ਬਿਨਾ ਬੋਲੇ ਇਕ ਦੂਜੇ ਦੀ ਗੱਲ ਸਮਝ ਲੈਂਦੇ ਹਾਂ ਸੁਨੀਲ ਅਤੇ ਮੈਂ : ਲਾਲਪੇਖਲੁਆ
Wednesday, Dec 26, 2018 - 12:27 PM (IST)

ਅਬੁ ਧਾਬੀ— ਭਾਰਤੀ ਫੁੱਟਬਾਲ ਟੀਮ ਦੇ ਫਾਰਵਰਡ ਜੇਜੇ ਲਾਲਪੇਖਲੁਆ ਨੇ ਮੰਗਲਵਾਰ ਨੂੰ ਕਿਹਾ ਕਿ ਦਿੱਗਜ ਸਟ੍ਰਾਈਕਰ ਸੁਨੀਲ ਛੇਤਰੀ ਦੇ ਨਾਲ ਉਨ੍ਹਾਂ ਨੇ ਕਾਫੀ ਚੰਗਾ ਸੰਪਰਕ ਵਿਕਸਤ ਕੀਤਾ ਹੈ ਅਤੇ ਦੋਵੇਂ ਬਿਨਾ ਬੋਲੇ ਹੀ ਇਕ ਦੂਜੇ ਦੀ ਗੱਲ ਸਮਝ ਲੈਂਦੇ ਹਨ। ਜੇਜੇ ਸਭ ਤੋਂ ਪਹਿਲਾਂ 19 ਸਾਲ ਦੀ ਉਮਰ 'ਚ ਸੁਰਖੀਆਂ 'ਚ ਆਏ ਜਦੋਂ ਆਪਣੇ ਪਹਿਲੇ ਹੀ ਟੂਰਨਾਮੈਂਟ 'ਚ ਉਨ੍ਹਾਂ ਨੇ ਪਾਕਿਸਤਾਨ ਦੇ ਖਿਲਾਫ ਹੈਟ੍ਰਿਕ ਬਣਾਈ ਸੀ।
ਇਸ ਤੋਂ ਬਾਅਦ ਲਗਾਤਾਰ ਗੋਲ ਕਰਨ ਦੇ ਬਾਵਜੂਦ ਉਹ 2015 ਤਕ ਭਾਰਤੀ ਟੀਮ ਤੋਂ ਅੰਦਰ ਬਾਹਰ ਹੁੰਦੇ ਰਹੇ ਅਤੇ ਫਿਰ ਉਨ੍ਹਾਂ ਨੇ ਟੀਮ 'ਚ ਆਪਣੀ ਜਗ੍ਹਾ ਪੱਕੀ ਕੀਤੀ। ਜੇਜੇ ਨੇ ਕਿਹਾ, ''ਜਦੋਂ ਮੈਂ ਡੈਬਿਊ ਕੀਤਾ ਸੀ ਉਦੋਂ ਮੈਂ ਸੁਨੀਲ ਭਰਾ ਦੇ ਨਾਲ ਖੇਡਿਆ ਸੀ। ਇਸ ਤੋਂ ਬਾਅਦ ਤੋਂ ਅਸੀਂ ਲਗਾਤਾਰ ਖੇਡ ਰਹੇ ਹਾਂ। ਮੈਨੁੰ ਲਗਦਾ ਹੈ ਕਿ ਅਸੀਂ ਇਕ ਦੂਜੇ ਦੀ ਸ਼ੈਲੀ 'ਚ ਮਦਦ ਕਰਦੇ ਹਾਂ। ਉਨ੍ਹਾਂ ਮੈਦਾਨ ਦੇ ਅੰਦਰ ਅਤੇ ਬਾਹਰ ਮੇਰੀ ਬਹੁਤ ਮਦਦ ਕੀਤੀ ਹੈ।''