ਐੱਨ. ਜਗਦੀਸ਼ਨ ਨੇ ਖੇਡੀ ਵਨ ਡੇ ਇਤਿਹਾਸ ਦੀ ਸਭ ਤੋਂ ਵੱਡੀ ਪਾਰੀ , ਬਣਾਈਆਂ 277 ਦੌੜਾਂ

Tuesday, Nov 22, 2022 - 01:30 PM (IST)

ਐੱਨ. ਜਗਦੀਸ਼ਨ ਨੇ ਖੇਡੀ ਵਨ ਡੇ ਇਤਿਹਾਸ ਦੀ ਸਭ ਤੋਂ ਵੱਡੀ ਪਾਰੀ , ਬਣਾਈਆਂ 277 ਦੌੜਾਂ

ਬੈਂਗਲੁਰੂ (ਭਾਸ਼ਾ)- ਤਾਮਿਲਨਾਡੂ ਦੇ ਬੱਲੇਬਾਜ਼ ਨਾਰਾਇਣ ਜਗਦੀਸ਼ਨ ਨੇ ਸੋਮਵਾਰ ਨੂੰ ਇਥੇ ਵਿਜੇ ਹਜ਼ਾਰੇ ਟਰਾਫੀ ਵਨ ਡੇ ਕ੍ਰਿਕਟ ਟੂਰਨਾਮੈਂਟ ’ਚ ਅਰੁਣਾਚਲ ਪ੍ਰਦੇਸ਼ ਖਿਲਾਫ 141 ਗੇਂਦਾਂ ’ਚ 277 ਦੌੜਾਂ ਦੀ ਪਾਰੀ ਖੇਡ ਕੇ ਲਿਸਟ ਏ ਕ੍ਰਿਕਟ ’ਚ ਸਭ ਤੋਂ ਵੱਧ ਵਿਅਕਤੀਗਤ ਸਕੋਰ ਦਾ ਵਿਸ਼ਵ ਰਿਕਾਰਡ ਬਣਾਇਆ। ਗਰੁੱਪ ਸੀ ਦੇ ਇਸ ਮੈਚ ’ਚ ਤਾਮਿਲਨਾਡੂ ਨੇ 435 ਦੌੜਾਂ ਨਾਲ ਜਿੱਤ ਦਰਜ ਕੀਤੀ, ਜੋ ਲਿਸਟ ਏ ਮੁਕਾਬਲੇ ’ਚ ਜਿੱਤ ਦਾ ਸਭ ਤੋਂ ਵੱਡਾ ਅੰਤਰ ਹੈ। ਸਭ ਤੋਂ ਵੱਡੀ ਜਿੱਤ ਦਾ ਪਿਛਲਾ ਰਿਕਾਰਡ ਸਮਰਸੈੱਟ ਦੇ ਨਾਂ ਸੀ, ਜਿਸ ਨੇ 1990 ’ਚ ਡੇਵੋਨ ਨੂੰ 346 ਦੌੜਾਂ ਨਾਲ ਹਰਾਇਆ ਸੀ। 26 ਸਾਲ ਦੇ ਜਗਦੀਸ਼ਨ ਨੇ 2002 ’ਚ ਗਲੇਮੋਰਗਨ ਖਿਲਾਫ ਸਰੇ ਦੇ ਏਲੀਸਟੇਅਰ ਬ੍ਰਾਊਨ ਦੇ 268 ਦੌੜਾਂ ਦੇ ਸਭ ਤੋਂ ਵਧ ਲਿਸਟ ਏ ਸਕੋਰ ਦੇ ਰਿਕਾਰਡ ਨੂੰ ਤੋੜਿਆ। ਜਗਦੀਸ਼ਨ ਨੇ ਇਸ ਪਾਰੀ ਦੌਰਾਨ ਭਾਰਤ ਵੱਲੋਂ ਸਭ ਤੋਂ ਵੱਧ ਲਿਸਟ ਏ ਸਕੋਰ ਦੇ ਰੋਹਿਤ ਸ਼ਰਮਾ ਦੇ ਰਿਕਾਰਡ ਨੂੰ ਵੀ ਤੋੜਿਆ ਜਿਸ ਨੇ ਸ਼੍ਰੀਲੰਕਾ ਖਿਲਾਫ ਵਨ ਡੇ ਅੰਤਰਰਾਸ਼ਟਰੀ ਮੁਕਾਬਲੇ ’ਚ 264 ਦੌੜਾਂ ਬਣਾਈਆਂ ਸਨ। ਤਾਮਿਲਨਾਡੂ ਨੇ ਇਸ ਮੈਚ ’ਚ 2 ਵਿਕਟਾਂ ’ਤੇ 506 ਦੌੜਾਂ ਬਣਾਈਆਂ, ਜੋ ਪੁਰਸ਼ ਲਿਸਟ ਏ ਕ੍ਰਿਕਟ ’ਚ ਸਭ ਤੋਂ ਵੱਧ ਟੀਮ ਸਕੋਰ ਹੈ।

ਪਿਛਲਾ ਰਿਕਾਰਡ ਇੰਗਲੈਂਡ ਦੇ ਨਾਂ ਸੀ, ਜਿਸ ਨੇ ਇਸ ਸਾਲ ਦੀ ਸ਼ੁਰੂਆਤ ’ਚ ਨੀਦਰਲੈਂਡ ਖਿਲਾਫ 4 ਵਿਕਟਾਂ ’ਤੇ 498 ਦੌੜਾਂ ਬਣਾਈਆਂ ਸਨ। ਭਾਰਤ ’ਚ ਲਿਸਟ ਏ ’ਚ ਪਿਛਲਾ ਸਭ ਤੋਂ ਵੱਧ ਟੀਮ ਸਕੋਰ ਮੁੰਬਈ ਦੇ ਨਾਂ ਸੀ, ਜਿਸ ਨੇ 2021 ’ਚ ਜੈਪੁਰ ’ਚ ਪੁਡੁਚੇਰੀ ਖਿਲਾਫ 4 ਵਿਕਟਾਂ ’ਤੇ 457 ਦੌੜਾਂ ਬਣਾਈਆਂ ਸਨ। ਭਾਰਤ ਦੇ ਤਜ਼ੁਰਬੇਕਾਰ ਕ੍ਰਿਕਟਰ ਅਤੇ ਤਾਮਿਲਨਾਡੂ ਟੀਮ ’ਚ ਜਗਦੀਸ਼ਨ ਦੇ ਸਾਥੀ ਦਿਨੇਸ਼ ਕਾਰਤਿਕ ਨੇ ਉਸ ਨੂੰ ਵਧਾਈ ਦਿੰਦਿਆਂ ਟਵੀਟ ਕੀਤਾ, ‘‘ਵਿਸ਼ਵ ਰਿਕਾਰਡ ਅਲਰਟ। ਜਗਦੀਸ਼ਨ ਦਾ ਸ਼ਾਨਦਾਰ ਯਤਨ। ਉਸ ਦੇ ਲਈ ਬਹੁਤ ਖੁਸ਼ ਹਾਂ। ਵੱਡੀਆਂ ਚੀਜ਼ਾਂ ਇੰਤਜ਼ਾਰ ਕਰਦੀਆਂ ਹਨ। ਸਾਈ ਸੁਦਰਸ਼ਨ ਲਈ ਵੀ ਮੌਜੂਦਾ ਟੂਰਨਾਮੈਂਟ ਸ਼ਾਨਦਾਰ ਰਿਹਾ। ਇਹ ਸਲਾਮੀ ਜੋੜੀ ਵਿਰੋਧੀਆਂ ਨੂੰ ਢੇਰ ਕਰ ਰਹੀ ਹੈ। ਸ਼ਾਨਦਾਰ ਖੇਡ ਦਿਖਾਈ।’’

ਜਗਦੀਸ਼ਨ ਨੇ ਅਰੁਣਾਚਲ ਦੇ ਗੇਂਦਬਾਜ਼ਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਰਿਕਾਰਡਾਂ ਦੀ ਝੜੀ ਲਗਾ ਦਿੱਤੀ। ਉਸ ਨੇ ਸਿਰਫ 114 ਗੇਂਦਾਂ ’ਚ ਦੋਹਰਾ ਸੈਂਕੜਾ ਜੜਿਆ ਸੀ। ਜਗਦੀਸ਼ਨ ਨੇ ਆਪਣੀ ਪਾਰੀ ’ਚ 15 ਛੱਕੇ ਮਾਰੇ ਜਿਸ ਨਾਲ ਉਹ ਵਿਜੇ ਹਜ਼ਾਰੇ ਟਰਾਫੀ ਦੇ ਮੈਚ ’ਚ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਬੱਲੇਬਾਜ਼ ਵੀ ਬਣਿਆ। ਉਸ ਨੇ ਯਸ਼ਸਵੀ ਜਾਇਸਵਾਲ ਨੂੰ ਪਛਾੜਿਆ ਜਿਸ ਨੇ 2019-20 ਸੈਸ਼ਨ ’ਚ 203 ਦੌੜਾਂ ਦੀ ਪਾਰੀ ਦੌਰਾਨ 12 ਛੱਕੇ ਮਾਰੇ ਸਨ। ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ ਇਸ ਦੇ ਨਾਲ ਹੀ ਲਗਾਤਾਰ ਪੰਜਵਾਂ ਲਿਸਟ ਏ ਸੈਂਕੜਾ ਵੀ ਜੜਿਆ ਜੋ ਨਵਾਂ ਰਿਕਾਰਡ ਹੈ। ਜਗਦੀਸ਼ਨ ਨੇ ਵਿਜੇ ਹਜ਼ਾਰੇ ਟਰਾਫੀ ’ਚ ਸਭ ਤੋਂ ਵੱਧ ਵਿਅਕਤੀਗਤ ਸਕੋਰ ਦੇ ਪ੍ਰਿਥਵੀ ਸ਼ਾਹ (ਪੁਡੁਚੇਰੀ ਖਿਲਾਫ 277 ਦੌੜਾਂ) ਦੇ ਰਿਕਾਰਡ ਨੂੰ ਵੀ ਪਿੱਛੇ ਛੱਡਿਆ।

ਤਾਮਿਲਨਾਡੂ ਦਾ ਇਹ ਵਿਕਟਕੀਪਰ ਬੱਲੇਬਾਜ਼ ਭਾਰਤ ਦੀ ਟਾਪ ਵਨ ਡੇ ਪ੍ਰਤੀਯੋਗਿਤਾ ’ਚ ਦੋਹਰਾ ਸੈਂਕੜਾ ਜੜਨ ਵਾਲਾ 6ਵਾਂ ਬੱਲੇਬਾਜ਼ ਬਣਿਆ। ਜਗਦੀਸ਼ਨ ਨੇ ਬੀ ਸਾਈ ਸੁਰਦਰਸ਼ਨ ਦੇ ਨਾਲ ਪਹਿਲੀ ਵਿਕਟ ਲਈ 416 ਦੌੜਾਂ ਜੌੜੀਆਂ ਜੋ ਲਿਸਟ ਏ ਕ੍ਰਿਕਟ ’ਚ ਕਿਸੇ ਵੀ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਦਾ ਰਿਕਾਰਡ ਹੈ। ਸੁਦਰਸ਼ਨ ਨੇ 102 ਗੇਂਦਾਂ ’ਚ 19 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 154 ਦੌੜਾਂ ਬਣਾਈਆਂ। ਪਿਛਲੇ ਮੈਚ ਦੌਰਾਨ ਦੂਜੀ ਵਿਕਟ ਲਈ 372 ਦੌੜਾਂ ਜੌੜੀਆਂ ਸਨ। ਭਾਰਤ ਦੇ ਘਰੇਲੂ ਇਕ ਦਿਨਾ ਕ੍ਰਿਕਟ ’ਚ ਪਿਛਲੀ ਸਭ ਤੋਂ ਵੱਡੀ ਸਾਂਝੇਦਾਰੀ ਦਾ ਰਿਕਾਰਡ ਸੰਜੂ ਸੈਮਸਨ ਅਤੇ ਸਚਿਨ ਬੇਬੀ ਦੇ ਨਾਂ ਸੀ, ਜਿਨ੍ਹਾਂ ਨੇ 2019 ’ਚ ਕੇਰਲ ਵੱਲੋਂ ਗੋਆ ਖਿਲਾਫ ਖੇਡਦੇ ਹੋਏ 338 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।

ਜਗਦੀਸ਼ਨ ਨੇ ਸ਼ਨੀਵਾਰ ਨੂੰ ਲਗਾਤਾਰ ਚੌਥੇ ਸੈਂਕੜੇ ਦੇ ਨਾਲ ਲਿਸਟ ਏ ਕ੍ਰਿਕਟ ’ਚ ਲਗਾਤਾਰ ਸਭ ਤੋਂ ਵਧ ਸੈਂਕੜੇ ਬਣਾਉਣ ਦੇ ਮਾਮਲੇ ’ਚ ਕੁਮਾਰ ਸੰਗਾਕਾਰਾ, ਅਲਵੀਰੋ ਪੀਟਰਸਨ ਅਤੇ ਦੇਵਦੱਤ ਪੱਡੀਕਲ ਦੀ ਬਰਾਬਰੀ ਕੀਤੀ ਸੀ। ਜਗਦੀਸ਼ਨ ਨੇ ਮੌਜੂਦਾ ਵਿਜੇ ਹਜ਼ਾਰੇ ਟੂਰਨਾਮੈਂਟ ’ਚ ਸੋਮਵਾਰ ਅਰੁਣਾਚਲ ਖਿਲਾਫ 277 ਦੌੜਾਂ ਦੀ ਪਾਰੀ ਤੋਂ ਪਹਿਲਾਂ ਹਰਿਆਣਾ, ਛੱਤੀਸਗੜ੍ਹ, ਆਂਧਰਾ ਅਤੇ ਗੋਆ ਖਿਲਾਫ ਵੀ ਸੈਂਕੜੇ ਜੜੇ। ਮੌਜੂਦਾ ਟੂਰਨਾਮੈਂਟ ’ਚ ਪੰਜਵੇਂ ਸੈਂਕੜੇ ਦੇ ਨਾਲ ਜਗਦੀਸ਼ਨ ਨੇ ਇਕ ਟੂਰਨਾਮੈਂਟ ’ਚ 4 ਸੈਂਕੜੇ ਜੜਨ ਦੇ ਪਿਛਲੇ ਰਿਕਾਰਡ ਨੂੰ ਵੀ ਤੋੜਿਆ। ਵਿਰਾਟ ਕੋਹਲੀ, ਦੇਵਦੱਤ ਪੱਡੀਕਲ, ਪ੍ਰਿਥਵੀ ਸ਼ਾਹ ਅਤੇ ਰਿਤੁਰਾਜ ਗਾਇਕਵਾੜ ਇਕ ਟੂਰਨਾਮੈਂਟ ਦੇ 4-4 ਸੈਂਕੜੇ ਜੜਨ ਦਾ ਕਾਰਨਾਮਾ ਕਰ ਚੁਕਾ ਹੈ। ਅਗਲੇ ਮਹੀਨੇ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ ਦੀ ਨੀਲਾਮੀ ਤੋਂ ਪਹਿਲਾਂ ਜਗਦੀਸ਼ਨ ਨੂੰ ਚੇਨਈ ਸੁਪਰ ਕਿੰਗਜ਼ ਨੇ ਆਪਣੇ ਨਾਲ ਬਰਕਰਾਰ ਨਹੀਂ ਰੱਖਿਆ ਹੈ। ਇਸ ਦੌਰਾਨ ਅਰੁਣਾਚਲ ਦੇ ਚੇਤਨ ਆਨੰਦ ਨੇ 10 ਓਵਰਾਂ ’ਚ 144 ਦੌੜਾਂ ਦਿੱਤੀਆਂ।


author

cherry

Content Editor

Related News