ਪਿਤਾ ਦਾ ਸੁਪਨਾ ਪੂਰਾ ਕਰ ਰਿਹਾ ਹਾਂ : ਜੇਰੇਮੀ ਲਾਲਰਿਨੁੰਗਾ
Monday, Dec 30, 2019 - 09:30 AM (IST)

ਸਪੋਰਟਸ ਡੈਸਕ— ਨੌਜਵਾਨ ਓਲੰਪਿਕ ਖੇਡਾਂ ਵਿਚ ਗੋਲਡ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਜੇਰੇਮੀ ਲਾਲਰਿਨੁੰਗਾ ਨੇ ਐਤਵਾਰ ਨੂੰ ਕਿਹਾ ਉਹ ਸੀਨੀਅਰ ਪੱਧਰ ਦੇ ਵੱਖ-ਵੱਖ ਵੇਟਲਿਫਟਿੰਗ ਮੁਕਾਬਲਿਆਂ ਵਿਚ ਦੇਸ਼ ਦੀ ਨੁਮਾਇੰਦਗੀ ਕਰ ਕੇ ਆਪਣੇ ਪਿਤਾ ਦੇ ਸੁਪਨੇ ਨੂੰ ਪੂਰਾ ਕਰ ਰਿਹਾ ਹੈ। 17 ਸਾਲਾ ਇਸ ਖਿਡਾਰੀ ਦੇ ਪਿਤਾ ਜੂਨੀਅਰ ਮੁੱਕੇਬਾਜ਼ ਚੈਂਪੀਅਨ ਸਨ ਪਰ ਕਦੇ ਦੇਸ਼ ਦੀ ਅਗਵਾਈ ਕਰਨ ਦਾ ਮੌਕਾ ਨਹੀਂ ਮਿਲਿਆ।
ਜੇਰੇਮੀ ਨੇ ਕਿਹਾ ਕਿ ਮੇਰੇ ਪਿਤਾ ਮੇਰੇ ਕਰੀਅਰ ਲਈ ਸਭ ਤੋਂ ਵੱਡੀ ਪ੍ਰੇਰਨਾ ਹਨ। ਮੈਂ ਜਦ ਤੋਂ ਵੇਟਲਿਫਟਿੰਗ ਵਿਚ ਹੱਥ ਆਜ਼ਮਾਉਣ ਦਾ ਫ਼ੈਸਲਾ ਕੀਤਾ, ਉਨ੍ਹਾਂ ਨੇ ਉਦੋਂ ਮੇਰਾ ਪੂਰਾ ਸਾਥ ਦਿੱਤਾ। ਉਹ ਮੁੱਕੇਬਾਜ਼ ਸਨ, ਉਨ੍ਹਾਂ ਨੇ ਖਿਡਾਰੀ ਦੇ ਤੌਰ 'ਤੇ ਆਪਣੇ ਤਜਰਬੇ ਮੇਰੇ ਨਾਲ ਸਾਂਝੇ ਕੀਤੇ ਸਨ। ਉਹ ਜੂਨੀਅਰ ਚੈਂਪੀਅਨ ਸਨ ਪਰ ਬਦਕਿਸਮਤੀ ਨਾਲ ਦੇਸ਼ ਦੀ ਅਗਵਾਈ ਕਰਨ ਦਾ ਮੌਕਾ ਨਹੀਂ ਮਿਲਿਆ, ਇਸ ਲਈ ਮੈਂ ਉਨ੍ਹਾਂ ਦਾ ਸੁਪਨਾ ਸਾਕਾਰ ਕਰ ਰਿਹਾ ਹਾਂ। ਆਈਜ਼ੋਲ ਦਾ ਇਹ ਖਿਡਾਰੀ 2020 ਟੋਕੀਓ ਓਲੰਪਿਕ ਲਈ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਨੇ ਇਸ ਸਾਲ 67 ਕਿਲੋਗ੍ਰਾਮ ਵਿਚ ਦੋ ਚਾਂਦੀ ਦੇ ਮੈਡਲ ਜਿੱਤੇ ਹਨ। ਇਸ ਖਿਡਾਰੀ ਨੇ ਕਿਹਾ ਕਿ ਮੈਂ 2020 ਓਲੰਪਿਕ ਲਈ ਕੁਆਲੀਫਾਈ ਕਰਨ ਦੀ ਤਿਆਰੀ ਕਰ ਰਿਹਾ ਹਾਂ। ਓਲੰਪਿਕ ਕੁਆਲੀਫਿਕੇਸ਼ਨ ਲਈ ਆਖ਼ਰੀ ਟੂਰਨਾਮੈਂਟ ਇਸ ਸਾਲ ਅਪ੍ਰੈਲ ਵਿਚ ਹੋਵੇਗਾ। ਮੈਂ ਉਸ ਮੁਕਾਬਲੇ ਦੀ ਤਿਆਰੀ ਕਰ ਰਿਹਾ ਹਾਂ।