ਜਸਪ੍ਰੀਤ ਬੁਮਰਾਹ ਅਤੇ ਸੰਜਨਾ ਦੇ ਵਿਆਹ ਦੀ ਵੀਡੀਓ ਆਈ ਸਾਹਮਣੇ, ਪ੍ਰਸ਼ੰਸਕਾਂ ਵੱਲੋਂ ਕੀਤੀ ਜਾ ਰਹੀ ਹੈ ਖ਼ੂਬ ਪਸੰਦ
Tuesday, Mar 23, 2021 - 04:14 PM (IST)
ਨਵੀਂ ਦਿੱਲੀ : ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 15 ਮਾਰਚ 2021 ਨੂੰ ਸਪੋਰਟਸ ਐਂਕਰ ਸੰਜਨਾ ਗਣੇਸ਼ਨ ਨਾਲ ਵਿਆਹ ਦੇ ਬੰਧਨ ਵਿਚ ਬੱਝ ਚੁੱਕੇ ਹਨ। ਬੁਮਰਾਹ ਅਤੇ ਸੰਜਨਾ ਦੇ ਵਿਆਹ ਦਾ ਸਮਾਗਮ ਨਿੱਜੀ ਰਿਹਾ। ਬੁਮਰਾਹ ਅਤੇ ਸੰਜਨਾ ਨੇ ਵਿਆਹ ਦੇ ਬਾਅਦ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨਾਲ ਇਹ ਖ਼ੁਸ਼ਖ਼ਬਰੀ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਦੋਵਾਂ ਦੀ ਮਹਿੰਗੀ, ਹਲਦੀ ਅਤੇ ਸੰਗੀਤ ਸੈਰੇਮਨੀ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਨੂੰ ਕਾਫ਼ੀ ਪਸੰਦ ਕੀਤਾ ਗਿਆ। ਉਥੇ ਹੀ ਹੁਣ ਇਨ੍ਹਾਂ ਦੋਵਾਂ ਦੇ ਵਿਆਹ ਦੀ ਇਕ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਦਿ ਵੈਡਿੰਗ ਫਿਲਮਰ ਨਾਮ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਦਿੱਤੀ ਗਈ ਹੈ, ‘ਮੈਂ ਪੁੱਛਿਆ- ਤੁਸੀਂ ਉਸ ਨਾਲ ਵਿਆਹ ਕਿਉਂ ਕਰਵਾ ਰਹੇ ਹੋ? ਉਸ ਨੇ ਕਿਹਾ- ਕਿਉਂਕਿ ਹੁਣ ਉਹ ਮੇਰੀ ਦੁਨੀਆ ਹੈ।’
ਇਹ ਵੀ ਪੜ੍ਹੋ: ਇਕ-ਦੂਜੇ ਦੇ ਹੋਏ ਬੁਮਰਾਹ ਅਤੇ ਸੰਜਨਾ, ਵੇਖੋ ਹਲਦੀ ਦੀ ਰਸਮ ਤੋਂ ਵਿਆਹ ਤੱਕ ਦੀਆਂ ਤਸਵੀਰਾਂ
ਦੱਸ ਦੇਈਏ ਕਿ ਬੁਮਰਾਹ ਨੇ ਇੰਗਲੈਂਡ ਖ਼ਿਲਾਫ਼ ਚੌਥੇ ਟੈਸਟ ਮੈਚ ਤੋਂ ਵਿਆਹ ਲਈ ਬਰੇਕ ਲਈ ਸੀ। ਇਸ ਦੇ ਬਾਅਦ ਉਹ ਟੀ20 ਸੀਰੀਜ਼ ਵਿਚ ਭਾਰਤੀ ਟੀਮ ਦਾ ਹਿੱਸਾ ਨਹੀਂ ਸਨ। ਬੁਰਮਾਹ ਅਤੇ ਸੰਜਨਾ ਨੇ ਇੰਸਟਾਗ੍ਰਾਮ ’ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, ‘ਪਿਆਰ, ਜੇਕਰ ਤੁਹਾਨੂੰ ਕਾਬਲ ਸਮਝਦਾ ਹੈ ਤਾਂ ਤੁਹਾਡੀ ਕਿਸਮਤ ਬਦਲ ਦਿੰਦਾ ਹੈ, ਪਿਆਰ ਨੇ ਸਾਨੂੰ ਅੱਗੇ ਵਧਾਇਆ, ਅਸੀਂ ਇਕੱਠੇ ਆਪਣੇ ਨਵੇਂ ਸਫ਼ਰ ਦੀ ਸ਼ੁਰੂਆਤ ਕਰ ਰਹੇ ਹਾਂ। ਅੱਜ ਦਾ ਦਿਨ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਖ਼ੁਸ਼ੀ ਦੇ ਦਿਨਾਂ ਵਿਚੋਂ ਇਕ ਹੈ। ਅਸੀਂ ਆਪਣੇ ਵਿਆਹ ਦੀ ਖ਼ਬਰ ਅਤੇ ਆਪਣੀ ਖ਼ੁਸ਼ੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।’