ਨੱਕ ਦੀ ਹੱਡੀ ਟੁੱਟਣ ਦੇ ਬਾਵਜੂਦ ਵੀ ਜੂਡੋ ਖਿਡਾਰੀ ਕਰਨਜੀਤ ਸਿੰਘ ਮਾਨ ਬਣੇ ਚੈਂਪੀਅਨ

Thursday, Jul 04, 2024 - 04:59 PM (IST)

ਨੱਕ ਦੀ ਹੱਡੀ ਟੁੱਟਣ ਦੇ ਬਾਵਜੂਦ ਵੀ ਜੂਡੋ ਖਿਡਾਰੀ ਕਰਨਜੀਤ ਸਿੰਘ ਮਾਨ ਬਣੇ ਚੈਂਪੀਅਨ

ਗੁਰਦਾਸਪੁਰ (ਹਰਮਨ)- 25 ਜੁਲਾਈ ਤੋਂ 30 ਜੂਨ ਤੱਕ ਗੋਹਾਟੀ ਅਸਾਮ ਵਿਖੇ ਵੱਖ-ਵੱਖ ਪੈਰਾ ਮਿਲਟਰੀ ਫੋਰਸ ਅਤੇ ਪੰਜਾਬ ਪੁਲਸ ਵਿਚ ਸੇਵਾ ਕਰ ਰਹੇ ਖਿਡਾਰੀਆਂ ਨੇ ਮੈਡਲ ਜਿੱਤ ਕੇ ਗੁਰਦਾਸਪੁਰ ਜੂਡੋ ਸੈਂਟਰ ਦਾ ਨਾਮ ਰੌਸ਼ਨ ਕੀਤਾ ਹੈ। ਇਹਨਾਂ ਖੇਡਾਂ ਵਿਚ 90 ਕਿਲੋ ਭਾਰ ਵਰਗ ਦਾ ਚੈਂਪੀਅਨ ਕਰਨਜੀਤ ਸਿੰਘ ਮਾਨ ਰਿਹਾ ਜੋ ਕਿ ਟੁਰਨਾਂਮੈਂਟ ਸ਼ੁਰੂ ਹੋਣ ਤੋਂ 15 ਦਿਨ ਪਹਿਲਾਂ ਪ੍ਰੈਕਟਿਸ ਦੌਰਾਨ ਨੱਕ ਦੀ ਹੱਡੀ ਟੁੱਟਣ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਅਤੇ ਨੱਕ ਦਾ ਅਪਰੇਸ਼ਨ ਹੋਣ ਦੇ ਬਾਵਜੂਦ ਵੀ ਆਪਣੇ ਵਿਰੋਧੀਆਂ ਨੂੰ ਪਛਾੜ ਕੇ ਸੋਨ ਤਮਗਾ ਜਿੱਤਿਆ।
ਕਰਨਜੀਤ ਸਿੰਘ ਮਾਨ ਪਿਛਲੇ ਸਾਲ ਵੀ ਆਪਣੇ 90 ਕਿਲੋ ਭਾਰ ਵਰਗ ਵਿੱਚ ਸੀਨੀਅਰ ਨੈਸ਼ਨਲ ਜੂਡੋ ਚੈਂਪੀਅਨਸ਼ਿਪ ਜੈਪੁਰ ਵਿਖੇ ਚੈਂਪੀਅਨ ਸੀ। ਉਸ ਨੂੰ ਸਾਲ 2024-25 ਦਾ 90 ਕਿਲੋ ਭਾਰ ਵਰਗ ਵਿੱਚ ਭਾਰਤ ਦੇ ਨੰਬਰ ਵਨ ਖਿਡਾਰੀ ਹੋਣ ਦਾ ਮਾਣ ਪ੍ਰਾਪਤ ਹੋ ਚੁੱਕਿਆ ਹੈ। ਇਸੇ ਤਰ੍ਹਾਂ ਪਿੰਡ ਆਂਧੀਆਂ ਦੁਰਾਗਲਾ ਦੇ ਸੀਮਾ ਸੁਰੱਖਿਆ ਬਲ ਦੇ ਪ੍ਰਤਿਭਾਸ਼ਾਲੀ ਖਿਡਾਰੀ ਹਰਪ੍ਰੀਤ ਸਿੰਘ ਹੈਪੀ ਨੇ +100 ਕਿਲੋ ਭਾਰ ਵਰਗ ਵਿੱਚ ਸਿਲਵਰ ਮੈਡਲ ਜਿੱਤ ਕੇ ਆਪਣੀ ਫੋਰਸ ਦਾ ਨਾਮ ਰੌਸ਼ਨ ਕੀਤਾ ਹੈ। ਆਈ. ਟੀ. ਬੀ. ਪੀ. ਦੇ ਜਤਿੰਦਰ ਸਿੰਘ ਕੋਠੇ ਘੁਰਾਲਾ, ਪੰਜਾਬ ਪੁਲਸ ਦੇ ਮੁਕੇਸ਼ ਕੁਮਾਰ ਮਿਕੀ, ਰੋਹਿਤ ਕੁਮਾਰ ਨੇ ਆਪਣੇ ਆਪਣੇ ਭਾਰ ਵਰਗ ਵਿੱਚ ਕਾਂਸੀ ਤਮਗਾ ਜਿੱਤ ਕੇ ਆਪਣੀ ਸਫਲਤਾ ਦੇ ਝੰਡੇ ਬੁਲੰਦ ਕੀਤੇ। 
ਇਸੇ ਤਰ੍ਹਾਂ ਅੰਤਰਰਾਸ਼ਟਰੀ ਪੱਧਰ ਦੀ ਖਿਡਾਰਨ ਰਾਜਵਿੰਦਰ ਕੌਰ, ਕੁਮਾਰੀ ਰਣਜੀਤਾ ਨੇ ਗੋਲਡ ਮੈਡਲ ਜਿੱਤੇ ਹਨ। ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਪੰਜਾਬ ਪੁਲਸ ਟੀਮ ਦੇ ਕੋਚ ਦਵਿੰਦਰ ਕੁਮਾਰ, ਕੁਲਜਿੰਦਰ ਸਿੰਘ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਪੁਲਸ ਟੀਮ ਬੁਲੰਦੀਆਂ ਤੇ ਪੁੱਜੇਗੀ। ਪੰਜਾਬ ਜੂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਦੇਵ ਸਿੰਘ ਧਾਲੀਵਾਲ ਨੇ ਖਿਡਾਰੀਆਂ ਦੀ ਪ੍ਰਾਪਤੀ ਤੇ ਮਾਣ ਮਹਿਸੂਸ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਪੁਲਸ ਵਿਭਾਗ ਵਿੱਚ ਖਿਡਾਰੀਆਂ ਦੀਆਂ ਖ਼ਾਲੀ ਆਸਾਮੀਆਂ ਤੇ ਜਲਦੀ ਤੋਂ ਜਲਦੀ ਭਰਤੀ ਕਰੇ ਤਾਂ ਕਿ ਪੰਜਾਬ ਦੇ ਜੂਡੋ ਖਿਡਾਰੀਆਂ ਦਾ ਦੂਰ-ਦੁਰਾਡੇ ਦੂਜੀਆਂ ਪੈਰਾਂ ਮਿਲਟਰੀ ਫੋਰਸ ਵਿਚ ਪ੍ਰਵਾਸ ਰੋਕਿਆ ਜਾ ਸਕੇ। ਗੁਰਦਾਸਪੁਰ ਜੂਡੋ ਵੈਲਫੇਅਰ ਸੁਸਾਇਟੀ ਦੇ ਜਰਨਲ ਸਕੱਤਰ ਸਤੀਸ਼ ਕੁਮਾਰ, ਬਲਵਿੰਦਰ ਕੌਰ ਰਾਵਲਪਿੰਡੀ, ਪ੍ਰਿੰਸੀਪਲ ਅਮਰਜੀਤ ਸਿੰਘ ਮਨੀ ਮਿਤ੍ਰ ਵਾਸੂ ਤੋਂ ਇਲਾਵਾ,ਗੁਰਦਾਸਪੁਰ ਦੇ ਸੀਨੀਅਰ ਖਿਡਾਰੀ ਸਾਬਕਾ ਐਸ ਐਸ ਪੀ ਵਰਿੰਦਰ ਸਿੰਘ ਸੰਧੂ, ਇੰਸਪੈਕਟਰ ਰਾਜ ਕੁਮਾਰ, ਇੰਸਪੈਕਟਰ ਕਪਿਲ ਕੌਂਸਲ, ਇੰਸਪੈਕਟਰ ਜਤਿੰਦਰ ਪਾਲ ਸਿੰਘ, ਸਬ ਇੰਸਪੈਕਟਰ ਸਾਹਿਲ ਪਠਾਣੀਆ, ਸਤਿੰਦਰ ਪਾਲ ਸਿੰਘ, ਨਵੀਨ ਸਲਗੋਤਰਾ, ਗਗਨਦੀਪ ਸ਼ਰਮਾ ਨੇ ਵਧਾਈ ਦਿੰਦੇ ਹੋਏ ਆਸ ਪ੍ਰਗਟਾਈ ਹੈ ਕਿ ਆਉਣ ਵਾਲੇ ਟੁਰਨਾਂਮੈਂਟ ਇਹ ਖਿਡਾਰੀ ਵਧੀਆ ਪ੍ਰਦਰਸ਼ਨ ਕਰਨਗੇ।


author

Aarti dhillon

Content Editor

Related News