ਸੰਪਰਦਾਇ ਸਰਹਾਲੀ ਵਲੋਂ ਬਰਸੀ ਸਮਾਗਮ ਮੌਕੇ ਕਬੱਡੀ ਮੈਚ ਕਰਵਾਏ

01/05/2018 1:32:35 AM

ਤਰਨਤਾਰਨ (ਮਿਲਾਪ)— ਸੰਪਰਦਾਇ ਕਾਰ ਸੇਵਾ ਸਰਹਾਲੀ ਵਲੋਂ ਨਾਮ ਦੇ ਰਸੀਏ ਤੇ ਸੇਵਾ ਦੇ ਪੁੰਜ ਸੰਤ ਬਾਬਾ ਤਾਰਾ ਸਿੰਘ ਜੀ ਤੇ ਸੰਤ ਬਾਬਾ ਚਰਨ ਸਿੰਘ ਜੀ ਦੀ ਮਿੱਠੀ ਯਾਦ 'ਚ ਗੁਰਪੁਰੀ ਸਾਹਿਬ ਵਿਖੇ ਇੰਟਰਨੈਸ਼ਨਲ ਪੱਧਰੀ ਟੀਮਾਂ ਵਿਚਕਾਰ ਕਬੱਡੀ ਦੇ ਮੈਚ ਕਰਵਾਏ ਗਏ, ਜਿਸ ਵਿਚ ਅੰਡਰ 17 ਸਾਲਾ ਉਪਨ ਕਬੱਡੀ ਮੈਚ ਲੜਕੀਆਂ  ਦੀਆਂ ਟੀਮਾਂ ਤੋਂ ਇਲਾਵਾ 40 ਸਾਲ ਤੋਂ ਉਪਰ ਦੇ ਬਾਬਿਆਂ ਦਾ ਕਬੱਡੀ ਮੈਚ ਵੀ ਕਰਵਾਇਆ ਗਿਆ।
ਇਸ ਮੌਕੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਤੇ ਸੰਤ ਬਾਬਾ ਹਾਕਮ ਸਿੰਘ ਜੀ ਨੇ ਕਬੱਡੀ ਟੀਮਾਂ ਨਾਲ ਜਾਣ-ਪਛਾਣ ਕਰਕੇ ਮੈਚ ਸ਼ੁਰੂ ਕਰਵਾਏ। ਇਸ ਮੌਕੇ 10 ਕਬੱਡੀ ਟੀਮਾਂ ਵਿਚਕਾਰ ਫਸਵੇਂ ਮੈਚ ਖੇਡੇ ਗਏ, ਜਿਨ੍ਹਾਂ 'ਚ ਮਾਝਾ ਸਪੋਰਟਸ ਕਬੱਡੀ ਟੀਮ ਦਾ ਮੁਕਾਬਲਾ ਦੁਆਬਾ ਸਪੋਰਟਸ ਕਬੱਡੀ ਟੀਮ ਨਾਲ ਹੋਇਆ। ਇਸ ਮੁਕਾਬਲੇ 'ਚ ਮਾਝਾ ਸਪੋਰਟਸ ਕਬੱਡੀ ਟੀਮ ਨੇ 35-32 ਅੰਕਾਂ ਨਾਲ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ 17 ਸਾਲਾ ਓਪਨ ਕਬੱਡੀ ਟੀਮ ਲੜਕੇ ਪੱਟੀ ਤੇ ਸਰਹਾਲੀ ਕਬੱਡੀ ਟੀਮਾਂ 'ਚ ਮੁਕਾਬਲਾ ਹੋਇਆ, ਜਿਸ ਵਿਚ ਸਰਹਾਲੀ ਕਬੱਡੀ ਕਲੱਬ ਟੀਮ ਨੇ 35-27 ਅੰਕਾਂ ਨਾਲ ਜਿੱਤ ਹਾਸਲ ਕੀਤੀ, ਉਧਰ ਲੜਕੀਆਂ ਦੀਆਂ ਕਬੱਡੀ ਟੀਮਾਂ ਦਾ ਮੈਚ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਵਿਚ ਕਪੂਰਥਲਾ ਤੇ ਗੁਰਦਾਸਪੁਰ ਦੀਆਂ ਕਬੱਡੀ ਟੀਮਾਂ ਵਿਚਕਾਰ ਫਸਵਾਂ ਮੈਚ ਹੋਇਆ ਅਤੇ ਗੁਰਦਾਸਪੁਰ ਦੀ ਟੀਮ ਨੇ 32-21 ਅੰਕਾਂ ਨਾਲ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਬਜ਼ੁਰਗਾਂ ਦੀ ਕਬੱਡੀ ਟੀਮ ਨੇ ਜੌਹਰ ਦਿਖਾਏ, ਜਿਸ ਵਿਚ ਤਰਨਤਾਰਨ ਤੇ ਅੰਮ੍ਰਿਤਸਰ ਦੀਆਂ ਟੀਮਾਂ ਨੇ ਭਾਗ ਲਿਆ ਅਤੇ ਫਸਵੇਂ ਮੈਚ ਤੋਂ ਬਾਅਦ ਤਰਨਤਾਰਨ ਦੀ ਟੀਮ 38-33 ਅੰਕਾਂ ਨਾਲ ਜੇਤੂ ਰਹੀ ਅਤੇ ਮੀਰੀ-ਪੀਰੀ ਕਬੱਡੀ ਕਲੱਬ ਯੂ. ਐੱਸ. ਏ. ਤੇ ਮਾਝਾ ਕਬੱਡੀ ਕਲੱਬ ਤਰਨਤਾਰਨ ਦੀਆਂ ਟੀਮਾਂ ਵਿਚਕਾਰ ਹੋਏ ਮੁਕਾਬਲੇ ਨੇ ਕਬੱਡੀ 'ਚ ਧੂੰਮਾਂ ਪਾ ਦਿੱਤੀਆਂ। ਇਸ ਮੁਕਾਬਲੇ 'ਚ ਮੀਰੀ-ਪੀਰੀ ਕਬੱਡੀ ਕਲੱਬ ਯੂ. ਐੱਸ. ਏ. ਨੇ 38-35 ਅੰਕਾਂ ਨਾਲ ਇਸ ਮੈਚ ਨੂੰ ਜਿੱਤ ਕੇ ਵਾਹ-ਵਾਹ ਖੱਟੀ।
ਇਨ੍ਹਾਂ ਜੇਤੂ ਟੀਮਾਂ ਨੂੰ ਬਾਬਾ ਹਾਕਮ ਸਿੰਘ ਜੀ ਨੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡੀ. ਐੱਸ. ਪੀ. ਹੈੱਡਕੁਆਰਟਰ ਪ੍ਰਹਿਲਾਦ ਸਿੰਘ, ਐੱਸ. ਆਈ. ਗੁਰਸ਼ਰਨਪ੍ਰੀਤ ਕੌਰ ਸਰਹਾਲੀ, ਬਿਕਰਮ ਸਰਹਾਲੀ, ਜੱਜ ਸਰਹਾਲੀ, ਬਚਿੱਤਰ ਸਿੰਘ ਚੇਅਰਮੈਨ ਪੰਜਾਬ ਫੈੱਡਰੇਸ਼ਨ ਕਬੱਡੀ, ਸਮਾਰਟ ਸਿਟੀ ਗਰੁੱਪ ਦੇ ਮੈਂਬਰਾਂ ਵਲੋਂ ਵੀ ਟੀਮਾਂ ਦਾ ਸਨਮਾਨ ਕੀਤਾ ਗਿਆ।


Related News