ਖਾਲਸਾ ਕਾਲਜ ਆ ਕੇ ਇੰਝ ਪ੍ਰਤੀਤ ਹੋ ਰਿਹਾ ਜਿਵੇਂ ਆਪਣੇ ਘਰ ਆਈ ਹੋਵਾਂ : ਰਾਣੀ

Sunday, Sep 16, 2018 - 11:55 AM (IST)

ਖਾਲਸਾ ਕਾਲਜ ਆ ਕੇ ਇੰਝ ਪ੍ਰਤੀਤ ਹੋ ਰਿਹਾ ਜਿਵੇਂ ਆਪਣੇ ਘਰ ਆਈ ਹੋਵਾਂ : ਰਾਣੀ

ਅੰਮ੍ਰਿਤਸਰ (ਮਮਤਾ)— ਇਤਿਹਾਸਕ ਖਾਲਸਾ ਕਾਲਜ ਕੈਂਪਸ ਦੇ ਹੈਰੀਟੇਜ਼ ਗੈਸਟ ਹਾਊਸ ਵਿਖੇ ਅੱਜ ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਦੀ ਜੰਮਪਾਲ ਭਾਰਤੀ ਹਾਕੀ ਮਹਿਲਾ ਦੀ ਕਪਤਾਨ ਰਾਣੀ ਰਾਮਪਾਲ ਦਾ ਅੱਜ ਇੱਥੇ ਪੁੱਜਣ 'ਤੇ ਖਾਲਸਾ ਮੈਨੇਜ਼ਮੈਂਟ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਭਾਰਤ ਸਟਾਰ ਰਾਣੀ ਜਿਹੜੀ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ 'ਤੇ ਅਟਾਰੀ ਵਾਹਗਾ ਸਰਹੱਦ ਵੇਖਣ ਲਈ ਇੱਥੇ ਆਪਣੇ ਪਿਤਾ ਰਾਮਪਾਲ ਤੇ ਮਾਤਾ ਸ਼੍ਰੀਮਤੀ ਰਾਮ ਮੂਰਤੀ ਨਾਲ ਪੁੱਜੀ।
ਹਾਕੀ ਕਪਤਾਨ ਰਾਣੀ ਨੇ ਪ੍ਰੈੱਸ ਦੇ ਰੂਬਰੂ ਹੁੰਦਿਆ ਦੱਸਿਆ ਕਿ ਉਹ ਇਕ ਮੱਧਵਰਗੀ ਪਰਿਵਾਰ ਨਾਲ ਸੰਬੰਧਤ ਹੈ ਤੇ ਉਸ ਦੇ ਪਿਤਾ ਜੋ ਕਿ ਟਾਂਗਾ ਚਲਾਉਂਦੇ ਹਨ। ਉਨ੍ਹਾਂ ਦੇ ਯਤਨਾਂ ਤੇ ਦਰੋਣਾਚਾਰੀਆਂ ਐਵਾਰਡੀ ਕੋਚ ਬਲਦੇਵ ਸਿੰਘ ਦੀ ਕੋਚਿੰਗ ਸਦਕਾ ਉਸ ਨੇ 14 ਸਾਲ ਦੀ ਉਮਰ 'ਚ ਆਪਣਾ ਪਹਿਲਾ ਇੰਟਰਨੈਸ਼ਨਲ ਮੈਚ ਖੇਡਿਆ ਸੀ। ਕਪਤਾਨ ਰਾਣੀ ਨੇ ਕਿਹਾ ਪੰਜਾਬ ਸੂਬੇ ਦੇ ਖਿਡਾਰੀਆਂ ਸਬੰਧੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਨੌਜਵਾਨ ਬਹੁਤ ਹੀ ਜੋਸ਼ੀਲੇ ਤੇ ਦਲੇਰ ਹਨ ਤੇ ਉਨ੍ਹਾਂ ਦੀ ਕਾਬਲੀਅਤ 'ਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ ਹੈ ਪਰ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਕਾਰਨ ਦੂਜੇ ਸੂਬਿਆਂ ਵਲੋਂ ਖੇਡਣ 'ਚ ਦਿਲਚਸਪੀ ਲੈਂਦੇ ਹਨ। 
ਇਸ ਮੌਕੇ ਕਪਤਾਨ ਰਾਣੀ ਨੇ ਵਿਸ਼ੇਸ਼ ਤੌਰ 'ਤੇ ਖਾਲਸਾ ਕਾਲਜ ਸਬੰਧੀ ਗੱਲ ਕਰਦਿਆਂ ਕਿਹਾ ਕਿ ਕਾਲਜ ਨੇ ਅਨੇਕਾਂ ਨਾਮਵਰ, ਖਿਡਾਰੀ ਪੈਦਾ ਕੀਤੇ ਹਨ, ਜੋ ਕਿ ਵੱਖ-ਵੱਖ ਖੇਡਾਂ ਰਾਹੀ ਜਿੱਥੇ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ, ਉੱਥੇ ਹੀ ਖੇਡਾਂ ਨੂੰ ਪ੍ਰਫਲਿਤ ਕਰਨ ਲਈ ਅਹਿਮ ਯੋਗਦਾਨ ਪਾ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਕਾਲਜ ਦੀ ਸ਼ਲਾਘਾ ਕਰਦਿਆਂ ਇਸ ਨੂੰ ਕੁਦਰਤ ਦਾ ਚਮਤਕਾਰ ਦੱਸਿਆ ਤੇ ਕਿਹਾ ਕਿ ਉਸ ਨੂੰ ਅੱਜ ਇੱਥੇ ਆ ਕੇ ਇੰਝ ਪ੍ਰਤੀਤ ਹੋਇਆ ਕਿ ਜਿਵੇਂ ਉਹ ਆਪਣੇ ਘਰ ਆਈ ਹੋਵੇ।


Related News