ਜੇਕਰ ਜੈ ਸ਼ਾਹ ICC ਚੇਅਰਮੈਨ ਬਣਿਆ ਤਾਂ BCCI ਸਕੱਤਰ ਅਹੁਦੇ ਲਈ ਕੋਈ ਸਪੱਸ਼ਟ ਦਾਅਵੇਦਾਰ ਨਹੀਂ
Saturday, Aug 24, 2024 - 10:15 AM (IST)
ਨਵੀਂ ਦਿੱਲੀ– ਅੰਕੜੇ ਜੈ ਸ਼ਾਹ ਨੂੰ ਅਗਲੇ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪ੍ਰੀਸ਼ਦ) ਚੇਅਰਮੈਨ ਦੇ ਰੂਪ ਵਿਚ ਚੁਣਨ ਦੇ ਪੱਖ ਵਿਚ ਹੋਣਗੇ ਪਰ ਇਹ ਸਪੱਸ਼ਟ ਨਹੀਂ ਹੈ ਕਿ ਉਹ ਵਿਸ਼ਵ ਸੰਚਾਲਨ ਸੰਸਥਾ ਵਿਚ ਸ਼ਾਮਲ ਹੋਣ ਦਾ ਫੈਸਲਾ ਕਰੇਗਾ ਜਾਂ ਨਹੀਂ ਤੇ ਇਸ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਸਕੱਤਰ ਦੇ ਰੂਪ ਵਿਚ ਉਸਦੀ ਜਗ੍ਹਾ ਕੌਣ ਲਵੇਗਾ।
ਮੰਨਿਆ ਜਾ ਰਿਹਾ ਹੈ ਕਿ ਸ਼ਾਹ ਨੂੰ ਆਈ. ਸੀ. ਸੀ. ਦੇ 16 ਵਿਚੋਂ 15 ਮੈਂਬਰਾਂ ਦਾ ਸਮਰਥਨ ਪ੍ਰਾਪਤ ਹੈ ਪਰ ਉਹ ਇਸ ਅਹੁਦੇ ’ਤੇ ਆਉਣਾ ਚਾਹੁੰਦਾ ਹੈ ਜਾਂ ਨਹੀਂ, ਇਸ ਨੂੰ ਤੈਅ ਕਰਨ ਲਈ ਉਸਦੇ ਕੋਲ ਕੁਝ ਘੰਟਿਆਂ ਦਾ ਹੀ ਸਮਾਂ ਹੈ। ਉੱਥੇ ਹੀ, ਉਸਦੇ ਕੋਲ ਬੀ. ਸੀ. ਸੀ. ਆਈ. ਸਕੱਤਰ ਦੇ ਰੂਪ ਵਿਚ ਲਗਾਤਾਰ ਦੂਜੇ ਕਾਰਜਕਾਲ ਵਿਚ ਅਜੇ ਇਕ ਸਾਲ ਬਾਕੀ ਹੈ। ਨਵਾਂ ਆਈ. ਸੀ. ਸੀ. ਚੇਅਰਮੈਨ 1 ਦਸੰਬਰ ਨੂੰ ਕਾਰਜਭਾਰ ਸੰਭਾਲੇਗਾ ਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 27 ਅਗਸਤ ਹੈ।
ਸਭ ਤੋਂ ਅਮੀਰ ਕ੍ਰਿਕਟ ਬੋਰਡ ਵਿਚ ਵਾਪਸੀ ਲਈ ਜ਼ਰੂਰੀ ਤਿੰਨ ਸਾਲ ਦਾ ‘ਕੂਲਿੰਗ ਆਫ ਪੀਰੀਅਡ’ ਸ਼ਾਹ ਲਈ ਅਕਤੂਬਰ 2025 ਵਿਚ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਸ਼ੁਰੂ ਹੋਵੇਗਾ। ਪਰ ਇਸ ਗੱਲ ’ਤੇ ਵੱਡਾ ਸਵਾਲੀਆ ਨਿਸ਼ਾਨ ਹੈ ਕਿ ਬੀ. ਸੀ. ਸੀ. ਆਈ. ਵਿਚ ਸ਼ਾਹ ਦੀ ਜਗ੍ਹਾ ਕੌਣ ਲਵੇਗਾ ਕਿਉਂਕਿ ਉਸ ਨੇ ਤੇ ਉਸਦੇ ਕਰੀਬੀ ਲੋਕਾਂ ਨੇ ਅਜੇ ਤਕ ਤਤਕਾਲ ਯੋਜਨਾਵਾਂ ਦਾ ਖੁਲਾਸਾ ਨਹੀਂ ਕੀਤਾ ਹੈ।