤਾ। ਭਾਰਤੀ ਟੀਮ ਵੀਹ ਵਰ੍ਹਿਆਂ ਬਾਅਦ ਸੈਮੀ ਫਾਈਨਲ ਖੇਡਣ ਦੀ ਦਹਿਲੀਜ਼ ਉਤੇ ਸੀ। ਆਖਰੀ ਮੈਚ ਪੋਲੈਂਡ ਖਿਲਾਫ ਸੀ। ਇਸ ਮੈਚ ਵਿੱਚ ਜਿੱਤ ਜਾਂ 2-2 ਨਾਲ ਬਰਾਬਰੀ ਭਾਰਤੀ ਟੀਮ ਲਈ ਸੈਮੀ ਫਾਈਨਲ ਦੀ ਟਿਕਟ ਕਟਾ ਸਕਦੀ ਸੀ। ਭਾਰਤੀ ਟੀਮ 1-0 ਨਾਲ ਅੱਗੇ ਚੱਲ ਰਹੀ ਸੀ। ਭਾਰਤੀ ਹਾਕੀ ਪ੍ਰੇਮੀ ਸੈਮੀ ਫਾਈਨਲ ਦੇ ਸੁਫਨੇ ਦੇਖਣ ਲੱਗ ਗਏ ਸਨ। ਮੈਚ ਸਮਾਪਤੀ ਤੋਂ ਡੇਢ ਮਿੰਟ ਪਹਿਲਾਂ ਪੋਲੈਂਡ ਵੱਲੋਂ ਕੀਤੇ ਗੋਲ ਨੇ ਕਰੋੜਾਂ ਭਾਰਤੀਆਂ ਦੀਆਂ ਉਮੀਦਾਂ ਉਤੇ ਪਾਣੀ ਫੇਰ ਦਿੱਤਾ। ਇਸੇ ਸਾਲ ਬਲਜੀਤ ਨੇ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਵਿੱਚ ਹਿੱਸਾ ਲਿਆ ਜਿੱਥੇ ਉਸ ਨੇ ਤਿੰਨ ਗੋਲ ਕੀਤੇ ਅਤੇ ਭਾਰਤੀ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ।
ਗੋਲ ਕਰਨ ਤੋਂ ਬਾਅਦ ਸਾਥੀ ਖਿਡਾਰੀਆਂ ਨਾਲ ਖੁਸ਼ੀ ਮਨਾਉਂਦਾ ਹੋਇਆ ਬਲਜੀਤ ਸਿੰਘ ਢਿੱਲੋਂ
ਸਾਲ 2001 ਵਿੱਚ ਬਲਜੀਤ ਦੀ ਕਪਤਾਨੀ ਵਿੱਚ ਭਾਰਤ ਨੇ ਤਿੰਨ ਵੱਡੇ ਟੂਰਨਾਮੈਂਟ ਜਿੱਤੇ। ਢਾਕਾ ਵਿਖੇ ਹੋਏ 9 ਦੇਸ਼ਾਂ ਦੇ ਪ੍ਰਧਾਨ ਮੰਤਰੀ ਗੋਲਡ ਕੱਪ ਵਿੱਚ ਭਾਰਤ ਚੈਂਪੀਅਨ ਬਣਿਆ। ਬਲਜੀਤ ਨੇ ਕਪਤਾਨਾਂ ਵਾਲੀ ਖੇਡ ਦਿਖਾਈ ਅਤੇ ਸੱਤ ਗੋਲ ਕੀਤੇ। ਉਸ ਨੂੰ 'ਪਲੇਅਰ ਆਫ ਦਾ ਟੂਰਨਾਮੈਂਟ' ਖਿਤਾਬ ਮਿਲਿਆ। ਆਪਣੀ ਕਪਤਾਨੀ ਵਿੱਚ ਅਗਲਾ ਟੂਰਨਾਮੈਂਟ ਉਸ ਨੇ ਚੈਂਪੀਅਨ ਚੈਲੇਂਜ ਕੱਪ ਜਿਤਾਇਆ। ਛੇ ਦੇਸ਼ਾਂ ਦਾ ਇਹ ਟੂਰਨਾਮੈਂਟ ਵਿਸ਼ਵ ਹਾਕੀ ਵਿੱਚ ਓਲੰਪਿਕ, ਵਿਸ਼ਵ ਕੱਪ ਤੇ ਚੈਂਪੀਅਨਜ਼ ਟਰਾਫੀ ਤੋਂ ਬਾਅਦ ਸਭ ਤੋਂ ਵੱਧ ਮਹੱਤਤਾ ਰੱਖਦਾ ਸੀ। ਇਸ ਦੇ ਅੱਠ ਐਡੀਸ਼ਨਾਂ ਵਿੱਚ ਭਾਰਤ ਸਿਰਫ ਇਕੋ ਵਾਰ ਚੈਂਪੀਅਨ ਬਣਿਆ, ਜੋ 2001 ਵਿੱਚ ਬਲਜੀਤ ਦੀ ਕਪਤਾਨੀ ਹੇਠ ਸੰਭਵ ਹੋਇਆ। ਦੱਖਣੀ ਅਫਰੀਕਾ ਖਿਲਾਫ ਫਾਈਨਲ ਮੈਚ ਵਿੱਚ ਭਾਰਤ ਦੀ 2-1 ਜਿੱਤ ਵਿੱਚ ਬਲਜੀਤ ਦਾ ਵੀ ਇਕ ਗੋਲ ਸੀ। ਉਹ 'ਮੈਨ ਆਫ ਦਾ ਫਾਈਨਲ' ਐਲਾਨਿਆ ਗਿਆ। ਇਸੇ ਸਾਲ ਭਾਰਤ ਨੇ ਤੀਜਾ ਟੂਰਨਾਮੈਂਟ ਇੰਗਲੈਂਡ ਦੇ ਸ਼ਹਿਰ ਮਿਲਟਨ ਕੇਨਜ਼ ਵਿਖੇ ਹੋਇਆ ਚਾਰ ਦੇਸ਼ੀ ਕੈਸਟਰੌਲ ਫੈਸਟੀਵਲ ਜਿੱਤਿਆ। ਇਸੇ ਸਾਲ ਐਡਿਨਬਰਗ ਵਿਖੇ ਖੇਡੇ ਵਿਸ਼ਵ ਕੱਪ ਕੁਆਲੀਫਾਈ ਟੂਰਨਾਮੈਂਟ ਵਿੱਚ ਭਾਰਤ ਨੇ ਬਲਜੀਤ ਦੀ ਕਪਤਾਨੀ ਵਿੱਚ ਹਿੱਸਾ ਲੈਂਦਿਆਂ ਵਿਸ਼ਵ ਕੱਪ ਦੀ ਟਿਕਟ ਕਟਾਈ। ਬਲਜੀਤ ਨੇ ਚਾਰ ਗੋਲ ਕੀਤੇ। ਨਿਊਜ਼ੀਲੈਂਡ ਟੂਰ ਉਤੇ ਵੀ ਬਲਜੀਤ ਨੇ ਚਾਰ ਗੋਲ ਕੀਤੇ।
ਅਗਲੇ ਸਾਲ 2002 ਵਿੱਚ ਕੁਆਲਾ ਲੰਪਰ ਵਿਖੇ ਖੇਡੇ ਵਿਸ਼ਵ ਕੱਪ ਵਿੱਚ ਬਲਜੀਤ ਭਾਰਤੀ ਟੀਮ ਦਾ ਕਪਤਾਨ ਸੀ। ਵਿਸ਼ਵ ਕੱਪ ਵਿੱਚ ਬਲਜੀਤ ਦਾ ਛੋਟਾ ਭਰਾ ਦਲਜੀਤ ਵੀ ਖੇਡਿਆ। ਦੋਵੇਂ ਭਰਾਵਾਂ ਨੇ ਵਿਸ਼ਵ ਕੱਪ ਵਿੱਚ ਚਾਰ-ਚਾਰ ਗੋਲ ਕੀਤੇ। ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚਾਂ ਵਿੱਚ ਭਾਰਤੀ ਟੀਮ ਨੂੰ ਕੁਝ ਹਾਰਾਂ ਦਾ ਸਾਹਮਣਾ ਕਰਨਾ ਪਿਆ। ਇਸੇ ਦੌਰਾਨ ਭਾਰਤੀ ਹਾਕੀ ਫੈਡਰੇਸ਼ਨ ਨੇ ਟੀਮ ਦੇ ਕੋਚ ਸੈਡਰਿਕ ਡਿਊਜ਼ਾ ਨੂੰ ਵਿਸ਼ਵ ਕੱਪ ਚੱਲਦੇ ਦੌਰਾਨ ਹਟਾ ਦਿੱਤਾ, ਜਿਸ ਕਾਰਨ ਭਾਰਤੀ ਟੀਮ ਦੇ ਪ੍ਰਦਰਸ਼ਨ ਤੋਂ ਹੋਰ ਵੀ ਮਾੜਾ ਅਸਰ ਪਿਆ। ਬਲਜੀਤ ਮੰਨਦਾ ਹੈ ਕਿ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਨੌਜਵਾਨ ਖਿਡਾਰੀਆਂ ਨਾਲ ਭਰੀ ਸੀ, ਜਿਸ ਦੇ ਬਹੁਤੇ ਖਿਡਾਰੀਆਂ ਨੇ ਇਕ ਸਾਲ ਪਹਿਲਾ ਹੋਬਾਰਟ ਵਿਖੇ ਜੂਨੀਅਰ ਵਿਸ਼ਵ ਕੱਪ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਪਰ ਵਿਸ਼ਵ ਕੱਪ ਵਿੱਚ ਉਹ ਲੈਅ ਨਾ ਫੜ ਸਕੀ। ਇਸ ਦੇ ਫਲਸਰੂਪ ਟੀਮ ਦੇ ਨਤੀਜੇ ਉਮੀਦਾਂ ਅਨੁਸਾਰ ਨਾ ਆ ਸਕੇ।
ਖਿਡਾਰੀਆਂ ਨਾਲ ਖੁਸ਼ੀ ਮਨਾਉਂਦਾ ਹੋਇਆ ਬਲਜੀਤ ਸਿੰਘ ਢਿੱਲੋਂ
ਸਾਲ 2003 ਦਾ ਉਹ ਸਮਾਂ ਸੀ ਜਦੋਂ ਬਲਜੀਤ ਢਿੱਲੋਂ ਤੇ ਧਨਰਾਜ ਪਿੱਲੈ ਦੀ ਜੋੜੀ ਟੀਮ ਵਿੱਚ ਸਭ ਤੋਂ ਤਜ਼ਰਬੇਕਾਰ ਤੇ ਸੀਨੀਅਰ ਸੀ ਅਤੇ ਬਾਕੀ ਫਾਰਵਰਡ ਲਾਈਨ ਵਿੱਚ ਗਗਨ ਅਜੀਤ ਸਿੰਘ, ਦੀਪਕ ਠਾਕੁਰ, ਪ੍ਰਭਜੋਤ ਸਿੰਘ, ਅਰਜੁਨ ਹਾਲੱਪਾ, ਤੇਜਬੀਰ ਸਿੰਘ ਨਵੀਂ ਉਮਰ ਦੇ ਖਿਡਾਰੀ ਸੀ। ਢਿੱਲੋਂ ਤੇ ਪਿੱਲੈ ਨੇ ਫੀਡਰ ਦੀ ਭੂਮਿਕਾ ਨਿਭਾਉਂਦਿਆਂ ਹਾਫ ਲਾਈਨ ਤੋਂ ਵਿਰੋਧੀ ਗੋਲਾਂ ਤੱਕ ਲਿੰਕ ਮੈਨ ਦਾ ਰੋਲ ਨਿਭਾਉਣ। ਵਾਰੋ-ਵਾਰੀ ਲੈਫਟ ਇਨ, ਸੈਂਟਰ ਫਾਰਵਰਡ ਤੇ ਰਾਈਟ ਇਨ ਦੀਆਂ ਪੁਜੀਸ਼ਨਾਂ 'ਤੇ ਖੇਡਦਿਆਂ ਬਲਜੀਤ ਨੌਜਵਾਨ ਸਟਰਾਈਕਰਾਂ ਨੂੰ ਪਰੋਸ ਕੇ ਦਿੰਦਾ ਜੋ ਅੱਗੇ ਗੋਲ ਕਰਨ ਵਿੱਚ ਕੋਈ ਵੀ ਕੋਤਾਹੀ ਨਾ ਵਰਤਦੇ। ਇਸ ਸਮੇਂ ਦੌਰਾਨ ਗਗਨ ਅਜੀਤ, ਦੀਪਕ, ਪ੍ਰਭਜੋਤ ਦੀ ਤਿੱਕੜੀ ਨੇ ਗੋਲਾਂ ਦੀਆਂ ਝੜੀਆਂ ਲਗਾ ਦੇਣੀਆਂ। ਉਸ ਵੇਲੇ ਟੀਮ ਦਾ ਤਾਲਮੇਲ ਵੀ ਸਿਖਰਾਂ 'ਤੇ ਸੀ। ਹਾਫ ਲਾਈਨ ਤੋਂ ਵਿਰੋਧੀ ਡੀ ਤੱਕ ਢਿੱਲੋਂ ਤੇ ਪਿੱਲੈ ਦੀ ਮੂਵ ਬਣਾਉਣ ਦੀ ਕਲਾ ਅਤੇ ਗਗਨ, ਦੀਪਕ ਤੇ ਪ੍ਰਭਜੋਤ ਦੀ 'ਡੀ' ਅੰਦਰ ਸਕੋਰਿੰਗ ਸਮਰੱਥਾ ਨੇ ਭਾਰਤੀ ਫਾਰਵਰਡ ਲਾਈਨ ਨੂੰ ਦੁਨੀਆਂ ਦੇ ਸਿਖਰਲੇ ਅਟੈਕ ਵਿੱਚ ਸ਼ੁਮਾਰ ਕਰਵਾਇਆ। ਟੀਮ ਨੂੰ ਪੈਨਲਟੀ ਕਾਰਨਰ ਮਿਲਦਾ ਤਾਂ ਜੁਗਰਾਜ ਸਿੰਘ ਡਰੈਗ ਫਲਿੱਕ ਨਾਲ ਗੋਲ ਕਰ ਦਿੰਦਾ। ਭਾਰਤ ਨੇ ਉਤੋੜੱਤੀ ਤਿੰਨ ਟੂਰਨਾਮੈਂਟ ਜਿੱਤੇ। ਇਕ ਜਰਮਨੀ ਦੇ ਸ਼ਹਿਰ ਹੈਮਬਰਗ ਵਿਖੇ ਚਾਰ ਦੇਸ਼ੀ ਟੂਰਨਾਮੈਂਟ ਜਿੱਤਿਆ, ਦੋ ਆਸਟਰੇਲੀਆ ਵਿਖੇ ਹੋਏ ਚਾਰ ਦੇਸ਼ੀ ਟੂਰਨਾਮੈਂਟ ਜਿੱਤੇ। ਭਾਰਤ ਨੇ ਯੂਰੋਪੀ ਦੇਸ਼ਾਂ, ਆਸਟਰੇਲੀਆ ਤੇ ਪਾਕਿਸਤਾਨ ਜਿਹੀਆਂ ਤਕੜੀਆਂ ਟੀਮਾਂ ਨੂੰ ਮਾਤ ਦਿੱਤੀ। ਚੈਂਪੀਅਨਜ਼ ਟਰਾਫੀ ਵਿੱਚ ਭਾਰਤੀ ਟੀਮ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੌਥਾ ਸਥਾਨ ਕੀਤਾ। ਇਸ ਤੋਂ ਬਾਅਦ ਜੁਗਰਾਜ ਸਿੰਘ ਦਾ ਹਾਦਸਾ ਭਾਰਤੀ ਹਾਕੀ ਲਈ ਵੱਡਾ ਸਦਮਾ ਸੀ। ਇਸ ਹਾਦਸੇ ਤੋਂ ਬਾਅਦ ਕੁਆਲਾ ਲੰਪਰ ਵਿਖੇ ਖੇਡੇ ਏਸ਼ੀਆ ਕੱਪ ਵਿੱਚ ਭਾਰਤ ਨੇ ਪਹਿਲੀ ਵਾਰ ਜਿੱਤ ਹਾਸਲ ਕੀਤੀ। 1982 ਵਿੱਚ ਸ਼ੁਰੂ ਹੋਇਆ ਇਹ ਦੁਨੀਆਂ ਦੀ ਦੋ ਤਿਹਾਈ ਵਸੋਂ ਦਾ ਟੂਰਨਾਮੈਂਟ ਭਾਰਤ ਨੇ 2003 ਵਿੱਚ ਪਹਿਲੀ ਵਾਰ ਜਿੱਤਿਆ। ਟੀਮ ਨੇ ਵਾਪਸੀ ਉਤੇ ਜੁਗਰਾਜ ਦਾ ਹੌਸਲਾ ਵਧਾਉਣ ਲਈ ਸਿੱਧਾ ਹਸਪਤਾਲ ਜਾ ਕੇ ਉਸ ਦੇ ਗਲੇ ਵਿੱਚ ਆਪਣੇ ਜਿੱਤੇ ਸੋਨ ਤਮਗੇ ਪਾਏ।
ਗੋਲ ਕਰਨ ਤੋਂ ਬਾਅਦ ਸਾਥੀ ਨਾਲ ਖੁਸ਼ੀ ਪ੍ਰਗਟ ਕਰਦਾ ਬਲਜੀਤ ਸਿੰਘ ਢਿੱਲੋਂ
ਸਾਲ 2004 ਦੇ ਸ਼ੁਰੂ ਵਿੱਚ ਇਪੋਹ ਵਿਖੇ ਖੇਡੇ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ਵਿੱਚ ਬਲਜੀਤ ਦੇ ਨੱਕ ਉਤੇ ਸੱਟ ਲੱਗ ਗਈ। ਬਲਜੀਤ ਦੀ ਟੀਮ ਪ੍ਰਤੀ ਪ੍ਰਤੀਬੱਧਤਾ ਅਤੇ ਖੇਡ ਦਾ ਜਾਨੂੰਨ ਹੀ ਸੀ ਕਿ ਉਹ ਨੱਕ ਦੀ ਹੱਡੀ ਟੁੱਟ ਜਾਣ ਦੇ ਬਾਵਜੂਦ ਉਹ ਪੱਟੀ ਬੰਨ੍ਹ ਕੇ ਮੈਦਾਨ ਵਿੱਚ ਨਿੱਤਰਿਆ। ਨੱਕ ਉਤੇ ਪੱਟੀ ਬੰਨ੍ਹੀਂ ਬਲਜੀਤ ਨੂੰ ਟੈਲੀਵੀਜ਼ਨ ਉਪਰ ਮੈਚ ਖੇਡਦਿਆਂ ਦੇਖਣ ਅਤੇ ਅਗਲੇ ਦਿਨ ਅਖਬਾਰਾਂ ਵਿੱਚ ਫੱਟੜ ਬਲਜੀਤ ਦੀਆਂ ਤਸਵੀਰਾਂ ਦੇਖਣ ਵਾਲੇ ਹਾਕੀ ਪ੍ਰੇਮੀ ਉਸ ਦੇ ਹੋਰ ਵੀ ਦੀਵਾਨੇ ਹੋ ਗਏ। ਸੱਟਾਂ-ਫੇਟਾਂ ਦੀ ਉਸ ਨੇ ਕਿਤੇ ਪ੍ਰਵਾਹ ਨਹੀਂ ਕੀਤੀ। ਇਸੇ ਸਾਲ ਜਰਮਨੀ ਵਿਖੇ ਹੋਏ ਚਾਰ ਦੇਸ਼ੀ ਟੂਰਨਾਮੈਂਟ ਵਿੱਚ ਭਾਰਤ ਚੈਂਪੀਅਨ ਬਣਿਆ। ਇਸੇ ਸਾਲ ਹੋਣ ਵਾਲੀਆਂ ਏਥਨਜ਼ ਓਲੰਪਿਕਸ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਕੋਚ ਰਾਜਿੰਦਰ ਸਿੰਘ ਸੀਨੀਅਰ ਦੀ ਅਗਵਾਈ ਵਿੱਚ ਪੂਰੀ ਫਾਰਮ ਵਿੱਚ ਸੀ। ਓਲੰਪਿਕਸ ਤੋਂ ਐੱਨ ਪਹਿਲਾਂ ਦੋ ਅਹਿਮ ਖਿਡਾਰੀਆਂ ਕੰਵਲਪ੍ਰੀਤ ਸਿੰਘ ਤੇ ਬਿਮਲ ਲਾਕੜਾ ਨੂੰ ਟੀਮ ਵਿੱਚੋਂ ਬਾਹਰ ਕਰ ਦਿੱਤਾ ਅਤੇ ਫੇਰ ਕੋਚ ਰਾਜਿੰਦਰ ਸਿੰਘ ਵੱਲੋਂ ਵਿਰੋਧ ਕਰਨ 'ਤੇ ਉਸ ਦੀ ਜਗ੍ਹਾਂ ਵਿਦੇਸ਼ੀ ਕੋਚ ਗੈਰਹਾਰਡ ਰੈਕ ਦੇ ਹਵਾਲੇ ਟੀਮ ਕਰ ਦਿੱਤੀ। ਓਲੰਪਿਕ ਖੇਡਾਂ ਤੋਂ ਪਹਿਲਾਂ ਜੇਤੂ ਘੋੜੇ 'ਤੇ ਸਵਾਰ ਭਾਰਤੀ ਟੀਮ ਇਨ੍ਹਾਂ ਝਟਕਿਆਂ ਤੋਂ ਉਭਰ ਨਾ ਸਕੀ ਅਤੇ ਸੱਤਵੇਂ ਸਥਾਨ 'ਤੇ ਸਬਰ ਕਰਨਾ ਪਿਆ। ਬਲਜੀਤ ਨੇ ਭਾਰਤ ਵੱਲੋਂ ਆਪਣਾ ਆਖਰੀ ਇੰਟਰਨੈਸ਼ਨਲ ਮੈਚ ਓਲੰਪਿਕਸ ਦੌਰਾਨ ਖੇਡਿਆ। ਇਹ ਮੈਚ 27 ਅਗਸਤ 2004 ਨੂੰ ਦੱਖਣੀ ਕੋਰੀਆ ਖਿਲਾਫ ਖੇਡਿਆ। 7ਵੇਂ ਸਥਾਨ ਲਈ ਹੋਏ ਇਸ ਮੈਚ ਵਿੱਚ ਭਾਰਤ ਨੇ 5-2 ਨਾਲ ਜਿੱਤ ਹਾਸਲ ਕੀਤੀ। ਧਨਰਾਜ ਪਿੱਲੈ ਦਾ ਵੀ ਇਹੋ ਆਖਰੀ ਇੰਟਰਨੈਸ਼ਨਲ ਮੈਚ ਸੀ। ਏਥਨਜ਼ ਵਿਖੇ ਧਨਰਾਜ ਪਿੱਲੈ ਨੇ ਆਪਣੀ ਚੌਥੀ ਤੇ ਬਲਜੀਤ ਨੇ ਤੀਜੀ ਓਲੰਪਿਕਸ ਖੇਡੀ। ਬਲਜੀਤ ਨੇ ਆਪਣਾ ਆਖਰੀ ਇੰਟਰਨੈਸ਼ਨਲ ਗੋਲ ਦੱਖਣੀ ਅਫਰੀਕਾ ਖਿਲਾਫ 17 ਅਗਸਤ 2004 ਨੂੰ ਕੀਤਾ, ਜਿਸ ਵਿੱਚ ਭਾਰਤ 4-2 ਨਾਲ ਜੇਤੂ ਰਿਹਾ।
ਬਲਜੀਤ ਸਿੰਘ ਢਿੱਲੋਂ ਤੇ ਧਨਰਾਜ ਪਿੱਲੈ ਨੇ ਇਕ ਦਹਾਕੇ ਤੋਂ ਵੱਧ ਭਾਰਤੀ ਹਾਕੀ ਦੀ ਸੇਵਾ ਕੀਤੀ। ਬਲਜੀਤ ਟੀਮ ਦੀ ਲੋੜ ਅਨੁਸਾਰ ਹਰ ਸਾਈਡ ਉਤੇ ਖੇਡਿਆ। ਸ਼ੁਰੂਆਤ ਉਸ ਨੇ ਲੈਫਟ ਆਊਟ ਤੋਂ ਕੀਤੀ। ਕਦੇ ਉਹ ਲੈਫਟ ਇਨ ਤੇ ਕਦੇ ਰਾਈਟ ਇਨ ਖੇਡਿਆ। ਲੋੜ ਪੈਂਦੀ ਤਾਂ ਉਹ ਸੈਂਟਰ ਫਾਰਵਰਡ 'ਤੇ ਮੋਰਚਾ ਸਾਂਭ ਲੈਂਦਾ। ਸਮੇਂ-ਸਮੇਂ 'ਤੇ ਬਲਜੀਤ ਤੇ ਪਿੱਲੈ ਵਿਚਾਲੇ ਟਕਰਾਅ ਦੀਆਂ ਖਬਰਾਂ ਵੀ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਪਰ ਬਲਜੀਤ ਇਸ ਬਾਰੇ ਪੁੱਛਣ 'ਤੇ ਖੰਡਨ ਤਾਂ ਕਰਦਾ ਹੀ ਸਗੋਂ ਨਾਲ ਹੀ ਪਿੱਲੈ ਨੂੰ ਬਹੁਤ ਸਤਿਕਾਰ ਵੀ ਦਿੰਦਾ ਹੈ। 1998 ਵਿੱਚ ਪਿੱਲੈ ਦੀ ਕਪਤਾਨੀ ਵਿੱਚ ਜਦੋਂ ਭਾਰਤ ਨੇ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਤਾਂ ਕੁਝ ਸਾਥੀ ਖਿਡਾਰੀਆਂ ਤੋਂ ਉਸ ਟੂਰਨਾਮੈਂਟ ਦੌਰਾਨ ਦੋਵੇਂ ਖਿਡਾਰੀਆਂ ਵਿਚਲੇ ਮੱਤਭੇਦਾਂ ਦਾ ਪਤਾ ਲੱਗਿਆ। ਇਸ ਬਾਰੇ ਵਾਰ-ਵਾਰ ਪੁੱਛਣ 'ਤੇ ਬਲਜੀਤ ਨੇ ਕੋਈ ਹੁੰਗਾਰਾ ਨਾ ਭਰਿਆ।
ਪੈਨਲਟੀ ਸਟਰੋਕ ਦੇ ਮੌਕੇ ਨੂੰ ਗੋਲ ਵਿੱਚ ਤਬਦੀਲ ਕਰਦਿਆਂ
ਅਸਲ ਵਿੱਚ ਬਲਜੀਤ ਹਾਕੀ ਮੈਦਾਨ ਦੀਆਂ ਤਲਖੀਆਂ ਨੂੰ ਅਖਬਾਰੀ ਸੁਰਖੀਆਂ ਬਣਾਉਣ ਤੋਂ ਗੁਰੇਜ਼ ਕਰਦਾ ਸੀ। ਉਹ ਅੰਦਰ ਦੀ ਗੱਲ ਅੰਦਰ ਹੀ ਰੱਖ ਲੈਂਦਾ ਸੀ। ਉਸ ਨੇ ਕਿਤੇ ਕਿਸੇ ਖਿਡਾਰੀ ਦਾ ਭੰਡੀ ਪ੍ਰਚਾਰ ਨਹੀਂ ਕੀਤਾ। ਅਸਲ ਵਿੱਚ ਪਿੱਲੈ ਤੇ ਢਿੱਲੋਂ ਦੋਵੇਂ ਹੀ ਵੱਡੇ ਖਿਡਾਰੀ ਸੀ ਤੇ ਸਮਕਾਲੀ ਵੀ। ਦੋਵਾਂ ਕੋਲ ਵਾਰੋ-ਵਾਰੀ ਕਪਤਾਨੀ ਵੀ ਆਉਂਦੀ ਰਹੀ। ਦੋਵੇਂ ਇਕੱਠੇ ਖੇਡੇ ਅਤੇ ਦੋਵੇਂ ਹੀ ਫਾਰਵਰਡ ਲਾਈਨ ਵਿੱਚ ਖੇਡਦੇ ਸਨ। ਆਪਸੀ ਸ਼ਰੀਕੇਬਾਜ਼ੀ ਸੁਭਾਵਕ ਹੈ ਪਰ ਦੋਵਾਂ ਖਿਡਾਰੀਆਂ ਵਿਚਾਲੇ ਖੇਡ ਮੈਦਾਨ ਵਿਚਲੀ ਕੈਮਿਸਟਰੀ ਦੇਖਣ ਵਾਲੀ ਹੁੰਦੀ ਸੀ। ਇਹ ਬਾਹਰ ਵੀ ਦੇਖਣ ਨੂੰ ਮਿਲਦੀ ਰਹੀ ਹੈ। ਪਿੱਲੈ ਨਾਲ ਬਲਜੀਤ ਦੀ ਨੇੜਤਾ ਨੂੰ ਮੈਂ ਅੱਖੀ ਵੇਖਿਆ ਹੈ। ਸਾਲ 2004 ਵਿੱਚ ਬਲਜੀਤ ਦੇ ਛੋਟੇ ਭਰਾ ਦਲਜੀਤ ਦੇ ਵਿਆਹ ਦੀ ਪਾਰਟੀ ਵਿੱਚ ਧਨਰਾਜ ਪਿੱਲੈ ਉਚੇਚੇ ਤੌਰ 'ਤੇ ਪੁਣੇ ਤੋਂ ਇਕ ਰਾਤ ਲਈ ਆਇਆ। ਵਿਕਟੋਰੀਆ ਗਾਰਡਨ ਵਿਖੇ ਹੋਈ ਇਸ ਪਾਰਟੀ ਵਿੱਚ ਇੰਦਰਜੀਤ ਨਿੱਕੂ ਦਾ ਅਖਾੜਾ ਲੱਗਿਆ ਸੀ ਅਤੇ ਪਿੱਲੈ ਨੇ ਬਲਜੀਤ ਤੇ ਜੁਗਰਾਜ ਨਾਲ ਮਿਲ ਕੇ ਖੂਬ ਭੰਗੜਾ ਪਾਇਆ। ਬਲਜੀਤ ਦੇ ਦਿਲ ਵਿੱਚ ਅੱਜ ਵੀ ਪਿੱਲੈ ਪ੍ਰਤੀ ਵੱਡੇ ਭਰਾ ਵਾਲਾ ਸਤਿਕਾਰ ਹੈ।
ਮੀਡੀਆ ਵਿੱਚ ਪਿੱਲੈ ਨੂੰ ਜਿੱਥੇ ਬੜਬੋਲਾ ਤੇ ਮੂੰਹ ਫੱਟ ਕਿਹਾ ਜਾਂਦਾ ਉਥੇ ਬਲਜੀਤ ਨੂੰ ਸੰਗਾਊ ਤੇ ਚੁੱਪ ਕੀਤਾ ਦੱਸਿਆ ਜਾਂਦਾ ਸੀ। ਅਸਲ ਵਿੱਚ ਬਲਜੀਤ ਆਪਣੀ ਹਾਕੀ ਨਾਲ ਜਵਾਬ ਦੇਣ ਵਿੱਚ ਵੱਧ ਵਿਸ਼ਵਾਸ ਕਰਦਾ ਸੀ। ਪਿੱਲੈ ਵੀ ਵੱਡਾ ਖਿਡਾਰੀ ਹੋਇਆ ਪਰ ਉਹ ਨਾਲੋ-ਨਾਲ ਆਪਣੇ ਬਿਆਨਾਂ ਕਰਕੇ ਵੀ ਸੁਰਖੀਆ ਵਿੱਚ ਰਹਿੰਦਾ ਸੀ। ਸਾਲ 2003 ਵਿੱਚ ਜਦੋਂ ਕੋਚ ਰਾਜਿੰਦਰ ਸਿੰਘ ਸੀਨੀਅਰ ਨੇ ਭਾਰਤੀ ਟੀਮ ਨੂੰ ਅਨੁਸਾਸ਼ਣ ਦਾ ਪਾਠ ਸਿਖਾਉਣ ਲਈ ਥਾਣੇਸਰ ਵਿਖੇ ਕਮਾਂਡੋ ਕੈਂਪ ਲਗਾਉਣ ਦਾ ਫੈਸਲਾ ਕੀਤਾ ਤਾਂ ਟੀਮ ਨੂੰ ਤੰਬੂਆਂ ਵਿੱਚ ਠਹਿਰਾਉਣ ਦੇ ਫੈਸਲੇ ਦਾ ਸੀਨੀਅਰ ਖਿਡਾਰੀਆਂ ਨੇ ਵਿਰੋਧ ਕੀਤਾ। ਉਸ ਵੇਲੇ ਇਹੋ ਸੁਰਖੀਆਂ ਬਣੀਆਂ ਕਿ ਪਿੱਲੈ ਤੇ ਢਿੱਲੋਂ ਦੀ ਅਗਵਾਈ ਵਿੱਚ ਖਿਡਾਰੀ ਨਰਾਜ਼ ਹੋ ਕੇ ਸ਼ਾਮ ਨੂੰ ਹੋਟਲਾਂ ਵਿੱਚ ਗਏ। ਹਾਲਾਂਕਿ ਬਾਅਦ ਵਿੱਚ ਸਾਰੇ ਖਿਡਾਰੀ ਕਮਾਂਡੋ ਕੈਂਪ ਦੌਰਾਨ ਤੰਬੂਆਂ ਵਿੱਚ ਹੀ ਠਹਿਰੇ। ਟੀਮ ਦੀ ਹਰ ਜਿੱਤ-ਹਾਰ, ਖੁਸ਼ੀ-ਗਮੀ, ਸੁਖਾਵੀਂ ਤੇ ਵਿਵਾਦਤ ਘਟਨਾ ਲਈ ਪਿੱਲੈ ਤੇ ਢਿੱਲੋਂ ਦੀ ਜੋੜੀ ਦਾ ਨਾਂ ਹੀ ਵੱਜਦਾ ਰਿਹਾ। ਇਹ ਦੋਵਾਂ ਖਿਡਾਰੀਆਂ ਦਾ ਜਲਵਾ ਹੀ ਸੀ ਕਿ ਜਦੋਂ ਉਨ੍ਹਾਂ ਨੇ ਹਾਕੀ ਛੱਡੀ ਤਾਂ ਉਸ ਤੋਂ ਬਾਅਦ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤੀ ਹਾਕੀ ਟੀਮ ਕੁਆਲੀਫਾਈ ਹੋਣ ਤੋਂ ਹੀ ਵਾਂਝੀ ਹੋ ਗਈ ਸੀ। 2008 ਵਿੱਚ ਬੀਜਿੰਗ ਓਲੰਪਿਕਸ ਲਈ ਭਾਰਤੀ ਟੀਮ ਦੇ ਕੁਆਲੀਫਾਈ ਨਾ ਹੋਣ ਤੋਂ ਬਾਅਦ ਹਾਕੀ ਪ੍ਰੇਮੀਆਂ ਨੂੰ ਬੱਲੀ ਤੇ ਪਿੱਲੈ ਦੀ ਜੋੜੀ ਬਹੁਤ ਯਾਦ ਆਈ। ਪਾਕਿਸਤਾਨ ਖਿਲਾਫ ਇਕ ਮੈਚ ਵਿੱਚ ਕਿਸੇ ਵਿਵਾਦਤ ਫੈਸਲੇ ਕਾਰਨ ਜਦੋਂ ਦੋਵੇਂ ਟੀਮਾਂ ਦੀ ਝੜਪ ਹੋਈ ਤਾਂ ਭਾਰਤੀ ਟੀਮ ਦੀ ਅਗਵਾਈ ਪਿੱਲੈ ਤੇ ਢਿੱਲੋਂ ਕਰ ਰਹੇ ਸਨ। ਮੁਹੰਮਦ ਸਕਲੇਨ ਤੇ ਦਿਲਾਵਰ ਨਾਲ ਇਸ ਜੋੜੀ ਦੇ ਖਹਿਬੜਨ ਦੀਆਂ ਤਸਵੀਰਾਂ ਬਹੁਤ ਵਾਇਰਲ ਹੋਈਆਂ।
ਪਾਕਿਸਤਾਨ ਖਿਲਾਫ ਮੈਚ ਵਿੱਚ ਇਕ ਝੜਪ ਦੇ ਦ੍ਰਿਸ਼
ਕੌਮੀ ਪੱਧਰ 'ਤੇ ਬਲਜੀਤ ਸਭ ਤੋਂ ਲੰਬਾਂ ਸਮਾਂ ਖੇਡਣ ਵਾਲਾ ਖਿਡਾਰੀ ਹੈ। ਪੰਜਾਬ ਪੁਲਸ ਵੱਲੋਂ ਤਾਂ ਬਲਜੀਤ ਨੇ 44 ਵਰ੍ਹਿਆਂ ਦੀ ਉਮਰੇ ਵੀ ਖੇਡਦਿਆਂ ਆਲ ਇੰਡੀਆ ਪੁਲਸ ਖੇਡਾਂ ਦਾ ਸੋਨੇ ਦਾ ਤਮਗਾ ਜਿੱਤਿਆ। ਅਸਲ ਵਿੱਚ ਬਲਜੀਤ ਨੇ 2007 ਵਿੱਚ ਪ੍ਰੀਮੀਅਰ ਹਾਕੀ ਲੀਗ ਦੌਰਾਨ ਕੌਮੀ ਤੇ ਕੌਮਾਂਤਰੀ ਹਾਕੀ ਤੋਂ ਸੰਨਿਆਸ ਲੈ ਲਿਆ ਸੀ। ਉਸ ਵੇਲੇ ਬਲਜੀਤ ਦੀ ਉਮਰ 34 ਸਾਲ ਸੀ। ਉਸ ਤੋਂ ਬਾਅਦ ਉਸ ਨੇ ਪੁਲਸ ਦੀ ਡਿਊਟੀ ਜੁਆਇਨ ਕਰ ਲਈ। 2013 ਵਿੱਚ ਜਦੋਂ ਪੰਜਾਬ ਪੁਲਸ ਦੀ ਟੀਮ ਨੂੰ ਉਸ ਦੀ ਲੋੜ ਪਈ ਤਾਂ ਉਸ ਨੇ ਜੰਮੂ ਵਿਖੇ ਆਲ ਇੰਡੀਆ ਪੁਲਸ ਖੇਡਾਂ ਵਿੱਚ ਹਿੱਸਾ ਲੈ ਕੇ ਆਪਣੀ ਟੀਮ ਨੂੰ ਚੈਂਪੀਅਨ ਬਣਾਇਆ। 2017 ਵਿੱਚ ਉਹ ਬਟਾਲਾ ਵਿਖੇ ਐੱਸ.ਪੀ. ਪੀ. ਲੱਗਿਆ ਸੀ ਅਤੇ ਉਸ ਦੀ ਉਮਰ 44 ਸਾਲ ਸੀ। ਸੋਨੀਪਤ ਵਿਖੇ ਆਲ ਇੰਡੀਆ ਪੁਲਸ ਖੇਡਾਂ ਲਈ ਪੰਜਾਬ ਪੁਲਸ ਦੀ ਟੀਮ ਨੂੰ ਉਸ ਦੀ ਸਖਤ ਲੋੜ ਸੀ। ਬਲਜੀਤ ਨੇ 10 ਦਿਨ ਛੁੱਟੀ ਲੈ ਕੇ ਆਪਣੀ ਫਿਟਨੈਸ ਕੀਤੀ ਅਤੇ ਪੰਜਾਬ ਪੁਲਸ ਨੂੰ ਸੋਨੇ ਦਾ ਤਮਗਾ ਜਿਤਾ ਕੇ ਪਰਤਿਆ। ਬਲਜੀਤ ਨੇ ਆਪਣੀ 39 ਸਾਲ ਦੀ ਨੌਕਰੀ ਵਿੱਚ ਪੰਜਾਬ ਪੁਲਸ ਨੂੰ ਆਲ ਇੰਡੀਆ ਪੁਲਸ ਖੇਡਾਂ ਵਿੱਚ 11 ਵਾਰ ਸੋਨੇ, ਤਿੰਨ ਵਾਰ ਚਾਂਦੀ ਦਾ ਤਮਗਾ ਜਿਤਾਇਆ। 1995 ਤੋਂ 1998 ਤੱਕ ਖਿਤਾਬੀ ਹੈਟ੍ਰਿਕ ਵੀ ਲਗਾਈ।
ਭਾਰਤ ਦੇ 'ਏ' ਗਰੇਡ ਟੂਰਨਾਮੈਂਟਾਂ ਦੀ ਗੱਲ ਕਰੀਏ ਤਾਂ ਬਲਜੀਤ ਨੇ ਪੰਜਾਬ ਪੁਲਿਸ ਨੂੰ 18 ਵੱਡੇ ਟੂਰਨਾਮੈਂਟ ਜਿਤਾਏ ਹਨ ਅਤੇ ਚਾਰ ਵਾਰ ਉਸ ਦੀ ਟੀਮ ਉਪ ਜੇਤੂ ਰਹੀ ਹੈ। ਦੇਸ਼ ਦੇ ਸਿਖਰਲੇ ਟੂਰਨਾਮੈਂਟਾਂ ਵਿੱਚੋਂ ਨਹਿਰੂ ਹਾਕੀ ਕੱਪ ਵਿੱਚ ਬਲਜੀਤ ਨੇ ਪੰਜਾਬ ਪੁਲਸ ਦੀ ਖਿਤਾਬੀ ਹੈਟ੍ਰਿਕ ਲਗਾਈ। ਪੰਜਾਬ ਪੁਲਸ ਨੇ 2002, 2003 ਤੇ 2004 ਲਗਾਤਾਰ ਤਿੰਨ ਵਾਰ ਇਹ ਟੂਰਨਾਮੈਂਟ ਜਿੱਤਿਆ। ਨਹਿਰੂ ਹਾਕੀ ਵਿੱਚ ਦੋ ਵਾਰ ਤਾਂ ਉਹ ਬੈਸਟ ਪਲੇਅਰ ਵੀ ਚੁਣਿਆ ਗਿਆ। ਬਲਜੀਤ ਦੱਸਦਾ ਹੈ ਕਿ ਜਦੋਂ ਵੀ ਕਿਤੇ ਉਸ ਨੂੰ ਗੁੱਟਬਾਜ਼ੀ ਦੇ ਚੱਲਦਿਆਂ ਟੀਮ ਤੋਂ ਬਾਹਰ ਕਰਨਾ ਤਾਂ ਨਹਿਰੂ ਹਾਕੀ ਵਿੱਚ ਆਪਣੇ ਪ੍ਰਦਰਸ਼ਨ ਨਾਲ ਚੋਣਕਰਤਾਵਾਂ ਨੂੰ ਦੁਬਾਰਾ ਟੀਮ ਵਿੱਚ ਚੁਣਨ ਲਈ ਮਜਬੂਰ ਕਰਦਾ। ਅਜਿਹਾ ਹੀ 2002 ਦੀਆਂ ਬੁਸਾਨ ਏਸ਼ਿਆਈ ਖੇਡਾਂ ਵਿੱਚ ਬਲਜੀਤ ਨੂੰ ਬਾਹਰ ਕਰਨ ਸਮੇਂ ਹੋਇਆ ਸੀ ਜਦੋਂ ਨਹਿਰੂ ਹਾਕੀ ਵਿੱਚ ਬਲਜੀਤ ਦੀ ਸਟਿੱਕ ਦਾ ਜਾਦੂ ਚੱਲਿਆ ਤਾਂ ਅਖਬਾਰਾਂ ਦੀਆਂ ਸੁਰਖੀਆਂ ਨੇ ਚੋਣਕਰਤਾਵਾਂ ਨੂੰ ਵੀ ਲਪੇਟੇ ਵਿੱਚ ਲੈ ਲਿਆ। ਹੋਰਨਾਂ ਘਰੇਲੂ ਟੂਰਨਾਮੈਂਟਾਂ ਦੀ ਗੱਲ ਕਰੀਏ ਤਾਂ ਬਲਜੀਤ ਨੇ ਪੰਜਾਬ ਪੁਲਿਸ ਵੱਲੋਂ ਖੇਡਦਿਆਂ ਤਿੰਨ ਵਾਰ ਇੰਦਰਾ ਗਾਂਧੀ ਗੋਲਡ ਕੱਪ, ਦੋ-ਦੋ ਵਾਰ ਬੇਟਨ ਕੱਪ, ਸੁਰਜੀਤ ਯਾਦਗਾਰੀ ਟੂਰਨਾਮੈਂਟ, ਰਮੇਸ਼ ਚੰਦਰ ਯਾਦਗਾਰੀ ਟੂਰਨਾਮੈਂਟ, ਗੁਰਮੀਤ ਮੈਮੋਰੀਅਲ ਹਾਕੀ ਟੂਰਨਾਮੈਂਟ ਜਿੱਤਿਆ। ਇਸ ਤੋਂ ਇਲਾਵਾ ਇਕ-ਇਕ ਵਾਰ ਸੀ.ਆਰ.ਪੀ.ਐਫ. ਗੋਲਡ ਕੱਪ, ਛਤਰਪਤੀ ਸ਼ਿਵਾਜੀ ਟੂਰਨਾਮੈਂਟ, ਹਮਦਰਦ ਹਾਕੀ ਟੂਰਨਾਮੈਂਟ, ਸਕੌਟੀ ਕੱਪ ਬੰਗਲੌਰ, ਰਾਘਾਵਿੰਦਰਾ ਲਿਟਿਗੀ ਟੂਰਨਾਮੈਂਟ ਬੰਗਲੌਰ ਜਿੱਤਿਆ। ਨਾਭਾ ਵਿਖੇ ਲਿਬਰਲਜ਼ ਤੇ ਫਰੀਦਕੋਟ ਦਾ ਬਾਬਾ ਫਰੀਦ ਗੋਲਡ ਕੱਪ ਵਿੱਚ ਬਲਜੀਤ ਦਰਸ਼ਕਾਂ ਦੀ ਪਹਿਲੀ ਪਸੰਦ ਹੁੰਦਾ ਸੀ, ਜਿੱਥੇ ਉਸ ਦੀ ਸ਼ਮੂਲੀਅਤ ਹੀ ਦਰਸ਼ਕਾਂ ਲਈ ਹਾਜ਼ਰੀ ਦਾ ਕਾਰਨ ਬਣਦੀ ਸੀ।
ਪਤਨੀ ਮਨਜਿੰਦਰ ਕੌਰ ਅਤੇ ਦੋਵੇਂ ਬੇਟਿਆਂ ਲਵਜੀਤ ਸਿੰਘ ਤੇ ਅਕਾਸ਼ਜੀਤ ਸਿੰਘ ਨਾਲ ਬਲਜੀਤ ਸਿੰਘ ਢਿੱਲੋਂ
ਪੰਜਾਬ ਵੱਲੋਂ ਕੌਮੀ ਖੇਡਾਂ ਵਿੱਚ ਖੇਡਿਦਿਆਂ ਉਸ ਨੇ ਤਿੰਨ ਵਾਰ ਸੋਨੇ ਦਾ ਤਮਗਾ ਜਿੱਤਿਆ। 1994 ਵਿੱਚ ਬੰਬਈ ਵਿਖੇ ਕੌਮੀ ਖੇਡਾਂ ਵਿੱਚ ਉਹ ਪੰਜਾਬ ਦੀ ਟੀਮ ਦਾ ਕਪਤਾਨ ਸੀ। 1997 ਵਿੱਚ ਬੰਗਲੌਰ ਵਿਖੇ ਉਹ ਕੌਮੀ ਖੇਡਾਂ ਵਿੱਚ 'ਸਰਵੋਤਮ ਖਿਡਾਰੀ' ਐਲਾਨਿਆ ਗਿਆ। ਸਾਲ 1995 ਵਿੱਚ ਕੌਮੀ ਖੇਡਾਂ ਵਿੱਚ ਪੰਜਾਬ ਨੇ ਚਾਂਦੀ ਦਾ ਤਮਗਾ ਜਿੱਤਿਆ। 2000 ਵਿੱਚ ਜੰਮੂ ਵਿਖੇ ਹੋਈ ਸੀਨੀਅਰ ਨੈਸ਼ਨਲ ਵਿੱਚ ਪੰਜਾਬ ਦੂਜੇ ਸਥਾਨ 'ਤੇ ਰਿਹਾ ਸੀ। ਫੈਡਰੇਸ਼ਨ ਕੱਪ ਵਿੱਚ ਇਕ ਚਾਂਦੀ ਤੇ ਇਕ ਕਾਂਸੀ ਦਾ ਤਮਗਾ ਜਿੱਤਿਆ। ਸਾਲ 2004 ਵਿੱਚ ਹੋਈਆਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਖੇਡਾਂ ਵਿੱਚ ਉਸ ਨੇ ਪੰਜਾਬ ਟੀਮ ਦੀ ਅਗਵਾਈ ਕਰਦਿਆਂ ਸੋਨੇ ਦਾ ਤਮਗਾ ਜਿੱਤਿਆ। ਪ੍ਰੋਫੈਸ਼ਨਲ ਹਾਕੀ ਕਰੀਅਰ ਵਜੋਂ ਉਸ ਨੇ ਪਹਿਲੀ ਵਾਰ ਸ਼ੁਰੂ ਹੋਈ ਪ੍ਰੀਮੀਅਰ ਹਾਕੀ ਲੀਗ ਵਿੱਚ ਤਿੰਨ ਵਾਰ ਸ਼ੇਰ-ਏ-ਜਲੰਧਰ ਵੱਲੋਂ ਹਿੱਸਾ ਲਿਆ। ਭਾਰਤੀ ਤੇ ਵਿਦੇਸ਼ੀ ਖਿਡਾਰੀਆਂ ਦੀ ਸ਼ਮੂਲੀਅਤ ਵਾਲੀ ਇਸ ਲੀਗ ਵਿੱਚ ਸ਼ੇਰ-ਏ-ਜਲੰਧਰ ਦੀ ਟੀਮ ਦੋ ਵਾਰ ਉਪ ਜੇਤੂ ਰਹੀ। ਇਸੇ ਲੀਗ ਦੇ ਫਾਈਨਲ ਮੌਕੇ 2007 ਵਿੱਚ ਬਲਜੀਤ ਨੇ 25 ਸਾਲ ਹਾਕੀ ਖੇਡਣ ਤੋਂ ਬਾਅਦ ਸੰਨਿਆਸ ਲਿਆ ਸੀ। ਉਸ ਵੇਲੇ ਟੀਮ ਦੇ ਕੋਚ ਸੁਰਿੰਦਰ ਸਿੰਘ ਸੋਢੀ ਨੇ ਕਿਹਾ ਸੀ ਕਿ ਬਲਜੀਤ ਦਾ ਬਦਲ ਜਲਦੀ ਨਹੀਂ ਮਿਲ ਸਕਦਾ। ਬਲਜੀਤ ਜਿਸ ਵੀ ਟੀਮ ਵੱਲੋਂ ਖੇਡਿਆ ਉਹ ਟੀਮ ਦਾ ਧੁਰਾ ਹੁੰਦਾ ਸੀ।
ਬਲਜੀਤ ਨੂੰ ਨੇੜਿਓ ਜਾਣਨ ਵਾਲੇ ਦੱਸਦੇ ਹਨ ਕਿ ਉਹ ਖੁੰਦਕੀ ਤੇ ਗੁੱਸੇਖੋਰਾ ਵੀ ਬਹੁਤ ਹੈ। ਹਾਰ ਉਸ ਨੂੰ ਬਰਦਾਸ਼ਤ ਨਹੀਂ ਹੁੰਦੀ ਅਤੇ ਢੇਰੀ ਢਾਹ ਕੇ ਬੈਠਣਾ ਉਸ ਦੇ ਸੁਭਾਅ ਵਿੱਚ ਨਹੀਂ। ਬਲਜੀਤ ਨਾਲ ਕਈ ਸਾਲ ਹਾਕੀ ਖੇਡਣ ਵਾਲਾ ਫਾਰਵਰਡ ਇੰਦਰਜੀਤ ਚੱਢਾ ਦੱਸਦਾ ਹੈ ਕਿ ਇਕੇਰਾਂ ਉਹ ਸੈਂਟਰ ਫਾਰਵਰਡ ਲਿੰਕ ਖੇਡ ਰਿਹਾ ਸੀ ਤੇ ਸੱਜੇ-ਖੱਬੇ ਉਸ ਦੇ ਬੱਲੀ ਤੇ ਪਿੱਲੈ ਸਨ। ਇੰਦਰਜੀਤ ਨਵਾਂ ਨਵਾਂ ਟੀਮ ਵਿੱਚ ਆਇਆ ਸੀ। ਨਿਊਜ਼ੀਲੈਂਡ ਖਿਲਾਫ ਮੈਚ ਵਿੱਚ ਇਕ ਗੋਲ ਖਾਣ ਤੋਂ ਬਾਅਦ ਜਦੋਂ ਇੰਦਰਜੀਤ ਮਾਯੁਸ ਹੋ ਕੇ ਨੀਵੀਂ ਪਾ ਖੜ੍ਹਿਆ ਸੀ ਤਾਂ ਬੱਲੀ ਨੇ ਉਸ ਦੇ ਕੋਲ ਆ ਕੇ ਛਾਤੀ 'ਤੇ ਮੁੱਕਾ ਮਾਰਦਿਆਂ ਕਿਹਾ,''ਮਰ ਤਾਂ ਨੀ ਗਏ, ਜ਼ੋਰ ਲਾ। ਖੇਡਾਂਗੇ ਤਾਂ ਹੀ ਗੋਲ ਉਤਰੇਗਾ, ਨੀਵੀਆਂ ਪਾਉਣ ਨਾਲ ਗੋਲ ਤਾਂ ਨੀ ਉਤਰੇਗਾ।'' ਬਲਜੀਤ ਕੋਲੋਂ ਜਦੋਂ ਇਸ ਘਟਨਾ ਬਾਰੇ ਪੁੱਛਿਆ ਤਾਂ ਅੱਗੋਂ ਉਸ ਨੇ ਇਕ ਘਟਨਾ ਹੋਰ ਸੁਣਾ ਦਿੱਤੀ। ਆਸਟਰੇਲੀਆ ਵਿਖੇ ਡਬਲ ਲੈਗ ਚਾਰ ਦੇਸ਼ੀ ਟੂਰਨਾਮੈਂਟ ਦੇ ਇਕ ਮੈਚ ਵਿੱਚ ਪਾਕਿਸਤਾਨ ਖਿਲਾਫ ਇੰਦਰਜੀਤ ਨੇ ਜਦੋਂ ਪੈਨਲਟੀ ਸਟਰੋਕ ਮਿਸ ਕਰ ਦਿੱਤਾ ਤਾਂ ਬਲਜੀਤ ਨੇ ਉਸ ਦੇ ਘਸੁੰਨ ਮਾਰ ਕੇ ਗਲਤੀ ਦਾ ਅਹਿਸਾਸ ਕਰਵਾਇਆ। ਬਲਜੀਤ ਵੇਲੇ ਸਮਾਂ ਹੀ ਅਜਿਹਾ ਸੀ।
ਸਾਲ 2005 ਵਿੱਚ ਕਿਲਾ ਰਾਏਪੁਰ ਦੇ ਖੇਡ ਮੇਲੇ ਦੌਰਾਨ ਲੇਖਕ ਦੀ ਪਲੇਠੀ ਪੁਸਤਕ ਰਿਲੀਜ਼ ਕਰਦਿਆਂ
ਪੰਜਾਬ ਪੁਲਸ ਦੇ ਖਿਡਾਰੀ ਖੇਡ ਨਾਲ ਆਪਣੇ ਹਮਲਾਵਰ ਰੁਖ ਲਈ ਵੀ ਜਾਣੇ ਜਾਂਦੇ ਸਨ। ਹਾਕੀ ਵਰਗੀ ਬੌਡੀ ਕੰਟੈਕਟ ਖੇਡ ਵਿੱਚ ਖਿਡਾਰੀ ਦਾ ਖੌਫ ਵੀ ਹੋਣਾ ਲਾਜ਼ਮੀ ਹੈ। ਜਿਵੇਂ ਕਿਸੇ ਵੇਲੇ ਪ੍ਰਿਥੀਪਾਲ ਸਿੰਘ ਤੇ ਸੁਰਜੀਤ ਸਿੰਘ ਦਾ ਵਿਰੋਧੀ ਟੀਮਾਂ ਵਿੱਚ ਹੁੰਦਾ ਸੀ। ਬਲਜੀਤ ਵੀ ਕਈ ਮੌਕਿਆਂ 'ਤੇ ਤਹਿਸ ਵਿੱਚ ਆ ਜਾਂਦਾ ਸੀ। ਪਾਕਿਸਤਾਨ ਖਿਲਾਫ ਇਕ ਵਾਰ ਮੈਚ ਦੌਰਾਨ ਬਲਜੀਤ ਨੂੰ ਝਗੜਨ ਕਰਕੇ ਪੀਲਾ ਕਰਾਡ ਦੇ ਕੇ ਬਾਹਰ ਕਰ ਦਿੱਤਾ ਜਿਸ ਕਾਰਨ ਜਿੱਤਦੀ ਭਾਰਤੀ ਟੀਮ ਬਰਾਬਰ ਆ ਗਈ। ਮੈਚ ਤੋਂ ਬਾਅਦ ਉਸ ਵੇਲੇ ਦੇ ਭਾਰਤੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਕੇ.ਪੀ.ਐੱਸ. ਗਿੱਲ ਨੇ ਬਲਜੀਤ ਨੂੰ ਝਿੜਕਿਆ। ਬਲਜੀਤ ਦੇ ਸਾਥੀ ਖਿਡਾਰੀ ਦੱਸਦੇ ਹਨ ਕਿ ਇਕ ਵਾਰ ਟੀਮ ਵਿੱਚ ਕਿਸੇ ਸਿਫਾਰਸ਼ੀ ਦੱਖਣ ਭਾਰਤ ਦੇ ਖਿਡਾਰੀ ਨੂੰ ਚੁਣ ਲਿਆ ਜਿਸ ਕਾਰਨ ਸਾਰੀ ਟੀਮ ਦੁਖੀ ਹੋਈ। ਟੀਮ ਦੇ ਕੈਂਪ ਦੌਰਾਨ ਹੋਟਲ ਦੀ ਲਿਫਟ ਵਿੱਚ ਜਾਂਦਿਆਂ ਬਲਜੀਤ ਨੇ ਉਸ ਖਿਡਾਰੀ ਦੀ ਚੰਗੀ ਭੁਗਤ ਸਵਾਰੀ। ਬਲਜੀਤ ਦੇ ਗੁੱਸੇ ਨੂੰ ਮੈਂ ਇਕ ਵਾਰ ਅੱਖੀਂ ਵੀ ਵੇਖਿਆ। ਗੱਲ ਜੂਨ 2004 ਦੀ ਹੈ। ਉਨ੍ਹੀਂ ਦਿਨੀਂ ਏਥਨਜ਼ ਓਲੰਪਿਕਸ ਲਈ ਭਾਰਤੀ ਹਾਕੀ ਟੀਮ ਦਾ ਨਵੀਂ ਦਿੱਲੀ ਵਿਖੇ ਕੈਂਪ ਲੱਗਿਆ ਸੀ।
ਖਿਡਾਰੀਆਂ ਦੀ ਇੰਟਰਵਿਊ ਕਰਨ ਖਾਤਰ ਮੈਂ ਬਿਨਾਂ ਕਿਸੇ ਖਿਡਾਰੀ ਨਾਲ ਗੱਲ ਕੀਤੇ ਸਵੱਖਤੇ ਨੈਸ਼ਨਲ ਸਟੇਡੀਅਮ ਦੇ ਗੇਟ ਉਤੇ ਪਹੁੰਚ ਗਿਆ। ਉਸ ਵੇਲੇ ਜੁਗਰਾਜ ਵੀ ਆਪਣੇ ਇਲਾਜ ਤੋਂ ਬਾਅਦ ਵਾਪਸੀ ਕਰ ਰਿਹਾ ਸੀ ਅਤੇ ਕੈਂਪ ਦੌਰਾਨ ਉਹ ਨੈਸ਼ਨਲ ਸਟੇਡੀਅਮ ਸਾਹਮਣੇ ਇੰਡੀਆ ਗੇਟ ਦੁਆਲੇ ਰਨਿੰਗ ਕਰ ਰਿਹਾ ਸੀ। ਪ੍ਰੈਕਟਿਸ ਤੋਂ ਵਾਪਸੀ ਉਤੇ ਮੈਂ ਬਲਜੀਤ ਨੂੰ ਇਸ਼ਾਰਾ ਕੀਤਾ ਤਾਂ ਉਸ ਨੇ ਮੈਨੂੰ ਖਿਡਾਰੀਆਂ ਵਾਲੀ ਬੱਸ ਵਿੱਚ ਹੀ ਬਿਠਾ ਲਿਆ। ਟੀਮ ਵਾਪਸ ਹੋਟਲ ਜਾਣ ਲਈ ਬੱਸ ਵਿੱਚ ਬੈਠੀ ਸੀ। ਬੱਸ ਤੋਂ ਬਾਹਰ ਖੜ੍ਹੇ ਖਿਡਾਰੀਆਂ ਨੂੰ ਬਲਾਉਣ ਲਈ ਜਦੋਂ ਨਾਮਧਾਰੀ ਖਿਡਾਰੀ ਹਰਪਾਲ ਸਿੰਘ ਨੇ ਬੱਸ ਦਾ ਹਾਰਨ ਵਜਾਇਆ ਤਾਂ ਡਰਾਈਵਰ ਕੁੱਝ ਅਵਾ-ਤਵਾ ਬੋਲਣ ਲੱਗਾ। ਇਸ ਉਪਰ ਬਲਜੀਤ ਬਹੁਤ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਡਰਾਇਵਰ ਤੋਂ ਗਲਤੀ ਵੀ ਮੰਨਵਾਈ। ਆਪਣੇ ਯਾਰਾਂ ਦੋਸਤਾਂ ਦੀ ਮਹਿਫਲ ਵਿੱਚ ਖੁਸ਼ ਮਿਜ਼ਾਜ ਰਹਿਣ ਵਾਲਾ ਬਲਜੀਤ ਮੈਦਾਨ ਉਪਰ ਉਸ ਵੇਲੇ ਵੀ ਗੁੱਸੇ ਵਿੱਚ ਆ ਜਾਂਦਾ ਸੀ, ਜਦੋਂ ਰੈਫਰੀ ਕੋਈ ਗਲਤ ਫੈਸਲਾ ਦੇ ਰਿਹਾ ਹੁੰਦਾ ਹੈ। ਉਸ ਸਮੇਂ ਉਸ ਦੇ ਚਿਹਰੇ ਉੱਪਰ ਗੁੱਸੇ ਦੇ ਹਾਵ ਭਾਵ ਸਪੱਸ਼ਟ ਰੂਪ ਵਿੱਚ ਦੇਖੇ ਜਾ ਸਕਦੇ ਹਨ।
ਏਥਨਜ਼ ਓਲੰਪਿਕਸ ਦੇ ਕੈਂਪ ਦੌਰਾਨ ਬਲਜੀਤ ਸਿੰਘ ਢਿੱਲੋਂ ਉਸ ਵੇਲੇ ਦੇ ਕਪਤਾਨ ਦਿਲੀਪ ਟਿਰਕੀ ਤੇ ਲੇਖਕ ਨਵਦੀਪ ਸਿੰਘ ਗਿੱਲ ਨਾਲ
ਵੈਸੇ ਅੱਜ-ਕੱਲ੍ਹ ਪੁਲਸ ਦੀ ਡਿਊਟੀ ਕਰਦਿਆਂ ਜਦੋਂ ਵੀ ਬਲਜੀਤ ਮਿਲਦਾ ਹੈ ਤਾਂ ਉਸ ਦੇ ਹਸੂੰ ਹਸੂੰ ਕਰਦੇ ਚਿਹਰੇ ਨੂੰ ਦੇਖ ਕੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਖੇਡਦਾ ਹੋਇਆ ਉਹ ਕਿੰਨਾ ਖਤਰਨਾਕ ਹੁੰਦਾ ਸੀ। ਆਮ ਬੋਲਚਾਲ ਵਿੱਚ ਵੀ ਉਹ ਹਸਮੁੱਖ ਹੈ। ਮੇਰੇ ਭਾਣਜੇ ਅਮਰਦੀਪ ਦੀ ਪਹਿਲੀ ਲੋਹੜੀ ਮੌਕੇ ਬਲਜੀਤ ਉਚੇਚੇ ਤੌਰ 'ਤੇ ਮਾਲੇਰਕੋਟਲਾ ਵਿਖੇ ਸਾਡੇ ਪਰਿਵਾਰਕ ਸਮਾਗਮ ਵਿੱਚ ਸ਼ਾਮਲ ਹੋਇਆ ਸੀ ਅਤੇ ਉਸ ਨੇ ਸਭ ਤੋਂ ਅਨਮੋਲ ਤੋਹਫਾ ਦਿੱਤਾ ਸੀ। ਇਹ ਤੋਹਫਾ ਉਸ ਦੀ ਹਾਕੀ ਸੀ ਜਿਸ ਨਾਲ ਉਸ ਨੇ ਏਥਨਜ਼ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਸੀ। ਸਾਲ 2005 ਵਿੱਚ ਕਿਲਾ ਰਾਏਪੁਰ ਵਿਖੇ ਮੇਰੀ ਪਹਿਲੀ ਕਿਤਾਬ ਵੀ ਬਲਜੀਤ ਅਤੇ ਉਸ ਦੇ ਸਾਥੀ ਓਲੰਪੀਅਨਾਂ ਨੇ ਰਿਲੀਜ਼ ਕੀਤੀ ਸੀ। ਉਂਝ ਵੀ ਕਿਲਾ ਰਾਏਪੁਰ ਬਲਜੀਤ ਦੇ ਸਹੁਰਿਆਂ ਦਾ ਪਿੰਡ ਹੈ।
ਬਲਜੀਤ ਆਪਣੇ ਖੇਡ ਕਰੀਅਰ ਵਿੱਚ ਅਸ਼ੋਕ ਕੁਮਾਰ, ਜਫਰ ਇਕਬਾਲ ਅਤੇ ਸੁਖਬੀਰ ਗਰੇਵਾਲ ਦੇ ਯੋਗਦਾਨ ਨੂੰ ਵੱਡਾ ਸਿਹਰਾ ਦਿੰਦਾ ਹੈ। ਆਪਣਾ ਪਹਿਲਾ ਟੂਰਨਾਮੈਂਟ ਉਸ ਨੇ ਜਫ਼ਰ ਇਕਬਾਲ ਦੀ ਕਪਤਾਨੀ ਹੇਠ ਹੀ ਖੇਡਿਆ ਸੀ, ਜਦੋਂ ਸੁਖਬੀਰ ਗਰੇਵਾਲ ਉਸ ਦਾ ਕੋਚ ਸੀ। ਪਾਕਿਸਤਾਨ ਦਾ ਸਟਾਰ ਸਟਰਾਈਕਰ ਸ਼ਾਹਬਾਜ਼ ਉਸ ਦਾ ਪਸੰਦੀਦਾ ਖਿਡਾਰੀ ਰਿਹਾ। ਏਸ਼ਿਆਈ ਖੇਡਾਂ ਤੇ ਭਾਰਤ-ਪਾਕਿਸਤਾਨ ਲੜੀ ਨੂੰ ਆਪਣਾ ਖੁਸ਼ੀ ਦਾ ਪਲ ਦੱਸਣ ਵਾਲਾ ਬਲਜੀਤ ਬਾਕੀ ਹੋਰ ਖਿਡਾਰੀਆਂ ਵਾਂਗ ਸਿਡਨੀ ਉਲੰਪਿਕ ਵਿੱਚ ਪੋਲੈਂਡ ਵਿਰੁੱਧ ਡਰਾਅ ਮੈਚ ਨੂੰ ਦੁੱਖ ਦੀ ਘੜੀ ਦੱਸਦਾ ਹੈ। ਬਲਜੀਤ ਹਾਕੀ ਦੇ ਖੇਡ ਦਾ ਬਹੁਤ ਵੱਡਾ ਪ੍ਰਸੰਸਕ ਹੋਣ ਦੇ ਨਾਲ ਇਸ ਦਾ ਪ੍ਰਮੋਟਰ ਵੀ ਹੈ। ਉਹ ਆਪਣੀਆਂ ਕਿੱਟਾਂ ਅਤੇ ਹਾਕੀਆਂ ਨੂੰ ਲੋੜਵੰਦ ਖਿਡਾਰੀਆਂ ਵਿੱਚ ਵੰਡਦਾ ਵੀ ਰਹਿੰਦਾ ਹੈ। ਬਲਜੀਤ ਨਵੀਂ ਉਮਰ ਦੇ ਖਿਡਾਰੀਆਂ ਨੂੰ ਅੱਗੇ ਮੌਕੇ ਦੇਣ ਵਿੱਚ ਵਿਸ਼ਵਾਸ ਰੱਖਣ ਵਾਲਾ ਖਿਡਾਰੀ ਹੈ। ਸ਼ੁਰੂਆਤੀ ਸਮੇਂ ਵਿੱਚ ਉਹ ਡਰੈਗ ਫਲਿੱਕ ਲਗਾਇਆ ਕਰਦਾ ਸੀ। ਜਦੋਂ ਜੁਗਰਾਜ ਸਿੰਘ ਨੇ ਡਰੈਗ ਫਲਿੱਕਰ ਵਜੋਂ ਆਪਣੀ ਪਛਾਣ ਬਣਾਉਣੀ ਸ਼ੁਰੂ ਕੀਤੀ ਤਾਂ ਬਲਜੀਤ ਨੇ ਆਪਣੀ ਕਪਤਾਨੀ ਹੇਠ ਜੁਗਰਾਜ ਨੂੰ ਵਿਸ਼ਵ ਕੱਪ ਟੀਮ ਖਿਡਾਉਣ ਲਈ ਖੁਦ ਡਰੈਗ ਫਲਿੱਕ ਲਗਾਉਣੀ ਬੰਦ ਕਰ ਦਿੱਤੀ, ਕਿਉਂਕਿ ਡਰੈਗ ਫਲਿੱਕਰ ਵਜੋਂ ਜੁਗਰਾਜ ਦੀ ਸਿੱਧੀ ਚੋਣ ਹੋ ਸਕੇ। ਉਸ ਵੇਲੇ ਬਲਜੀਤ ਨੇ ਪ੍ਰਭਜੋਤ ਸਿੰਘ ਨੂੰ ਵੀ ਟੀਮ ਵਿੱਚ ਰੱਖਣ ਲਈ ਆਪਣੀ ਕਪਤਾਨੀ ਵੀਟੋ ਪਾਵਰ ਵਰਤੀ। ਪ੍ਰਭਜੋਤ ਵਾਸਤੇ ਉਸ ਨੇ ਲੈਫਟ ਆਊਟ ਦੀ ਪੁਜੀਸ਼ਨ ਵੀ ਬਦਲੀ। ਹਾਲਾਂਕਿ ਉਸ ਨੂੰ ਉਸ ਵੇਲੇ ਗਗਨ ਅਜੀਤ ਸਿੰਘ ਦੀ ਚੋਣ ਨਾ ਹੋਣ ਦਾ ਦੁੱਖ ਹੈ।
ਬਲਜੀਤ ਸਿੰਘ ਢਿੱਲੋਂ ਲੇਖਕ ਨਵਦੀਪ ਸਿੰਘ ਗਿੱਲ ਦੇ ਨਾਲ
ਬਲਜੀਤ ਦੇ ਛੋਟੇ ਭਰਾ ਦਲਜੀਤ ਸਿੰਘ ਢਿੱਲੋਂ ਨੇ ਵੀ ਵਿਸ਼ਵ ਕੱਪ, ਏਸ਼ਿਆਈ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਦੋਵੇਂ ਭਰਾ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਹਨ। ਬਲਜੀਤ ਦਾ ਵੱਡਾ ਬੇਟਾ ਲਵਜੀਤ ਸਿੰਘ ਹਾਕੀ ਖੇਡਦਾ ਹੈ। ਰਾਈਟ ਹਾਫ ਦੀ ਪੁਜੀਸ਼ਨ 'ਤੇ ਖੇਡਦਾ ਲਵਜੀਤ ਹਾਲ ਹੀ ਵਿੱਚ ਸੀਨੀਅਰ ਨੈਸ਼ਨਲ ਵਿੱਚ ਪੰਜਾਬ ਦੀ ਨੁਮਾਇੰਦਗੀ ਕਰ ਕੇ ਆਇਆ। ਛੋਟਾ ਬੇਟਾ ਅਕਾਸ਼ਜੀਤ ਸਿੰਘ ਕ੍ਰਿਕਟ ਖੇਡਦਾ ਹੈ। ਆਲਰਾਊਂਡਰ ਵਜੋਂ ਉਸ ਨੇ ਪੀ.ਸੀ.ਏ. ਦੇ ਅੰਡਰ-16 ਸਟੇਟ ਟੂਰਨਾਮੈਂਟ ਵਿੱਚ ਹਿੱਸਾ ਲਿਆ। ਬਲਜੀਤ ਦੇ ਡਰਾਇੰਗ ਰੂਮ ਵਿਚ ਅਰਜੁਨਾ ਐਵਾਰਡ ਦੀ ਟਰਾਫੀ ਅਤੇ 1999 ਵਿੱਚ ਪਾਕਿਸਤਾਨ ਵਿਰੁੱਧ ਲੜੀ ਵਿੱਚ ਸਭ ਤੋਂ ਵੱਧ ਗੋਲ ਕਰਨ ਬਦਲੇ ਬਲਜੀਤ ਨੂੰ ਮਿਲੀ 'ਮੈਨ ਆਫ ਦੀ ਸੀਰੀਜ਼' ਦੀ ਟਰਾਫੀ ਉਸ ਦੇ ਘਰ ਦਾ ਮਾਣ ਵਧਾ ਰਹੀ ਸੀ। 'ਡਾਇਨਾ' ਕੰਪਨੀ ਦੀ ਹਾਕੀ ਨਾਲ ਖੇਡਣ ਵਾਲੇ ਬਲਜੀਤ ਨੂੰ ਇਸ ਕੰਪਨੀ ਨੇ ਛੇ ਫੁੱਟ ਦੀ ਹਾਕੀ ਬਣਾ ਕੇ ਤੋਹਫੇ ਵਿੱਚ ਦਿੱਤੀ ਜੋ ਉਸ ਦੇ ਘਰ ਦਾ ਸ਼ਿੰਗਾਰ ਹੈ। ਪੰਜਾਬ ਸਰਕਾਰ ਨੇ ਉਸ ਨੂੰ ਪਿਛਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਨਮਾਨਤ ਕੀਤਾ। ਪੰਜਾਬ ਪੁਲਸ ਵਿੱਚ ਬਿਹਤਰੀਨ ਸੇਵਾ ਨਿਭਾਉਣ ਬਦਲੇ 2017 ਵਿੱਚ ਉਸ ਨੂੰ ਡੀ.ਜੀ.ਪੀ. ਡਿਸਕ ਐਵਾਰਡ ਮਿਲਿਆ। ਪੰਜਾਬ ਪੁਲਸ ਵਿੱਚ ਉਸ ਦੀ 39 ਸਾਲ ਦੀ ਸਰਵਿਸ ਹੋਣ ਵਾਲੀ ਹੈ। ਅੱਜ-ਕੱਲ੍ਹ ਉਹ ਤਰਨ ਤਾਰਨ ਵਿਖੇ ਐੱਸ.ਪੀ. ਤਾਇਨਾਤ ਹੈ। ਜੇ ਉਹ ਅਜੋਕੇ ਖਿਡਾਰੀਆਂ ਵਾਂਗ ਸਿੱਧਾ ਇੰਸਪੈਕਟਰ ਜਾਂ ਡੀ.ਐੱਸ.ਪੀ. ਭਰਤੀ ਹੋਇਆ ਹੁੰਦਾ ਤਾਂ ਅੱਜ ਘੱਟੋ-ਘੱਟ ਡੀ.ਆਈ.ਜੀ. ਜਾਂ ਆਈ.ਜੀ. ਹੁੰਦਾ। ਫੇਰ ਵੀ ਉਸ ਦੀ ਵੱਡੀ ਪਛਾਣ ਹਾਕੀ ਕਰਕੇ ਹੈ। ਨਵੀਂ ਪੀੜ੍ਹੀ ਦਾ ਉਹ ਸਭ ਤੋਂ ਤਜ਼ਰਬੇਕਾਰ ਖਿਡਾਰੀ ਹੈ, ਜੋ ਸਭ ਤੋਂ ਲੰਬਾ ਸਮਾਂ ਹਾਕੀ ਖੇਡਿਆ।
ਨੱਕ ਦੀ ਹੱਡੀ ਟੁੱਟਣ ਤੋਂ ਬਾਅਦ ਵੀ ਮੈਦਾਨ ਵਿੱਚ ਖੇਡਣ ਉਤਰਿਆ ਬਲਜੀਤ ਸਿੰਘ ਢਿੱਲੋਂ